ਵੀਰਵਾਰ 9 ਜਨਵਰੀ
ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ ਦਿਓ।—ਫ਼ਿਲਿ. 4:5.
ਬਜ਼ੁਰਗਾਂ ਨੂੰ ਸਮਝਦਾਰ ਬਣਨ ਵਿਚ ਵਧੀਆ ਮਿਸਾਲ ਰੱਖਣੀ ਚਾਹੀਦੀ ਹੈ। (1 ਤਿਮੋ. 3:2, 3) ਉਦਾਹਰਣ ਲਈ, ਇਕ ਬਜ਼ੁਰਗ ਨੂੰ ਇਹ ਉਮੀਦ ਨਹੀਂ ਰੱਖਣੀ ਚਾਹੀਦੀ ਕਿ ਉਸ ਦੀ ਰਾਇ ਨੂੰ ਹਮੇਸ਼ਾ ਸਵੀਕਾਰ ਕੀਤਾ ਜਾਵੇਗਾ ਕਿਉਂਕਿ ਉਹ ਬਾਕੀ ਬਜ਼ੁਰਗਾਂ ਨਾਲੋਂ ਸਿਆਣੀ ਉਮਰ ਦਾ ਹੈ। ਉਸ ਨੂੰ ਅਹਿਸਾਸ ਹੈ ਕਿ ਯਹੋਵਾਹ ਦੀ ਪਵਿੱਤਰ ਸ਼ਕਤੀ ਕਿਸੇ ਵੀ ਬਜ਼ੁਰਗ ਨੂੰ ਕੁਝ ਅਜਿਹਾ ਕਹਿਣ ਲਈ ਪ੍ਰੇਰ ਸਕਦੀ ਹੈ ਜਿਸ ਨਾਲ ਉਹ ਸਹੀ ਫ਼ੈਸਲਾ ਕਰ ਸਕਦੇ ਹਨ। ਨਾਲੇ ਸ਼ਾਇਦ ਕੋਈ ਬਜ਼ੁਰਗ ਕਿਸੇ ਫ਼ੈਸਲੇ ਨਾਲ ਸਹਿਮਤ ਨਾ ਹੋਵੇ। ਪਰ ਜੇ ਬਾਈਬਲ ਦਾ ਕੋਈ ਅਸੂਲ ਨਹੀਂ ਟੁੱਟਦਾ, ਤਾਂ ਉਹ ਬਜ਼ੁਰਗ ਸਮਝਦਾਰੀ ਦਿਖਾਉਂਦਿਆਂ ਖ਼ੁਸ਼ੀ-ਖ਼ੁਸ਼ੀ ਉਸ ਫ਼ੈਸਲੇ ਦਾ ਸਮਰਥਨ ਕਰੇਗਾ ਜਿਸ ਨਾਲ ਜ਼ਿਆਦਾਤਰ ਬਜ਼ੁਰਗ ਸਹਿਮਤ ਹਨ। ਫੇਰ-ਬਦਲ ਕਰਨ ਕਰਕੇ ਯਹੋਵਾਹ ਦੇ ਲੋਕਾਂ ਨੂੰ ਬੇਸ਼ੁਮਾਰ ਬਰਕਤਾਂ ਮਿਲਦੀਆਂ ਹਨ। ਸਾਡਾ ਭੈਣਾਂ-ਭਰਾਵਾਂ ਨਾਲ ਵਧੀਆ ਰਿਸ਼ਤਾ ਬਣਦਾ ਹੈ ਅਤੇ ਮੰਡਲੀ ਵਿਚ ਸ਼ਾਂਤੀ ਹੁੰਦੀ ਹੈ। ਚਾਹੇ ਅਸੀਂ ਅਲੱਗ-ਅਲੱਗ ਸਭਿਆਚਾਰਾਂ ਤੋਂ ਹਾਂ ਅਤੇ ਸਾਡੇ ਸੁਭਾਅ ਵੀ ਵੱਖੋ-ਵੱਖਰੇ ਹਨ, ਫਿਰ ਵੀ ਅਸੀਂ ਖ਼ੁਸ਼ ਹਾਂ ਕਿ ਅਸੀਂ ਸਾਰੇ ਜਣੇ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਾਂ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸਾਨੂੰ ਇਹ ਜਾਣ ਕੇ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਰੀਸ ਕਰ ਰਹੇ ਹਾਂ ਜੋ ਫੇਰ-ਬਦਲ ਕਰਨ ਲਈ ਤਿਆਰ ਰਹਿੰਦਾ ਹੈ। w23.07 25 ਪੈਰੇ 16-17
ਸ਼ੁੱਕਰਵਾਰ 10 ਜਨਵਰੀ
ਜਿਨ੍ਹਾਂ ਨੂੰ ਡੂੰਘੀ ਸਮਝ ਹੈ, ਉਹ ਇਹ ਗੱਲਾਂ ਸਮਝ ਲੈਣਗੇ।—ਦਾਨੀ. 12:10.
