ਕੁਰਿੰਥੀਆਂ ਨੂੰ ਦੂਜੀ ਚਿੱਠੀ
7 ਇਸ ਲਈ ਪਿਆਰੇ ਭਰਾਵੋ, ਸਾਡੇ ਨਾਲ ਇਹ ਵਾਅਦੇ ਕੀਤੇ ਹੋਣ ਕਰਕੇ+ ਆਓ ਆਪਾਂ ਤਨ ਅਤੇ ਮਨ* ਦੀ ਸਾਰੀ ਗੰਦਗੀ ਤੋਂ ਆਪਣੇ ਆਪ ਨੂੰ ਸ਼ੁੱਧ ਕਰੀਏ+ ਅਤੇ ਪਰਮੇਸ਼ੁਰ ਦਾ ਡਰ ਰੱਖਦੇ ਹੋਏ ਪਵਿੱਤਰ ਬਣਦੇ ਜਾਈਏ।
2 ਆਪਣੇ ਦਿਲਾਂ ਵਿਚ ਸਾਨੂੰ ਥਾਂ ਦਿਓ।+ ਅਸੀਂ ਕਿਸੇ ਦਾ ਕੁਝ ਨਹੀਂ ਵਿਗਾੜਿਆ, ਅਸੀਂ ਕਿਸੇ ਨੂੰ ਗੁਮਰਾਹ ਨਹੀਂ ਕੀਤਾ ਅਤੇ ਅਸੀਂ ਕਿਸੇ ਦਾ ਫ਼ਾਇਦਾ ਨਹੀਂ ਉਠਾਇਆ।+ 3 ਮੈਂ ਇਹ ਗੱਲਾਂ ਤੁਹਾਡੇ ਉੱਤੇ ਦੋਸ਼ ਲਾਉਣ ਲਈ ਨਹੀਂ ਕਹਿ ਰਿਹਾ ਹਾਂ। ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ, ਚਾਹੇ ਅਸੀਂ ਜੀਵੀਏ ਜਾਂ ਮਰੀਏ, ਤੁਸੀਂ ਸਾਡੇ ਦਿਲਾਂ ਵਿਚ ਵੱਸਦੇ ਹੋ। 4 ਮੈਂ ਤੁਹਾਡੇ ਨਾਲ ਬੇਝਿਜਕ ਹੋ ਕੇ ਗੱਲ ਕਰ ਸਕਦਾ ਹਾਂ। ਮੈਨੂੰ ਤੁਹਾਡੇ ਉੱਤੇ ਬਹੁਤ ਮਾਣ ਹੈ। ਮੈਨੂੰ ਬਹੁਤ ਹੌਸਲਾ ਮਿਲਿਆ ਹੈ ਅਤੇ ਇੰਨੇ ਦੁੱਖਾਂ ਦੇ ਬਾਵਜੂਦ ਵੀ ਮੇਰਾ ਦਿਲ ਖ਼ੁਸ਼ੀ ਨਾਲ ਭਰਿਆ ਹੋਇਆ ਹੈ।+
5 ਅਸਲ ਵਿਚ, ਜਦੋਂ ਅਸੀਂ ਮਕਦੂਨੀਆ+ ਪਹੁੰਚੇ, ਤਾਂ ਉੱਥੇ ਸਾਨੂੰ ਚੈਨ ਨਾ ਮਿਲਿਆ। ਅਸੀਂ ਹਰ ਤਰ੍ਹਾਂ ਦਾ ਦੁੱਖ ਸਹਿੰਦੇ ਰਹੇ: ਬਾਹਰ ਝਗੜੇ ਸਨ ਅਤੇ ਸਾਡੇ ਮਨ ਵਿਚ ਚਿੰਤਾ ਸੀ। 6 ਫਿਰ ਵੀ, ਨਿਰਾਸ਼ ਲੋਕਾਂ+ ਨੂੰ ਦਿਲਾਸਾ ਦੇਣ ਵਾਲੇ ਪਰਮੇਸ਼ੁਰ ਨੇ ਸਾਨੂੰ ਤੀਤੁਸ ਦੇ ਸਾਥ ਰਾਹੀਂ ਦਿਲਾਸਾ ਦਿੱਤਾ। 