ਕੂਚ
12 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਮਿਸਰ ਵਿਚ ਕਿਹਾ: 2 “ਇਹ ਮਹੀਨਾ ਤੁਹਾਡੇ ਲਈ ਪਹਿਲਾ ਮਹੀਨਾ ਹੋਵੇਗਾ, ਹਾਂ, ਸਾਲ ਦਾ ਪਹਿਲਾ ਮਹੀਨਾ।+ 3 ਇਜ਼ਰਾਈਲ ਦੀ ਸਾਰੀ ਸਭਾ ਨੂੰ ਕਹੋ, ‘ਇਸ ਮਹੀਨੇ ਦੀ 10 ਤਾਰੀਖ਼ ਨੂੰ ਤੁਸੀਂ ਸਾਰੇ ਆਪੋ-ਆਪਣੇ ਪਰਿਵਾਰਾਂ* ਲਈ ਇਕ-ਇਕ ਲੇਲਾ+ ਲਵੋ, ਹਰ ਪਰਿਵਾਰ ਇਕ ਲੇਲਾ ਲਵੇ। 4 ਜੇ ਪਰਿਵਾਰ ਛੋਟਾ ਹੋਣ ਕਰਕੇ ਪੂਰਾ ਲੇਲਾ ਨਹੀਂ ਖਾ ਸਕਦਾ, ਤਾਂ ਉਹ ਆਪਣੇ ਗੁਆਂਢੀ ਨੂੰ ਆਪਣੇ ਘਰ ਬੁਲਾਵੇ ਅਤੇ ਉਸ ਨਾਲ ਰਲ਼ ਕੇ ਖਾਵੇ। ਅਤੇ ਉਹ ਘਰ ਵਿਚ ਜੀਆਂ ਦੀ ਗਿਣਤੀ ਮੁਤਾਬਕ ਲੇਲੇ ਦਾ ਮੀਟ ਆਪਸ ਵਿਚ ਵੰਡ ਲੈਣ। ਨਾਲੇ ਇਹ ਵੀ ਹਿਸਾਬ ਲਾਇਆ ਜਾਵੇ ਕਿ ਹਰ ਜੀਅ ਕਿੰਨਾ ਮੀਟ ਖਾਵੇਗਾ। 5 ਲੇਲੇ ਵਿਚ ਕੋਈ ਨੁਕਸ ਨਾ ਹੋਵੇ+ ਅਤੇ ਇਹ ਇਕ ਸਾਲ ਦਾ ਹੋਵੇ। ਤੁਸੀਂ ਭੇਡ ਜਾਂ ਬੱਕਰੀ ਦਾ ਬੱਚਾ ਲੈ ਸਕਦੇ ਹੋ। 6 ਤੁਸੀਂ ਇਸ ਮਹੀਨੇ ਦੀ 14 ਤਾਰੀਖ਼ ਤਕ ਇਸ ਦੀ ਦੇਖ-ਭਾਲ ਕਰਨੀ।+ ਇਜ਼ਰਾਈਲ ਦੀ ਸਾਰੀ ਮੰਡਲੀ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ*+ ਇਸ ਨੂੰ ਵੱਢੇ। 7 ਜਿਨ੍ਹਾਂ ਘਰਾਂ ਵਿਚ ਲੇਲੇ ਖਾਧੇ ਜਾਣ, ਉਨ੍ਹਾਂ ਘਰਾਂ ਦੇ ਦਰਵਾਜ਼ਿਆਂ ਦੀਆਂ ਚੁਗਾਠਾਂ ਦੇ ਦੋਵੇਂ ਪਾਸਿਆਂ ʼਤੇ ਅਤੇ ਉੱਪਰਲੇ ਹਿੱਸੇ ʼਤੇ ਉਨ੍ਹਾਂ ਦਾ ਥੋੜ੍ਹਾ ਜਿਹਾ ਖ਼ੂਨ ਛਿੜਕਿਆ ਜਾਵੇ।+
