ਮੱਤੀ
23 ਫਿਰ ਯਿਸੂ ਨੇ ਭੀੜ ਅਤੇ ਆਪਣੇ ਚੇਲਿਆਂ ਨਾਲ ਗੱਲ ਕਰਦੇ ਹੋਏ ਕਿਹਾ: 2 “ਗ੍ਰੰਥੀ ਅਤੇ ਫ਼ਰੀਸੀ ਮੂਸਾ ਦੀ ਗੱਦੀ ਉੱਤੇ ਬੈਠੇ ਹੋਏ ਹਨ। 3 ਇਸ ਲਈ, ਜੋ ਕੰਮ ਉਹ ਤੁਹਾਨੂੰ ਕਰਨ ਲਈ ਕਹਿੰਦੇ ਹਨ, ਉਹ ਕੰਮ ਕਰੋ। ਪਰ ਜਿਹੜੇ ਕੰਮ ਉਹ ਆਪ ਕਰਦੇ ਹਨ ਉਹ ਤੁਸੀਂ ਨਾ ਕਰੋ, ਕਿਉਂਕਿ ਉਹ ਕਹਿੰਦੇ ਕੁਝ ਹਨ, ਪਰ ਕਰਦੇ ਕੁਝ ਹੋਰ ਹਨ। 4 ਉਨ੍ਹਾਂ ਦੇ ਨਿਯਮ ਭਾਰੇ ਬੋਝ ਵਾਂਗ ਹਨ ਜੋ ਉਹ ਲੋਕਾਂ ਦੇ ਮੋਢਿਆਂ ਉੱਤੇ ਰੱਖਦੇ ਹਨ, ਪਰ ਆਪ ਉਸ ਨੂੰ ਚੁੱਕਣ ਲਈ ਆਪਣੀ ਉਂਗਲ ਵੀ ਨਹੀਂ ਲਾਉਂਦੇ। 5 ਉਹ ਜਿਹੜੇ ਵੀ ਕੰਮ ਕਰਦੇ ਹਨ, ਦਿਖਾਵੇ ਲਈ ਕਰਦੇ ਹਨ, ਉਹ ਉਨ੍ਹਾਂ ਤਵੀਤਾਂ* ਨੂੰ ਵੱਡਾ ਕਰਦੇ ਹਨ ਜਿਨ੍ਹਾਂ ਨੂੰ ਉਹ ਆਪਣੀ ਰਾਖੀ ਲਈ ਬੰਨ੍ਹਦੇ ਹਨ ਅਤੇ ਆਪਣੇ ਚੋਗਿਆਂ ਦੀਆਂ ਝਾਲਰਾਂ ਲੰਬੀਆਂ ਕਰਦੇ ਹਨ। 6 ਉਹ ਸਭਾ ਘਰਾਂ ਅਤੇ ਦਾਅਵਤਾਂ ਵਿਚ ਮੋਹਰੇ ਹੋ-ਹੋ ਕੇ ਬੈਠਣਾ ਪਸੰਦ ਕਰਦੇ ਹਨ 7 ਅਤੇ ਚਾਹੁੰਦੇ ਹਨ ਕਿ ਬਾਜ਼ਾਰਾਂ ਵਿਚ ਲੋਕ ਉਨ੍ਹਾਂ ਨੂੰ ਸਲਾਮਾਂ ਕਰਨ ਅਤੇ ਗੁਰੂ* ਜੀ ਕਹਿ ਕੇ ਸਤਿਕਾਰਨ। 8 ਪਰ ਤੁਸੀਂ ਆਪਣੇ ਆਪ ਨੂੰ ਗੁਰੂ ਨਾ ਕਹਾਉਣਾ ਕਿਉਂਕਿ ਤੁਹਾਡਾ ਗੁਰੂ ਇੱਕੋ ਹੈ ਅਤੇ ਤੁਸੀਂ ਸਾਰੇ ਜਣੇ ਭਰਾ ਹੋ। 9 ਇਸ ਤੋਂ ਇਲਾਵਾ, ਧਰਤੀ ਉੱਤੇ ਕਿਸੇ ਨੂੰ ਆਪਣਾ ‘ਪਿਤਾ’* ਨਾ ਕਹਿਣਾ ਕਿਉਂਕਿ ਤੁਹਾਡਾ ਪਿਤਾ ਇੱਕੋ ਹੈ ਜਿਹੜਾ ਸਵਰਗ ਵਿਚ ਹੈ। 