ਦਾਨੀਏਲ ਸਹੀ ਇਰਾਦੇ ਨਾਲ ਯਾਨੀ ਸੱਚਾਈ ਜਾਣਨ ਲਈ ਭਵਿੱਖਬਾਣੀਆਂ ਦਾ ਅਧਿਐਨ ਕਰਦਾ ਸੀ। ਦਾਨੀਏਲ ਨਿਮਰ ਵੀ ਸੀ। ਉਹ ਜਾਣਦਾ ਸੀ ਕਿ ਜੇ ਉਹ ਯਹੋਵਾਹ ਦੇ ਨੇੜੇ ਰਹੇਗਾ ਅਤੇ ਉਸ ਦਾ ਕਹਿਣਾ ਮੰਨੇਗਾ, ਤਾਂ ਯਹੋਵਾਹ ਭਵਿੱਖਬਾਣੀਆਂ ਨੂੰ ਸਮਝਣ ਵਿਚ ਉਸ ਦੀ ਜ਼ਰੂਰ ਮਦਦ ਕਰੇਗਾ। (ਦਾਨੀ. 2:27, 28) ਦਾਨੀਏਲ ਨੇ ਮਦਦ ਲਈ ਯਹੋਵਾਹ ʼਤੇ ਭਰੋਸਾ ਰੱਖ ਕੇ ਸਾਬਤ ਕੀਤਾ ਕਿ ਉਹ ਨਿਮਰ ਸੀ। (ਦਾਨੀ. 2:18) ਨਾਲੇ ਦਾਨੀਏਲ ਬੜੀ ਗਹਿਰਾਈ ਨਾਲ ਅਧਿਐਨ ਕਰਦਾ ਸੀ। ਉਸ ਸਮੇਂ ਪਵਿੱਤਰ ਲਿਖਤਾਂ ਦੇ ਜੋ ਵੀ ਹਿੱਸੇ ਮੌਜੂਦ ਸਨ, ਉਸ ਨੇ ਉਨ੍ਹਾਂ ਤੋਂ ਖੋਜਬੀਨ ਕੀਤੀ। (ਯਿਰ. 25:11, 12; ਦਾਨੀ. 9:2) ਤੁਸੀਂ ਦਾਨੀਏਲ ਦੀ ਰੀਸ ਕਿਵੇਂ ਕਰ ਸਕਦੇ ਹੋ? ਸੋਚੋ ਕਿ ਤੁਸੀਂ ਕਿਸ ਇਰਾਦੇ ਨਾਲ ਅਧਿਐਨ ਕਰਦੇ ਹੋ। ਕੀ ਤੁਸੀਂ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਇਸ ਲਈ ਕਰਦੇ ਹੋ ਕਿਉਂਕਿ ਤੁਸੀਂ ਦਿਲੋਂ ਸੱਚਾਈ ਜਾਣਨੀ ਚਾਹੁੰਦੇ ਹੋ? ਜੇ ਹਾਂ, ਤਾਂ ਯਹੋਵਾਹ ਤੁਹਾਡੀ ਜ਼ਰੂਰ ਮਦਦ ਕਰੇਗਾ। (ਯੂਹੰ. 4:23, 24; 14:16, 17) ਪਰ ਕੁਝ ਲੋਕ ਸ਼ਾਇਦ ਬਾਈਬਲ ਵਿਚ ਦਿੱਤੇ ਅਸੂਲਾਂ ਮੁਤਾਬਕ ਨਹੀਂ, ਸਗੋਂ ਆਪਣੇ ਮੁਤਾਬਕ ਜੀਉਣਾ ਚਾਹੁੰਦੇ ਹਨ। ਇਸ ਲਈ ਸ਼ਾਇਦ ਉਹ ਕੁਝ ਅਜਿਹੇ ਸਬੂਤ ਲੱਭਣ ਦੇ ਇਰਾਦੇ ਨਾਲ ਅਧਿਐਨ ਕਰਨ ਜਿਨ੍ਹਾਂ ਤੋਂ ਉਹ ਇਹ ਸਾਬਤ ਕਰ ਸਕਣ ਕਿ ਬਾਈਬਲ ਪਰਮੇਸ਼ੁਰ ਦਾ ਬਚਨ ਨਹੀਂ ਹੈ। ਪਰ ਸਾਨੂੰ ਸਹੀ ਇਰਾਦੇ ਨਾਲ ਬਾਈਬਲ ਦੀਆਂ ਭਵਿੱਖਬਾਣੀਆਂ ਦਾ ਅਧਿਐਨ ਕਰਨਾ ਚਾਹੀਦਾ ਹੈ। w23.08 9 ਪੈਰੇ 7-8
ਸ਼ਨੀਵਾਰ 11 ਜਨਵਰੀ
‘ਜੇ ਤੂੰ ਨਿਰਾਸ਼ ਹੋ ਜਾਵੇਂ, ਤਾਂ ਤੇਰੀ ਤਾਕਤ ਘੱਟ ਹੋਵੇਗੀ।’—ਕਹਾ. 24:10.
