ਪਹਿਲਾ ਸਮੂਏਲ
11 ਫਿਰ ਅੰਮੋਨੀਆਂ+ ਦਾ ਰਾਜਾ ਨਾਹਾਸ਼ ਆਪਣੇ ਫ਼ੌਜੀਆਂ ਨਾਲ ਯਾਬੇਸ਼+ ਉੱਤੇ ਚੜ੍ਹਾਈ ਕਰਨ ਆਇਆ ਅਤੇ ਉਸ ਨੇ ਗਿਲਆਦ ਵਿਚ ਡੇਰਾ ਲਾਇਆ। ਯਾਬੇਸ਼ ਦੇ ਸਾਰੇ ਆਦਮੀਆਂ ਨੇ ਨਾਹਾਸ਼ ਨੂੰ ਕਿਹਾ: “ਸਾਡੇ ਨਾਲ ਇਕਰਾਰ* ਕਰ ਅਤੇ ਅਸੀਂ ਤੇਰੀ ਸੇਵਾ ਕਰਾਂਗੇ।” 2 ਅੰਮੋਨੀ ਨਾਹਾਸ਼ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਡੇ ਨਾਲ ਇਸ ਸ਼ਰਤ ʼਤੇ ਇਕਰਾਰ ਕਰਾਂਗਾ: ਤੁਹਾਡੇ ਸਾਰਿਆਂ ਦੀ ਸੱਜੀ ਅੱਖ ਕੱਢ ਦਿੱਤੀ ਜਾਵੇਗੀ। ਮੈਂ ਸਾਰੇ ਇਜ਼ਰਾਈਲ ਨੂੰ ਜ਼ਲੀਲ ਕਰਨ ਲਈ ਇਸ ਤਰ੍ਹਾਂ ਕਰਾਂਗਾ।” 3 ਯਾਬੇਸ਼ ਦੇ ਬਜ਼ੁਰਗਾਂ ਨੇ ਉਸ ਨੂੰ ਕਿਹਾ: “ਸਾਨੂੰ ਸੱਤ ਦਿਨਾਂ ਦਾ ਸਮਾਂ ਦਿਓ ਤਾਂਕਿ ਅਸੀਂ ਸਾਰੇ ਇਜ਼ਰਾਈਲ ਵਿਚ ਆਦਮੀਆਂ ਨੂੰ ਭੇਜ ਕੇ ਸੰਦੇਸ਼ ਦੇ ਸਕੀਏ। ਜੇ ਸਾਨੂੰ ਬਚਾਉਣ ਵਾਲਾ ਕੋਈ ਵੀ ਨਹੀਂ ਮਿਲਿਆ, ਤਾਂ ਅਸੀਂ ਤੁਹਾਡੇ ਅੱਗੇ ਗੋਡੇ ਟੇਕ ਦਿਆਂਗੇ।” 4 ਕੁਝ ਸਮੇਂ ਬਾਅਦ ਸੰਦੇਸ਼ ਦੇਣ ਵਾਲੇ ਸ਼ਾਊਲ ਦੇ ਸ਼ਹਿਰ ਗਿਬਆਹ+ ਪਹੁੰਚੇ ਅਤੇ ਉਨ੍ਹਾਂ ਨੇ ਇਹ ਗੱਲਾਂ ਲੋਕਾਂ ਨੂੰ ਦੱਸੀਆਂ ਤੇ ਸਾਰੇ ਲੋਕ ਉੱਚੀ-ਉੱਚੀ ਰੋਣ ਲੱਗ ਪਏ।
