ਕੁਰਿੰਥੀਆਂ ਨੂੰ ਦੂਜੀ ਚਿੱਠੀ
3 ਕੀ ਅਸੀਂ ਤੁਹਾਡੇ ਨਾਲ ਆਪਣੀ ਜਾਣ-ਪਛਾਣ ਨਵੇਂ ਸਿਰਿਓਂ ਕਰਾਈਏ? ਜਾਂ ਕੀ ਅਸੀਂ ਹੋਰਨਾਂ ਲੋਕਾਂ ਵਾਂਗ ਤੁਹਾਡੇ ਕੋਲ ਸਿਫ਼ਾਰਸ਼ੀ ਚਿੱਠੀਆਂ ਲੈ ਕੇ ਆਈਏ ਜਾਂ ਤੁਹਾਡੇ ਤੋਂ ਸਿਫ਼ਾਰਸ਼ੀ ਚਿੱਠੀਆਂ ਲਈਏ? 2 ਤੁਸੀਂ ਆਪ ਹੀ ਸਾਡੀ ਸਿਫ਼ਾਰਸ਼ੀ ਚਿੱਠੀ ਹੋ+ ਜਿਹੜੀ ਸਾਡੇ ਦਿਲਾਂ ਉੱਤੇ ਲਿਖੀ ਹੋਈ ਹੈ ਅਤੇ ਜਿਸ ਬਾਰੇ ਸਾਰੇ ਲੋਕ ਜਾਣਦੇ ਅਤੇ ਪੜ੍ਹਦੇ ਹਨ। 3 ਇਹ ਗੱਲ ਸਾਫ਼ ਹੈ ਕਿ ਤੁਸੀਂ ਮਸੀਹ ਦੀ ਚਿੱਠੀ ਹੋ ਜਿਸ ਨੂੰ ਅਸੀਂ ਆਪਣੀ ਸੇਵਕਾਈ+ ਰਾਹੀਂ ਸਿਆਹੀ ਨਾਲ ਨਹੀਂ, ਸਗੋਂ ਜੀਉਂਦੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨਾਲ ਲਿਖਿਆ ਹੈ ਅਤੇ ਉਹ ਵੀ ਪੱਥਰ ਦੀਆਂ ਫੱਟੀਆਂ ਉੱਤੇ ਨਹੀਂ,+ ਸਗੋਂ ਦਿਲਾਂ ਉੱਤੇ।+
4 ਮਸੀਹ ਦੇ ਜ਼ਰੀਏ ਅਸੀਂ ਪੂਰੇ ਭਰੋਸੇ ਨਾਲ ਪਰਮੇਸ਼ੁਰ ਦੇ ਸਾਮ੍ਹਣੇ ਇਹ ਗੱਲ ਕਹਿ ਸਕਦੇ ਹਾਂ। 5 ਪਰ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਖ਼ੁਦ-ਬ-ਖ਼ੁਦ ਇਸ ਕੰਮ ਦੇ ਕਾਬਲ ਬਣ ਗਏ, ਸਗੋਂ ਪਰਮੇਸ਼ੁਰ ਨੇ ਸਾਨੂੰ ਇਸ ਯੋਗ ਬਣਾਇਆ ਹੈ।+ 6 ਉਸ ਨੇ ਸਾਨੂੰ ਨਵੇਂ ਇਕਰਾਰ ਅਤੇ ਪਵਿੱਤਰ ਸ਼ਕਤੀ ਦੇ ਸੇਵਕ ਬਣਨ ਦੇ ਯੋਗ ਬਣਾਇਆ ਹੈ,+ ਨਾ ਕਿ ਲਿਖਤੀ ਕਾਨੂੰਨ ਦੇ+ ਕਿਉਂਕਿ ਲਿਖਤੀ ਕਾਨੂੰਨ ਇਨਸਾਨ ਨੂੰ ਮੌਤ ਦੀ ਸਜ਼ਾ ਦਿੰਦਾ ਹੈ,+ ਪਰ ਪਵਿੱਤਰ ਸ਼ਕਤੀ ਜ਼ਿੰਦਗੀ ਦਿੰਦੀ ਹੈ।+