8 “‘ਉਹ ਇਸੇ ਰਾਤ ਮੀਟ ਖਾਣ।+ ਉਹ ਇਸ ਨੂੰ ਅੱਗ ʼਤੇ ਭੁੰਨਣ ਅਤੇ ਇਸ ਨੂੰ ਬੇਖਮੀਰੀ ਰੋਟੀ+ ਅਤੇ ਕੌੜੇ ਪੱਤਿਆਂ ਨਾਲ ਖਾਣ।+ 9 ਤੁਸੀਂ ਇਸ ਨੂੰ ਕੱਚਾ ਜਾਂ ਪਾਣੀ ਵਿਚ ਉਬਾਲ ਕੇ ਜਾਂ ਰਿੰਨ੍ਹ ਕੇ ਨਹੀਂ, ਸਗੋਂ ਇਸ ਦੇ ਸਿਰ, ਲੱਤਾਂ ਅਤੇ ਇਸ ਦੇ ਅੰਦਰੂਨੀ ਅੰਗਾਂ ਨੂੰ ਅੱਗ ʼਤੇ ਭੁੰਨ ਕੇ ਖਾਇਓ। 10 ਤੁਸੀਂ ਇਸ ਨੂੰ ਸਵੇਰ ਤਕ ਬਚਾ ਕੇ ਨਾ ਰੱਖਿਓ, ਪਰ ਜੇ ਕੁਝ ਬਚ ਜਾਵੇ, ਤਾਂ ਤੁਸੀਂ ਇਸ ਨੂੰ ਅੱਗ ਵਿਚ ਸਾੜ ਦਿਓ।+ 11 ਤੁਸੀਂ ਇਸ ਨੂੰ ਖਾਣ ਤੋਂ ਪਹਿਲਾਂ ਆਪਣਾ ਕਮਰਬੰਦ* ਬੰਨ੍ਹਿਓ, ਪੈਰੀਂ ਜੁੱਤੀ ਪਾਇਓ ਅਤੇ ਹੱਥ ਵਿਚ ਡੰਡਾ ਲਿਓ। ਇਸ ਨੂੰ ਛੇਤੀ-ਛੇਤੀ ਖਾਇਓ। ਇਹ ਯਹੋਵਾਹ ਦਾ ਪਸਾਹ ਹੈ। 12 ਕਿਉਂਕਿ ਮੈਂ ਅੱਜ ਰਾਤ ਮਿਸਰ ਵਿੱਚੋਂ ਦੀ ਲੰਘਾਂਗਾ ਅਤੇ ਮਿਸਰ ਦੇ ਸਾਰੇ ਜੇਠਿਆਂ ਨੂੰ ਮਾਰ ਸੁੱਟਾਂਗਾ, ਹਾਂ, ਆਦਮੀ ਤੇ ਜਾਨਵਰ ਦੇ ਜੇਠਿਆਂ ਨੂੰ।+ ਨਾਲੇ ਮੈਂ ਮਿਸਰ ਦੇ ਸਾਰੇ ਦੇਵੀ-ਦੇਵਤਿਆਂ ਨੂੰ ਸਜ਼ਾ ਦਿਆਂਗਾ।+ ਮੈਂ ਯਹੋਵਾਹ ਹਾਂ। 13 ਤੁਹਾਡੇ ਘਰਾਂ ਦੇ ਦਰਵਾਜ਼ਿਆਂ ʼਤੇ ਲੱਗਾ ਖ਼ੂਨ ਇਕ ਨਿਸ਼ਾਨੀ ਹੋਵੇਗਾ ਅਤੇ ਇਹ ਖ਼ੂਨ ਦੇਖ ਕੇ ਮੈਂ ਤੁਹਾਡੇ ਉੱਪਰੋਂ ਦੀ ਲੰਘ ਜਾਵਾਂਗਾ। ਜਿਹੜੀ ਆਫ਼ਤ ਮੈਂ ਮਿਸਰੀਆਂ ਦਾ ਨਾਸ਼ ਕਰਨ ਲਈ ਲਿਆਵਾਂਗਾ, ਉਹ ਤੁਹਾਡੇ ʼਤੇ ਨਹੀਂ ਆਵੇਗੀ।+
