ਯੂਹੰਨਾ
9 ਹੁਣ ਰਾਹ ਵਿਚ ਜਾਂਦਿਆਂ ਉਸ ਨੇ ਇਕ ਆਦਮੀ ਨੂੰ ਦੇਖਿਆ ਜੋ ਜਨਮ ਤੋਂ ਅੰਨ੍ਹਾ ਸੀ। 2 ਅਤੇ ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ: “ਗੁਰੂ ਜੀ, ਕਿਸ ਨੇ ਪਾਪ ਕੀਤਾ ਇਸ ਆਦਮੀ ਨੇ ਜਾਂ ਇਸ ਦੇ ਮਾਤਾ-ਪਿਤਾ ਨੇ ਜਿਸ ਕਰਕੇ ਇਹ ਜਨਮ ਤੋਂ ਅੰਨ੍ਹਾ ਹੈ?” 3 ਯਿਸੂ ਨੇ ਜਵਾਬ ਦਿੱਤਾ: “ਨਾ ਹੀ ਇਸ ਆਦਮੀ ਨੇ ਪਾਪ ਕੀਤਾ, ਅਤੇ ਨਾ ਹੀ ਇਸ ਦੇ ਮਾਤਾ-ਪਿਤਾ ਨੇ, ਪਰ ਇਸ ਮਾਮਲੇ ਵਿਚ ਲੋਕ ਪਰਮੇਸ਼ੁਰ ਦੇ ਕੰਮ ਦੇਖ ਸਕਣਗੇ। 4 ਜਦ ਤਕ ਦਿਨ ਹੈ ਸਾਨੂੰ ਉਸ ਦੇ ਕੰਮ ਕਰਨੇ ਚਾਹੀਦੇ ਹਨ ਜਿਸ ਨੇ ਮੈਨੂੰ ਘੱਲਿਆ ਹੈ; ਰਾਤ ਹੋਣ ਵਾਲੀ ਹੈ ਜਿਸ ਕਰਕੇ ਕੋਈ ਆਦਮੀ ਕੰਮ ਨਹੀਂ ਕਰ ਸਕੇਗਾ। 5 ਜਦ ਤਕ ਮੈਂ ਦੁਨੀਆਂ ਵਿਚ ਹਾਂ, ਮੈਂ ਦੁਨੀਆਂ ਦਾ ਚਾਨਣ ਹਾਂ।” 6 ਇਹ ਕਹਿਣ ਤੋਂ ਬਾਅਦ ਉਸ ਨੇ ਜ਼ਮੀਨ ʼਤੇ ਥੁੱਕਿਆ ਅਤੇ ਥੁੱਕ ਨਾਲ ਮਿੱਟੀ ਦਾ ਲੇਪ ਬਣਾ ਕੇ ਉਸ ਅੰਨ੍ਹੇ ਆਦਮੀ ਦੀਆਂ ਅੱਖਾਂ ʼਤੇ ਲਾਇਆ 7 ਅਤੇ ਉਸ ਨੂੰ ਕਿਹਾ: “ਜਾ ਕੇ ਸੀਲੋਮ ਦੇ ਸਰੋਵਰ ਵਿਚ ਆਪਣੀਆਂ ਅੱਖੀਆਂ ਧੋ ਲੈ।” (ਸੀਲੋਮ ਦਾ ਮਤਲਬ ਹੈ ‘ਵਹਿ ਰਿਹਾ ਪਾਣੀ।’) ਉਸ ਨੇ ਜਾ ਕੇ ਆਪਣੀਆਂ ਅੱਖਾਂ ਧੋਤੀਆਂ ਅਤੇ ਉਹ ਸੁਜਾਖਾ ਹੋ ਕੇ ਵਾਪਸ ਆਇਆ।
8 ਫਿਰ ਉਸ ਦੇ ਗੁਆਂਢੀ ਅਤੇ ਉਹ ਲੋਕ ਜੋ ਪਹਿਲਾਂ ਉਸ ਨੂੰ ਭੀਖ ਮੰਗਦੇ ਹੋਏ ਦੇਖਦੇ ਹੁੰਦੇ ਸਨ, ਪੁੱਛਣ ਲੱਗੇ: “ਕੀ ਇਹ ਉਹੀ ਆਦਮੀ ਨਹੀਂ ਜਿਹੜਾ ਪਹਿਲਾਂ ਬੈਠਾ ਭੀਖ ਮੰਗਦਾ ਹੁੰਦਾ ਸੀ?” 9 ਕੁਝ ਲੋਕਾਂ ਨੇ ਕਿਹਾ: “ਇਹ ਉਹੀ ਹੈ।” ਦੂਸਰਿਆਂ ਨੇ ਕਿਹਾ: “ਨਹੀਂ, ਇਹ ਉਹ ਆਦਮੀ ਨਹੀਂ ਪਰ ਉਸ ਵਰਗਾ ਹੈ।” ਉਸ ਆਦਮੀ ਨੇ ਕਿਹਾ: “ਮੈਂ ਉਹੀ ਹਾਂ।” 10 ਇਸ ਲਈ ਉਹ ਉਸ ਆਦਮੀ ਨੂੰ ਪੁੱਛਣ ਲੱਗੇ: “ਤਾਂ ਫਿਰ, ਤੂੰ ਸੁਜਾਖਾ ਕਿਸ ਤਰ੍ਹਾਂ ਹੋਇਆ?” 11 ਉਸ ਨੇ ਜਵਾਬ ਦਿੱਤਾ: “ਯਿਸੂ ਨਾਂ ਦੇ ਆਦਮੀ ਨੇ ਮਿੱਟੀ ਦਾ ਲੇਪ ਬਣਾ ਕੇ ਮੇਰੀਆਂ ਅੱਖਾਂ ʼਤੇ ਲਾਇਆ ਅਤੇ ਮੈਨੂੰ ਕਿਹਾ, ‘ਜਾ ਕੇ ਸੀਲੋਮ ਦੇ ਸਰੋਵਰ ਵਿਚ ਆਪਣੀਆਂ ਅੱਖਾਂ ਧੋ ਲੈ।’ ਅਤੇ ਮੈਂ ਜਾ ਕੇ ਆਪਣੀਆਂ ਅੱਖਾਂ ਧੋਤੀਆਂ ਅਤੇ ਸੁਜਾਖਾ ਹੋ ਗਿਆ।” 12 ਇਹ ਸੁਣ ਕੇ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਉਹ ਆਦਮੀ ਕਿੱਥੇ ਹੈ?” ਉਸ ਨੇ ਕਿਹਾ: “ਮੈਨੂੰ ਨਹੀਂ ਪਤਾ।”
13 ਫਿਰ ਉਹ ਉਸ ਆਦਮੀ ਨੂੰ, ਜੋ ਪਹਿਲਾਂ ਅੰਨ੍ਹਾ ਹੁੰਦਾ ਸੀ, ਫ਼ਰੀਸੀਆਂ ਕੋਲ ਲੈ ਗਏ। 14 ਜਿਸ ਦਿਨ ਯਿਸੂ ਨੇ ਮਿੱਟੀ ਦਾ ਲੇਪ ਬਣਾ ਕੇ ਉਸ ਆਦਮੀ ਦੀਆਂ ਅੱਖਾਂ ਖੋਲ੍ਹੀਆਂ ਸਨ, ਕੁਦਰਤੀਂ ਉਹ ਸਬਤ ਦਾ ਦਿਨ ਸੀ। 15 ਹੁਣ ਫ਼ਰੀਸੀ ਵੀ ਉਸ ਆਦਮੀ ਨੂੰ ਪੁੱਛਣ ਲੱਗ ਪਏ ਕਿ ਉਹ ਸੁਜਾਖਾ ਕਿੱਦਾਂ ਹੋਇਆ। ਉਸ ਨੇ ਉਨ੍ਹਾਂ ਨੂੰ ਕਿਹਾ: “ਉਸ ਨੇ ਮੇਰੀਆਂ ਅੱਖਾਂ ʼਤੇ ਮਿੱਟੀ ਦਾ ਲੇਪ ਬਣਾ ਕੇ ਲਾਇਆ ਅਤੇ ਮੈਂ ਆਪਣੀਆਂ ਅੱਖਾਂ ਧੋਤੀਆਂ ਅਤੇ ਸੁਜਾਖਾ ਹੋ ਗਿਆ।” 