ਲੇਵੀਆਂ
16 ਯਹੋਵਾਹ ਨੇ ਹਾਰੂਨ ਦੇ ਦੋ ਪੁੱਤਰਾਂ ਦੀ ਮੌਤ ਤੋਂ ਬਾਅਦ ਮੂਸਾ ਨਾਲ ਗੱਲ ਕੀਤੀ ਜਿਹੜੇ ਯਹੋਵਾਹ ਸਾਮ੍ਹਣੇ ਜਾਣ ਕਰਕੇ ਮਰ ਗਏ ਸਨ।+ 2 ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣੇ ਭਰਾ ਹਾਰੂਨ ਨੂੰ ਕਹਿ ਕਿ ਉਹ ਪਵਿੱਤਰ ਸਥਾਨ ਵਿਚ ਪਰਦੇ ਦੇ ਓਹਲੇ+ ਪਏ ਇਕਰਾਰ ਦੇ ਸੰਦੂਕ ਦੇ ਢੱਕਣ ਸਾਮ੍ਹਣੇ ਆਪਣੀ ਮਰਜ਼ੀ ਨਾਲ ਨਹੀਂ ਆ ਸਕਦਾ+ ਤਾਂਕਿ ਉਸ ਨੂੰ ਮੌਤ ਦੀ ਸਜ਼ਾ ਨਾ ਮਿਲੇ+ ਕਿਉਂਕਿ ਮੈਂ ਢੱਕਣ ਉੱਤੇ ਬੱਦਲ ਵਿਚ ਪ੍ਰਗਟ ਹੋਵਾਂਗਾ।+
3 “ਪਵਿੱਤਰ ਸਥਾਨ ਦੇ ਅੰਦਰ ਆਉਣ ਤੋਂ ਪਹਿਲਾਂ ਹਾਰੂਨ ਪਾਪ-ਬਲ਼ੀ ਲਈ ਇਕ ਬਲਦ+ ਅਤੇ ਹੋਮ-ਬਲ਼ੀ ਲਈ ਇਕ ਭੇਡੂ+ ਲਿਆਵੇ। 4 ਉਹ ਆਪਣਾ ਮਲਮਲ ਦਾ ਪਵਿੱਤਰ ਚੋਗਾ+ ਅਤੇ ਆਪਣਾ ਸਰੀਰ* ਢਕਣ ਲਈ ਮਲਮਲ ਦਾ ਕਛਹਿਰਾ+ ਪਾਵੇ ਅਤੇ ਲੱਕ ਦੁਆਲੇ ਮਲਮਲ ਦਾ ਪਟਕਾ+ ਬੰਨ੍ਹੇ ਅਤੇ ਸਿਰ ʼਤੇ ਮਲਮਲ ਦੀ ਪਗੜੀ ਬੰਨ੍ਹੇ।+ ਇਹ ਪਵਿੱਤਰ ਲਿਬਾਸ ਹੈ।+ ਉਹ ਨਹਾਵੇ+ ਅਤੇ ਇਹ ਲਿਬਾਸ ਪਾਵੇ।
5 “ਉਹ ਇਜ਼ਰਾਈਲੀਆਂ ਦੀ ਮੰਡਲੀ ਤੋਂ ਪਾਪ-ਬਲ਼ੀ ਲਈ ਦੋ ਮੇਮਣੇ ਅਤੇ ਹੋਮ-ਬਲ਼ੀ ਲਈ ਇਕ ਭੇਡੂ ਲਵੇ।+
6 “ਹਾਰੂਨ ਆਪਣੇ ਪਾਪਾਂ ਲਈ ਪਾਪ-ਬਲ਼ੀ ਵਜੋਂ ਬਲਦ ਨੂੰ ਚੜ੍ਹਾਵੇ ਅਤੇ ਉਹ ਆਪਣੇ ਅਤੇ ਆਪਣੇ ਘਰਾਣੇ ਦੇ ਪਾਪ ਮਿਟਾਉਣ ਲਈ ਇਹ ਬਲ਼ੀ ਚੜ੍ਹਾਵੇ।+