14 “‘ਇਹ ਦਿਨ ਤੁਹਾਡੇ ਲਈ ਇਕ ਯਾਦਗਾਰ ਹੋਵੇਗਾ। ਤੁਸੀਂ ਪੀੜ੍ਹੀਓ-ਪੀੜ੍ਹੀ ਇਹ ਤਿਉਹਾਰ ਯਹੋਵਾਹ ਦੀ ਭਗਤੀ ਕਰਨ ਲਈ ਮਨਾਇਓ। ਤੁਸੀਂ ਇਸ ਨਿਯਮ ਦੀ ਸਦਾ ਪਾਲਣਾ ਕਰਦੇ ਰਹਿਓ। 15 ਸੱਤ ਦਿਨ ਤੁਸੀਂ ਬੇਖਮੀਰੀ ਰੋਟੀ ਖਾਇਓ।+ ਤੁਸੀਂ ਪਹਿਲੇ ਹੀ ਦਿਨ ਆਪਣੇ ਘਰੋਂ ਖਮੀਰਾ ਆਟਾ* ਸੁੱਟ ਦੇਣਾ। ਜਿਹੜਾ ਇਨ੍ਹਾਂ ਸੱਤ ਦਿਨਾਂ ਵਿੱਚੋਂ ਇਕ ਦਿਨ ਵੀ ਖਮੀਰ ਖਾਵੇਗਾ, ਉਸ ਦਾ ਇਜ਼ਰਾਈਲ ਵਿੱਚੋਂ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ। 16 ਪਹਿਲੇ ਦਿਨ ਤੁਸੀਂ ਪਵਿੱਤਰ ਸਭਾ ਰੱਖਣੀ ਅਤੇ ਸੱਤਵੇਂ ਦਿਨ ਇਕ ਹੋਰ ਪਵਿੱਤਰ ਸਭਾ ਰੱਖਣੀ। ਇਨ੍ਹਾਂ ਦਿਨਾਂ ਦੌਰਾਨ ਕੋਈ ਕੰਮ ਨਾ ਕੀਤਾ ਜਾਵੇ।+ ਉੱਨਾ ਹੀ ਭੋਜਨ ਤਿਆਰ ਕੀਤਾ ਜਾਵੇ ਜਿੰਨਾ ਹਰੇਕ ਨੇ ਖਾਣਾ ਹੈ।
17 “‘ਤੁਸੀਂ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਇਆ ਕਰਿਓ+ ਕਿਉਂਕਿ ਇਸ ਦਿਨ ਮੈਂ ਤੁਹਾਡੀ ਵੱਡੀ ਭੀੜ* ਨੂੰ ਮਿਸਰ ਵਿੱਚੋਂ ਕੱਢ ਲਿਆਵਾਂਗਾ। ਤੁਸੀਂ ਪੀੜ੍ਹੀਓ-ਪੀੜ੍ਹੀ ਇਹ ਤਿਉਹਾਰ ਮਨਾਇਆ ਕਰਿਓ। ਤੁਸੀਂ ਇਸ ਨਿਯਮ ਦੀ ਸਦਾ ਪਾਲਣਾ ਕਰਦੇ ਰਹਿਓ। 18 ਤੁਸੀਂ ਪਹਿਲੇ ਮਹੀਨੇ ਦੀ 14 ਤਾਰੀਖ਼ ਦੀ ਸ਼ਾਮ ਤੋਂ ਲੈ ਕੇ 21 ਤਾਰੀਖ਼ ਦੀ ਸ਼ਾਮ ਤਕ ਬੇਖਮੀਰੀ ਰੋਟੀ ਖਾਇਓ।