ਕੂਚ
5 ਬਾਅਦ ਵਿਚ ਮੂਸਾ ਤੇ ਹਾਰੂਨ ਨੇ ਅੰਦਰ ਜਾ ਕੇ ਫ਼ਿਰਊਨ ਨੂੰ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਕਿਹਾ ਹੈ, ‘ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਉਜਾੜ ਵਿਚ ਮੇਰੀ ਮਹਿਮਾ ਕਰਨ ਲਈ ਤਿਉਹਾਰ ਮਨਾਉਣ।’” 2 ਪਰ ਫ਼ਿਰਊਨ ਨੇ ਕਿਹਾ: “ਯਹੋਵਾਹ ਕੌਣ ਹੈ+ ਜੋ ਮੈਂ ਉਸ ਦੀ ਗੱਲ ਮੰਨ ਕੇ ਇਜ਼ਰਾਈਲੀਆਂ ਨੂੰ ਜਾਣ ਦੇਵਾਂ?+ ਨਾ ਤਾਂ ਮੈਂ ਕਿਸੇ ਯਹੋਵਾਹ ਨੂੰ ਜਾਣਦਾ ਤੇ ਨਾ ਹੀ ਮੈਂ ਇਜ਼ਰਾਈਲੀਆਂ ਨੂੰ ਜਾਣ ਦਿਆਂਗਾ।”+ 3 ਪਰ ਉਨ੍ਹਾਂ ਨੇ ਕਿਹਾ: “ਇਬਰਾਨੀ ਲੋਕਾਂ ਦੇ ਪਰਮੇਸ਼ੁਰ ਨੇ ਸਾਡੇ ਨਾਲ ਗੱਲ ਕੀਤੀ ਹੈ। ਇਸ ਲਈ ਕਿਰਪਾ ਕਰ ਕੇ ਸਾਨੂੰ ਜਾਣ ਦੇ ਤਾਂਕਿ ਅਸੀਂ ਤਿੰਨ ਦਿਨ ਦਾ ਸਫ਼ਰ ਕਰ ਕੇ ਉਜਾੜ ਵਿਚ ਜਾਈਏ ਅਤੇ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਬਲ਼ੀ ਚੜ੍ਹਾਈਏ।+ ਨਹੀਂ ਤਾਂ ਉਹ ਸਾਨੂੰ ਬੀਮਾਰੀ ਜਾਂ ਤਲਵਾਰ ਨਾਲ ਮਾਰ ਮੁਕਾਵੇਗਾ।” 4 ਮਿਸਰ ਦੇ ਰਾਜੇ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੂਸਾ ਤੇ ਹਾਰੂਨ, ਤੁਸੀਂ ਲੋਕਾਂ ਨੂੰ ਕੰਮ ਤੋਂ ਕਿਉਂ ਹਟਾਉਂਦੇ ਹੋ? ਜਾਓ, ਜਾ ਕੇ ਮਜ਼ਦੂਰੀ ਕਰੋ!”+ 5 ਫ਼ਿਰਊਨ ਨੇ ਅੱਗੇ ਕਿਹਾ: “ਦੇਖੋ, ਦੇਸ਼ ਵਿਚ ਤੁਹਾਡੇ ਕਿੰਨੇ ਸਾਰੇ ਲੋਕ ਹਨ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਉਨ੍ਹਾਂ ਸਾਰਿਆਂ ਨੂੰ ਕੰਮ ਤੋਂ ਛੁੱਟੀ ਦੇ ਦਿਆਂ।”
6 ਉਸੇ ਦਿਨ ਫ਼ਿਰਊਨ ਨੇ ਗ਼ੁਲਾਮਾਂ ਦੇ ਮੁਖੀਆਂ ਅਤੇ ਉਨ੍ਹਾਂ ਹੇਠ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਹੁਕਮ ਦਿੱਤਾ: 7 “ਤੁਸੀਂ ਲੋਕਾਂ ਨੂੰ ਅੱਗੇ ਤੋਂ ਇੱਟਾਂ ਬਣਾਉਣ ਲਈ ਤੂੜੀ ਨਾ ਦਿਓ।+ ਉਹ ਆਪ ਜਾ ਕੇ ਤੂੜੀ ਇਕੱਠੀ ਕਰਨ। 