16 ਇਸ ਲਈ ਕੁਝ ਫ਼ਰੀਸੀ ਕਹਿਣ ਲੱਗੇ: “ਇਹ ਆਦਮੀ ਪਰਮੇਸ਼ੁਰ ਤੋਂ ਨਹੀਂ ਹੈ, ਕਿਉਂਕਿ ਇਹ ਸਬਤ ਨੂੰ ਨਹੀਂ ਮੰਨਦਾ।” ਦੂਸਰੇ ਕਹਿਣ ਲੱਗੇ: “ਕੋਈ ਪਾਪੀ ਇਸ ਤਰ੍ਹਾਂ ਦੇ ਚਮਤਕਾਰ ਕਿਵੇਂ ਕਰ ਸਕਦਾ ਹੈ?” ਇਸ ਤਰ੍ਹਾਂ ਫ਼ਰੀਸੀਆਂ ਵਿਚ ਫੁੱਟ ਪੈ ਗਈ। 17 ਇਸ ਲਈ ਉਨ੍ਹਾਂ ਨੇ ਉਸ ਅੰਨ੍ਹੇ ਆਦਮੀ ਨੂੰ ਫਿਰ ਪੁੱਛਿਆ: “ਉਸ ਬਾਰੇ ਤੇਰਾ ਕੀ ਖ਼ਿਆਲ ਹੈ ਕਿਉਂਕਿ ਤੇਰੀਆਂ ਤਾਂ ਉਸ ਨੇ ਅੱਖਾਂ ਖੋਲ੍ਹੀਆਂ ਹਨ?” ਉਸ ਆਦਮੀ ਨੇ ਕਿਹਾ: “ਉਹ ਇਕ ਨਬੀ ਹੈ।”
18 ਪਰ ਯਹੂਦੀ ਧਾਰਮਿਕ ਆਗੂ ਇਹ ਮੰਨਣ ਲਈ ਤਿਆਰ ਹੀ ਨਹੀਂ ਸਨ ਕਿ ਇਹ ਆਦਮੀ ਪਹਿਲਾਂ ਅੰਨ੍ਹਾ ਸੀ ਤੇ ਹੁਣ ਸੁਜਾਖਾ ਹੋ ਗਿਆ ਸੀ। ਇਸ ਲਈ ਉਨ੍ਹਾਂ ਨੇ ਉਸ ਦੇ ਮਾਤਾ-ਪਿਤਾ ਨੂੰ ਬੁਲਾਇਆ 19 ਅਤੇ ਉਨ੍ਹਾਂ ਨੂੰ ਪੁੱਛਿਆ: “ਕੀ ਇਹ ਤੁਹਾਡਾ ਮੁੰਡਾ ਹੈ ਜਿਸ ਬਾਰੇ ਤੁਸੀਂ ਕਹਿੰਦੇ ਹੋ ਕਿ ਇਹ ਅੰਨ੍ਹਾ ਪੈਦਾ ਹੋਇਆ ਸੀ? ਤਾਂ ਫਿਰ, ਇਹ ਹੁਣ ਸੁਜਾਖਾ ਕਿਵੇਂ ਹੋ ਗਿਆ?” 20 ਉਸ ਦੇ ਮਾਤਾ-ਪਿਤਾ ਨੇ ਜਵਾਬ ਦਿੱਤਾ: “ਅਸੀਂ ਇਹ ਤਾਂ ਜਾਣਦੇ ਹਾਂ ਕਿ ਇਹ ਸਾਡਾ ਮੁੰਡਾ ਹੈ ਅਤੇ ਇਹ ਅੰਨ੍ਹਾ ਪੈਦਾ ਹੋਇਆ ਸੀ। 21 ਪਰ ਇਹ ਸੁਜਾਖਾ ਕਿੱਦਾਂ ਹੋਇਆ ਇਸ ਬਾਰੇ ਅਸੀਂ ਕੁਝ ਨਹੀਂ ਜਾਣਦੇ ਅਤੇ ਨਾ ਹੀ ਸਾਨੂੰ ਪਤਾ ਕਿ ਇਸ ਦੀਆਂ ਅੱਖਾਂ ਕਿਸ ਨੇ ਖੋਲ੍ਹੀਆਂ। ਇਹ ਨੂੰ ਪੁੱਛ ਲਓ, ਇਹ ਕਿਹੜਾ ਨਿਆਣਾ ਹੈ। ਇਹ ਆਪ ਤੁਹਾਨੂੰ ਜਵਾਬ ਦੇਵੇ।” 