7 ਜੇ ਪੱਥਰ ਦੀਆਂ ਫੱਟੀਆਂ+ ਉੱਤੇ ਲਿਖਿਆ ਮੌਤ ਦੀ ਸਜ਼ਾ ਦੇਣ ਵਾਲਾ ਕਾਨੂੰਨ ਇੰਨੀ ਮਹਿਮਾ ਨਾਲ ਦਿੱਤਾ ਗਿਆ ਸੀ ਕਿ ਉਸ ਮਹਿਮਾ ਕਰਕੇ ਮੂਸਾ ਦੇ ਚਮਕ ਰਹੇ ਚਿਹਰੇ ਨੂੰ ਇਜ਼ਰਾਈਲੀ ਦੇਖ ਨਾ ਸਕੇ+ ਜੋ ਮਹਿਮਾ ਖ਼ਤਮ ਹੋ ਜਾਣੀ ਸੀ, 8 ਤਾਂ ਕੀ ਪਵਿੱਤਰ ਸ਼ਕਤੀ+ ਨੂੰ ਇਸ ਤੋਂ ਵੀ ਕਿਤੇ ਜ਼ਿਆਦਾ ਮਹਿਮਾ ਨਾਲ ਨਹੀਂ ਦਿੱਤਾ ਜਾਣਾ ਚਾਹੀਦਾ?+ 9 ਜੇ ਮੌਤ ਦੀ ਸਜ਼ਾ ਦੇਣ ਵਾਲੇ ਲਿਖਤੀ ਕਾਨੂੰਨ+ ਦੀ ਇੰਨੀ ਮਹਿਮਾ ਸੀ,+ ਤਾਂ ਫਿਰ ਉਸ ਸੇਵਾ ਦੀ ਕਿੰਨੀ ਜ਼ਿਆਦਾ ਮਹਿਮਾ ਹੋਵੇਗੀ ਜਿਸ ਰਾਹੀਂ ਇਨਸਾਨਾਂ ਨੂੰ ਧਰਮੀ ਠਹਿਰਾਇਆ ਜਾਂਦਾ ਹੈ!+ 10 ਅਸਲ ਵਿਚ, ਜਿਸ ਲਿਖਤੀ ਕਾਨੂੰਨ ਦੀ ਪਹਿਲਾਂ ਇੰਨੀ ਮਹਿਮਾ ਸੀ, ਉਸ ਦੀ ਮਹਿਮਾ ਖ਼ਤਮ ਕਰ ਦਿੱਤੀ ਗਈ ਹੈ ਕਿਉਂਕਿ ਨਵੇਂ ਇਕਰਾਰ ਦੀ ਮਹਿਮਾ ਇਸ ਤੋਂ ਕਿਤੇ ਜ਼ਿਆਦਾ ਹੈ।+ 11 ਜੇ ਖ਼ਤਮ ਹੋ ਜਾਣ ਵਾਲਾ ਲਿਖਤੀ ਕਾਨੂੰਨ ਇੰਨੀ ਮਹਿਮਾ ਨਾਲ ਦਿੱਤਾ ਗਿਆ ਸੀ,+ ਤਾਂ ਜ਼ਰਾ ਸੋਚੋ ਕਿ ਨਵੇਂ ਇਕਰਾਰ ਦੀ ਮਹਿਮਾ ਕਿੰਨੀ ਜ਼ਿਆਦਾ ਹੋਵੇਗੀ ਜੋ ਹਮੇਸ਼ਾ ਰਹੇਗਾ!+