10 ਅਤੇ ਨਾ ਹੀ ‘ਆਗੂ’ ਕਹਾਉਣਾ ਕਿਉਂਕਿ ਤੁਹਾਡਾ ਆਗੂ ਸਿਰਫ਼ ਮਸੀਹ ਹੈ। 11 ਤੁਹਾਡੇ ਵਿਚ ਜਿਹੜਾ ਸਾਰਿਆਂ ਤੋਂ ਵੱਡਾ ਹੈ, ਉਹ ਤੁਹਾਡਾ ਸੇਵਕ ਬਣੇ। 12 ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ, ਉਸ ਨੂੰ ਨੀਵਾਂ ਕੀਤਾ ਜਾਵੇਗਾ ਅਤੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਉਸ ਨੂੰ ਉੱਚਾ ਕੀਤਾ ਜਾਵੇਗਾ।
13 “ਲਾਹਨਤ ਹੈ ਤੁਹਾਡੇ ʼਤੇ, ਪਖੰਡੀ ਗ੍ਰੰਥੀਓ ਅਤੇ ਫ਼ਰੀਸੀਓ! ਕਿਉਂਕਿ ਤੁਸੀਂ ਲੋਕਾਂ ਲਈ ਪਰਮੇਸ਼ੁਰ ਦੇ ਰਾਜ ਦੇ ਦਰਵਾਜ਼ੇ ਬੰਦ ਕਰਦੇ ਹੋ, ਨਾ ਤਾਂ ਤੁਸੀਂ ਆਪ ਅੰਦਰ ਜਾਂਦੇ ਹੋ ਅਤੇ ਨਾ ਹੀ ਉਨ੍ਹਾਂ ਨੂੰ ਅੰਦਰ ਜਾਣ ਦਿੰਦੇ ਹੋ ਜਿਹੜੇ ਰਾਜ ਵਿਚ ਜਾਣ ਦੀ ਕੋਸ਼ਿਸ਼ ਕਰਦੇ ਹਨ। 14 *——
15 “ਲਾਹਨਤ ਹੈ ਤੁਹਾਡੇ ʼਤੇ, ਪਖੰਡੀ ਗ੍ਰੰਥੀਓ ਅਤੇ ਫ਼ਰੀਸੀਓ! ਕਿਉਂਕਿ ਤੁਸੀਂ ਕਿਸੇ ਨੂੰ ਯਹੂਦੀ ਧਰਮ ਵਿਚ ਲਿਆਉਣ ਲਈ ਸਮੁੰਦਰ ਅਤੇ ਜ਼ਮੀਨ ਉੱਤੇ ਦੂਰ-ਦੂਰ ਸਫ਼ਰ ਕਰਦੇ ਹੋ, ਪਰ ਜਦੋਂ ਉਹ ਯਹੂਦੀ ਧਰਮ ਵਿਚ ਆ ਜਾਂਦਾ ਹੈ, ਤਾਂ ਤੁਸੀਂ ਉਸ ਨੂੰ ਆਪਣੇ ਨਾਲੋਂ ਵੀ ਦੁਗਣਾ ‘ਗ਼ਹੈਨਾ’* ਦੀ ਸਜ਼ਾ ਦੇ ਲਾਇਕ ਬਣਾ ਦਿੰਦੇ ਹੋ।
