ਮਰਕੁਸ ਮੁਤਾਬਕ ਖ਼ੁਸ਼ ਖ਼ਬਰੀ
11 ਹੁਣ ਜਦ ਉਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਪਹਾੜ ਉੱਤੇ ਵੱਸੇ ਬੈਤਫ਼ਗਾ ਤੇ ਬੈਥਨੀਆ+ ਲਾਗੇ ਪਹੁੰਚੇ, ਤਾਂ ਉਸ ਨੇ ਆਪਣੇ ਦੋ ਚੇਲਿਆਂ ਨੂੰ ਘੱਲਿਆ+ 2 ਅਤੇ ਕਿਹਾ: “ਉਹ ਪਿੰਡ ਜਿਹੜਾ ਤੁਸੀਂ ਦੇਖਦੇ ਹੋ, ਉੱਥੇ ਜਾਓ ਅਤੇ ਪਿੰਡ ਵਿਚ ਵੜਦਿਆਂ ਸਾਰ ਤੁਸੀਂ ਇਕ ਗਧੀ ਦਾ ਬੱਚਾ ਬੱਝਾ ਹੋਇਆ ਦੇਖੋਗੇ ਜਿਸ ʼਤੇ ਅਜੇ ਤਕ ਕੋਈ ਵੀ ਸਵਾਰ ਨਹੀਂ ਹੋਇਆ ਹੈ। ਉਸ ਨੂੰ ਖੋਲ੍ਹ ਕੇ ਇੱਥੇ ਲੈ ਆਓ। 3 ਜੇ ਕੋਈ ਤੁਹਾਨੂੰ ਪੁੱਛੇ, ‘ਤੁਸੀਂ ਇਹ ਕੀ ਕਰ ਰਹੇ ਹੋ?’ ਤਾਂ ਕਹਿਣਾ, ‘ਪ੍ਰਭੂ ਨੂੰ ਇਸ ਦੀ ਲੋੜ ਹੈ ਅਤੇ ਉਹ ਇਸ ਨੂੰ ਛੇਤੀ ਵਾਪਸ ਕਰ ਦੇਵੇਗਾ।’” 4 ਉਹ ਚਲੇ ਗਏ ਅਤੇ ਉਨ੍ਹਾਂ ਨੇ ਗਲੀ ਵਿਚ ਇਕ ਘਰ ਦੇ ਬਾਹਰ ਦਰਵਾਜ਼ੇ ਕੋਲ ਗਧੀ ਦੇ ਬੱਚੇ ਨੂੰ ਬੱਝਾ ਦੇਖਿਆ ਅਤੇ ਉਨ੍ਹਾਂ ਨੇ ਉਸ ਨੂੰ ਖੋਲ੍ਹ ਲਿਆ।+ 5 ਪਰ ਉੱਥੇ ਖੜ੍ਹੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹ ਰਹੇ ਹੋ?” 6 ਉਨ੍ਹਾਂ ਨੇ ਲੋਕਾਂ ਨੂੰ ਉਹੀ ਕਿਹਾ ਜੋ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ ਅਤੇ ਲੋਕਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ।
7 ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲਿਆਏ+ ਤੇ ਉਨ੍ਹਾਂ ਨੇ ਗਧੀ ਦੇ ਬੱਚੇ ਉੱਤੇ ਆਪਣੇ ਕੱਪੜੇ ਪਾਏ ਅਤੇ ਯਿਸੂ ਉਸ ਉੱਤੇ ਬੈਠ ਗਿਆ।+ 8 ਨਾਲੇ ਕਈ ਲੋਕਾਂ ਨੇ ਰਾਹ ਵਿਚ ਆਪਣੇ ਕੱਪੜੇ ਵਿਛਾਏ ਅਤੇ ਕਈਆਂ ਨੇ ਖੇਤਾਂ ਵਿੱਚੋਂ ਖਜੂਰਾਂ ਦੀਆਂ ਟਾਹਣੀਆਂ ਤੋੜ ਲਿਆਂਦੀਆਂ।