+ 19 ਇਨ੍ਹਾਂ ਸੱਤਾਂ ਦਿਨਾਂ ਦੌਰਾਨ ਤੁਹਾਡੇ ਘਰਾਂ ਵਿਚ ਬਿਲਕੁਲ ਵੀ ਖਮੀਰਾ ਆਟਾ* ਨਾ ਹੋਵੇ। ਜੇ ਕੋਈ ਪਰਦੇਸੀ ਜਾਂ ਪੈਦਾਇਸ਼ੀ ਇਜ਼ਰਾਈਲੀ+ ਕੋਈ ਖਮੀਰੀ ਚੀਜ਼ ਖਾਵੇ, ਤਾਂ ਇਜ਼ਰਾਈਲ ਦੀ ਸਭਾ ਵਿੱਚੋਂ ਉਸ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ।+ 20 ਤੁਸੀਂ ਕੋਈ ਵੀ ਖਮੀਰੀ ਚੀਜ਼ ਨਾ ਖਾਇਓ। ਤੁਸੀਂ ਸਾਰੇ ਆਪਣੇ ਘਰਾਂ ਵਿਚ ਬੇਖਮੀਰੀ ਰੋਟੀ ਖਾਇਓ।’”
21 ਮੂਸਾ ਨੇ ਤੁਰੰਤ ਇਜ਼ਰਾਈਲ ਦੇ ਸਾਰੇ ਬਜ਼ੁਰਗਾਂ ਨੂੰ ਬੁਲਾਇਆ+ ਅਤੇ ਕਿਹਾ: “ਤੁਸੀਂ ਸਾਰੇ ਜਾਓ ਅਤੇ ਆਪੋ-ਆਪਣੇ ਪਰਿਵਾਰਾਂ ਲਈ ਇਕ-ਇਕ ਲੇਲਾ* ਲੈ ਆਓ ਅਤੇ ਪਸਾਹ ਲਈ ਉਸ ਦੀ ਬਲ਼ੀ ਦਿਓ। 22 ਫਿਰ ਤੁਸੀਂ ਬਾਟੇ ਵਿਚ ਲੇਲੇ ਦਾ ਖ਼ੂਨ ਲਓ ਅਤੇ ਜ਼ੂਫੇ ਦੀ ਗੁੱਛੀ ਉਸ ਵਿਚ ਡੋਬੋ ਅਤੇ ਦਰਵਾਜ਼ੇ ਦੀ ਚੁਗਾਠ ਦੇ ਉੱਪਰਲੇ ਹਿੱਸੇ ਅਤੇ ਦੋਵੇਂ ਪਾਸਿਆਂ ʼਤੇ ਉਸ ਖ਼ੂਨ ਨੂੰ ਛਿੜਕੋ; ਤੁਹਾਡੇ ਵਿੱਚੋਂ ਕੋਈ ਵੀ ਸਵੇਰ ਹੋਣ ਤਕ ਆਪਣੇ ਘਰ ਦੇ ਦਰਵਾਜ਼ਿਓਂ ਬਾਹਰ ਕਦਮ ਨਾ ਰੱਖੇ। 23 ਫਿਰ ਜਦ ਯਹੋਵਾਹ ਆਫ਼ਤ ਲਿਆਉਣ ਲਈ ਮਿਸਰੀਆਂ ਵਿੱਚੋਂ ਦੀ ਲੰਘੇਗਾ ਅਤੇ ਉਹ ਚੁਗਾਠ ਦੇ ਉੱਪਰਲੇ ਹਿੱਸੇ ਅਤੇ ਦੋਵੇਂ ਪਾਸਿਆਂ ʼਤੇ ਲੱਗੇ ਖ਼ੂਨ ਨੂੰ ਦੇਖੇਗਾ, ਤਾਂ ਯਹੋਵਾਹ ਉਸ ਘਰ ਦੇ ਉੱਤੋਂ ਦੀ ਲੰਘ ਜਾਵੇਗਾ ਅਤੇ ਮੌਤ* ਦਾ ਕਹਿਰ ਤੁਹਾਡੇ ਘਰਾਂ ਵਿਚ ਨਹੀਂ ਆਉਣ ਦੇਵੇਗਾ।+