12 ਇਸ ਲਈ ਇਹ ਉਮੀਦ ਹੋਣ ਕਰਕੇ+ ਅਸੀਂ ਬੇਝਿਜਕ ਹੋ ਕੇ ਗੱਲ ਕਰਦੇ ਹਾਂ 13 ਅਤੇ ਅਸੀਂ ਮੂਸਾ ਵਾਂਗ ਨਹੀਂ ਕਰਦੇ। ਉਹ ਕੱਪੜੇ ਨਾਲ ਆਪਣਾ ਚਿਹਰਾ ਢਕ ਲੈਂਦਾ ਸੀ+ ਤਾਂਕਿ ਇਜ਼ਰਾਈਲੀ ਲਿਖਤੀ ਕਾਨੂੰਨ ਦੀ ਮਹਿਮਾ ਨਾ ਦੇਖਣ ਜਿਹੜੀ ਖ਼ਤਮ ਕਰ ਦਿੱਤੀ ਜਾਣੀ ਸੀ। 14 ਪਰ ਉਨ੍ਹਾਂ ਦੇ ਮਨਾਂ ਉੱਤੇ ਪਰਦਾ ਪਿਆ ਹੋਇਆ ਸੀ।+ ਅੱਜ ਵੀ ਜਦੋਂ ਪੁਰਾਣਾ ਇਕਰਾਰ ਪੜ੍ਹਿਆ ਜਾਂਦਾ ਹੈ, ਤਾਂ ਇਹ ਪਰਦਾ ਉਨ੍ਹਾਂ ਦੇ ਮਨਾਂ ʼਤੇ ਪਿਆ ਰਹਿੰਦਾ ਹੈ+ ਕਿਉਂਕਿ ਇਹ ਪਰਦਾ ਸਿਰਫ਼ ਮਸੀਹ ਦੇ ਰਾਹੀਂ ਹੀ ਹਟਾਇਆ ਜਾ ਸਕਦਾ ਹੈ।+ 15 ਅਸਲ ਵਿਚ, ਅੱਜ ਵੀ ਜਦੋਂ ਮੂਸਾ ਦੀਆਂ ਲਿਖਤਾਂ ਪੜ੍ਹੀਆਂ ਜਾਂਦੀਆਂ ਹਨ,+ ਤਾਂ ਉਨ੍ਹਾਂ ਦੇ ਦਿਲਾਂ ʼਤੇ ਪਰਦਾ ਪਿਆ ਰਹਿੰਦਾ ਹੈ।+ 16 ਪਰ ਜਿਹੜਾ ਯਹੋਵਾਹ* ਵੱਲ ਮੁੜਦਾ ਹੈ, ਉਸ ਦੇ ਮਨ ਤੋਂ ਇਹ ਪਰਦਾ ਹਟਾ ਦਿੱਤਾ ਜਾਂਦਾ ਹੈ।+ 17 ਯਹੋਵਾਹ* ਅਦਿੱਖ* ਹੈ+ ਅਤੇ ਜਿੱਥੇ ਯਹੋਵਾਹ* ਦੀ ਪਵਿੱਤਰ ਸ਼ਕਤੀ ਹੁੰਦੀ ਹੈ, ਉੱਥੇ ਆਜ਼ਾਦੀ ਹੁੰਦੀ ਹੈ।+ 18 ਸਾਡੇ ਸਾਰਿਆਂ ਦੇ ਚਿਹਰੇ ਉੱਤੇ ਪਰਦਾ ਨਹੀਂ ਪਿਆ ਹੋਇਆ ਹੈ ਅਤੇ ਅਸੀਂ ਸ਼ੀਸ਼ੇ ਵਾਂਗ ਯਹੋਵਾਹ* ਦੀ ਮਹਿਮਾ ਝਲਕਾਉਂਦੇ ਹਾਂ। ਇਸ ਤਰ੍ਹਾਂ ਕਰਦੇ ਹੋਏ ਅਸੀਂ ਬਦਲ ਕੇ ਉਸ ਵਰਗੇ ਬਣਦੇ ਜਾਂਦੇ ਹਾਂ ਅਤੇ ਸਾਡੀ ਮਹਿਮਾ ਹੋਰ ਵੀ ਵਧਦੀ ਜਾਂਦੀ ਹੈ। ਫਿਰ ਅਸੀਂ ਹੂ-ਬਹੂ ਉਸ ਤਰ੍ਹਾਂ ਦੇ ਬਣਦੇ ਜਾਂਦੇ ਹਾਂ ਜਿਸ ਤਰ੍ਹਾਂ ਦਾ ਅਦਿੱਖ ਪਰਮੇਸ਼ੁਰ ਯਹੋਵਾਹ* ਸਾਨੂੰ ਬਣਾਉਂਦਾ ਹੈ।*+