ਥੱਸਲੁਨੀਕੀਆਂ ਨੂੰ ਦੂਜੀ ਚਿੱਠੀ
1 ਮੈਂ ਪੌਲੁਸ, ਸਿਲਵਾਨੁਸ* ਅਤੇ ਤਿਮੋਥਿਉਸ+ ਨਾਲ ਮਿਲ ਕੇ ਇਹ ਚਿੱਠੀ ਥੱਸਲੁਨੀਕੀਆਂ ਦੀ ਮੰਡਲੀ ਨੂੰ ਲਿਖ ਰਿਹਾ ਹਾਂ ਜਿਹੜੀ ਸਾਡੇ ਪਿਤਾ ਪਰਮੇਸ਼ੁਰ ਨਾਲ ਅਤੇ ਪ੍ਰਭੂ ਯਿਸੂ ਮਸੀਹ ਨਾਲ ਏਕਤਾ ਵਿਚ ਬੱਝੀ ਹੋਈ ਹੈ:
2 ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਆਪਣੀ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ।
3 ਭਰਾਵੋ, ਅਸੀਂ ਹਮੇਸ਼ਾ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਨਾ ਆਪਣਾ ਫ਼ਰਜ਼ ਸਮਝਦੇ ਹਾਂ। ਇਸ ਤਰ੍ਹਾਂ ਕਰਨਾ ਸਹੀ ਹੈ ਕਿਉਂਕਿ ਤੁਹਾਡੀ ਨਿਹਚਾ ਬਹੁਤ ਪੱਕੀ ਹੋ ਰਹੀ ਹੈ ਅਤੇ ਇਕ-ਦੂਜੇ ਲਈ ਤੁਹਾਡਾ ਸਾਰਿਆਂ ਦਾ ਪਿਆਰ ਵੀ ਵਧ ਰਿਹਾ ਹੈ।+ 4 ਇਸ ਕਰਕੇ ਅਸੀਂ ਪਰਮੇਸ਼ੁਰ ਦੀਆਂ ਮੰਡਲੀਆਂ ਵਿਚ ਤੁਹਾਡੇ ਬਾਰੇ ਮਾਣ ਨਾਲ ਗੱਲ ਕਰਦੇ ਹਾਂ+ ਕਿਉਂਕਿ ਤੁਸੀਂ ਇੰਨੇ ਅਤਿਆਚਾਰ ਅਤੇ ਮੁਸ਼ਕਲਾਂ* ਧੀਰਜ ਨਾਲ ਸਹਿ ਰਹੇ ਹੋ+ ਅਤੇ ਤੁਸੀਂ ਆਪਣੀ ਨਿਹਚਾ ਵੀ ਪੱਕੀ ਰੱਖੀ ਹੋਈ ਹੈ। 5 ਇਹ ਸਭ ਕੁਝ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ੁਰ ਸਹੀ ਨਿਆਂ ਕਰਦਾ ਹੈ ਅਤੇ ਇਸੇ ਕਰਕੇ ਤੁਹਾਨੂੰ ਪਰਮੇਸ਼ੁਰ ਦੇ ਰਾਜ ਵਿਚ ਜਾਣ ਦੇ ਯੋਗ ਗਿਣਿਆ ਗਿਆ ਹੈ ਜਿਸ ਵਾਸਤੇ ਤੁਸੀਂ ਦੁੱਖ ਝੱਲ ਰਹੇ ਹੋ।+
6 ਪਰਮੇਸ਼ੁਰ ਦਾ ਇਹ ਨਿਆਂ ਸਹੀ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਦੁੱਖ ਦੇਵੇ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ।+ 7 ਪਰ ਤੁਸੀਂ ਜਿਹੜੇ ਦੁੱਖ ਝੱਲ ਰਹੇ ਹੋ, ਪਰਮੇਸ਼ੁਰ ਤੁਹਾਨੂੰ ਸਾਡੇ ਨਾਲ ਉਦੋਂ ਆਰਾਮ ਦੇਵੇਗਾ ਜਦੋਂ ਪ੍ਰਭੂ ਯਿਸੂ ਆਪਣੇ ਸ਼ਕਤੀਸ਼ਾਲੀ ਦੂਤਾਂ ਨਾਲ ਅੱਗ ਵਿਚ ਸਵਰਗੋਂ ਪ੍ਰਗਟ ਹੋਵੇਗਾ।