24 “ਤੁਸੀਂ ਅਤੇ ਤੁਹਾਡੇ ਪੁੱਤਰ ਇਸ ਤਿਉਹਾਰ ਨੂੰ ਮਨਾ ਕੇ ਇਸ ਨਿਯਮ ਦੀ ਸਦਾ ਪਾਲਣਾ ਕਰਦੇ ਰਹਿਓ।+ 25 ਜਦੋਂ ਤੁਸੀਂ ਉਸ ਦੇਸ਼ ਵਿਚ ਜਾਓਗੇ ਜੋ ਯਹੋਵਾਹ ਨੇ ਤੁਹਾਨੂੰ ਦੇਣ ਦਾ ਵਾਅਦਾ ਕੀਤਾ ਹੈ, ਤਾਂ ਤੁਸੀਂ ਇਹ ਤਿਉਹਾਰ ਮਨਾਇਆ ਕਰਿਓ।+ 26 ਅਤੇ ਜਦੋਂ ਤੁਹਾਡੇ ਪੁੱਤਰ ਤੁਹਾਨੂੰ ਪੁੱਛਣ, ‘ਇਹ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ?’+ 27 ਤਾਂ ਤੁਸੀਂ ਉਨ੍ਹਾਂ ਨੂੰ ਕਹਿਓ, ‘ਅਸੀਂ ਇਸ ਕਰਕੇ ਇਹ ਪਸਾਹ ਦੀ ਬਲ਼ੀ ਯਹੋਵਾਹ ਨੂੰ ਚੜ੍ਹਾਉਂਦੇ ਹਾਂ ਕਿਉਂਕਿ ਜਦੋਂ ਉਹ ਮਿਸਰ ਵਿਚ ਇਜ਼ਰਾਈਲੀਆਂ ਦੇ ਘਰਾਂ ਦੇ ਉੱਤੋਂ ਦੀ ਲੰਘਿਆ ਸੀ, ਤਾਂ ਉਸ ਨੇ ਮਿਸਰੀਆਂ ʼਤੇ ਆਫ਼ਤ ਲਿਆਂਦੀ ਸੀ, ਪਰ ਸਾਡੇ ਘਰਾਂ ʼਤੇ ਨਹੀਂ।’”
ਫਿਰ ਲੋਕਾਂ ਨੇ ਗੋਡੇ ਟੇਕ ਕੇ ਸਿਰ ਨਿਵਾਇਆ। 28 ਇਸ ਲਈ ਇਜ਼ਰਾਈਲੀ ਗਏ ਅਤੇ ਉਨ੍ਹਾਂ ਨੇ ਉਵੇਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਹੁਕਮ ਦਿੱਤਾ ਸੀ।+ ਉਨ੍ਹਾਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ।
29 ਫਿਰ ਯਹੋਵਾਹ ਨੇ ਅੱਧੀ ਰਾਤ ਨੂੰ ਮਿਸਰ ਦੇ ਸਾਰੇ ਜੇਠੇ ਮਾਰ ਦਿੱਤੇ,+ ਰਾਜ-ਗੱਦੀ ʼਤੇ ਬੈਠੇ ਫ਼ਿਰਊਨ ਦੇ ਜੇਠੇ ਤੋਂ ਲੈ ਕੇ ਜੇਲ੍ਹ* ਵਿਚਲੇ ਹਰ ਕੈਦੀ ਦੇ ਜੇਠੇ ਤਕ। ਅਤੇ ਜਾਨਵਰਾਂ ਦੇ ਸਾਰੇ ਜੇਠੇ ਵੀ ਮਾਰ ਸੁੱਟੇ।+ 30 ਰਾਤ ਨੂੰ ਫ਼ਿਰਊਨ, ਉਸ ਦੇ ਨੌਕਰ ਅਤੇ ਸਾਰੇ ਮਿਸਰੀ ਜਾਗ ਉੱਠੇ ਅਤੇ ਮਿਸਰ ਵਿਚ ਬੇਹੱਦ ਚੀਕ-ਚਿਹਾੜਾ ਪੈ ਗਿਆ ਕਿਉਂਕਿ ਉੱਥੇ ਇਕ ਵੀ ਅਜਿਹਾ ਘਰ ਨਹੀਂ ਸੀ ਜਿੱਥੇ ਕੋਈ ਮਰਿਆ ਨਹੀਂ ਸੀ।