16 “ਲਾਹਨਤ ਹੈ ਤੁਹਾਡੇ ʼਤੇ, ਅੰਨ੍ਹੇ ਆਗੂਓ! ਤੁਸੀਂ ਕਹਿੰਦੇ ਹੋ, ‘ਜੇ ਕੋਈ ਮੰਦਰ ਦੀ ਸਹੁੰ ਖਾ ਕੇ ਪੂਰੀ ਨਹੀਂ ਕਰਦਾ, ਤਾਂ ਕੋਈ ਗੱਲ ਨਹੀਂ, ਪਰ ਜੇ ਉਹ ਮੰਦਰ ਦੇ ਸੋਨੇ ਦੀ ਸਹੁੰ ਖਾਂਦਾ ਹੈ, ਤਾਂ ਉਸ ਨੂੰ ਆਪਣੀ ਸਹੁੰ ਜ਼ਰੂਰ ਪੂਰੀ ਕਰਨੀ ਪਵੇਗੀ।’ 17 ਮੂਰਖੋ ਤੇ ਅੰਨ੍ਹਿਓ! ਕਿਹੜੀ ਚੀਜ਼ ਜ਼ਿਆਦਾ ਅਹਿਮ ਹੈ, ਸੋਨਾ ਜਾਂ ਮੰਦਰ ਜਿਸ ਕਰਕੇ ਸੋਨਾ ਪਵਿੱਤਰ ਹੁੰਦਾ ਹੈ? 18 ਨਾਲੇ ਤੁਸੀਂ ਕਹਿੰਦੇ ਹੋ, ‘ਜੇ ਕੋਈ ਵੇਦੀ ਦੀ ਸਹੁੰ ਖਾ ਕੇ ਪੂਰੀ ਨਹੀਂ ਕਰਦਾ, ਤਾਂ ਕੋਈ ਗੱਲ ਨਹੀਂ, ਪਰ ਜੇ ਵੇਦੀ ਉੱਤੇ ਚੜ੍ਹਾਈ ਭੇਟ ਦੀ ਸਹੁੰ ਖਾਂਦਾ ਹੈ, ਤਾਂ ਉਸ ਨੂੰ ਆਪਣੀ ਸਹੁੰ ਜ਼ਰੂਰ ਪੂਰੀ ਕਰਨੀ ਪਵੇਗੀ।’ 19 ਅੰਨ੍ਹਿਓ! ਕਿਹੜੀ ਚੀਜ਼ ਜ਼ਿਆਦਾ ਅਹਿਮ ਹੈ, ਭੇਟ ਜਾਂ ਵੇਦੀ ਜਿਸ ਕਰਕੇ ਭੇਟ ਪਵਿੱਤਰ ਹੁੰਦੀ ਹੈ? 20 ਅਸਲ ਵਿਚ, ਜਿਹੜਾ ਵੇਦੀ ਦੀ ਸਹੁੰ ਖਾਂਦਾ ਹੈ, ਉਹ ਇਸ ਦੀ ਅਤੇ ਇਸ ਉੱਤੇ ਚੜ੍ਹਾਈਆਂ ਭੇਟਾਂ ਦੀ ਵੀ ਸਹੁੰ ਖਾਂਦਾ ਹੈ, 21 ਅਤੇ ਜਿਹੜਾ ਮੰਦਰ ਦੀ ਸਹੁੰ ਖਾਂਦਾ ਹੈ, ਉਹ ਇਸ ਦੀ ਅਤੇ ਇਸ ਵਿਚ ਰਹਿਣ ਵਾਲੇ ਦੀ ਵੀ ਸਹੁੰ ਖਾਂਦਾ ਹੈ, 22 ਅਤੇ ਜਿਹੜਾ ਸਵਰਗ ਦੀ ਸਹੁੰ ਖਾਂਦਾ ਹੈ, ਉਹ ਪਰਮੇਸ਼ੁਰ ਦੇ ਸਿੰਘਾਸਣ ਦੀ ਅਤੇ ਇਸ ਉੱਤੇ ਬੈਠਣ ਵਾਲੇ ਦੀ ਵੀ ਸਹੁੰ ਖਾਂਦਾ ਹੈ।