+ 8 ਉਸ ਵੇਲੇ ਉਹ ਉਨ੍ਹਾਂ ਲੋਕਾਂ ਤੋਂ ਬਦਲਾ ਲਵੇਗਾ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਅਤੇ ਜਿਹੜੇ ਸਾਡੇ ਪ੍ਰਭੂ ਯਿਸੂ ਬਾਰੇ ਖ਼ੁਸ਼ ਖ਼ਬਰੀ ਅਨੁਸਾਰ ਨਹੀਂ ਚੱਲਦੇ।+ 9 ਪ੍ਰਭੂ ਉਨ੍ਹਾਂ ਲੋਕਾਂ ਦਾ ਨਿਆਂ ਕਰ ਕੇ ਉਨ੍ਹਾਂ ਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ।+ ਇਸ ਤਰ੍ਹਾਂ ਉਹ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦੇਵੇਗਾ ਅਤੇ ਉਨ੍ਹਾਂ ਨੂੰ ਉਸ ਦੀ ਸ਼ਾਨਦਾਰ ਤਾਕਤ ਤੋਂ ਕੋਈ ਫ਼ਾਇਦਾ ਨਹੀਂ ਹੋਵੇਗਾ। 10 ਇਹ ਉਦੋਂ ਹੋਵੇਗਾ ਜਦੋਂ ਪ੍ਰਭੂ ਨੂੰ ਉਸ ਦੇ ਪਵਿੱਤਰ ਸੇਵਕਾਂ ਦੇ ਨਾਲ ਮਹਿਮਾ ਦਿੱਤੀ ਜਾਵੇਗੀ ਅਤੇ ਉਸ ਉੱਤੇ ਨਿਹਚਾ ਕਰਨ ਵਾਲੇ ਲੋਕ ਉਸ ਦਿਨ ਉਸ ਦੀ ਤਾਰੀਫ਼ ਕਰਨਗੇ। ਤੁਸੀਂ ਵੀ ਉਨ੍ਹਾਂ ਲੋਕਾਂ ਵਿਚ ਹੋਵੋਗੇ ਕਿਉਂਕਿ ਤੁਸੀਂ ਸਾਡੇ ਦੁਆਰਾ ਦਿੱਤੀ ਗਵਾਹੀ ਉੱਤੇ ਨਿਹਚਾ ਕੀਤੀ ਹੈ।
11 ਇਸੇ ਕਰਕੇ ਅਸੀਂ ਤੁਹਾਡੇ ਲਈ ਹਮੇਸ਼ਾ ਪ੍ਰਾਰਥਨਾ ਕਰਦੇ ਹਾਂ ਕਿ ਸਾਡਾ ਪਰਮੇਸ਼ੁਰ ਤੁਹਾਨੂੰ ਉਸ ਸੱਦੇ ਦੇ ਯੋਗ ਸਮਝੇ+ ਜੋ ਉਸ ਨੇ ਤੁਹਾਨੂੰ ਦਿੱਤਾ ਹੈ ਅਤੇ ਉਹ ਜੋ ਚੰਗੇ ਕੰਮ ਕਰਨੇ ਚਾਹੁੰਦਾ ਹੈ, ਉਨ੍ਹਾਂ ਨੂੰ ਆਪਣੀ ਤਾਕਤ ਨਾਲ ਪੂਰਾ ਕਰੇ ਅਤੇ ਤੁਹਾਡੇ ਹਰ ਕੰਮ ਨੂੰ ਵੀ ਸਫ਼ਲ ਕਰੇ ਜੋ ਤੁਸੀਂ ਨਿਹਚਾ ਰੱਖਣ ਕਰਕੇ ਕਰ ਰਹੇ ਹੋ। 12 ਇਹ ਇਸ ਲਈ ਹੋਵੇ ਤਾਂਕਿ ਸਾਡੇ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਸਦਕਾ ਤੁਹਾਡੇ ਰਾਹੀਂ ਸਾਡੇ ਪ੍ਰਭੂ ਯਿਸੂ ਦੇ ਨਾਂ ਦੀ ਮਹਿਮਾ ਹੋਵੇ ਅਤੇ ਉਸ ਨਾਲ ਏਕਤਾ ਵਿਚ ਹੋਣ ਕਰਕੇ ਤੁਹਾਡੀ ਵੀ ਮਹਿਮਾ ਹੋਵੇ।