ਗਿਣਤੀ
23 ਫਿਰ ਬਿਲਾਮ ਨੇ ਬਾਲਾਕ ਨੂੰ ਕਿਹਾ: “ਇਸ ਜਗ੍ਹਾ ਮੇਰੇ ਲਈ ਸੱਤ ਵੇਦੀਆਂ ਬਣਾ+ ਅਤੇ ਸੱਤ ਬਲਦ ਅਤੇ ਸੱਤ ਭੇਡੂ ਤਿਆਰ ਕਰ।” 2 ਬਾਲਾਕ ਨੇ ਤੁਰੰਤ ਉਸੇ ਤਰ੍ਹਾਂ ਕੀਤਾ ਜਿਵੇਂ ਬਿਲਾਮ ਨੇ ਕਿਹਾ ਸੀ। ਫਿਰ ਬਾਲਾਕ ਅਤੇ ਬਿਲਾਮ ਨੇ ਹਰ ਵੇਦੀ ʼਤੇ ਇਕ ਬਲਦ ਅਤੇ ਇਕ ਭੇਡੂ ਚੜ੍ਹਾਇਆ।+ 3 ਫਿਰ ਬਿਲਾਮ ਨੇ ਬਾਲਾਕ ਨੂੰ ਕਿਹਾ: “ਤੂੰ ਇੱਥੇ ਆਪਣੀ ਹੋਮ-ਬਲ਼ੀ ਕੋਲ ਰੁਕ ਅਤੇ ਮੈਂ ਜਾਂਦਾ ਹਾਂ, ਸ਼ਾਇਦ ਯਹੋਵਾਹ ਆ ਕੇ ਮੇਰੇ ਨਾਲ ਗੱਲ ਕਰੇ। ਉਹ ਜੋ ਵੀ ਮੈਨੂੰ ਕਹੇਗਾ, ਮੈਂ ਆ ਕੇ ਤੈਨੂੰ ਦੱਸਾਂਗਾ।” ਇਸ ਲਈ ਉਹ ਇਕ ਬੰਜਰ ਪਹਾੜੀ ʼਤੇ ਚਲਾ ਗਿਆ।
4 ਫਿਰ ਪਰਮੇਸ਼ੁਰ ਨੇ ਆ ਕੇ ਬਿਲਾਮ ਨਾਲ ਗੱਲ ਕੀਤੀ+ ਅਤੇ ਬਿਲਾਮ ਨੇ ਪਰਮੇਸ਼ੁਰ ਨੂੰ ਕਿਹਾ: “ਮੈਂ ਸੱਤ ਵੇਦੀਆਂ ਕਤਾਰਾਂ ਵਿਚ ਬਣਾਈਆਂ ਹਨ ਅਤੇ ਹਰ ਵੇਦੀ ʼਤੇ ਇਕ ਬਲਦ ਅਤੇ ਇਕ ਭੇਡੂ ਚੜ੍ਹਾਇਆ ਹੈ।” 5 ਯਹੋਵਾਹ ਨੇ ਬਿਲਾਮ ਦੇ ਮੂੰਹ ਵਿਚ ਆਪਣੀਆਂ ਗੱਲਾਂ ਪਾਈਆਂ ਅਤੇ ਕਿਹਾ:+ “ਬਾਲਾਕ ਕੋਲ ਵਾਪਸ ਜਾਹ ਅਤੇ ਤੂੰ ਉਸ ਨੂੰ ਇਹੀ ਗੱਲਾਂ ਦੱਸੀਂ।” 