23 “ਲਾਹਨਤ ਹੈ ਤੁਹਾਡੇ ʼਤੇ, ਪਖੰਡੀ ਗ੍ਰੰਥੀਓ ਅਤੇ ਫ਼ਰੀਸੀਓ! ਕਿਉਂਕਿ ਤੁਸੀਂ ਪੁਦੀਨੇ, ਕੌੜੀ ਸੌਂਫ ਅਤੇ ਜੀਰੇ ਦਾ ਦਸਵਾਂ ਹਿੱਸਾ ਤਾਂ ਦਿੰਦੇ ਹੋ, ਪਰ ਮੂਸਾ ਦੇ ਕਾਨੂੰਨ ਦੀਆਂ ਜ਼ਿਆਦਾ ਜ਼ਰੂਰੀ ਗੱਲਾਂ, ਜਿਵੇਂ ਕਿ ਨਿਆਂ, ਦਇਆ ਅਤੇ ਵਫ਼ਾਦਾਰੀ ਨੂੰ ਨਜ਼ਰਅੰਦਾਜ਼ ਕਰਦੇ ਹੋ। ਦਸਵਾਂ ਹਿੱਸਾ ਤਾਂ ਦੇਣਾ ਹੀ ਦੇਣਾ ਹੈ, ਪਰ ਇਨ੍ਹਾਂ ਜ਼ਰੂਰੀ ਗੱਲਾਂ ਨੂੰ ਵੀ ਨਜ਼ਰਅੰਦਾਜ਼ ਨਾ ਕਰੋ। 24 ਅੰਨ੍ਹੇ ਆਗੂਓ, ਤੁਸੀਂ ਮੱਛਰ ਨੂੰ ਤਾਂ ਪੁਣ ਕੇ ਕੱਢ ਦਿੰਦੇ ਹੋ, ਪਰ ਊਠ ਨੂੰ ਨਿਗਲ਼ ਜਾਂਦੇ ਹੋ!
25 “ਲਾਹਨਤ ਹੈ ਤੁਹਾਡੇ ʼਤੇ, ਪਖੰਡੀ ਗ੍ਰੰਥੀਓ ਅਤੇ ਫ਼ਰੀਸੀਓ! ਕਿਉਂਕਿ ਤੁਸੀਂ ਕੱਪ ਅਤੇ ਥਾਲ਼ੀ ਨੂੰ ਬਾਹਰੋਂ ਤਾਂ ਸਾਫ਼ ਕਰਦੇ ਹੋ, ਪਰ ਅੰਦਰੋਂ ਇਹ ਲਾਲਚ ਤੇ ਅਸੰਜਮ ਨਾਲ ਭਰੇ ਹੋਏ ਹਨ। 26 ਅੰਨ੍ਹੇ ਫ਼ਰੀਸੀਓ, ਪਹਿਲਾਂ ਕੱਪ ਤੇ ਥਾਲ਼ੀ ਨੂੰ ਅੰਦਰੋਂ ਸਾਫ਼ ਕਰੋ, ਤਾਂਕਿ ਇਹ ਬਾਹਰੋਂ ਵੀ ਸਾਫ਼ ਹੋ ਜਾਣ।
27 “ਲਾਹਨਤ ਹੈ ਤੁਹਾਡੇ ʼਤੇ, ਪਖੰਡੀ ਗ੍ਰੰਥੀਓ ਅਤੇ ਫ਼ਰੀਸੀਓ! ਕਿਉਂਕਿ ਤੁਸੀਂ ਉਨ੍ਹਾਂ ਕਬਰਾਂ ਵਰਗੇ ਹੋ ਜਿਨ੍ਹਾਂ ʼਤੇ ਚਿੱਟੀ ਕਲੀ ਫੇਰੀ ਹੋਈ ਹੈ। ਇਹ ਬਾਹਰੋਂ ਤਾਂ ਸੋਹਣੀਆਂ ਦਿਖਾਈ ਦਿੰਦੀਆਂ ਹਨ, ਪਰ ਅੰਦਰੋਂ ਇਹ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਤਰ੍ਹਾਂ ਦੇ ਗੰਦ-ਮੰਦ ਨਾਲ ਭਰੀਆਂ ਹੁੰਦੀਆਂ ਹਨ। 