8 ਪਰ ਉਨ੍ਹਾਂ ਤੋਂ ਪਹਿਲਾਂ ਜਿੰਨੀਆਂ ਇੱਟਾਂ ਬਣਵਾਓ। ਇੱਟਾਂ ਦੀ ਗਿਣਤੀ ਘੱਟ ਨਾ ਕਰਿਓ। ਉਹ ਸਾਰੇ ਕੰਮਚੋਰ* ਹਨ, ਇਸੇ ਕਰਕੇ ਉਹ ਰੌਲ਼ਾ ਪਾ ਰਹੇ ਹਨ, ‘ਸਾਨੂੰ ਜਾਣ ਦੇ ਕਿਉਂਕਿ ਅਸੀਂ ਪਰਮੇਸ਼ੁਰ ਅੱਗੇ ਬਲ਼ੀ ਚੜ੍ਹਾਉਣੀ ਚਾਹੁੰਦੇ ਹਾਂ!’ 9 ਉਨ੍ਹਾਂ ਤੋਂ ਹੋਰ ਜ਼ਿਆਦਾ ਕੰਮ ਕਰਾਓ ਤੇ ਉਨ੍ਹਾਂ ਨੂੰ ਵਿਹਲੇ ਨਾ ਰਹਿਣ ਦਿਓ ਤਾਂਕਿ ਉਹ ਝੂਠੀਆਂ ਗੱਲਾਂ ਵੱਲ ਧਿਆਨ ਨਾ ਦੇਣ।”
10 ਇਸ ਲਈ ਗ਼ੁਲਾਮਾਂ ਦੇ ਮੁਖੀਆਂ+ ਤੇ ਉਨ੍ਹਾਂ ਹੇਠ ਕੰਮ ਕਰਨ ਵਾਲੇ ਅਧਿਕਾਰੀਆਂ ਨੇ ਜਾ ਕੇ ਲੋਕਾਂ ਨੂੰ ਕਿਹਾ: “ਸੁਣੋ, ਫ਼ਿਰਊਨ ਨੇ ਕਿਹਾ ਹੈ, ‘ਮੈਂ ਤੁਹਾਨੂੰ ਅੱਗੇ ਤੋਂ ਤੂੜੀ ਨਹੀਂ ਦਿਆਂਗਾ। 11 ਜਾਓ, ਜਿੱਥੋਂ ਮਰਜ਼ੀ ਤੂੜੀ ਇਕੱਠੀ ਕਰ ਕੇ ਲਿਆਓ, ਪਰ ਕੰਮ ਤੁਹਾਨੂੰ ਪਹਿਲਾਂ ਜਿੰਨਾ ਹੀ ਕਰਨਾ ਪੈਣਾ।’” 12 ਫਿਰ ਲੋਕ ਪੂਰੇ ਮਿਸਰ ਵਿਚ ਖਿੰਡ ਗਏ ਤਾਂਕਿ ਉਹ ਤੂੜੀ ਵਾਸਤੇ ਨਾੜ ਇਕੱਠਾ ਕਰਨ। 13 ਗ਼ੁਲਾਮਾਂ ਦੇ ਮੁਖੀ ਉਨ੍ਹਾਂ ʼਤੇ ਦਬਾਅ ਪਾਉਂਦੇ ਰਹੇ: “ਤੁਹਾਨੂੰ ਹਰੇਕ ਨੂੰ ਰੋਜ਼ ਉੱਨਾ ਹੀ ਕੰਮ ਕਰਨਾ ਪੈਣਾ ਜਿੰਨਾ ਤੁਸੀਂ ਉਸ ਵੇਲੇ ਕਰਦੇ ਸੀ ਜਦੋਂ ਤੁਹਾਨੂੰ ਤੂੜੀ ਦਿੱਤੀ ਜਾਂਦੀ ਸੀ।” 14 ਫ਼ਿਰਊਨ ਦੇ ਗ਼ੁਲਾਮਾਂ ਦੇ ਮੁਖੀਆਂ ਨੇ ਉਨ੍ਹਾਂ ਇਜ਼ਰਾਈਲੀਆਂ ਨੂੰ ਕੁੱਟਿਆ-ਮਾਰਿਆ ਜਿਨ੍ਹਾਂ ਨੂੰ ਅਧਿਕਾਰੀਆਂ ਵਜੋਂ ਨਿਯੁਕਤ ਕੀਤਾ ਸੀ+ ਅਤੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਪਹਿਲਾਂ ਜਿੰਨੀਆਂ ਇੱਟਾਂ ਕਿਉਂ ਨਹੀਂ ਬਣਾਈਆਂ? ਤੁਸੀਂ ਕੱਲ੍ਹ ਵੀ ਇੱਦਾਂ ਹੀ ਕੀਤਾ ਤੇ ਅੱਜ ਵੀ।”