22 ਉਸ ਦੇ ਮਾਤਾ-ਪਿਤਾ ਨੇ ਇਹ ਗੱਲਾਂ ਇਸ ਲਈ ਕਹੀਆਂ ਸਨ ਕਿਉਂਕਿ ਉਹ ਯਹੂਦੀ ਧਾਰਮਿਕ ਆਗੂਆਂ ਤੋਂ ਡਰਦੇ ਸਨ ਜਿਨ੍ਹਾਂ ਨੇ ਪਹਿਲਾਂ ਹੀ ਸਲਾਹ ਕਰ ਲਈ ਸੀ ਕਿ ਜੋ ਵੀ ਯਿਸੂ ਨੂੰ ਮਸੀਹ ਵਜੋਂ ਕਬੂਲ ਕਰੇਗਾ, ਉਸ ਨੂੰ ਸਭਾ ਘਰ ਵਿੱਚੋਂ ਛੇਕ* ਦਿੱਤਾ ਜਾਵੇਗਾ। 23 ਇਸ ਲਈ ਉਸ ਦੇ ਮਾਤਾ-ਪਿਤਾ ਨੇ ਕਿਹਾ ਸੀ: “ਇਹ ਕਿਹੜਾ ਨਿਆਣਾ ਹੈ, ਇਹ ਨੂੰ ਪੁੱਛ ਲਓ।”
24 ਫਿਰ ਉਨ੍ਹਾਂ ਨੇ ਦੂਸਰੀ ਵਾਰ ਉਸ ਆਦਮੀ ਨੂੰ, ਜੋ ਪਹਿਲਾਂ ਅੰਨ੍ਹਾ ਹੁੰਦਾ ਸੀ, ਬੁਲਾ ਕੇ ਕਿਹਾ: “ਪਰਮੇਸ਼ੁਰ ਦੇ ਸਾਮ੍ਹਣੇ ਸੱਚ-ਸੱਚ ਦੱਸ; ਅਸੀਂ ਜਾਣਦੇ ਹਾਂ ਕਿ ਉਹ ਆਦਮੀ ਪਾਪੀ ਹੈ।” 25 ਉਸ ਨੇ ਜਵਾਬ ਦਿੱਤਾ: “ਮੈਨੂੰ ਇਹ ਨਹੀਂ ਪਤਾ ਕਿ ਉਹ ਪਾਪੀ ਹੈ ਜਾਂ ਨਹੀਂ, ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਮੈਂ ਅੰਨ੍ਹਾ ਸੀ ਤੇ ਹੁਣ ਸੁਜਾਖਾ ਹੋ ਗਿਆ ਹਾਂ।” 26 ਇਸ ਲਈ ਉਨ੍ਹਾਂ ਨੇ ਉਸ ਨੂੰ ਕਿਹਾ: “ਉਸ ਨੇ ਤੇਰੇ ਨਾਲ ਕੀ ਕੀਤਾ? ਉਸ ਨੇ ਤੇਰੀਆਂ ਅੱਖਾਂ ਕਿੱਦਾਂ ਖੋਲ੍ਹੀਆਂ?” 27 ਉਸ ਨੇ ਕਿਹਾ: “ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਹਾਂ, ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ। ਹੁਣ ਤੁਸੀਂ ਦੁਬਾਰਾ ਕਿਉਂ ਪੁੱਛ ਰਹੇ ਹੋ? ਕਿਤੇ ਤੁਸੀਂ ਵੀ ਉਸ ਦੇ ਚੇਲੇ ਤਾਂ ਨਹੀਂ ਬਣਨਾ ਚਾਹੁੰਦੇ?” 