+ 31 ਫਿਰ ਉਸੇ ਰਾਤ ਫ਼ਿਰਊਨ ਨੇ ਤੁਰੰਤ ਮੂਸਾ ਤੇ ਹਾਰੂਨ ਨੂੰ ਬੁਲਾਇਆ+ ਅਤੇ ਕਿਹਾ: “ਉੱਠੋ ਅਤੇ ਤੁਸੀਂ ਦੋਵੇਂ ਫਟਾਫਟ ਮੇਰੇ ਲੋਕਾਂ ਵਿੱਚੋਂ ਨਿਕਲ ਜਾਓ ਅਤੇ ਆਪਣੇ ਨਾਲ ਸਾਰੇ ਇਜ਼ਰਾਈਲੀਆਂ ਨੂੰ ਵੀ ਲੈ ਜਾਓ। ਜਿਵੇਂ ਤੁਸੀਂ ਕਿਹਾ ਸੀ, ਜਾ ਕੇ ਯਹੋਵਾਹ ਦੀ ਭਗਤੀ ਕਰੋ।+ 32 ਨਾਲੇ ਤੁਸੀਂ ਆਪਣੀਆਂ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦ ਵੀ ਇੱਥੋਂ ਲੈ ਜਾਓ, ਜਿਵੇਂ ਤੁਸੀਂ ਕਿਹਾ ਸੀ।+ ਪਰ ਜਾਂਦੇ-ਜਾਂਦੇ ਮੈਨੂੰ ਅਸੀਸ ਜ਼ਰੂਰ ਦੇ ਕੇ ਜਾਇਓ।”
33 ਮਿਸਰੀ ਇਜ਼ਰਾਈਲੀਆਂ ʼਤੇ ਜ਼ੋਰ ਪਾਉਣ ਲੱਗ ਪਏ ਕਿ ਉਹ ਛੇਤੀ-ਛੇਤੀ+ ਉਨ੍ਹਾਂ ਦੇ ਦੇਸ਼ ਵਿੱਚੋਂ ਨਿਕਲ ਜਾਣ ਕਿਉਂਕਿ ਮਿਸਰੀਆਂ ਨੇ ਕਿਹਾ, “ਜੇ ਤੁਸੀਂ ਇੱਥੋਂ ਨਾ ਗਏ, ਤਾਂ ਅਸੀਂ ਸਾਰੇ ਮਰ ਜਾਵਾਂਗੇ!”+ 34 ਇਸ ਲਈ ਇਜ਼ਰਾਈਲੀਆਂ ਨੇ ਗੁੰਨ੍ਹਿਆ ਹੋਇਆ ਆਟਾ ਖਮੀਰਾ ਹੋਣ ਤੋਂ ਪਹਿਲਾਂ ਛੇਤੀ-ਛੇਤੀ ਪਰਾਤਾਂ ਸਣੇ ਚੁੱਕਿਆ ਅਤੇ ਕੱਪੜਿਆਂ ਵਿਚ ਲਪੇਟ ਕੇ ਆਪਣੇ ਮੋਢਿਆਂ ʼਤੇ ਰੱਖ ਕੇ ਲੈ ਗਏ। 35 ਇਜ਼ਰਾਈਲੀਆਂ ਨੇ ਮੂਸਾ ਦੇ ਕਹੇ ਅਨੁਸਾਰ ਮਿਸਰੀਆਂ ਤੋਂ ਸੋਨੇ-ਚਾਂਦੀ ਦੀਆਂ ਚੀਜ਼ਾਂ ਤੇ ਕੱਪੜੇ ਮੰਗੇ।+ 36 ਯਹੋਵਾਹ ਨੇ ਮਿਸਰੀਆਂ ਨੂੰ ਆਪਣੇ ਲੋਕਾਂ ਉੱਤੇ ਮਿਹਰਬਾਨ ਕੀਤਾ, ਇਸ ਲਈ ਉਨ੍ਹਾਂ ਨੇ ਜੋ ਮੰਗਿਆ, ਮਿਸਰੀਆਂ ਨੇ ਉਨ੍ਹਾਂ ਨੂੰ ਦੇ ਦਿੱਤਾ ਅਤੇ ਇਜ਼ਰਾਈਲੀਆਂ ਨੇ ਮਿਸਰੀਆਂ ਨੂੰ ਲੁੱਟ ਲਿਆ।+