7 “ਫਿਰ ਉਹ ਦੋਵੇਂ ਮੇਮਣੇ ਲੈ ਕੇ ਉਨ੍ਹਾਂ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਯਹੋਵਾਹ ਸਾਮ੍ਹਣੇ ਖੜ੍ਹਾ ਕਰੇ। 8 ਹਾਰੂਨ ਦੋਵੇਂ ਮੇਮਣਿਆਂ ਉੱਤੇ ਗੁਣੇ ਪਾਵੇ, ਇਕ ਗੁਣਾ ਯਹੋਵਾਹ ਲਈ ਅਤੇ ਦੂਜਾ ਗੁਣਾ ਅਜ਼ਾਜ਼ੇਲ* ਲਈ। 9 ਜਿਸ ਮੇਮਣੇ ਉੱਤੇ ਯਹੋਵਾਹ ਲਈ ਗੁਣਾ ਨਿਕਲੇਗਾ,+ ਹਾਰੂਨ ਉਸ ਨੂੰ ਪਾਪ-ਬਲ਼ੀ ਵਜੋਂ ਚੜ੍ਹਾਵੇ। 10 ਪਰ ਜਿਸ ਮੇਮਣੇ ਉੱਤੇ ਅਜ਼ਾਜ਼ੇਲ ਲਈ ਗੁਣਾ ਨਿਕਲੇਗਾ, ਉਸ ਨੂੰ ਯਹੋਵਾਹ ਸਾਮ੍ਹਣੇ ਜੀਉਂਦਾ ਖੜ੍ਹਾ ਕੀਤਾ ਜਾਵੇ ਤਾਂਕਿ ਉਸ ਉੱਪਰ ਪਾਪ ਮਿਟਾਉਣ ਦੀ ਰਸਮ ਨਿਭਾਈ ਜਾਵੇ ਅਤੇ ਅਜ਼ਾਜ਼ੇਲ ਲਈ ਉਸ ਮੇਮਣੇ ਨੂੰ ਉਜਾੜ ਵਿਚ ਛੱਡਿਆ ਜਾਵੇ।+
11 “ਹਾਰੂਨ ਆਪਣੇ ਤੇ ਆਪਣੇ ਘਰਾਣੇ ਦੇ ਪਾਪ ਮਿਟਾਉਣ ਲਈ ਪਾਪ-ਬਲ਼ੀ ਦਾ ਬਲਦ ਲਿਆਵੇ; ਉਹ ਪਾਪ-ਬਲ਼ੀ ਦੇ ਬਲਦ ਨੂੰ ਵੱਢੇ ਜੋ ਉਸ ਦੇ ਆਪਣੇ ਪਾਪਾਂ ਲਈ ਹੈ।+
12 “ਫਿਰ ਉਹ ਯਹੋਵਾਹ ਸਾਮ੍ਹਣੇ ਰੱਖੀ ਵੇਦੀ+ ਤੋਂ ਆਪਣੇ ਕੜਛੇ+ ਵਿਚ ਬਲ਼ਦੇ ਕੋਲੇ ਪਾਵੇ ਅਤੇ ਦੋ ਮੁੱਠੀਆਂ ਪੀਸਿਆ ਹੋਇਆ ਖ਼ੁਸ਼ਬੂਦਾਰ ਧੂਪ+ ਲਵੇ ਅਤੇ ਇਹ ਸਾਰੀਆਂ ਚੀਜ਼ਾਂ ਪਰਦੇ ਦੇ ਪਿੱਛੇ ਲਿਆਵੇ।+ 13 ਉਹ ਯਹੋਵਾਹ ਸਾਮ੍ਹਣੇ ਅੱਗ ਵਿਚ ਧੂਪ ਵੀ ਪਾਵੇ+ ਅਤੇ ਧੂਪ ਦੇ ਧੂੰਏਂ ਦਾ ਬੱਦਲ ਗਵਾਹੀ ਦੇ ਸੰਦੂਕ ਦੇ ਢੱਕਣ ਨੂੰ ਢਕ ਲਵੇ+ ਤਾਂਕਿ ਉਸ ਨੂੰ ਮੌਤ ਦੀ ਸਜ਼ਾ ਨਾ ਮਿਲੇ।
