ਕੁਰਿੰਥੀਆਂ ਨੂੰ ਦੂਜੀ ਚਿੱਠੀ
2 ਮੈਂ ਮਨ ਵਿਚ ਠਾਣ ਲਿਆ ਹੈ ਕਿ ਮੈਂ ਅਗਲੀ ਵਾਰ ਤੁਹਾਡੇ ਕੋਲ ਆ ਕੇ ਤੁਹਾਨੂੰ ਉਦਾਸ ਨਹੀਂ ਕਰਾਂਗਾ। 2 ਜੇ ਮੈਂ ਤੁਹਾਨੂੰ ਉਦਾਸ ਕਰ ਦਿੱਤਾ, ਤਾਂ ਮੈਨੂੰ ਕੌਣ ਖ਼ੁਸ਼ ਕਰੇਗਾ? ਸਿਰਫ਼ ਉਹੀ ਜਿਨ੍ਹਾਂ ਨੂੰ ਮੈਂ ਉਦਾਸ ਕੀਤਾ ਹੈ। 3 ਇਸੇ ਕਰਕੇ ਮੈਂ ਤੁਹਾਨੂੰ ਇਹ ਗੱਲਾਂ ਲਿਖੀਆਂ ਸਨ ਤਾਂਕਿ ਜਦੋਂ ਮੈਂ ਆਵਾਂ, ਤਾਂ ਮੈਂ ਤੁਹਾਡੇ ਕਰਕੇ ਉਦਾਸ ਨਾ ਹੋਵਾਂ, ਸਗੋਂ ਖ਼ੁਸ਼ ਹੋਵਾਂ ਕਿਉਂਕਿ ਮੈਨੂੰ ਪੂਰਾ ਯਕੀਨ ਹੈ ਕਿ ਜਿਨ੍ਹਾਂ ਗੱਲਾਂ ਤੋਂ ਮੈਨੂੰ ਖ਼ੁਸ਼ੀ ਹੁੰਦੀ ਹੈ, ਉਨ੍ਹਾਂ ਗੱਲਾਂ ਤੋਂ ਤੁਹਾਨੂੰ ਸਾਰਿਆਂ ਨੂੰ ਵੀ ਖ਼ੁਸ਼ੀ ਹੁੰਦੀ ਹੈ। 4 ਮੈਂ ਬਹੁਤ ਕਸ਼ਟ ਅਤੇ ਦੁਖੀ ਮਨ ਨਾਲ ਹੰਝੂ ਵਹਾ-ਵਹਾ ਕੇ ਇਹ ਗੱਲਾਂ ਲਿਖੀਆਂ ਸਨ। ਪਰ ਮੈਂ ਤੁਹਾਨੂੰ ਉਦਾਸ ਨਹੀਂ ਕਰਨਾ ਚਾਹੁੰਦਾ ਸੀ,+ ਸਗੋਂ ਮੈਂ ਦੱਸਣਾ ਚਾਹੁੰਦਾ ਸੀ ਕਿ ਮੈਂ ਤੁਹਾਨੂੰ ਬੇਹੱਦ ਪਿਆਰ ਕਰਦਾ ਹਾਂ।
5 ਜੇ ਕਿਸੇ ਆਦਮੀ ਨੇ ਉਦਾਸ ਕੀਤਾ ਹੈ,+ ਤਾਂ ਉਸ ਨੇ ਮੈਨੂੰ ਨਹੀਂ, ਸਗੋਂ ਤੁਹਾਨੂੰ ਸਾਰਿਆਂ ਨੂੰ ਕੁਝ ਹੱਦ ਤਕ ਉਦਾਸ ਕੀਤਾ ਹੈ। ਪਰ ਮੈਂ ਇਹ ਗੱਲ ਸਖ਼ਤ ਸ਼ਬਦਾਂ ਵਿਚ ਨਹੀਂ ਕਹਿਣੀ ਚਾਹੁੰਦਾ। 6 ਤੁਹਾਡੇ ਵਿੱਚੋਂ ਜ਼ਿਆਦਾਤਰ ਭਰਾਵਾਂ ਨੇ ਉਸ ਨੂੰ ਜੋ ਤਾੜਨਾ ਦਿੱਤੀ ਹੈ, ਉਹ ਕਾਫ਼ੀ ਹੈ। 