ਲੇਵੀਆਂ
17 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਹਾਰੂਨ, ਉਸ ਦੇ ਪੁੱਤਰਾਂ ਅਤੇ ਸਾਰੇ ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਯਹੋਵਾਹ ਨੇ ਇਹ ਹੁਕਮ ਦਿੱਤਾ ਹੈ:
3 “‘“ਜੇ ਇਜ਼ਰਾਈਲ ਦੇ ਘਰਾਣੇ ਦਾ ਕੋਈ ਆਦਮੀ ਛਾਉਣੀ ਵਿਚ ਜਾਂ ਛਾਉਣੀ ਤੋਂ ਬਾਹਰ ਬਲਦ ਜਾਂ ਭੇਡੂ ਜਾਂ ਬੱਕਰਾ ਵੱਢਦਾ ਹੈ, 4 ਤਾਂ ਉਸ ਆਦਮੀ ਨੂੰ ਖ਼ੂਨ ਦਾ ਦੋਸ਼ੀ ਕਰਾਰ ਦਿੱਤਾ ਜਾਵੇਗਾ ਕਿਉਂਕਿ ਉਸ ਨੂੰ ਇਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਲਿਆ ਕੇ ਯਹੋਵਾਹ ਦੇ ਡੇਰੇ ਦੇ ਸਾਮ੍ਹਣੇ ਯਹੋਵਾਹ ਨੂੰ ਚੜ੍ਹਾਉਣਾ ਚਾਹੀਦਾ ਸੀ। ਉਸ ਨੇ ਖ਼ੂਨ ਵਹਾਇਆ ਹੈ ਅਤੇ ਉਸ ਆਦਮੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ 5 ਤਾਂਕਿ ਇਜ਼ਰਾਈਲੀ ਜੋ ਬਲ਼ੀਆਂ ਮੈਦਾਨ ਵਿਚ ਚੜ੍ਹਾਉਂਦੇ ਹਨ, ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਸਾਮ੍ਹਣੇ ਪੁਜਾਰੀ ਨੂੰ ਦੇਣ। ਉਹ ਇਹ ਬਲ਼ੀਆਂ ਯਹੋਵਾਹ ਸਾਮ੍ਹਣੇ ਸ਼ਾਂਤੀ-ਬਲ਼ੀਆਂ ਵਜੋਂ ਚੜ੍ਹਾਉਣ।+ 6 ਪੁਜਾਰੀ ਜਾਨਵਰ ਦਾ ਖ਼ੂਨ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਪਈ ਯਹੋਵਾਹ ਦੀ ਵੇਦੀ ਉੱਤੇ ਛਿੜਕੇ ਅਤੇ ਚਰਬੀ ਅੱਗ ਵਿਚ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ।+ 7 ਇਸ ਲਈ ਉਹ ਅੱਗੇ ਤੋਂ ਬੱਕਰਿਆਂ ਵਰਗੇ ਦਿਸਣ ਵਾਲੇ ਦੁਸ਼ਟ ਦੂਤਾਂ ਸਾਮ੍ਹਣੇ* ਬਲ਼ੀਆਂ ਨਾ ਚੜ੍ਹਾਉਣ+ ਜਿਨ੍ਹਾਂ ਨਾਲ ਉਹ ਹਰਾਮਕਾਰੀ ਕਰਦੇ ਹਨ।*+ ਤੁਸੀਂ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨੀ।”’
8 “ਤੂੰ ਉਨ੍ਹਾਂ ਨੂੰ ਕਹਿ, ‘ਇਜ਼ਰਾਈਲ ਦੇ ਘਰਾਣੇ ਦਾ ਜਿਹੜਾ ਆਦਮੀ ਜਾਂ ਤੁਹਾਡੇ ਵਿਚ ਵੱਸਦਾ ਕੋਈ ਪਰਦੇਸੀ ਹੋਮ-ਬਲ਼ੀ ਜਾਂ ਕੋਈ ਹੋਰ ਬਲ਼ੀ ਚੜ੍ਹਾਉਂਦਾ ਹੈ 9 ਅਤੇ ਇਹ ਜਾਨਵਰ ਯਹੋਵਾਹ ਨੂੰ ਦੇਣ ਲਈ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਨਹੀਂ ਲਿਆਉਂਦਾ, ਤਾਂ ਉਸ ਆਦਮੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।+
