ਯੂਹੰਨਾ ਦੀ ਤੀਜੀ ਚਿੱਠੀ
1 ਮੈਂ ਬਜ਼ੁਰਗ,* ਇਹ ਚਿੱਠੀ ਆਪਣੇ ਪਿਆਰੇ ਗਾਯੁਸ ਨੂੰ ਲਿਖ ਰਿਹਾ ਹਾਂ ਜਿਸ ਨੂੰ ਮੈਂ ਸੱਚੇ ਦਿਲੋਂ ਪਿਆਰ ਕਰਦਾ ਹਾਂ।
2 ਮੇਰੇ ਪਿਆਰੇ ਭਰਾ, ਮੈਂ ਦੁਆ ਕਰਦਾ ਹਾਂ ਕਿ ਤੂੰ ਹਰ ਪੱਖੋਂ ਖ਼ੁਸ਼ਹਾਲ ਅਤੇ ਤੰਦਰੁਸਤ ਰਹੇਂ, ਜਿਵੇਂ ਤੂੰ ਹੁਣ ਖ਼ੁਸ਼ਹਾਲ ਹੈਂ। 3 ਮੈਂ ਬਹੁਤ ਖ਼ੁਸ਼ ਹੋਇਆ ਜਦੋਂ ਭਰਾਵਾਂ ਨੇ ਆ ਕੇ ਦੱਸਿਆ ਕਿ ਤੂੰ ਸੱਚਾਈ ਵਿਚ ਪੱਕਾ ਹੈਂ। ਮੈਨੂੰ ਪਤਾ ਕਿ ਤੂੰ ਵਾਕਈ ਸੱਚਾਈ ਦੇ ਰਾਹ ਉੱਤੇ ਚੱਲ ਰਿਹਾ ਹੈਂ।+ 4 ਮੇਰੇ ਲਈ ਇਸ ਤੋਂ ਜ਼ਿਆਦਾ ਖ਼ੁਸ਼ੀ* ਦੀ ਗੱਲ ਹੋਰ ਕੋਈ ਨਹੀਂ ਕਿ ਮੈਂ ਸੁਣਾਂ ਕਿ ਮੇਰੇ ਬੱਚੇ ਸੱਚਾਈ ਦੇ ਰਾਹ ਉੱਤੇ ਚੱਲ ਰਹੇ ਹਨ।+
5 ਮੇਰੇ ਪਿਆਰੇ ਭਰਾ, ਤੂੰ ਜਿਨ੍ਹਾਂ ਭਰਾਵਾਂ ਨੂੰ ਜਾਣਦਾ ਵੀ ਨਹੀਂ, ਤੂੰ ਉਨ੍ਹਾਂ ਦੀ ਮਦਦ ਕਰ ਕੇ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦਾ ਹੈਂ।+ 6 ਉਨ੍ਹਾਂ ਭਰਾਵਾਂ ਨੇ ਮੰਡਲੀ ਦੇ ਸਾਮ੍ਹਣੇ ਤੇਰੇ ਪਿਆਰ ਦੀ ਗਵਾਹੀ ਦਿੱਤੀ ਹੈ। ਕਿਰਪਾ ਕਰ ਕੇ ਉਨ੍ਹਾਂ ਦੇ ਸਫ਼ਰ ਵਾਸਤੇ ਅਜਿਹਾ ਬੰਦੋਬਸਤ ਕਰੀਂ ਜਿਸ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੋਵੇ।+ 7 ਉਹ ਭਰਾ ਪਰਮੇਸ਼ੁਰ ਦੇ ਨਾਂ ਦਾ ਪ੍ਰਚਾਰ ਕਰਨ ਲਈ ਹੀ ਨਿਕਲੇ ਹਨ ਅਤੇ ਉਹ ਦੁਨੀਆਂ ਦੇ ਲੋਕਾਂ ਤੋਂ ਕੁਝ ਨਹੀਂ ਲੈਂਦੇ।+ 8 ਇਸ ਲਈ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਅਜਿਹੇ ਭਰਾਵਾਂ ਦੀ ਪਰਾਹੁਣਚਾਰੀ ਕਰੀਏ+ ਤਾਂਕਿ ਅਸੀਂ ਉਨ੍ਹਾਂ ਨਾਲ ਮਿਲ ਕੇ ਸੱਚਾਈ ਲਈ ਕੰਮ ਕਰੀਏ।+