14 “ਉਹ ਬਲਦ ਦਾ ਥੋੜ੍ਹਾ ਜਿਹਾ ਖ਼ੂਨ+ ਲੈ ਕੇ ਆਪਣੀ ਉਂਗਲ ਨਾਲ ਪੂਰਬ ਵਾਲੇ ਪਾਸੇ ਢੱਕਣ ਦੇ ਸਾਮ੍ਹਣੇ ਛਿੜਕੇ ਅਤੇ ਉਹ ਆਪਣੀ ਉਂਗਲ ਨਾਲ ਥੋੜ੍ਹਾ ਜਿਹਾ ਖ਼ੂਨ ਢੱਕਣ ਦੇ ਸਾਮ੍ਹਣੇ ਸੱਤ ਵਾਰ ਛਿੜਕੇ।+
15 “ਫਿਰ ਉਹ ਲੋਕਾਂ ਦੇ ਪਾਪਾਂ ਲਈ ਪਾਪ-ਬਲ਼ੀ ਦਾ ਮੇਮਣਾ ਵੱਢੇ+ ਅਤੇ ਉਸ ਦਾ ਖ਼ੂਨ ਪਰਦੇ ਦੇ ਪਿੱਛੇ ਲਿਆਵੇ+ ਅਤੇ ਇਹ ਖ਼ੂਨ+ ਵੀ ਉਸੇ ਤਰ੍ਹਾਂ ਛਿੜਕੇ ਜਿਵੇਂ ਉਸ ਨੇ ਬਲਦ ਦਾ ਖ਼ੂਨ ਛਿੜਕਿਆ ਸੀ; ਉਹ ਢੱਕਣ ਵੱਲ ਅਤੇ ਢੱਕਣ ਦੇ ਸਾਮ੍ਹਣੇ ਇਹ ਖ਼ੂਨ ਛਿੜਕੇ।
16 “ਉਹ ਪਵਿੱਤਰ ਸਥਾਨ ਨੂੰ ਇਜ਼ਰਾਈਲੀਆਂ ਦੀ ਅਸ਼ੁੱਧਤਾ, ਅਪਰਾਧਾਂ ਅਤੇ ਪਾਪਾਂ ਤੋਂ ਸ਼ੁੱਧ ਕਰੇ।+ ਉਹ ਮੰਡਲੀ ਦੇ ਤੰਬੂ ਲਈ ਇਸ ਤਰ੍ਹਾਂ ਕਰੇ ਜੋ ਅਸ਼ੁੱਧ ਇਜ਼ਰਾਈਲੀਆਂ ਦੇ ਵਿਚਕਾਰ ਹੈ।
17 “ਜਦੋਂ ਉਹ ਪਾਪ ਮਿਟਾਉਣ ਲਈ ਪਵਿੱਤਰ ਸਥਾਨ ਦੇ ਅੰਦਰ ਜਾਵੇ, ਤਾਂ ਉਸ ਦੇ ਬਾਹਰ ਆਉਣ ਤਕ ਮੰਡਲੀ ਦੇ ਤੰਬੂ ਵਿਚ ਉਸ ਤੋਂ ਇਲਾਵਾ ਹੋਰ ਕੋਈ ਨਾ ਹੋਵੇ। ਉਹ ਆਪਣੇ, ਆਪਣੇ ਘਰਾਣੇ+ ਅਤੇ ਇਜ਼ਰਾਈਲ ਦੀ ਸਾਰੀ ਮੰਡਲੀ ਦੇ ਪਾਪ ਮਿਟਾਵੇਗਾ।+
18 “ਫਿਰ ਉਹ ਬਾਹਰ ਯਹੋਵਾਹ ਦੇ ਸਾਮ੍ਹਣੇ ਰੱਖੀ ਵੇਦੀ+ ਕੋਲ ਆਵੇ ਅਤੇ ਇਸ ਨੂੰ ਪਾਪ ਤੋਂ ਸ਼ੁੱਧ ਕਰਨ ਲਈ ਬਲਦ ਦਾ ਥੋੜ੍ਹਾ ਜਿਹਾ ਖ਼ੂਨ ਅਤੇ ਮੇਮਣੇ ਦਾ ਥੋੜ੍ਹਾ ਜਿਹਾ ਖ਼ੂਨ ਵੇਦੀ ਦੇ ਸਿੰਗਾਂ ਉੱਤੇ ਲਾਵੇ। 