37 ਫਿਰ ਇਜ਼ਰਾਈਲੀ ਰਾਮਸੇਸ+ ਤੋਂ ਸੁੱਕੋਥ+ ਵੱਲ ਨੂੰ ਤੁਰ ਪਏ। ਉਨ੍ਹਾਂ ਵਿਚ ਬੱਚਿਆਂ ਤੋਂ ਇਲਾਵਾ ਪੈਦਲ ਤੁਰਨ ਵਾਲੇ ਆਦਮੀਆਂ ਦੀ ਗਿਣਤੀ ਲਗਭਗ 6,00,000 ਸੀ।+ 38 ਉਨ੍ਹਾਂ ਦੇ ਨਾਲ ਲੋਕਾਂ ਦੀ ਇਕ ਮਿਲੀ-ਜੁਲੀ ਭੀੜ*+ ਵੀ ਗਈ। ਨਾਲੇ ਉਹ ਅਣਗਿਣਤ ਭੇਡਾਂ-ਬੱਕਰੀਆਂ ਤੇ ਗਾਂਵਾਂ-ਬਲਦ ਵੀ ਲੈ ਗਏ। 39 ਉਨ੍ਹਾਂ ਨੇ ਮਿਸਰ ਤੋਂ ਲਿਆਂਦੇ ਬੇਖਮੀਰੇ ਆਟੇ ਦੀਆਂ ਰੋਟੀਆਂ ਬਣਾਈਆਂ। ਇਹ ਆਟਾ ਖਮੀਰਾ ਨਹੀਂ ਸੀ ਕਿਉਂਕਿ ਛੇਤੀ-ਛੇਤੀ ਮਿਸਰ ਛੱਡਣ ਕਰਕੇ ਉਹ ਆਪਣੇ ਖਾਣ ਲਈ ਕੁਝ ਵੀ ਬਣਾ ਨਹੀਂ ਸਕੇ।+
40 ਇਜ਼ਰਾਈਲੀ 430 ਸਾਲ+ ਤਕ ਪਰਦੇਸੀਆਂ ਵਜੋਂ ਰਹੇ ਜਿਸ ਦੌਰਾਨ ਉਹ ਮਿਸਰ ਵਿਚ ਵੀ ਰਹੇ।+ 41 ਜਿਸ ਦਿਨ 430 ਸਾਲ ਖ਼ਤਮ ਹੋਏ, ਉਸ ਦਿਨ ਯਹੋਵਾਹ ਦੇ ਲੋਕਾਂ ਦੀ ਭੀੜ* ਮਿਸਰ ਤੋਂ ਨਿਕਲ ਤੁਰੀ। 42 ਉਹ ਹਰ ਸਾਲ ਇਸ ਰਾਤ ਖ਼ੁਸ਼ੀਆਂ ਮਨਾਉਣਗੇ ਕਿਉਂਕਿ ਯਹੋਵਾਹ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ। ਇਜ਼ਰਾਈਲੀ ਪੀੜ੍ਹੀਓ-ਪੀੜ੍ਹੀ ਯਹੋਵਾਹ ਦੀ ਮਹਿਮਾ ਕਰਨ ਲਈ ਇਸ ਰਾਤ ਨੂੰ ਯਾਦਗਾਰ ਵਜੋਂ ਮਨਾਉਣਗੇ।+