7 ਪਰ ਉਸ ਦੇ ਸਾਥ ਦੇ ਨਾਲ-ਨਾਲ ਸਾਨੂੰ ਇਸ ਗੱਲ ਤੋਂ ਵੀ ਦਿਲਾਸਾ ਮਿਲਿਆ ਕਿ ਤੀਤੁਸ ਨੂੰ ਤੁਹਾਡੇ ਕਰਕੇ ਹੌਸਲਾ ਮਿਲਿਆ ਸੀ। ਉਸ ਨੇ ਵਾਪਸ ਆ ਕੇ ਸਾਨੂੰ ਦੱਸਿਆ ਕਿ ਤੁਸੀਂ ਮੈਨੂੰ ਮਿਲਣ ਲਈ ਤਰਸ ਰਹੇ ਹੋ ਅਤੇ ਤੁਸੀਂ ਗਹਿਰੀ ਉਦਾਸੀ ਮਹਿਸੂਸ ਕੀਤੀ ਹੈ ਅਤੇ ਤੁਹਾਨੂੰ ਮੇਰਾ ਬਹੁਤ ਫ਼ਿਕਰ ਹੈ। ਇਹ ਜਾਣ ਕੇ ਮੈਨੂੰ ਹੋਰ ਵੀ ਖ਼ੁਸ਼ੀ ਹੋਈ ਹੈ।
8 ਇਸ ਲਈ ਜੇ ਮੇਰੀ ਚਿੱਠੀ ਨੇ ਤੁਹਾਨੂੰ ਉਦਾਸ ਕੀਤਾ ਹੈ,+ ਤਾਂ ਮੈਨੂੰ ਕੋਈ ਅਫ਼ਸੋਸ ਨਹੀਂ। ਭਾਵੇਂ ਪਹਿਲਾਂ ਮੈਨੂੰ ਅਫ਼ਸੋਸ ਹੋਇਆ ਸੀ (ਕਿਉਂਕਿ ਮੇਰੀ ਚਿੱਠੀ ਨੇ ਤੁਹਾਨੂੰ ਉਦਾਸ ਕੀਤਾ ਸੀ, ਪਰ ਸਿਰਫ਼ ਥੋੜ੍ਹੇ ਸਮੇਂ ਲਈ), 9 ਪਰ ਹੁਣ ਮੈਂ ਖ਼ੁਸ਼ ਹਾਂ, ਇਸ ਲਈ ਨਹੀਂ ਕਿ ਤੁਸੀਂ ਉਦਾਸ ਹੋਏ ਸੀ, ਸਗੋਂ ਇਸ ਲਈ ਕਿ ਉਦਾਸ ਹੋਣ ਕਰਕੇ ਤੁਸੀਂ ਤੋਬਾ ਕੀਤੀ। ਤੁਹਾਡੀ ਉਦਾਸੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਸੀ ਜਿਸ ਕਰਕੇ ਤੁਹਾਨੂੰ ਸਾਡੀਆਂ ਗੱਲਾਂ ਤੋਂ ਕੋਈ ਨੁਕਸਾਨ ਨਹੀਂ ਹੋਇਆ। 10 ਪਰਮੇਸ਼ੁਰ ਦੀ ਇੱਛਾ ਅਨੁਸਾਰ ਉਦਾਸ ਹੋਣ ਨਾਲ ਇਨਸਾਨ ਨੂੰ ਤੋਬਾ ਕਰਨ ਦੀ ਪ੍ਰੇਰਣਾ ਮਿਲਦੀ ਹੈ+ ਅਤੇ ਇਹ ਉਸ ਨੂੰ ਮੁਕਤੀ ਦੇ ਰਾਹ ਪਾਉਂਦੀ ਹੈ ਜਿਸ ਕਰਕੇ ਬਾਅਦ ਵਿਚ ਕੋਈ ਪਛਤਾਵਾ ਨਹੀਂ ਹੁੰਦਾ। ਪਰ ਦੁਨਿਆਵੀ ਤਰੀਕੇ ਨਾਲ ਉਦਾਸ ਹੋਣ ਦਾ ਅੰਜਾਮ ਮੌਤ ਹੁੰਦਾ ਹੈ। 11 ਦੇਖੋ, ਪਰਮੇਸ਼ੁਰ ਦੀ ਇੱਛਾ ਅਨੁਸਾਰ ਉਦਾਸ ਹੋਣ ਕਰਕੇ ਤੁਸੀਂ ਕਿੰਨੀ ਗੰਭੀਰਤਾ ਨਾਲ ਕਦਮ ਚੁੱਕਿਆ ਅਤੇ ਆਪਣੇ ਆਪ ਨੂੰ ਬੇਦਾਗ਼ ਸਾਬਤ ਕੀਤਾ, ਗ਼ਲਤ ਕੰਮ ਪ੍ਰਤੀ ਗੁੱਸਾ ਜ਼ਾਹਰ ਕੀਤਾ, ਪਰਮੇਸ਼ੁਰ ਦੇ ਡਰ ਦਾ ਸਬੂਤ ਦਿੱਤਾ, ਤੋਬਾ ਕਰਨ ਦੀ ਦਿਲੀ ਇੱਛਾ ਜ਼ਾਹਰ ਕੀਤੀ ਅਤੇ ਗ਼ਲਤੀ ਨੂੰ ਸੁਧਾਰਨ ਵਿਚ ਜੋਸ਼ ਦਿਖਾਇਆ!