9 ਮੈਂ ਮੰਡਲੀ ਨੂੰ ਚਿੱਠੀ ਲਿਖੀ ਸੀ, ਪਰ ਦਿਉਤ੍ਰਿਫੇਸ, ਜਿਹੜਾ ਭਰਾਵਾਂ ਵਿਚ ਆਪਣੀ ਚੌਧਰ ਕਰਨੀ ਚਾਹੁੰਦਾ ਹੈ,+ ਸਾਡੀ ਕੋਈ ਵੀ ਗੱਲ ਨਾ ਮੰਨ ਕੇ ਸਾਡੀ ਇੱਜ਼ਤ ਨਹੀਂ ਕਰਦਾ।+ 10 ਉਹ ਸਾਨੂੰ ਬਦਨਾਮ ਕਰਨ ਵਾਲੀਆਂ ਗੱਲਾਂ ਫੈਲਾਉਂਦਾ ਹੈ।*+ ਉਸ ਨੂੰ ਇੰਨੇ ਨਾਲ ਹੀ ਤਸੱਲੀ ਨਹੀਂ ਹੁੰਦੀ, ਸਗੋਂ ਉਹ ਭਰਾਵਾਂ ਦਾ ਆਦਰ ਨਾਲ ਸੁਆਗਤ ਵੀ ਨਹੀਂ ਕਰਦਾ+ ਅਤੇ ਜਿਹੜੇ ਸੁਆਗਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਰੋਕਣ ਅਤੇ ਮੰਡਲੀ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਜੇ ਮੈਂ ਆਇਆ, ਤਾਂ ਮੈਂ ਉਸ ਦੀਆਂ ਇਨ੍ਹਾਂ ਹਰਕਤਾਂ ਵੱਲ ਧਿਆਨ ਦਿਆਂਗਾ।
11 ਪਿਆਰੇ ਭਰਾ, ਬੁਰਿਆਂ ਦੀ ਰੀਸ ਨਾ ਕਰੀਂ, ਸਗੋਂ ਚੰਗਿਆਂ ਦੀ ਰੀਸ ਕਰੀਂ।+ ਜਿਹੜਾ ਚੰਗੇ ਕੰਮ ਕਰਦਾ ਹੈ, ਉਹ ਪਰਮੇਸ਼ੁਰ ਵੱਲੋਂ ਹੈ।+ ਜਿਹੜਾ ਬੁਰੇ ਕੰਮ ਕਰਦਾ ਹੈ, ਉਸ ਨੇ ਪਰਮੇਸ਼ੁਰ ਨੂੰ ਨਹੀਂ ਦੇਖਿਆ ਹੈ।+ 12 ਸਾਰੇ ਜਣੇ ਦੇਮੇਤ੍ਰਿਉਸ ਦੀਆਂ ਸਿਫ਼ਤਾਂ ਕਰਦੇ ਹਨ। ਨਾਲੇ ਜਿਸ ਤਰ੍ਹਾਂ ਉਹ ਸੱਚਾਈ ਦੇ ਮੁਤਾਬਕ ਆਪਣੀ ਜ਼ਿੰਦਗੀ ਜੀ ਰਿਹਾ ਹੈ, ਉਸ ਤੋਂ ਵੀ ਇਹ ਗੱਲ ਜ਼ਾਹਰ ਹੁੰਦੀ ਹੈ। ਅਸਲ ਵਿਚ, ਅਸੀਂ ਵੀ ਉਸ ਬਾਰੇ ਗਵਾਹੀ ਦਿੰਦੇ ਹਾਂ ਅਤੇ ਤੂੰ ਜਾਣਦਾ ਹੈਂ ਕਿ ਸਾਡੀ ਗਵਾਹੀ ਸੱਚੀ ਹੈ।
13 ਮੈਂ ਤੈਨੂੰ ਕਈ ਗੱਲਾਂ ਦੱਸਣੀਆਂ ਚਾਹੁੰਦਾ ਹਾਂ, ਪਰ ਮੈਂ ਸਭ ਕੁਝ ਚਿੱਠੀ ਵਿਚ ਨਹੀਂ ਲਿਖਣਾ ਚਾਹੁੰਦਾ। 14 ਮੈਨੂੰ ਤੇਰੇ ਕੋਲ ਜਲਦੀ ਆਉਣ ਦੀ ਉਮੀਦ ਹੈ ਅਤੇ ਫਿਰ ਆਪਾਂ ਆਮ੍ਹੋ-ਸਾਮ੍ਹਣੇ ਬੈਠ ਕੇ ਗੱਲਾਂ ਕਰਾਂਗੇ।
ਪਰਮੇਸ਼ੁਰ ਤੈਨੂੰ ਸ਼ਾਂਤੀ ਬਖ਼ਸ਼ੇ।
ਇੱਥੋਂ ਦੇ ਸਾਰੇ ਦੋਸਤਾਂ ਵੱਲੋਂ ਤੈਨੂੰ ਨਮਸਕਾਰ। ਇਕ-ਇਕ ਕਰ ਕੇ ਉੱਥੋਂ ਦੇ ਸਾਰੇ ਦੋਸਤਾਂ ਨੂੰ ਮੇਰਾ ਨਮਸਕਾਰ ਕਹੀਂ।