28 ਇਸੇ ਤਰ੍ਹਾਂ ਤੁਸੀਂ ਵੀ ਲੋਕਾਂ ਨੂੰ ਧਰਮੀ ਨਜ਼ਰ ਆਉਂਦੇ ਹੋ, ਪਰ ਅੰਦਰੋਂ ਤੁਸੀਂ ਪਖੰਡ ਅਤੇ ਬੁਰਾਈ ਨਾਲ ਭਰੇ ਹੋਏ ਹੋ।
29 “ਲਾਹਨਤ ਹੈ ਤੁਹਾਡੇ ʼਤੇ, ਪਖੰਡੀ ਗ੍ਰੰਥੀਓ ਅਤੇ ਫ਼ਰੀਸੀਓ! ਕਿਉਂਕਿ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਤੇ ਧਰਮੀ ਬੰਦਿਆਂ ਦੀਆਂ ਸਮਾਧਾਂ ਨੂੰ ਸਜਾਉਂਦੇ ਹੋ, 30 ਅਤੇ ਤੁਸੀਂ ਕਹਿੰਦੇ ਹੋ, ‘ਜੇ ਅਸੀਂ ਆਪਣੇ ਪਿਉ-ਦਾਦਿਆਂ ਦੇ ਜ਼ਮਾਨੇ ਵਿਚ ਹੁੰਦੇ, ਤਾਂ ਅਸੀਂ ਉਨ੍ਹਾਂ ਵਾਂਗ ਨਬੀਆਂ ਦੇ ਖ਼ੂਨ ਨਾਲ ਆਪਣੇ ਹੱਥ ਨਾ ਰੰਗਦੇ।’ 31 ਇਸ ਤਰ੍ਹਾਂ ਤੁਸੀਂ ਆਪ ਹੀ ਆਪਣੇ ਖ਼ਿਲਾਫ਼ ਗਵਾਹੀ ਦਿੰਦੇ ਹੋ ਕਿ ਤੁਸੀਂ ਨਬੀਆਂ ਦੇ ਕਾਤਲਾਂ ਦੀ ਔਲਾਦ ਹੋ। 32 ਹੁਣ ਤੁਸੀਂ ਆਪਣੇ ਪਿਉ-ਦਾਦਿਆਂ ਦੇ ਪਾਪਾਂ ਦਾ ਘੜਾ ਭਰ ਦਿਓ।
33 “ਸੱਪੋ ਅਤੇ ਜ਼ਹਿਰੀ ਸਪੋਲ਼ੀਓ! ਤੁਸੀਂ ‘ਗ਼ਹੈਨਾ’ ਦੀ ਸਜ਼ਾ ਤੋਂ ਬਚ ਕੇ ਕਿੱਥੇ ਭੱਜੋਗੇ? 34 ਇਸੇ ਲਈ, ਮੈਂ ਤੁਹਾਡੇ ਕੋਲ ਨਬੀਆਂ, ਗਿਆਨੀਆਂ ਅਤੇ ਸਿੱਖਿਅਕਾਂ ਨੂੰ ਘੱਲ ਰਿਹਾ ਹਾਂ। ਤੁਸੀਂ ਉਨ੍ਹਾਂ ਵਿੱਚੋਂ ਕਈਆਂ ਦਾ ਕਤਲ ਕਰ ਦਿਓਗੇ, ਕਈਆਂ ਨੂੰ ਸੂਲ਼ੀ ʼਤੇ ਟੰਗ ਦਿਓਗੇ, ਕਈਆਂ ਨੂੰ ਆਪਣੇ ਸਭਾ ਘਰਾਂ ਵਿਚ ਕੋਰੜੇ ਮਾਰੋਗੇ ਅਤੇ ਸ਼ਹਿਰ-ਸ਼ਹਿਰ ਉਨ੍ਹਾਂ ਉੱਤੇ ਅਤਿਆਚਾਰ ਕਰੋਗੇ, 35 ਤਾਂਕਿ ਦੁਨੀਆਂ ਵਿਚ ਜਿੰਨੇ ਵੀ ਧਰਮੀ ਬੰਦਿਆਂ ਦਾ ਖ਼ੂਨ ਵਹਾਇਆ ਗਿਆ ਹੈ, ਉਨ੍ਹਾਂ ਸਾਰਿਆਂ ਦਾ ਖ਼ੂਨ ਤੁਹਾਡੇ ਸਿਰ ਲੱਗੇ ਯਾਨੀ ਧਰਮੀ ਹਾਬਲ ਤੋਂ ਲੈ ਕੇ ਬਰਕਯਾਹ ਦੇ ਪੁੱਤਰ ਜ਼ਕਰਯਾਹ ਤਕ, ਜਿਸ ਨੂੰ ਤੁਸੀਂ ਪਵਿੱਤਰ ਕਮਰੇ ਅਤੇ ਵੇਦੀ ਦੇ ਵਿਚਕਾਰ ਜਾਨੋਂ ਮਾਰਿਆ ਸੀ। 36 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ: ਇਨ੍ਹਾਂ ਸਾਰੇ ਕੰਮਾਂ ਦਾ ਲੇਖਾ ਇਸ ਪੀੜ੍ਹੀ ਤੋਂ ਲਿਆ ਜਾਵੇਗਾ।
37 “ਯਰੂਸ਼ਲਮ ਦੇ ਰਹਿਣ ਵਾਲਿਓ, ਤੁਸੀਂ ਨਬੀਆਂ ਦੇ ਕਾਤਲ ਹੋ! ਜਿਨ੍ਹਾਂ ਨੂੰ ਵੀ ਪਰਮੇਸ਼ੁਰ ਨੇ ਤੇਰੇ ਕੋਲ ਘੱਲਿਆ, ਤੂੰ ਉਨ੍ਹਾਂ ਸਾਰਿਆਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ, . . . ਮੈਂ ਕਿੰਨੀ ਵਾਰ ਚਾਹਿਆ ਕਿ ਮੈਂ ਤੇਰੇ ਬੱਚਿਆਂ ਨੂੰ ਇਕੱਠਾ ਕਰਾਂ ਜਿਵੇਂ ਕੁੱਕੜੀ ਆਪਣੇ ਚੂਚਿਆਂ ਨੂੰ ਆਪਣੇ ਖੰਭਾਂ ਹੇਠ ਇਕੱਠਾ ਕਰਦੀ ਹੈ! ਪਰ ਤੁਸੀਂ ਇਹ ਨਹੀਂ ਚਾਹਿਆ। 38 ਦੇਖੋ! ਤੁਹਾਡਾ ਮੰਦਰ* ਤੁਹਾਡੇ ਸਹਾਰੇ ਛੱਡਿਆ ਗਿਆ ਹੈ। 39 ਮੈਂ ਤੁਹਾਨੂੰ ਕਹਿੰਦਾ ਹਾਂ: ਤੁਸੀਂ ਮੈਨੂੰ ਅੱਜ ਤੋਂ ਬਾਅਦ ਉਦੋਂ ਤਕ ਨਹੀਂ ਦੇਖੋਗੇ ਜਦ ਤਕ ਤੁਸੀਂ ਇਹ ਨਹੀਂ ਕਹਿੰਦੇ, ‘ਧੰਨ ਹੈ ਉਹ ਜੋ ਯਹੋਵਾਹ ਦੇ ਨਾਂ ʼਤੇ ਆਉਂਦਾ ਹੈ!’”