+ 9 ਜੋ ਲੋਕ ਉਸ ਦੇ ਅੱਗੇ-ਪਿੱਛੇ ਆ ਰਹੇ ਸਨ, ਉਹ ਉੱਚੀ-ਉੱਚੀ ਕਹਿ ਰਹੇ ਸਨ: “ਸਾਡੀ ਦੁਆ ਹੈ, ਉਸ ਨੂੰ ਮੁਕਤੀ ਬਖ਼ਸ਼!+ ਧੰਨ ਹੈ ਉਹ ਜਿਹੜਾ ਯਹੋਵਾਹ* ਦੇ ਨਾਂ ʼਤੇ ਆਉਂਦਾ ਹੈ!+ 10 ਧੰਨ ਹੈ ਸਾਡੇ ਪਿਤਾ ਦਾਊਦ ਦਾ ਆਉਣ ਵਾਲਾ ਰਾਜ!+ ਹੇ ਸਵਰਗ ਵਿਚ ਰਹਿਣ ਵਾਲੇ, ਸਾਡੀ ਦੁਆ ਹੈ, ਉਸ ਨੂੰ ਮੁਕਤੀ ਬਖ਼ਸ਼!” 11 ਅਤੇ ਉਹ ਯਰੂਸ਼ਲਮ ਵਿਚ ਆਇਆ ਅਤੇ ਮੰਦਰ ਵਿਚ ਗਿਆ ਤੇ ਉੱਥੇ ਆਲੇ-ਦੁਆਲੇ ਦੀਆਂ ਸਭ ਚੀਜ਼ਾਂ ਨੂੰ ਦੇਖਿਆ। ਪਰ ਦਿਨ ਢਲ਼ ਚੁੱਕਾ ਸੀ ਜਿਸ ਕਰਕੇ ਉਹ ਆਪਣੇ 12 ਚੇਲਿਆਂ ਨਾਲ ਬੈਥਨੀਆ ਨੂੰ ਚਲਾ ਗਿਆ।+
12 ਅਗਲੇ ਦਿਨ ਬੈਥਨੀਆ ਤੋਂ ਆਉਂਦੇ ਵੇਲੇ ਉਸ ਨੂੰ ਭੁੱਖ ਲੱਗੀ।+ 13 ਉਸ ਨੇ ਦੂਰੋਂ ਪੱਤਿਆਂ ਨਾਲ ਭਰਿਆ ਅੰਜੀਰ ਦਾ ਦਰਖ਼ਤ ਦੇਖਿਆ ਅਤੇ ਉਹ ਇਹ ਦੇਖਣ ਲਈ ਉਸ ਦਰਖ਼ਤ ਕੋਲ ਗਿਆ ਕਿ ਦਰਖ਼ਤ ਨੂੰ ਕੋਈ ਫਲ ਲੱਗਾ ਹੈ ਜਾਂ ਨਹੀਂ। ਪਰ ਨੇੜੇ ਜਾ ਕੇ ਉਸ ਨੇ ਦੇਖਿਆ ਕਿ ਉਸ ਉੱਤੇ ਪੱਤਿਆਂ ਤੋਂ ਸਿਵਾਇ ਹੋਰ ਕੁਝ ਨਹੀਂ ਸੀ ਕਿਉਂਕਿ ਅਜੇ ਅੰਜੀਰਾਂ ਦਾ ਮੌਸਮ ਨਹੀਂ ਸੀ। 14 ਇਸ ਲਈ ਉਸ ਨੇ ਦਰਖ਼ਤ ਨੂੰ ਕਿਹਾ: “ਹੁਣ ਤੋਂ ਕੋਈ ਵੀ ਤੇਰਾ ਫਲ ਨਹੀਂ ਖਾਵੇਗਾ।”+ ਉਸ ਦੇ ਚੇਲਿਆਂ ਨੇ ਵੀ ਇਹ ਗੱਲ ਸੁਣੀ।
15 ਫਿਰ ਉਹ ਯਰੂਸ਼ਲਮ ਵਿਚ ਆਏ। ਉੱਥੇ ਯਿਸੂ ਮੰਦਰ ਵਿਚ ਗਿਆ ਅਤੇ ਉਹ ਮੰਦਰ ਵਿਚ ਚੀਜ਼ਾਂ ਵੇਚਣ ਅਤੇ ਖ਼ਰੀਦਣ ਵਾਲੇ ਲੋਕਾਂ ਨੂੰ ਬਾਹਰ ਕੱਢਣ ਲੱਗਾ ਅਤੇ ਪੈਸੇ ਬਦਲਣ ਵਾਲੇ ਦਲਾਲਾਂ ਦੇ ਮੇਜ਼ ਅਤੇ ਕਬੂਤਰ ਵੇਚਣ ਵਾਲਿਆਂ ਦੇ ਬੈਂਚ ਉਲਟਾ ਦਿੱਤੇ+ 16 ਅਤੇ ਉਸ ਨੇ ਕਿਸੇ ਨੂੰ ਕੋਈ ਵੀ ਚੀਜ਼ ਲੈ ਕੇ ਮੰਦਰ ਵਿੱਚੋਂ ਦੀ ਲੰਘਣ ਨਾ ਦਿੱਤਾ। 