6 ਇਸ ਲਈ ਉਹ ਵਾਪਸ ਮੁੜ ਆਇਆ ਅਤੇ ਉਸ ਨੇ ਦੇਖਿਆ ਕਿ ਬਾਲਾਕ ਅਤੇ ਮੋਆਬ ਦੇ ਸਾਰੇ ਅਧਿਕਾਰੀ ਹੋਮ-ਬਲ਼ੀ ਕੋਲ ਖੜ੍ਹੇ ਸਨ। 7 ਫਿਰ ਉਸ ਨੇ ਇਹ ਸੰਦੇਸ਼ ਸੁਣਾਇਆ:+
“ਮੋਆਬ ਦਾ ਰਾਜਾ ਬਾਲਾਕ ਮੈਨੂੰ ਅਰਾਮ ਤੋਂ ਲਿਆਇਆ,+
ਉਹ ਮੈਨੂੰ ਪੂਰਬ ਦੇ ਪਹਾੜਾਂ ਤੋਂ ਲਿਆਇਆ।
‘ਉਸ ਨੇ ਮੈਨੂੰ ਕਿਹਾ: ਇੱਥੇ ਆ ਅਤੇ ਮੇਰੀ ਖ਼ਾਤਰ ਯਾਕੂਬ ਨੂੰ ਸਰਾਪ ਦੇ,
ਹਾਂ, ਆ ਕੇ ਇਜ਼ਰਾਈਲ ਨੂੰ ਬਦ-ਦੁਆ ਦੇ।’+
8 ਮੈਂ ਉਨ੍ਹਾਂ ਲੋਕਾਂ ਨੂੰ ਸਰਾਪ ਕਿਵੇਂ ਦੇ ਸਕਦਾਂ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸਰਾਪ ਨਹੀਂ ਦਿੱਤਾ?
ਮੈਂ ਉਨ੍ਹਾਂ ਲੋਕਾਂ ਨੂੰ ਬਦ-ਦੁਆ ਕਿਵੇਂ ਦੇ ਸਕਦਾਂ ਜਿਨ੍ਹਾਂ ਨੂੰ ਯਹੋਵਾਹ ਨੇ ਬਦ-ਦੁਆ ਨਹੀਂ ਦਿੱਤੀ?+
9 ਮੈਂ ਚਟਾਨਾਂ ਦੀ ਚੋਟੀ ਤੋਂ ਉਨ੍ਹਾਂ ਨੂੰ ਦੇਖਦਾ ਹਾਂ,
ਮੈਂ ਪਹਾੜੀਆਂ ਉੱਤੋਂ ਉਨ੍ਹਾਂ ਨੂੰ ਦੇਖਦਾ ਹਾਂ।
10 ਯਾਕੂਬ ਦੀ ਔਲਾਦ ਨੂੰ ਕੌਣ ਗਿਣ ਸਕਦਾ ਹੈ+
ਜਿਨ੍ਹਾਂ ਦੀ ਗਿਣਤੀ ਧੂੜ ਦੇ ਕਿਣਕਿਆਂ ਜਿੰਨੀ ਹੈ?
ਜਾਂ ਇਜ਼ਰਾਈਲ ਦੇ ਚੌਥੇ ਹਿੱਸੇ ਨੂੰ ਵੀ ਕੌਣ ਗਿਣ ਸਕਦਾ ਹੈ?