7 ਹੁਣ ਤੁਹਾਨੂੰ ਉਸ ਨੂੰ ਦਿਲੋਂ ਮਾਫ਼ ਕਰ ਦੇਣਾ ਚਾਹੀਦਾ ਹੈ ਅਤੇ ਉਸ ਨੂੰ ਦਿਲਾਸਾ ਦੇਣਾ ਚਾਹੀਦਾ ਹੈ+ ਤਾਂਕਿ ਉਹ ਹੱਦੋਂ ਵੱਧ ਉਦਾਸੀ ਵਿਚ ਨਾ ਡੁੱਬ ਜਾਵੇ।+ 8 ਇਸ ਲਈ ਮੈਂ ਤੁਹਾਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਉਸ ਨੂੰ ਆਪਣੇ ਪਿਆਰ ਦਾ ਭਰੋਸਾ ਦਿਵਾਓ।+ 9 ਮੈਂ ਇਹ ਜਾਣਨ ਲਈ ਵੀ ਤੁਹਾਨੂੰ ਚਿੱਠੀ ਲਿਖੀ ਸੀ ਕਿ ਤੁਸੀਂ ਸਾਰੀਆਂ ਗੱਲਾਂ ਵਿਚ ਆਗਿਆਕਾਰ ਹੋ ਜਾਂ ਨਹੀਂ। 10 ਜੇ ਤੁਸੀਂ ਕਿਸੇ ਨੂੰ ਮਾਫ਼ ਕਰਦੇ ਹੋ, ਤਾਂ ਮੈਂ ਵੀ ਮਾਫ਼ ਕਰਦਾ ਹਾਂ। ਅਸਲ ਵਿਚ ਮੈਂ ਜਿਹੜੀ ਵੀ ਗ਼ਲਤੀ ਮਾਫ਼ ਕੀਤੀ ਹੈ (ਜੇ ਮੈਂ ਕੋਈ ਗ਼ਲਤੀ ਮਾਫ਼ ਕੀਤੀ ਹੈ), ਉਹ ਮੈਂ ਤੁਹਾਡੇ ਫ਼ਾਇਦੇ ਲਈ ਹੀ ਮਾਫ਼ ਕੀਤੀ ਹੈ ਅਤੇ ਮਸੀਹ ਇਸ ਗੱਲ ਦਾ ਗਵਾਹ ਹੈ। 11 ਇਸ ਤਰ੍ਹਾਂ ਕਰਨਾ ਜ਼ਰੂਰੀ ਹੈ ਤਾਂਕਿ ਸ਼ੈਤਾਨ ਸਾਡੇ ʼਤੇ ਹਾਵੀ ਨਾ ਹੋ ਜਾਵੇ*+ ਕਿਉਂਕਿ ਅਸੀਂ ਉਸ ਦੀਆਂ ਚਾਲਾਂ* ਤੋਂ ਅਣਜਾਣ ਨਹੀਂ ਹਾਂ।+
12 ਜਦੋਂ ਮੈਂ ਮਸੀਹ ਬਾਰੇ ਖ਼ੁਸ਼ ਖ਼ਬਰੀ ਸੁਣਾਉਣ ਲਈ ਤ੍ਰੋਆਸ ਪਹੁੰਚਿਆ,+ ਤਾਂ ਉੱਥੇ ਮੈਨੂੰ ਪ੍ਰਭੂ ਦਾ ਕੰਮ ਕਰਨ ਦਾ ਮੌਕਾ ਮਿਲਿਆ।* 13 ਪਰ ਉੱਥੇ ਮੈਂ ਆਪਣੇ ਭਰਾ ਤੀਤੁਸ+ ਨੂੰ ਨਹੀਂ ਦੇਖਿਆ ਜਿਸ ਕਰਕੇ ਮੇਰੇ ਦਿਲ* ਨੂੰ ਚੈਨ ਨਾ ਮਿਲਿਆ। ਇਸ ਲਈ ਮੈਂ ਉੱਥੇ ਦੇ ਭਰਾਵਾਂ ਨੂੰ ਅਲਵਿਦਾ ਕਹਿ ਕੇ ਮਕਦੂਨੀਆ+ ਚਲਾ ਗਿਆ।