+ ਤੁਸੀਂ ਹਰ ਤਰੀਕੇ ਨਾਲ ਦਿਖਾਇਆ ਕਿ ਤੁਸੀਂ ਇਸ ਮਾਮਲੇ ਨੂੰ ਸਹੀ ਢੰਗ ਨਾਲ ਨਜਿੱਠਿਆ।* 12 ਮੈਂ ਤੁਹਾਨੂੰ ਉਸ ਇਨਸਾਨ ਕਰਕੇ ਚਿੱਠੀ ਨਹੀਂ ਲਿਖੀ ਸੀ ਜਿਸ ਨੇ ਗ਼ਲਤ ਕੰਮ ਕੀਤਾ ਸੀ+ ਜਾਂ ਜਿਸ ਦੇ ਖ਼ਿਲਾਫ਼ ਗ਼ਲਤ ਕੰਮ ਕੀਤਾ ਗਿਆ ਸੀ, ਸਗੋਂ ਇਸ ਕਰਕੇ ਲਿਖੀ ਸੀ ਤਾਂਕਿ ਪਰਮੇਸ਼ੁਰ ਦੇ ਸਾਮ੍ਹਣੇ ਇਹ ਗੱਲ ਜ਼ਾਹਰ ਹੋ ਜਾਵੇ ਕਿ ਤੁਸੀਂ ਕਿੰਨੀ ਗੰਭੀਰਤਾ ਨਾਲ ਸਾਡੀਆਂ ਗੱਲਾਂ ਮੁਤਾਬਕ ਚੱਲਦੇ ਹੋ। 13 ਸਾਨੂੰ ਇਸ ਗੱਲ ਤੋਂ ਹੌਸਲਾ ਮਿਲਿਆ ਹੈ।
ਪਰ ਹੌਸਲਾ ਮਿਲਣ ਦੇ ਨਾਲ-ਨਾਲ ਅਸੀਂ ਤੀਤੁਸ ਦੀ ਖ਼ੁਸ਼ੀ ਦੇਖ ਕੇ ਹੋਰ ਵੀ ਖ਼ੁਸ਼ ਹੋਏ। ਤੁਸੀਂ ਸਾਰਿਆਂ ਨੇ ਤੀਤੁਸ ਦਾ ਜੀਅ* ਤਰੋ-ਤਾਜ਼ਾ ਕੀਤਾ। 14 ਮੈਂ ਤੁਹਾਡੇ ਉੱਤੇ ਮਾਣ ਕਰਦੇ ਹੋਏ ਤੀਤੁਸ ਨੂੰ ਤੁਹਾਡੇ ਬਾਰੇ ਜੋ ਦੱਸਿਆ ਸੀ, ਉਸ ਕਰਕੇ ਮੈਨੂੰ ਸ਼ਰਮਿੰਦਾ ਨਹੀਂ ਹੋਣਾ ਪਿਆ ਹੈ। ਪਰ ਠੀਕ ਜਿਵੇਂ ਤੁਹਾਨੂੰ ਦੱਸੀਆਂ ਸਾਡੀਆਂ ਸਾਰੀਆਂ ਗੱਲਾਂ ਸੱਚੀਆਂ ਸਨ, ਉਸੇ ਤਰ੍ਹਾਂ ਉਹ ਗੱਲਾਂ ਵੀ ਸੱਚ ਸਾਬਤ ਹੋਈਆਂ ਹਨ ਜਿਨ੍ਹਾਂ ਕਰਕੇ ਅਸੀਂ ਤੀਤੁਸ ਸਾਮ੍ਹਣੇ ਤੁਹਾਡੇ ʼਤੇ ਮਾਣ ਕੀਤਾ ਸੀ। 15 ਨਾਲੇ ਜਦੋਂ ਉਹ ਯਾਦ ਕਰਦਾ ਹੈ ਕਿ ਤੁਸੀਂ ਸਾਰੇ ਕਿੰਨੇ ਆਗਿਆਕਾਰ ਹੋ+ ਅਤੇ ਤੁਸੀਂ ਕਿੰਨੇ ਆਦਰ-ਸਤਿਕਾਰ ਨਾਲ ਉਸ ਨਾਲ ਪੇਸ਼ ਆਏ, ਤਾਂ ਤੁਹਾਡੇ ਲਈ ਉਸ ਦਾ ਪਿਆਰ ਹੋਰ ਵੀ ਵਧ ਜਾਂਦਾ ਹੈ। 16 ਮੈਨੂੰ ਖ਼ੁਸ਼ੀ ਹੈ ਕਿ ਮੈਂ ਹਰ ਗੱਲ ਵਿਚ ਤੁਹਾਡੇ ʼਤੇ ਭਰੋਸਾ ਕਰ ਸਕਦਾ ਹਾਂ।