ਕਾਸ਼! ਮੇਰੀ ਵੀ ਜਾਨ ਨੇਕ ਲੋਕਾਂ ਵਾਂਗ ਨਿਕਲੇ,
ਅਤੇ ਮੇਰਾ ਵੀ ਅੰਤ ਉਨ੍ਹਾਂ ਵਰਗਾ ਹੋਵੇ।”
11 ਫਿਰ ਬਾਲਾਕ ਨੇ ਬਿਲਾਮ ਨੂੰ ਕਿਹਾ: “ਤੂੰ ਮੇਰੇ ਨਾਲ ਇਹ ਕੀ ਕੀਤਾ? ਮੈਂ ਤੈਨੂੰ ਇੱਥੇ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਬੁਲਾਇਆ ਸੀ, ਪਰ ਤੂੰ ਤਾਂ ਉਨ੍ਹਾਂ ਨੂੰ ਬਰਕਤ ਦੇ ਦਿੱਤੀ ਹੈ।”+ 12 ਉਸ ਨੇ ਜਵਾਬ ਦਿੱਤਾ: “ਮੈਂ ਤਾਂ ਉਹੀ ਕਹਿ ਸਕਦਾ ਹਾਂ ਜੋ ਯਹੋਵਾਹ ਨੇ ਮੈਨੂੰ ਬੋਲਣ ਲਈ ਕਿਹਾ ਹੈ।”+
13 ਬਾਲਾਕ ਨੇ ਉਸ ਨੂੰ ਕਿਹਾ: “ਕਿਰਪਾ ਕਰ ਕੇ ਮੇਰੇ ਨਾਲ ਇਕ ਹੋਰ ਜਗ੍ਹਾ ਚੱਲ ਜਿੱਥੋਂ ਤੂੰ ਉਨ੍ਹਾਂ ਨੂੰ ਦੇਖ ਸਕਦਾ ਹੈਂ। ਉਹ ਸਾਰੇ ਤੈਨੂੰ ਨਜ਼ਰ ਨਹੀਂ ਆਉਣਗੇ ਕਿਉਂਕਿ ਤੂੰ ਉਨ੍ਹਾਂ ਦੀ ਛਾਉਣੀ ਦਾ ਕੁਝ ਹੀ ਹਿੱਸਾ ਦੇਖ ਸਕੇਂਗਾ। ਤੂੰ ਉੱਥੋਂ ਮੇਰੀ ਖ਼ਾਤਰ ਉਨ੍ਹਾਂ ਲੋਕਾਂ ਨੂੰ ਸਰਾਪ ਦੇ।”+ 14 ਇਸ ਲਈ ਉਹ ਬਿਲਾਮ ਨੂੰ ਪਿਸਗਾਹ ਪਹਾੜ ਦੀ ਚੋਟੀ+ ʼਤੇ ਸੋਫੀਮ ਦੇ ਮੈਦਾਨ ਵਿਚ ਲੈ ਗਿਆ ਅਤੇ ਉੱਥੇ ਉਸ ਨੇ ਸੱਤ ਵੇਦੀਆਂ ਬਣਾਈਆਂ ਅਤੇ ਹਰ ਵੇਦੀ ʼਤੇ ਇਕ ਬਲਦ ਅਤੇ ਇਕ ਭੇਡੂ ਚੜ੍ਹਾਇਆ।+ 15 ਇਸ ਲਈ ਬਿਲਾਮ ਨੇ ਬਾਲਾਕ ਨੂੰ ਕਿਹਾ: “ਤੂੰ ਇੱਥੇ ਆਪਣੀ ਹੋਮ-ਬਲ਼ੀ ਕੋਲ ਰੁਕ ਅਤੇ ਮੈਂ ਉੱਥੇ ਜਾ ਕੇ ਪਰਮੇਸ਼ੁਰ ਨੂੰ ਮਿਲਦਾ ਹਾਂ।” 16 ਫਿਰ ਯਹੋਵਾਹ ਨੇ ਆ ਕੇ ਬਿਲਾਮ ਨਾਲ ਗੱਲ ਕੀਤੀ ਅਤੇ ਉਸ ਨੇ ਬਿਲਾਮ ਦੇ ਮੂੰਹ ਵਿਚ ਆਪਣੀਆਂ ਗੱਲਾਂ ਪਾਈਆਂ ਅਤੇ ਕਿਹਾ:+ “ਬਾਲਾਕ ਕੋਲ ਵਾਪਸ ਜਾਹ ਅਤੇ ਤੂੰ ਉਸ ਨੂੰ ਇਹੀ ਗੱਲਾਂ ਦੱਸੀਂ।” 17 ਇਸ ਲਈ ਉਹ ਬਾਲਾਕ ਕੋਲ ਵਾਪਸ ਮੁੜ ਗਿਆ ਅਤੇ ਉਸ ਨੇ ਦੇਖਿਆ ਕਿ ਬਾਲਾਕ ਹੋਮ-ਬਲ਼ੀ ਕੋਲ ਉਡੀਕ ਕਰ ਰਿਹਾ ਸੀ ਅਤੇ ਮੋਆਬ ਦੇ ਸਾਰੇ ਅਧਿਕਾਰੀ ਉਸ ਨਾਲ ਖੜ੍ਹੇ ਸਨ। ਬਾਲਾਕ ਨੇ ਉਸ ਨੂੰ ਪੁੱਛਿਆ: “ਯਹੋਵਾਹ ਨੇ ਕੀ ਕਿਹਾ ਹੈ?” 18 ਫਿਰ ਉਸ ਨੇ ਇਹ ਸੰਦੇਸ਼ ਸੁਣਾਇਆ:+
“ਹੇ ਬਾਲਾਕ, ਉੱਠ ਅਤੇ ਸੁਣ।
ਹੇ ਸਿੱਪੋਰ ਦੇ ਪੁੱਤਰ, ਮੇਰੀ ਗੱਲ ਸੁਣ।
ਜਦੋਂ ਉਹ ਕੁਝ ਕਹਿੰਦਾ ਹੈ, ਤਾਂ ਕੀ ਉਹ ਨਹੀਂ ਕਰੇਗਾ?