15 ਇਸ ਲਈ ਇਜ਼ਰਾਈਲੀਆਂ ਦੇ ਅਧਿਕਾਰੀਆਂ ਨੇ ਅੰਦਰ ਜਾ ਕੇ ਫ਼ਿਰਊਨ ਅੱਗੇ ਦੁਹਾਈ ਦਿੱਤੀ: “ਤੂੰ ਆਪਣੇ ਦਾਸਾਂ ਨਾਲ ਅਜਿਹਾ ਸਲੂਕ ਕਿਉਂ ਕਰ ਰਿਹਾ ਹੈਂ? 16 ਤੇਰੇ ਦਾਸਾਂ ਨੂੰ ਤੂੜੀ ਨਹੀਂ ਦਿੱਤੀ ਜਾਂਦੀ, ਫਿਰ ਵੀ ਉਹ ਸਾਨੂੰ ਕਹਿੰਦੇ ਹਨ, ‘ਇੱਟਾਂ ਬਣਾਓ!’ ਗ਼ਲਤੀ ਤੇਰੇ ਆਪਣੇ ਲੋਕਾਂ ਦੀ ਹੈ, ਪਰ ਕੁੱਟਿਆ ਸਾਨੂੰ ਜਾਂਦਾ ਹੈ।” 17 ਪਰ ਉਸ ਨੇ ਕਿਹਾ: “ਤੁਸੀਂ ਕੰਮਚੋਰ* ਹੋ, ਕੰਮਚੋਰ!*+ ਇਸੇ ਲਈ ਤੁਸੀਂ ਕਹਿੰਦੇ ਹੋ, ‘ਸਾਨੂੰ ਜਾਣ ਦੇ ਕਿਉਂਕਿ ਅਸੀਂ ਯਹੋਵਾਹ ਅੱਗੇ ਬਲ਼ੀ ਚੜ੍ਹਾਉਣੀ ਚਾਹੁੰਦੇ ਹਾਂ।’+ 18 ਜਾਓ, ਜਾ ਕੇ ਕੰਮ ਕਰੋ! ਤੁਹਾਨੂੰ ਤੂੜੀ ਨਹੀਂ ਦਿੱਤੀ ਜਾਵੇਗੀ, ਪਰ ਤੁਹਾਨੂੰ ਪਹਿਲਾਂ ਜਿੰਨੀਆਂ ਹੀ ਇੱਟਾਂ ਬਣਾਉਣੀਆਂ ਪੈਣੀਆਂ।”
19 ਫਿਰ ਇਜ਼ਰਾਈਲੀਆਂ ਦੇ ਅਧਿਕਾਰੀਆਂ ਨੇ ਦੇਖਿਆ ਕਿ ਉਹ ਕਿੰਨੀ ਵੱਡੀ ਮੁਸੀਬਤ ਵਿਚ ਫਸ ਗਏ ਸਨ ਕਿਉਂਕਿ ਰਾਜੇ ਨੇ ਇਹ ਹੁਕਮ ਦਿੱਤਾ ਸੀ: “ਤੁਹਾਨੂੰ ਰੋਜ਼ ਪਹਿਲਾਂ ਜਿੰਨੀਆਂ ਇੱਟਾਂ ਹੀ ਬਣਾਉਣੀਆਂ ਪੈਣਗੀਆਂ।” 20 ਬਾਅਦ ਵਿਚ ਜਦੋਂ ਉਹ ਫ਼ਿਰਊਨ ਨਾਲ ਗੱਲ ਕਰ ਕੇ ਬਾਹਰ ਆਏ, ਤਾਂ ਉੱਥੇ ਮੂਸਾ ਤੇ ਹਾਰੂਨ ਉਨ੍ਹਾਂ ਨੂੰ ਮਿਲਣ ਲਈ ਖੜ੍ਹੇ ਸਨ। 21 ਉਨ੍ਹਾਂ ਨੇ ਉਸੇ ਵੇਲੇ ਮੂਸਾ ਤੇ ਹਾਰੂਨ ਨੂੰ ਕਿਹਾ: “ਯਹੋਵਾਹ ਹੀ ਤੁਹਾਡੇ ਨਾਲ ਨਜਿੱਠੇ ਤੇ ਤੁਹਾਡਾ ਨਿਆਂ ਕਰੇ ਕਿਉਂਕਿ ਤੁਹਾਡੇ ਕਰਕੇ ਫ਼ਿਰਊਨ ਤੇ ਉਸ ਦੇ ਨੌਕਰ ਸਾਡੇ ਨਾਲ ਨਫ਼ਰਤ ਕਰਦੇ ਹਨ। ਤੁਸੀਂ ਉਨ੍ਹਾਂ ਦੇ ਹੱਥ ਤਲਵਾਰ ਦੇ ਦਿੱਤੀ ਹੈ ਤਾਂਕਿ ਉਹ ਸਾਨੂੰ ਮਾਰ ਦੇਣ।”+ 22 ਇਹ ਸੁਣ ਕੇ ਮੂਸਾ ਨੇ ਯਹੋਵਾਹ ਨੂੰ ਕਿਹਾ: “ਯਹੋਵਾਹ, ਤੂੰ ਇਨ੍ਹਾਂ ਲੋਕਾਂ ਨੂੰ ਕਿਉਂ ਕਸ਼ਟ ਦਿੱਤਾ? ਤੂੰ ਮੈਨੂੰ ਕਿਉਂ ਘੱਲਿਆ? 23 ਜਦੋਂ ਤੋਂ ਮੈਂ ਫ਼ਿਰਊਨ ਦੇ ਸਾਮ੍ਹਣੇ ਗਿਆ ਤੇ ਉਸ ਨਾਲ ਤੇਰੇ ਨਾਂ ਤੇ ਗੱਲ ਕੀਤੀ,+ ਉਦੋਂ ਤੋਂ ਉਹ ਤੇਰੇ ਲੋਕਾਂ ਦਾ ਹੋਰ ਵੀ ਬੁਰਾ ਹਾਲ ਕਰ ਰਿਹਾ ਹੈ+ ਤੇ ਤੂੰ ਇਨ੍ਹਾਂ ਨੂੰ ਬਚਾਉਣ ਲਈ ਅਜੇ ਤਕ ਕੁਝ ਨਹੀਂ ਕੀਤਾ ਹੈ।”+