28 ਇਹ ਸੁਣ ਕੇ ਉਨ੍ਹਾਂ ਨੇ ਉਸ ਦੀ ਬੇਇੱਜ਼ਤੀ ਕਰਦਿਆਂ ਕਿਹਾ: “ਤੂੰ ਉਸ ਆਦਮੀ ਦਾ ਚੇਲਾ ਹੈਂ, ਪਰ ਅਸੀਂ ਮੂਸਾ ਦੇ ਚੇਲੇ ਹਾਂ। 29 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਨੇ ਮੂਸਾ ਨਾਲ ਗੱਲਾਂ ਕੀਤੀਆਂ ਸਨ; ਪਰ ਅਸੀਂ ਇਹ ਨਹੀਂ ਜਾਣਦੇ ਕਿ ਇਸ ਆਦਮੀ ਨੂੰ ਕਿਸ ਨੇ ਘੱਲਿਆ ਹੈ।” 30 ਉਸ ਆਦਮੀ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਇਹ ਤਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਇਹ ਨਹੀਂ ਜਾਣਦੇ ਕਿ ਉਸ ਨੂੰ ਕਿਸ ਨੇ ਘੱਲਿਆ, ਜਦ ਕਿ ਉਸ ਨੇ ਮੈਨੂੰ ਸੁਜਾਖਾ ਕੀਤਾ। 31 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਪਾਪੀਆਂ ਦੀ ਨਹੀਂ, ਸਗੋਂ ਉਸ ਦੀ ਸੁਣਦਾ ਹੈ ਜਿਹੜਾ ਉਸ ਤੋਂ ਡਰਦਾ ਹੈ ਅਤੇ ਉਸ ਦੀ ਇੱਛਾ ਪੂਰੀ ਕਰਦਾ ਹੈ। 32 ਦੁਨੀਆਂ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤਕ ਕਦੇ ਇਹ ਨਹੀਂ ਸੁਣਿਆ ਕਿ ਕਿਸੇ ਨੇ ਜਨਮ ਤੋਂ ਅੰਨ੍ਹੇ ਨੂੰ ਸੁਜਾਖਾ ਕੀਤਾ ਹੋਵੇ। 33 ਜੇ ਉਹ ਆਦਮੀ ਪਰਮੇਸ਼ੁਰ ਵੱਲੋਂ ਨਾ ਹੁੰਦਾ, ਤਾਂ ਉਹ ਕੁਝ ਵੀ ਨਾ ਕਰ ਸਕਦਾ।” 34 ਉਨ੍ਹਾਂ ਨੇ ਉਸ ਨੂੰ ਜਵਾਬ ਦਿੰਦਿਆਂ ਕਿਹਾ: “ਤੂੰ ਤਾਂ ਪੂਰੇ-ਦਾ-ਪੂਰਾ ਪਾਪ ਵਿਚ ਜੰਮਿਆ ਹੈਂ, ਅਤੇ ਤੂੰ ਸਾਨੂੰ ਮੱਤ ਦੇ ਰਿਹਾਂ?” ਫਿਰ ਉਨ੍ਹਾਂ ਨੇ ਸਭਾ ਘਰ ਵਿੱਚੋਂ ਉਸ ਨੂੰ ਛੇਕ ਦਿੱਤਾ!