ਜਦੋਂ ਉਹ ਕੋਈ ਵਾਅਦਾ ਕਰਦਾ ਹੈ, ਤਾਂ ਕੀ ਉਹ ਪੂਰਾ ਨਹੀਂ ਕਰੇਗਾ?+
20 ਦੇਖ! ਮੈਨੂੰ ਬਰਕਤ ਦੇਣ ਲਈ ਲਿਆਂਦਾ ਗਿਆ ਹੈ;
ਪਰਮੇਸ਼ੁਰ ਨੇ ਬਰਕਤ ਦੇ ਦਿੱਤੀ ਹੈ+ ਅਤੇ ਮੈਂ ਇਸ ਨੂੰ ਬਦਲ ਨਹੀਂ ਸਕਦਾ।+
21 ਉਹ ਯਾਕੂਬ ਦੇ ਖ਼ਿਲਾਫ਼ ਕੋਈ ਵੀ ਜਾਦੂ-ਟੂਣਾ ਬਰਦਾਸ਼ਤ ਨਹੀਂ ਕਰਦਾ,
ਅਤੇ ਇਜ਼ਰਾਈਲ ਲਈ ਕੋਈ ਵੀ ਮੁਸੀਬਤ ਖੜ੍ਹੀ ਨਹੀਂ ਹੋਣ ਦਿੰਦਾ।
ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਦੇ ਨਾਲ ਹੈ,+
ਉਹ ਉੱਚੀ ਆਵਾਜ਼ ਵਿਚ ਪਰਮੇਸ਼ੁਰ ਦੀ ਰਾਜੇ ਵਜੋਂ ਜੈ-ਜੈ ਕਾਰ ਕਰਦੇ ਹਨ।
22 ਪਰਮੇਸ਼ੁਰ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਹੈ।+
ਉਹ ਉਨ੍ਹਾਂ ਲਈ ਜੰਗਲੀ ਸਾਨ੍ਹ ਦੇ ਸਿੰਗਾਂ ਵਰਗਾ ਹੈ।+
23 ਯਾਕੂਬ ਦਾ ਨਾਸ਼ ਕਰਨ ਲਈ ਕੋਈ ਵੀ ਮੰਤਰ ਕੰਮ ਨਹੀਂ ਕਰੇਗਾ,+
ਅਤੇ ਨਾ ਹੀ ਇਜ਼ਰਾਈਲ ਦੇ ਖ਼ਿਲਾਫ਼ ਫਾਲ* ਪਾਉਣ ਦਾ ਕੋਈ ਫ਼ਾਇਦਾ ਹੋਵੇਗਾ।+
ਇਸ ਸਮੇਂ ਯਾਕੂਬ ਤੇ ਇਜ਼ਰਾਈਲ ਬਾਰੇ ਇਹ ਕਿਹਾ ਜਾ ਸਕਦਾ ਹੈ:
‘ਦੇਖੋ! ਪਰਮੇਸ਼ੁਰ ਨੇ ਉਨ੍ਹਾਂ ਲਈ ਕਿੰਨੇ ਵੱਡੇ-ਵੱਡੇ ਕੰਮ ਕੀਤੇ ਹਨ!’
