ਯਹੋਸ਼ੁਆ
14 ਹੁਣ ਇਜ਼ਰਾਈਲੀਆਂ ਨੂੰ ਕਨਾਨ ਦੇਸ਼ ਵਿਚ ਇਹ ਵਿਰਾਸਤ ਮਿਲੀ ਜੋ ਅਲਆਜ਼ਾਰ ਪੁਜਾਰੀ ਨੇ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਜ਼ਰਾਈਲ ਦੇ ਗੋਤਾਂ ਦੇ ਘਰਾਣਿਆਂ ਦੇ ਮੁਖੀਆਂ ਨੇ ਉਨ੍ਹਾਂ ਨੂੰ ਵੱਸਣ ਲਈ ਦਿੱਤੀ ਸੀ।+ 2 ਉਨ੍ਹਾਂ ਨੂੰ ਗੁਣਾ ਪਾ ਕੇ ਵਿਰਾਸਤ ਦਿੱਤੀ ਗਈ,+ ਠੀਕ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਸਾਢੇ ਨੌਂ ਗੋਤਾਂ ਲਈ ਹੁਕਮ ਦਿੱਤਾ ਸੀ।+ 3 ਮੂਸਾ ਨੇ ਬਾਕੀ ਢਾਈ ਗੋਤਾਂ ਨੂੰ ਯਰਦਨ ਦੇ ਦੂਜੇ ਪਾਸੇ* ਵਿਰਾਸਤ ਦਿੱਤੀ ਸੀ+ ਅਤੇ ਉਸ ਨੇ ਲੇਵੀਆਂ ਨੂੰ ਉਨ੍ਹਾਂ ਵਿਚਕਾਰ ਕੋਈ ਵਿਰਾਸਤ ਨਹੀਂ ਦਿੱਤੀ।+ 4 ਯੂਸੁਫ਼ ਦੀ ਔਲਾਦ ਨੂੰ ਦੋ ਗੋਤ ਮੰਨਿਆ ਜਾਂਦਾ ਸੀ+ ਯਾਨੀ ਮਨੱਸ਼ਹ ਅਤੇ ਇਫ਼ਰਾਈਮ;+ ਅਤੇ ਉਨ੍ਹਾਂ ਨੇ ਲੇਵੀਆਂ ਨੂੰ ਦੇਸ਼ ਵਿਚ ਕੋਈ ਹਿੱਸਾ ਨਹੀਂ ਦਿੱਤਾ, ਉਨ੍ਹਾਂ ਨੂੰ ਬੱਸ ਰਹਿਣ ਲਈ ਸ਼ਹਿਰ ਅਤੇ ਉਨ੍ਹਾਂ ਦੇ ਮਾਲ-ਡੰਗਰਾਂ ਲਈ ਚਰਾਂਦਾ ਦਿੱਤੀਆਂ ਗਈਆਂ।+ 5 ਇਸ ਤਰ੍ਹਾਂ ਇਜ਼ਰਾਈਲੀਆਂ ਨੇ ਦੇਸ਼ ਵੰਡ ਲਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
6 ਫਿਰ ਯਹੂਦਾਹ ਦੇ ਲੋਕ ਗਿਲਗਾਲ ਵਿਚ ਯਹੋਸ਼ੁਆ ਕੋਲ ਆਏ+ ਅਤੇ ਯਫੁੰਨਾਹ ਕਨਿੱਜ਼ੀ ਦੇ ਪੁੱਤਰ ਕਾਲੇਬ+ ਨੇ ਉਸ ਨੂੰ ਕਿਹਾ: “ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਕਾਦੇਸ਼-ਬਰਨੇਆ+ ਵਿਚ ਯਹੋਵਾਹ ਨੇ ਸੱਚੇ ਪਰਮੇਸ਼ੁਰ ਦੇ ਬੰਦੇ ਮੂਸਾ+ ਨੂੰ ਤੇਰੇ ਤੇ ਮੇਰੇ ਬਾਰੇ ਕੀ ਕਿਹਾ ਸੀ।+ 7 ਮੈਂ ਉਦੋਂ 40 ਸਾਲਾਂ ਦਾ ਸੀ ਜਦੋਂ ਯਹੋਵਾਹ ਦੇ ਸੇਵਕ ਮੂਸਾ ਨੇ ਮੈਨੂੰ ਇਸ ਦੇਸ਼ ਦੀ ਜਾਸੂਸੀ ਕਰਨ ਲਈ ਕਾਦੇਸ਼-ਬਰਨੇਆ ਤੋਂ ਭੇਜਿਆ ਸੀ+ ਅਤੇ ਮੈਂ ਸਹੀ-ਸਹੀ ਖ਼ਬਰ ਲੈ ਕੇ ਵਾਪਸ ਆਇਆ ਸੀ।*+ 8 ਭਾਵੇਂ ਮੇਰੇ ਨਾਲ ਗਏ ਮੇਰੇ ਭਰਾਵਾਂ ਕਰਕੇ ਲੋਕ ਦਿਲ ਹਾਰ ਚੁੱਕੇ ਸਨ,* ਪਰ ਮੈਂ ਪੂਰੇ ਦਿਲ ਨਾਲ* ਆਪਣੇ ਪਰਮੇਸ਼ੁਰ ਯਹੋਵਾਹ ਦੇ ਮਗਰ ਚੱਲਿਆ।