19 ਉਹ ਆਪਣੀ ਉਂਗਲ ਨਾਲ ਥੋੜ੍ਹਾ ਜਿਹਾ ਖ਼ੂਨ ਵੇਦੀ ਉੱਤੇ ਸੱਤ ਵਾਰ ਛਿੜਕ ਕੇ ਇਸ ਨੂੰ ਸ਼ੁੱਧ ਕਰੇ ਅਤੇ ਇਜ਼ਰਾਈਲੀਆਂ ਦੀ ਅਸ਼ੁੱਧਤਾ ਤੋਂ ਇਸ ਨੂੰ ਪਵਿੱਤਰ ਕਰੇ।
20 “ਜਦੋਂ ਉਹ ਪਵਿੱਤਰ ਸਥਾਨ, ਮੰਡਲੀ ਦੇ ਤੰਬੂ ਅਤੇ ਵੇਦੀ+ ਨੂੰ ਪਾਪ ਤੋਂ ਸ਼ੁੱਧ ਕਰ ਹਟੇ,+ ਤਾਂ ਉਹ ਜੀਉਂਦਾ ਮੇਮਣਾ ਵੀ ਪਰਮੇਸ਼ੁਰ ਸਾਮ੍ਹਣੇ ਪੇਸ਼ ਕਰੇ।+ 21 ਹਾਰੂਨ ਜੀਉਂਦੇ ਮੇਮਣੇ ਦੇ ਸਿਰ ਉੱਤੇ ਆਪਣੇ ਦੋਵੇਂ ਹੱਥ ਰੱਖੇ ਅਤੇ ਇਜ਼ਰਾਈਲੀਆਂ ਦੀਆਂ ਸਾਰੀਆਂ ਗ਼ਲਤੀਆਂ, ਉਨ੍ਹਾਂ ਦੇ ਸਾਰੇ ਅਪਰਾਧ ਅਤੇ ਉਨ੍ਹਾਂ ਦੇ ਸਾਰੇ ਪਾਪ ਕਬੂਲ ਕਰ ਕੇ ਉਨ੍ਹਾਂ ਨੂੰ ਮੇਮਣੇ ਦੇ ਸਿਰ ਉੱਤੇ ਰੱਖੇ।+ ਫਿਰ ਇਕ ਆਦਮੀ ਦੇ ਹੱਥ ਉਸ ਮੇਮਣੇ ਨੂੰ ਉਜਾੜ ਵਿਚ ਘੱਲ ਦੇਵੇ ਜਿਸ ਨੂੰ ਇਸ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।* 22 ਉਹ ਮੇਮਣਾ ਆਪਣੇ ਉੱਤੇ ਉਨ੍ਹਾਂ ਦੀਆਂ ਸਾਰੀਆਂ ਗ਼ਲਤੀਆਂ+ ਉਜਾੜ ਵਿਚ+ ਲੈ ਜਾਵੇਗਾ ਅਤੇ ਉਹ ਆਦਮੀ ਮੇਮਣੇ ਨੂੰ ਉਜਾੜ ਵਿਚ ਛੱਡ ਦੇਵੇਗਾ।+
23 “ਫਿਰ ਹਾਰੂਨ ਮੰਡਲੀ ਦੇ ਤੰਬੂ ਵਿਚ ਜਾਵੇ ਅਤੇ ਆਪਣਾ ਮਲਮਲ ਦਾ ਲਿਬਾਸ ਲਾਹ ਦੇਵੇ ਜੋ ਉਸ ਨੇ ਪਵਿੱਤਰ ਸਥਾਨ ਵਿਚ ਜਾਣ ਵੇਲੇ ਪਾਇਆ ਸੀ। ਉਹ ਲਿਬਾਸ ਲਾਹ ਕੇ ਉੱਥੇ ਰੱਖ ਦੇਵੇ। 