17 ਉਸ ਨੇ ਉਨ੍ਹਾਂ ਨੂੰ ਸਿਖਾਉਂਦੇ ਹੋਏ ਕਿਹਾ: “ਕੀ ਇਹ ਨਹੀਂ ਲਿਖਿਆ ਹੋਇਆ, ‘ਮੇਰਾ ਘਰ ਸਭ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ’?+ ਪਰ ਤੁਸੀਂ ਇਸ ਨੂੰ ਲੁਟੇਰਿਆਂ ਦਾ ਅੱਡਾ ਬਣਾਈ ਬੈਠੇ ਹੋ।”+ 18 ਇਹ ਸਾਰੀ ਗੱਲ ਪਤਾ ਲੱਗਣ ਤੇ ਮੁੱਖ ਪੁਜਾਰੀ ਅਤੇ ਗ੍ਰੰਥੀ ਉਸ ਨੂੰ ਜਾਨੋਂ ਮਾਰਨ ਦੀਆਂ ਸਕੀਮਾਂ ਬਣਾਉਣ ਲੱਗੇ।+ ਉਹ ਉਸ ਤੋਂ ਡਰਦੇ ਸਨ ਕਿਉਂਕਿ ਲੋਕ ਉਸ ਦੀ ਸਿੱਖਿਆ ਤੋਂ ਬਹੁਤ ਹੈਰਾਨ ਸਨ।+
19 ਸ਼ਾਮ ਪੈਣ ਤੇ ਉਹ ਸ਼ਹਿਰੋਂ ਬਾਹਰ ਚਲੇ ਗਏ। 20 ਅਗਲੇ ਦਿਨ ਸਵੇਰੇ-ਸਵੇਰੇ ਉੱਧਰੋਂ ਲੰਘਦਿਆਂ ਉਨ੍ਹਾਂ ਨੇ ਉਸੇ ਅੰਜੀਰ ਦੇ ਦਰਖ਼ਤ ਨੂੰ ਜੜ੍ਹੋਂ ਸੁੱਕਾ ਹੋਇਆ ਦੇਖਿਆ।+ 21 ਪਤਰਸ ਨੂੰ ਯਿਸੂ ਦੀ ਗੱਲ ਚੇਤੇ ਆਈ ਤੇ ਉਸ ਨੇ ਕਿਹਾ: “ਗੁਰੂ ਜੀ,* ਦੇਖ! ਅੰਜੀਰ ਦਾ ਦਰਖ਼ਤ ਜਿਸ ਨੂੰ ਤੂੰ ਸਰਾਪ ਦਿੱਤਾ ਸੀ, ਸੁੱਕ ਗਿਆ ਹੈ।”+ 22 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਪਰਮੇਸ਼ੁਰ ʼਤੇ ਨਿਹਚਾ ਰੱਖੋ। 23 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਇਸ ਪਹਾੜ ਨੂੰ ਕਹੇ, ‘ਇੱਥੋਂ ਉੱਠ ਕੇ ਸਮੁੰਦਰ ਵਿਚ ਚਲਾ ਜਾਹ,’ ਤਾਂ ਇਹ ਚਲਾ ਜਾਵੇਗਾ, ਬਸ਼ਰਤੇ ਕਿ ਉਹ ਆਪਣੇ ਦਿਲ ਵਿਚ ਸ਼ੱਕ ਨਾ ਕਰੇ, ਸਗੋਂ ਪੂਰਾ ਯਕੀਨ ਰੱਖੇ ਕਿ ਉਸ ਦੀ ਕਹੀ ਗੱਲ ਜ਼ਰੂਰ ਪੂਰੀ ਹੋਵੇਗੀ।+ 24 ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ: ਜੇ ਤੁਸੀਂ ਇਸ ਭਰੋਸੇ ਨਾਲ ਪ੍ਰਾਰਥਨਾ ਕਰੋ ਕਿ ਜੋ ਤੁਸੀਂ ਮੰਗ ਰਹੇ ਹੋ ਸਮਝੋ ਤੁਹਾਨੂੰ ਮਿਲ ਹੀ ਗਿਆ ਹੈ, ਤਾਂ ਉਹ ਤੁਹਾਨੂੰ ਜ਼ਰੂਰ ਮਿਲੇਗਾ।