24 ਇਹ ਕੌਮ ਇਕ ਸ਼ੇਰ ਵਾਂਗ ਉੱਠੇਗੀ,
ਹਾਂ, ਇਹ ਇਕ ਸ਼ੇਰ ਵਾਂਗ ਖੜ੍ਹੀ ਹੋਵੇਗੀ।+
ਇਹ ਉਦੋਂ ਤਕ ਲੰਮੀ ਨਹੀਂ ਪਵੇਗੀ
ਜਦੋਂ ਤਕ ਇਹ ਆਪਣੇ ਸ਼ਿਕਾਰ ਨੂੰ ਖਾ ਨਹੀਂ ਲੈਂਦੀ
ਅਤੇ ਇਸ ਦਾ ਖ਼ੂਨ ਪੀ ਨਹੀਂ ਲੈਂਦੀ।”
25 ਫਿਰ ਬਾਲਾਕ ਨੇ ਬਿਲਾਮ ਨੂੰ ਕਿਹਾ: “ਜੇ ਤੂੰ ਉਨ੍ਹਾਂ ਨੂੰ ਸਰਾਪ ਨਹੀਂ ਦੇ ਸਕਦਾ, ਤਾਂ ਉਨ੍ਹਾਂ ਨੂੰ ਬਰਕਤ ਵੀ ਨਾ ਦੇ।” 26 ਬਿਲਾਮ ਨੇ ਬਾਲਾਕ ਨੂੰ ਜਵਾਬ ਦਿੱਤਾ: “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਮੈਂ ਉਹੀ ਕਰਾਂਗਾ ਜੋ ਯਹੋਵਾਹ ਮੈਨੂੰ ਕਹੇਗਾ?”+
27 ਬਾਲਾਕ ਨੇ ਬਿਲਾਮ ਨੂੰ ਕਿਹਾ: “ਕਿਰਪਾ ਕਰ ਕੇ ਮੇਰੇ ਨਾਲ ਇਕ ਹੋਰ ਜਗ੍ਹਾ ਚੱਲ। ਸ਼ਾਇਦ ਸੱਚੇ ਪਰਮੇਸ਼ੁਰ ਨੂੰ ਸਹੀ ਲੱਗੇ ਕਿ ਤੂੰ ਉੱਥੋਂ ਮੇਰੀ ਖ਼ਾਤਰ ਇਨ੍ਹਾਂ ਲੋਕਾਂ ਨੂੰ ਸਰਾਪ ਦੇਵੇਂ।”+ 28 ਇਸ ਲਈ ਬਾਲਾਕ ਬਿਲਾਮ ਨੂੰ ਪਿਓਰ ਪਹਾੜ ਦੀ ਚੋਟੀ ʼਤੇ ਲੈ ਗਿਆ ਜਿੱਥੋਂ ਯਸ਼ੀਮੋਨ* ਦਿਖਾਈ ਦਿੰਦਾ ਹੈ।+ 29 ਫਿਰ ਬਿਲਾਮ ਨੇ ਬਾਲਾਕ ਨੂੰ ਕਿਹਾ: “ਇਸ ਜਗ੍ਹਾ ਸੱਤ ਵੇਦੀਆਂ ਬਣਾ ਅਤੇ ਮੇਰੇ ਲਈ ਸੱਤ ਬਲਦ ਅਤੇ ਸੱਤ ਭੇਡੂ ਤਿਆਰ ਕਰ।”+ 30 ਬਾਲਾਕ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਬਿਲਾਮ ਨੇ ਕਿਹਾ ਸੀ। ਫਿਰ ਉਸ ਨੇ ਹਰ ਵੇਦੀ ʼਤੇ ਇਕ ਬਲਦ ਅਤੇ ਇਕ ਭੇਡੂ ਚੜ੍ਹਾਇਆ।