24 ਉਹ ਪਵਿੱਤਰ ਜਗ੍ਹਾ* ʼਤੇ ਨਹਾਵੇ+ ਅਤੇ ਆਪਣੇ ਕੱਪੜੇ ਪਾਵੇ;+ ਫਿਰ ਉਹ ਬਾਹਰ ਆ ਕੇ ਵੇਦੀ ʼਤੇ ਆਪਣੀ ਹੋਮ-ਬਲ਼ੀ+ ਅਤੇ ਲੋਕਾਂ ਵੱਲੋਂ ਲਿਆਂਦੀ ਹੋਮ-ਬਲ਼ੀ+ ਚੜ੍ਹਾਵੇ। ਉਹ ਆਪਣੇ ਅਤੇ ਲੋਕਾਂ ਦੇ ਪਾਪ ਮਿਟਾਉਣ ਲਈ ਇਹ ਬਲ਼ੀ ਚੜ੍ਹਾਵੇ।+ 25 ਉਹ ਪਾਪ-ਬਲ਼ੀ ਦੇ ਜਾਨਵਰ ਦੀ ਚਰਬੀ ਵੇਦੀ ʼਤੇ ਸਾੜੇ ਤਾਂਕਿ ਇਸ ਦਾ ਧੂੰਆਂ ਉੱਠੇ।
26 “ਜਿਸ ਆਦਮੀ ਨੇ ਅਜ਼ਾਜ਼ੇਲ ਲਈ ਉਸ ਮੇਮਣੇ ਨੂੰ ਉਜਾੜ ਵਿਚ ਛੱਡਿਆ ਸੀ,+ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਇਸ ਤੋਂ ਬਾਅਦ ਉਹ ਛਾਉਣੀ ਵਿਚ ਆ ਸਕਦਾ ਹੈ।
27 “ਪਾਪ-ਬਲ਼ੀ ਦੇ ਬਲਦ ਅਤੇ ਪਾਪ-ਬਲ਼ੀ ਦੇ ਮੇਮਣੇ ਨੂੰ, ਜਿਨ੍ਹਾਂ ਦਾ ਖ਼ੂਨ ਪਾਪ ਮਿਟਾਉਣ ਲਈ ਪਵਿੱਤਰ ਸਥਾਨ ਵਿਚ ਲਿਜਾਇਆ ਗਿਆ ਸੀ, ਉਨ੍ਹਾਂ ਦੀ ਚਮੜੀ, ਮਾਸ ਅਤੇ ਗੋਹੇ ਸਮੇਤ ਛਾਉਣੀ ਤੋਂ ਬਾਹਰ ਲਿਜਾ ਕੇ ਅੱਗ ਵਿਚ ਸਾੜ ਦਿੱਤਾ ਜਾਵੇ।+ 28 ਜਿਹੜਾ ਆਦਮੀ ਇਨ੍ਹਾਂ ਨੂੰ ਸਾੜਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਇਸ ਤੋਂ ਬਾਅਦ ਉਹ ਛਾਉਣੀ ਵਿਚ ਆ ਸਕਦਾ ਹੈ।
29 “ਤੁਸੀਂ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ: ਸੱਤਵੇਂ ਮਹੀਨੇ ਦੀ 10 ਤਾਰੀਖ਼ ਨੂੰ ਤੁਸੀਂ ਆਪਣੇ ਆਪ ਨੂੰ ਕਸ਼ਟ ਦੇਣਾ* ਅਤੇ ਤੁਹਾਡੇ ਵਿੱਚੋਂ ਕੋਈ ਵੀ ਕੰਮ ਨਾ ਕਰੇ,+ ਚਾਹੇ ਉਹ ਪੈਦਾਇਸ਼ੀ ਇਜ਼ਰਾਈਲੀ ਹੋਵੇ ਜਾਂ ਤੁਹਾਡੇ ਵਿਚ ਰਹਿਣ ਵਾਲਾ ਕੋਈ ਪਰਦੇਸੀ। 