14 ਪਰ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਜਿਹੜਾ ਜਿੱਤ ਦੇ ਜਲੂਸ ਵਿਚ ਹਮੇਸ਼ਾ ਸਾਡੀ ਅਗਵਾਈ ਕਰਦਾ ਹੈ ਅਤੇ ਸਾਨੂੰ ਮਸੀਹ ਦੇ ਨਾਲ-ਨਾਲ ਲੈ ਕੇ ਜਾਂਦਾ ਹੈ ਅਤੇ ਸਾਡੇ ਰਾਹੀਂ ਆਪਣੇ ਗਿਆਨ ਦੀ ਖ਼ੁਸ਼ਬੂ ਸਾਰੇ ਪਾਸੇ ਫੈਲਾਉਂਦਾ ਹੈ। 15 ਮਸੀਹ ਦਾ ਐਲਾਨ ਕਰਨ ਕਰਕੇ ਅਸੀਂ ਪਰਮੇਸ਼ੁਰ ਲਈ ਖ਼ੁਸ਼ਬੂ ਹਾਂ ਜੋ ਬਚਾਏ ਜਾਣ ਵਾਲੇ ਅਤੇ ਨਾਸ਼ ਹੋਣ ਵਾਲੇ ਲੋਕਾਂ ਵਿਚ ਫੈਲੀ ਹੋਈ ਹੈ। 16 ਨਾਸ਼ ਹੋਣ ਵਾਲਿਆਂ ਲਈ ਇਹ ਮੌਤ ਦੀ ਬਦਬੂ ਹੈ ਜਿਸ ਦਾ ਅੰਤ ਮੌਤ ਹੈ+ ਅਤੇ ਬਚਾਏ ਜਾਣ ਵਾਲਿਆਂ ਲਈ ਇਹ ਜ਼ਿੰਦਗੀ ਦੀ ਖ਼ੁਸ਼ਬੂ ਹੈ ਜਿਸ ਦਾ ਅੰਤ ਜ਼ਿੰਦਗੀ ਹੈ। ਕੌਣ ਇਹ ਸੇਵਾ ਕਰਨ ਦੇ ਯੋਗ ਹੈ? 17 ਅਸੀਂ ਯੋਗ ਹਾਂ ਕਿਉਂਕਿ ਬਹੁਤ ਸਾਰੇ ਲੋਕਾਂ ਤੋਂ ਉਲਟ ਅਸੀਂ ਪਰਮੇਸ਼ੁਰ ਦੇ ਬਚਨ ਦਾ ਸੌਦਾ ਨਹੀਂ ਕਰਦੇ,*+ ਸਗੋਂ ਅਸੀਂ ਮਸੀਹ ਨਾਲ ਮਿਲ ਕੇ ਪੂਰੀ ਸਾਫ਼ਦਿਲੀ ਨਾਲ ਇਸ ਬਾਰੇ ਦੱਸਦੇ ਹਾਂ। ਹਾਂ, ਪਰਮੇਸ਼ੁਰ ਨੇ ਸਾਨੂੰ ਇਹ ਕੰਮ ਕਰਨ ਲਈ ਘੱਲਿਆ ਹੈ ਅਤੇ ਅਸੀਂ ਉਸ ਦੇ ਸਾਮ੍ਹਣੇ ਇਹ ਕੰਮ ਕਰਦੇ ਹਾਂ।