10 “‘ਜੇ ਇਜ਼ਰਾਈਲ ਦੇ ਘਰਾਣੇ ਦਾ ਕੋਈ ਆਦਮੀ ਜਾਂ ਤੁਹਾਡੇ ਵਿਚ ਵੱਸਦਾ ਪਰਦੇਸੀ ਕਿਸੇ ਵੀ ਪ੍ਰਾਣੀ ਦਾ ਖ਼ੂਨ ਖਾਂਦਾ ਹੈ,+ ਤਾਂ ਮੈਂ ਜ਼ਰੂਰ ਉਸ ਆਦਮੀ ਦਾ ਵਿਰੋਧੀ ਬਣਾਂਗਾ ਜੋ ਖ਼ੂਨ ਖਾਂਦਾ ਹੈ ਅਤੇ ਮੈਂ ਉਸ ਨੂੰ ਮੌਤ ਦੀ ਸਜ਼ਾ ਦਿਆਂਗਾ। 11 ਕਿਉਂਕਿ ਹਰ ਜੀਉਂਦੇ ਪ੍ਰਾਣੀ ਦੀ ਜਾਨ ਖ਼ੂਨ ਵਿਚ ਹੈ+ ਅਤੇ ਮੈਂ ਤੈਅ ਕੀਤਾ ਹੈ ਕਿ ਤੁਹਾਡੇ ਪਾਪ ਮਿਟਾਉਣ ਲਈ ਇਸ ਨੂੰ ਵੇਦੀ ਉੱਤੇ ਚੜ੍ਹਾਇਆ ਜਾਵੇ+ ਕਿਉਂਕਿ ਖ਼ੂਨ ਵਿਚ ਜਾਨ ਹੈ ਅਤੇ ਖ਼ੂਨ ਨਾਲ ਹੀ ਪਾਪ ਮਿਟਾਏ ਜਾਂਦੇ ਹਨ।+ 12 ਇਸੇ ਲਈ ਮੈਂ ਇਜ਼ਰਾਈਲੀਆਂ ਨੂੰ ਕਿਹਾ ਹੈ: “ਤੁਹਾਡੇ ਵਿੱਚੋਂ ਕੋਈ ਵੀ ਖ਼ੂਨ ਨਾ ਖਾਵੇ ਅਤੇ ਨਾ ਹੀ ਤੁਹਾਡੇ ਵਿਚ ਰਹਿੰਦਾ ਕੋਈ ਵੀ ਪਰਦੇਸੀ+ ਖ਼ੂਨ ਖਾਵੇ।”+
13 “‘ਜੇ ਕੋਈ ਇਜ਼ਰਾਈਲੀ ਜਾਂ ਤੁਹਾਡੇ ਵਿਚ ਵੱਸਦਾ ਕੋਈ ਪਰਦੇਸੀ ਸ਼ਿਕਾਰ ਕਰ ਕੇ ਕੋਈ ਜੰਗਲੀ ਜਾਨਵਰ ਜਾਂ ਪੰਛੀ ਫੜਦਾ ਹੈ ਜਿਸ ਨੂੰ ਖਾਣ ਦੀ ਇਜਾਜ਼ਤ ਹੈ, ਤਾਂ ਉਹ ਉਸ ਦਾ ਖ਼ੂਨ ਡੋਲ੍ਹ ਦੇਵੇ+ ਅਤੇ ਉਸ ਉੱਤੇ ਮਿੱਟੀ ਪਾਵੇ। 14 ਖ਼ੂਨ ਹਰ ਤਰ੍ਹਾਂ ਦੇ ਜੀਉਂਦੇ ਪ੍ਰਾਣੀ ਦੀ ਜਾਨ ਹੈ ਕਿਉਂਕਿ ਇਸ ਵਿਚ ਜਾਨ ਹੈ। ਇਸ ਲਈ ਮੈਂ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਹੈ: “ਤੁਸੀਂ ਕਿਸੇ ਵੀ ਤਰ੍ਹਾਂ ਦੇ ਜੀਉਂਦੇ ਪ੍ਰਾਣੀ ਦਾ ਖ਼ੂਨ ਨਹੀਂ ਖਾਣਾ ਕਿਉਂਕਿ ਖ਼ੂਨ ਹਰ ਤਰ੍ਹਾਂ ਦੇ ਜੀਉਂਦੇ ਪ੍ਰਾਣੀ ਦੀ ਜਾਨ ਹੈ। ਜੋ ਵੀ ਖ਼ੂਨ ਖਾਂਦਾ ਹੈ, ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।”+ 15 ਜੇ ਕੋਈ ਪੈਦਾਇਸ਼ੀ ਇਜ਼ਰਾਈਲੀ ਜਾਂ ਪਰਦੇਸੀ ਅਜਿਹੇ ਜਾਨਵਰ ਦਾ ਮਾਸ ਖਾਂਦਾ ਹੈ ਜੋ ਮਰਿਆ ਪਿਆ ਸੀ ਜਾਂ ਕਿਸੇ ਜੰਗਲੀ ਜਾਨਵਰ ਨੇ ਮਾਰ ਦਿੱਤਾ ਸੀ,+ ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ;+ ਫਿਰ ਉਹ ਸ਼ੁੱਧ ਹੋ ਜਾਵੇਗਾ। 16 ਪਰ ਜੇ ਉਹ ਆਪਣੇ ਕੱਪੜੇ ਨਹੀਂ ਧੋਂਦਾ ਅਤੇ ਨਹੀਂ ਨਹਾਉਂਦਾ, ਤਾਂ ਉਸ ਨੂੰ ਆਪਣੀ ਗ਼ਲਤੀ ਦਾ ਅੰਜਾਮ ਭੁਗਤਣਾ ਪਵੇਗਾ।’”+