+ 25 ਨਾਲੇ ਜਦ ਤੁਸੀਂ ਪ੍ਰਾਰਥਨਾ ਕਰਨ ਲਈ ਖੜ੍ਹੇ ਹੋਵੋ, ਤਾਂ ਤੁਹਾਡੇ ਮਨ ਵਿਚ ਕਿਸੇ ਲਈ ਜੋ ਵੀ ਗਿਲਾ-ਸ਼ਿਕਵਾ ਹੈ, ਉਸ ਨੂੰ ਮਾਫ਼ ਕਰੋ ਤਾਂਕਿ ਸਵਰਗ ਵਿਚ ਤੁਹਾਡਾ ਪਿਤਾ ਤੁਹਾਡੇ ਗੁਨਾਹ ਵੀ ਮਾਫ਼ ਕਰੇ।”+ 26 *—
27 ਉਹ ਦੁਬਾਰਾ ਯਰੂਸ਼ਲਮ ਨੂੰ ਆਏ। ਜਦ ਯਿਸੂ ਮੰਦਰ ਵਿਚ ਘੁੰਮ ਰਿਹਾ ਸੀ, ਤਾਂ ਮੁੱਖ ਪੁਜਾਰੀ, ਗ੍ਰੰਥੀ ਅਤੇ ਬਜ਼ੁਰਗ ਆਏ 28 ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ? ਜਾਂ ਤੈਨੂੰ ਕਿਸ ਨੇ ਇਹ ਕੰਮ ਕਰਨ ਦਾ ਅਧਿਕਾਰ ਦਿੱਤਾ ਹੈ?”+ 29 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਵੀ ਤੁਹਾਨੂੰ ਇਕ ਸਵਾਲ ਪੁੱਛਦਾ ਹਾਂ। ਤੁਸੀਂ ਮੈਨੂੰ ਜਵਾਬ ਦਿਓ, ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ। 30 ਚਲੋ ਦੱਸੋ,+ ਕੀ ਯੂਹੰਨਾ ਨੂੰ ਬਪਤਿਸਮਾ ਦੇਣ ਦਾ ਅਧਿਕਾਰ+ ਸਵਰਗੋਂ ਮਿਲਿਆ ਸੀ ਜਾਂ ਇਨਸਾਨਾਂ ਤੋਂ?” 31 ਉਹ ਸੋਚਣ ਲੱਗ ਪਏ ਤੇ ਇਕ-ਦੂਜੇ ਨੂੰ ਕਹਿਣ ਲੱਗੇ: “ਜੇ ਅਸੀਂ ਕਹੀਏ, ‘ਸਵਰਗੋਂ,’ ਤਾਂ ਉਹ ਕਹੇਗਾ, ‘ਫਿਰ ਤੁਸੀਂ ਉਸ ʼਤੇ ਯਕੀਨ ਕਿਉਂ ਨਹੀਂ ਕੀਤਾ?’ 32 ਪਰ ਅਸੀਂ ‘ਇਨਸਾਨਾਂ ਤੋਂ’ ਕਹਿਣ ਦੀ ਵੀ ਜੁਰਅਤ ਨਹੀਂ ਕਰ ਸਕਦੇ।” ਉਹ ਭੀੜ ਤੋਂ ਡਰਦੇ ਸਨ ਕਿਉਂਕਿ ਸਭ ਲੋਕਾਂ ਦਾ ਮੰਨਣਾ ਸੀ ਕਿ ਯੂਹੰਨਾ ਇਕ ਨਬੀ ਸੀ।+ 33 ਇਸ ਲਈ ਉਨ੍ਹਾਂ ਨੇ ਯਿਸੂ ਨੂੰ ਕਿਹਾ: “ਸਾਨੂੰ ਨਹੀਂ ਪਤਾ।” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਫਿਰ ਮੈਂ ਵੀ ਤੁਹਾਨੂੰ ਨਹੀਂ ਦੱਸਣਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।”