43 ਫਿਰ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਕਿਹਾ, “ਪਸਾਹ ਦਾ ਤਿਉਹਾਰ ਮਨਾਉਣ ਲਈ ਇਹ ਨਿਯਮ ਹੈ: ਕੋਈ ਵੀ ਪਰਦੇਸੀ ਪਸਾਹ ਦੀ ਬਲ਼ੀ ਨਾ ਖਾਵੇ।+ 44 ਪਰ ਜੇ ਕਿਸੇ ਇਜ਼ਰਾਈਲੀ ਨੇ ਪੈਸੇ ਦੇ ਕੇ ਗ਼ੁਲਾਮ ਮੁੱਲ ਲਿਆ ਹੈ, ਤਾਂ ਉਸ ਦੀ ਸੁੰਨਤ ਕੀਤੀ ਜਾਵੇ।+ ਫਿਰ ਹੀ ਉਹ ਗ਼ੁਲਾਮ ਪਸਾਹ ਦੀ ਬਲ਼ੀ ਖਾ ਸਕਦਾ ਹੈ। 45 ਪਰਦੇਸੀ ਤੇ ਮਜ਼ਦੂਰ ਬਲ਼ੀ ਨਹੀਂ ਖਾ ਸਕਦੇ। 46 ਪਸਾਹ ਦੀ ਬਲ਼ੀ ਇਕ ਹੀ ਘਰ ਅੰਦਰ ਖਾਧੀ ਜਾਵੇ। ਤੁਸੀਂ ਉਸ ਦਾ ਮੀਟ ਘਰੋਂ ਬਾਹਰ ਨਹੀਂ ਲੈ ਕੇ ਜਾਣਾ ਅਤੇ ਨਾ ਹੀ ਉਸ ਦੀ ਕੋਈ ਹੱਡੀ ਤੋੜਨੀ।+ 47 ਇਜ਼ਰਾਈਲੀਆਂ ਦੀ ਸਾਰੀ ਸਭਾ ਇਹ ਤਿਉਹਾਰ ਮਨਾਵੇ। 48 ਜੇ ਤੁਹਾਡੇ ਵਿਚ ਕੋਈ ਪਰਦੇਸੀ ਰਹਿੰਦਾ ਹੈ ਅਤੇ ਯਹੋਵਾਹ ਦੀ ਭਗਤੀ ਕਰਨ ਲਈ ਪਸਾਹ ਦਾ ਤਿਉਹਾਰ ਮਨਾਉਣਾ ਚਾਹੁੰਦਾ ਹੈ, ਤਾਂ ਉਸ ਦੇ ਘਰਾਣੇ ਦੇ ਸਾਰੇ ਆਦਮੀਆਂ ਦੀ ਸੁੰਨਤ ਕੀਤੀ ਜਾਵੇ। ਫਿਰ ਉਹ ਤਿਉਹਾਰ ਮਨਾ ਸਕਦਾ ਹੈ ਅਤੇ ਉਸ ਨੂੰ ਪੈਦਾਇਸ਼ੀ ਇਜ਼ਰਾਈਲੀ ਸਮਝਿਆ ਜਾਵੇਗਾ। ਪਰ ਬੇਸੁੰਨਤਾ ਆਦਮੀ ਪਸਾਹ ਦੀ ਬਲ਼ੀ ਨਹੀਂ ਖਾ ਸਕਦਾ।+ 49 ਪੈਦਾਇਸ਼ੀ ਇਜ਼ਰਾਈਲੀ ਅਤੇ ਤੁਹਾਡੇ ਵਿਚ ਰਹਿੰਦੇ ਪਰਦੇਸੀ ਦੋਵਾਂ ਉੱਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਵੇਗਾ।”+
50 ਇਸ ਲਈ ਸਾਰੇ ਇਜ਼ਰਾਈਲੀਆਂ ਨੇ ਠੀਕ ਉਵੇਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ। 51 ਇਸ ਦਿਨ ਯਹੋਵਾਹ ਇਜ਼ਰਾਈਲੀਆਂ ਦੀ ਪੂਰੀ ਭੀੜ* ਨੂੰ ਮਿਸਰ ਤੋਂ ਬਾਹਰ ਲੈ ਆਇਆ।