30 ਇਸ ਦਿਨ ਤੁਹਾਡੇ ਪਾਪ ਮਿਟਾਏ ਜਾਣਗੇ+ ਅਤੇ ਤੁਹਾਨੂੰ ਸ਼ੁੱਧ ਕਰਾਰ ਦਿੱਤਾ ਜਾਵੇਗਾ। ਤੁਸੀਂ ਯਹੋਵਾਹ ਸਾਮ੍ਹਣੇ ਆਪਣੇ ਸਾਰੇ ਪਾਪਾਂ ਤੋਂ ਸ਼ੁੱਧ ਹੋਵੋਗੇ।+ 31 ਇਹ ਤੁਹਾਡੇ ਲਈ ਸਬਤ ਦਾ ਦਿਨ ਹੋਵੇਗਾ ਅਤੇ ਇਸ ਦਿਨ ਤੁਸੀਂ ਪੂਰਾ ਆਰਾਮ ਕਰਨਾ ਅਤੇ ਆਪਣੇ ਆਪ ਨੂੰ ਕਸ਼ਟ ਦੇਣਾ।+ ਤੁਸੀਂ ਇਸ ਨਿਯਮ ਦੀ ਹਮੇਸ਼ਾ ਪਾਲਣਾ ਕਰਨੀ।
32 “ਜਿਸ ਪੁਜਾਰੀ ਨੂੰ ਤੇਲ ਪਾ ਕੇ ਆਪਣੇ ਪਿਤਾ ਦੀ ਜਗ੍ਹਾ+ ਪੁਜਾਰੀ* ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਜਾਂਦਾ ਹੈ,*+ ਉਹ ਪਾਪ ਮਿਟਾਉਣ ਲਈ ਬਲ਼ੀਆਂ ਚੜ੍ਹਾਵੇ ਅਤੇ ਮਲਮਲ ਦਾ+ ਪਵਿੱਤਰ ਲਿਬਾਸ ਪਾਵੇ।+ 33 ਉਹ ਬਲ਼ੀਆਂ ਚੜ੍ਹਾ ਕੇ ਅੱਤ ਪਵਿੱਤਰ ਕਮਰੇ,+ ਮੰਡਲੀ ਦੇ ਤੰਬੂ+ ਅਤੇ ਵੇਦੀ+ ਨੂੰ ਪਾਪ ਤੋਂ ਸ਼ੁੱਧ ਕਰੇਗਾ; ਉਹ ਪੁਜਾਰੀਆਂ ਅਤੇ ਮੰਡਲੀ ਦੇ ਸਾਰੇ ਲੋਕਾਂ ਦੇ ਪਾਪ ਮਿਟਾਉਣ ਲਈ ਬਲ਼ੀਆਂ ਚੜ੍ਹਾਵੇਗਾ।+ 34 ਸਾਲ ਵਿਚ ਇਕ ਵਾਰ ਸਾਰੇ ਇਜ਼ਰਾਈਲੀਆਂ ਦੇ ਪਾਪ ਮਿਟਾਉਣ ਲਈ ਇਸ ਤਰ੍ਹਾਂ ਕੀਤਾ ਜਾਵੇ।+ ਤੁਸੀਂ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ।”+
ਇਸ ਲਈ ਹਾਰੂਨ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।