35 ਯਿਸੂ ਨੇ ਸੁਣਿਆ ਕਿ ਉਨ੍ਹਾਂ ਨੇ ਸਭਾ ਘਰ ਵਿੱਚੋਂ ਉਸ ਆਦਮੀ ਨੂੰ ਛੇਕ ਦਿੱਤਾ ਸੀ। ਅਤੇ ਜਦ ਯਿਸੂ ਨੂੰ ਉਹ ਆਦਮੀ ਮਿਲਿਆ, ਤਾਂ ਉਸ ਨੇ ਉਹ ਨੂੰ ਪੁੱਛਿਆ: “ਕੀ ਤੂੰ ਮਨੁੱਖ ਦੇ ਪੁੱਤਰ ʼਤੇ ਨਿਹਚਾ ਕਰਦਾ ਹੈਂ?” 36 ਉਸ ਨੇ ਕਿਹਾ: “ਸਾਹਬ ਜੀ, ਮੈਨੂੰ ਦੱਸ ਉਹ ਕੌਣ ਹੈ, ਤਾਂਕਿ ਮੈਂ ਉਸ ʼਤੇ ਨਿਹਚਾ ਕਰ ਸਕਾਂ।” 37 ਯਿਸੂ ਨੇ ਉਸ ਨੂੰ ਕਿਹਾ: “ਤੂੰ ਉਸ ਨੂੰ ਦੇਖਿਆ ਹੈ, ਸਗੋਂ ਹੁਣ ਜੋ ਤੇਰੇ ਨਾਲ ਗੱਲਾਂ ਕਰ ਰਿਹਾ ਹੈ, ਉਹ ਉਹੀ ਹੈ।” 38 ਫਿਰ ਉਸ ਆਦਮੀ ਨੇ ਕਿਹਾ: “ਪ੍ਰਭੂ, ਮੈਂ ਨਿਹਚਾ ਕਰਦਾ ਹਾਂ।” ਅਤੇ ਉਸ ਦੇ ਸਾਮ੍ਹਣੇ ਗੋਡੇ ਟੇਕ ਕੇ ਉਸ ਨੂੰ ਪ੍ਰਣਾਮ ਕੀਤਾ। 39 ਅਤੇ ਯਿਸੂ ਨੇ ਕਿਹਾ: “ਮੈਂ ਦੁਨੀਆਂ ਵਿਚ ਇਸ ਲਈ ਆਇਆਂ ਹਾਂ ਤਾਂਕਿ ਲੋਕਾਂ ਦਾ ਨਿਆਂ ਕੀਤਾ ਜਾ ਸਕੇ: ਕਿ ਜਿਹੜੇ ਨਹੀਂ ਦੇਖਦੇ, ਉਹ ਦੇਖ ਸਕਣ ਅਤੇ ਜਿਹੜੇ ਦੇਖਦੇ ਹਨ, ਉਹ ਅੰਨ੍ਹੇ ਹੋ ਜਾਣ।” 40 ਜਿਹੜੇ ਫ਼ਰੀਸੀ ਉਸ ਦੇ ਨਾਲ ਸਨ ਉਨ੍ਹਾਂ ਨੇ ਇਹ ਗੱਲਾਂ ਸੁਣੀਆਂ ਅਤੇ ਉਸ ਨੂੰ ਕਿਹਾ: “ਕੀ ਅਸੀਂ ਤੈਨੂੰ ਅੰਨ੍ਹੇ ਲੱਗਦੇ ਹਾਂ?” 41 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਅੰਨ੍ਹੇ ਹੁੰਦੇ, ਤਾਂ ਤੁਸੀਂ ਪਾਪੀ ਨਾ ਹੁੰਦੇ। ਪਰ ਤੁਸੀਂ ਕਹਿੰਦੇ ਹੋ ਕਿ ‘ਅਸੀਂ ਦੇਖ ਸਕਦੇ ਹਾਂ,’ ਇਸ ਲਈ ਤੁਸੀਂ ਹਾਲੇ ਵੀ ਪਾਪੀ ਹੋ।”