+ 9 ਉਸ ਦਿਨ ਮੂਸਾ ਨੇ ਸਹੁੰ ਖਾ ਕੇ ਕਿਹਾ ਸੀ: ‘ਜਿਸ ਜ਼ਮੀਨ ʼਤੇ ਤੇਰੇ ਪੈਰ ਪਏ ਹਨ, ਉਹ ਤੇਰੀ ਤੇ ਤੇਰੇ ਪੁੱਤਰਾਂ ਲਈ ਹਮੇਸ਼ਾ ਦੀ ਵਿਰਾਸਤ ਬਣ ਜਾਵੇਗੀ ਕਿਉਂਕਿ ਤੂੰ ਪੂਰੇ ਦਿਲ ਨਾਲ ਮੇਰੇ ਪਰਮੇਸ਼ੁਰ ਯਹੋਵਾਹ ਮਗਰ ਚੱਲਿਆ ਹੈਂ।’+ 10 ਜਿਵੇਂ ਉਸ ਨੇ ਵਾਅਦਾ ਕੀਤਾ ਸੀ,+ ਯਹੋਵਾਹ ਨੇ ਮੈਨੂੰ ਇਨ੍ਹਾਂ 45 ਵਰ੍ਹਿਆਂ ਦੌਰਾਨ ਜੀਉਂਦਾ ਰੱਖਿਆ ਹੈ,+ ਹਾਂ, ਉਸ ਸਮੇਂ ਤੋਂ ਜਦੋਂ ਯਹੋਵਾਹ ਨੇ ਮੂਸਾ ਨਾਲ ਇਹ ਵਾਅਦਾ ਕੀਤਾ ਸੀ ਤੇ ਇਜ਼ਰਾਈਲ ਉਜਾੜ ਵਿਚ ਭਟਕ ਰਿਹਾ ਸੀ;+ ਹੁਣ ਮੈਂ 85 ਸਾਲਾਂ ਦਾ ਹਾਂ ਤੇ ਹਾਲੇ ਵੀ ਜੀਉਂਦਾ ਹਾਂ। 11 ਮੈਂ ਅੱਜ ਵੀ ਉੱਨਾ ਹੀ ਤਕੜਾ ਹਾਂ ਜਿੰਨਾ ਉਸ ਦਿਨ ਸੀ ਜਦੋਂ ਮੂਸਾ ਨੇ ਮੈਨੂੰ ਘੱਲਿਆ ਸੀ। ਹੁਣ ਵੀ ਯੁੱਧ ਕਰਨ ਲਈ ਤੇ ਹੋਰ ਕੰਮਾਂ ਲਈ ਮੇਰੇ ਵਿਚ ਉੱਨੀ ਹੀ ਤਾਕਤ ਹੈ ਜਿੰਨੀ ਉਸ ਵੇਲੇ ਹੁੰਦੀ ਸੀ। 12 ਇਸ ਲਈ ਮੈਨੂੰ ਉਹ ਪਹਾੜੀ ਇਲਾਕਾ ਦੇ ਦੇ ਜਿਸ ਦਾ ਯਹੋਵਾਹ ਨੇ ਉਸ ਦਿਨ ਵਾਅਦਾ ਕੀਤਾ ਸੀ। ਹਾਲਾਂਕਿ ਉਸ ਦਿਨ ਤੂੰ ਸੁਣਿਆ ਸੀ ਕਿ ਉੱਥੇ ਅਨਾਕੀ ਲੋਕ ਹਨ+ ਅਤੇ ਉੱਥੇ ਵੱਡੇ-ਵੱਡੇ ਕਿਲੇਬੰਦ ਸ਼ਹਿਰ ਹਨ,+ ਪਰ ਯਕੀਨਨ* ਯਹੋਵਾਹ ਮੇਰੇ ਨਾਲ ਹੋਵੇਗਾ+ ਅਤੇ ਮੈਂ ਉਨ੍ਹਾਂ ਨੂੰ ਭਜਾ* ਦਿਆਂਗਾ ਜਿਵੇਂ ਯਹੋਵਾਹ ਨੇ ਵਾਅਦਾ ਕੀਤਾ ਸੀ।”+
13 ਫਿਰ ਯਹੋਸ਼ੁਆ ਨੇ ਉਸ ਨੂੰ ਅਸੀਸ ਦਿੱਤੀ ਅਤੇ ਯਫੁੰਨਾਹ ਦੇ ਪੁੱਤਰ ਕਾਲੇਬ ਨੂੰ ਵਿਰਾਸਤ ਵਜੋਂ ਹਬਰੋਨ ਦੇ ਦਿੱਤਾ।+ 14 ਇਸੇ ਕਰਕੇ ਅੱਜ ਦੇ ਦਿਨ ਤਕ ਹਬਰੋਨ ਯਫੁੰਨਾਹ ਕਨਿੱਜ਼ੀ ਦੇ ਪੁੱਤਰ ਕਾਲੇਬ ਦੀ ਵਿਰਾਸਤ ਹੈ ਕਿਉਂਕਿ ਉਹ ਪੂਰੇ ਦਿਲ ਨਾਲ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਮਗਰ ਚੱਲਿਆ।+ 15 ਹਬਰੋਨ ਦਾ ਨਾਂ ਪਹਿਲਾਂ ਕਿਰਯਥ-ਅਰਬਾ ਸੀ+ (ਅਰਬਾ, ਅਨਾਕੀਆਂ ਵਿਚ ਇਕ ਬਹੁਤ ਵੱਡਾ ਆਦਮੀ ਸੀ)। ਅਤੇ ਦੇਸ਼ ਨੂੰ ਯੁੱਧ ਤੋਂ ਆਰਾਮ ਮਿਲਿਆ।+