ਦੂਜਿਆਂ ਨਾਲ ਆਪਣੀ ਤੁਲਨਾ ਕਰ ਕੇ ਅਸੀਂ ਆਪਣੇ ਆਪ ʼਤੇ ਬੋਝ ਪਾ ਸਕਦੇ ਹਾਂ। (ਗਲਾ. 6:4) ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਸਾਡੇ ਵਿਚ ਈਰਖਾ ਤੇ ਮੁਕਾਬਲੇਬਾਜ਼ੀ ਦੀਆਂ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ। (ਗਲਾ. 5:26) ਜੇ ਅਸੀਂ ਦੂਜਿਆਂ ਨੂੰ ਦੇਖ ਕੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਨਹੀਂ ਕਰ ਸਕਦੇ, ਤਾਂ ਸ਼ਾਇਦ ਅਸੀਂ ਖ਼ੁਦ ਨੂੰ ਨੁਕਸਾਨ ਪਹੁੰਚਾ ਲਈਏ। ਨਾਲੇ ਜ਼ਰਾ ਸੋਚੋ, ਬਾਈਬਲ ਕਹਿੰਦੀ ਹੈ ਕਿ “ਆਸ ਪੂਰੀ ਹੋਣ ਵਿਚ ਦੇਰੀ ਦਿਲ ਨੂੰ ਬੀਮਾਰ ਕਰ ਦਿੰਦੀ ਹੈ।” (ਕਹਾ. 13:12) ਤਾਂ ਫਿਰ ਸੋਚੋ ਸਾਨੂੰ ਉਦੋਂ ਕਿੰਨਾ ਦੁੱਖ ਲੱਗੇਗਾ ਜੇ ਅਸੀਂ ਆਪਣੇ ਆਪ ਤੋਂ ਅਜਿਹੀ ਕੋਈ ਉਮੀਦ ਰੱਖੀਏ ਜੋ ਸ਼ਾਇਦ ਕਦੇ ਪੂਰੀ ਹੀ ਨਾ ਹੋਵੇ! ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਸ਼ਾਇਦ ਅਸੀਂ ਥੱਕ ਜਾਈਏ ਅਤੇ ਜ਼ਿੰਦਗੀ ਦੀ ਦੌੜ ਵਿਚ ਹੌਲੀ ਹੋ ਜਾਈਏ। ਯਹੋਵਾਹ ਤੁਹਾਡੇ ਤੋਂ ਜਿੰਨੀ ਉਮੀਦ ਰੱਖਦਾ ਹੈ, ਉਸ ਤੋਂ ਵੱਧ ਆਪਣੇ ਆਪ ਤੋਂ ਉਮੀਦ ਨਾ ਰੱਖੋ। ਯਹੋਵਾਹ ਤੁਹਾਡੇ ਤੋਂ ਉਨ੍ਹਾਂ ਚੀਜ਼ਾਂ ਦੀ ਉਮੀਦ ਨਹੀਂ ਰੱਖਦਾ ਜੋ ਤੁਸੀਂ ਉਸ ਨੂੰ ਦੇ ਨਹੀਂ ਸਕਦੇ। (2 ਕੁਰਿੰ. 8:12) ਭਰੋਸਾ ਰੱਖੋ ਕਿ ਯਹੋਵਾਹ ਤੁਹਾਡੇ ਕੰਮਾਂ ਦੀ ਤੁਲਨਾ ਦੂਜਿਆਂ ਦੇ ਕੰਮਾਂ ਨਾਲ ਨਹੀਂ ਕਰਦਾ। (ਮੱਤੀ 25:20-23) ਉਹ ਤੁਹਾਡੀ ਦਿਲੋਂ ਕੀਤੀ ਸੇਵਾ, ਤੁਹਾਡੀ ਵਫ਼ਾਦਾਰੀ ਅਤੇ ਤੁਹਾਡੇ ਧੀਰਜ ਨੂੰ ਬਹੁਤ ਅਨਮੋਲ ਸਮਝਦਾ ਹੈ। w23.08 29 ਪੈਰੇ 10-11