5 ਪਰ ਸ਼ਾਊਲ ਖੇਤ ਵਿੱਚੋਂ ਪਸ਼ੂਆਂ ਦੇ ਪਿੱਛੇ-ਪਿੱਛੇ ਆ ਰਿਹਾ ਸੀ ਤੇ ਸ਼ਾਊਲ ਨੇ ਪੁੱਛਿਆ: “ਲੋਕਾਂ ਨੂੰ ਕੀ ਹੋਇਆ? ਉਹ ਰੋ ਕਿਉਂ ਰਹੇ ਹਨ?” ਜਵਾਬ ਵਿਚ ਉਨ੍ਹਾਂ ਨੇ ਯਾਬੇਸ਼ ਦੇ ਆਦਮੀਆਂ ਦੀਆਂ ਗੱਲਾਂ ਉਸ ਨੂੰ ਦੱਸੀਆਂ। 6 ਜਦੋਂ ਸ਼ਾਊਲ ਨੇ ਇਹ ਗੱਲਾਂ ਸੁਣੀਆਂ, ਤਾਂ ਪਰਮੇਸ਼ੁਰ ਦੀ ਸ਼ਕਤੀ ਉਸ ʼਤੇ ਆਈ+ ਅਤੇ ਉਹ ਗੁੱਸੇ ਨਾਲ ਅੱਗ-ਬਬੂਲਾ ਹੋ ਗਿਆ। 7 ਇਸ ਲਈ ਉਸ ਨੇ ਬਲਦਾਂ ਦੀ ਜੋੜੀ ਲਈ ਤੇ ਉਨ੍ਹਾਂ ਦੇ ਟੋਟੇ-ਟੋਟੇ ਕਰ ਦਿੱਤੇ ਅਤੇ ਉਨ੍ਹਾਂ ਨੂੰ ਸੰਦੇਸ਼ ਦੇਣ ਵਾਲਿਆਂ ਦੇ ਹੱਥੀਂ ਸਾਰੇ ਇਜ਼ਰਾਈਲ ਵਿਚ ਭੇਜਿਆ। ਉਨ੍ਹਾਂ ਨੇ ਕਿਹਾ: “ਜਿਹੜਾ ਵੀ ਸ਼ਾਊਲ ਅਤੇ ਸਮੂਏਲ ਦੀ ਗੱਲ ਨਹੀਂ ਮੰਨੇਗਾ, ਉਸ ਦੇ ਪਸ਼ੂਆਂ ਨਾਲ ਇਸੇ ਤਰ੍ਹਾਂ ਕੀਤਾ ਜਾਵੇਗਾ!” ਇਹ ਸੁਣ ਕੇ ਲੋਕਾਂ ਉੱਤੇ ਯਹੋਵਾਹ ਦਾ ਡਰ ਛਾ ਗਿਆ, ਇਸ ਲਈ ਉਹ ਇਕ ਮਨ ਹੋ ਕੇ* ਆਏ। 8 ਫਿਰ ਉਸ ਨੇ ਬਜ਼ਕ ਵਿਚ ਉਨ੍ਹਾਂ ਦੀ ਗਿਣਤੀ ਕੀਤੀ। ਇਜ਼ਰਾਈਲੀਆਂ ਦੀ ਗਿਣਤੀ 3,00,000 ਸੀ ਤੇ ਯਹੂਦਾਹ ਦੇ ਆਦਮੀਆਂ ਦੀ ਗਿਣਤੀ 30,000 ਸੀ। 9 ਉਨ੍ਹਾਂ ਨੇ ਯਾਬੇਸ਼ ਤੋਂ ਆਏ ਸੰਦੇਸ਼ ਦੇਣ ਵਾਲਿਆਂ ਨੂੰ ਕਿਹਾ: “ਤੁਸੀਂ ਗਿਲਆਦ ਵਿਚ ਯਾਬੇਸ਼ ਦੇ ਆਦਮੀਆਂ ਨੂੰ ਇਹ ਕਹਿਓ, ‘ਕੱਲ੍ਹ ਜਦੋਂ ਸਿਖਰ ਦੁਪਹਿਰਾ ਹੋਵੇਗਾ, ਤਾਂ ਤੁਹਾਨੂੰ ਬਚਾਇਆ ਜਾਵੇਗਾ।’” ਫਿਰ ਸੰਦੇਸ਼ ਦੇਣ ਵਾਲਿਆਂ ਨੇ ਆ ਕੇ ਇਹ ਗੱਲ ਯਾਬੇਸ਼ ਦੇ ਆਦਮੀਆਂ ਨੂੰ ਦੱਸੀ ਅਤੇ ਉਹ ਬਹੁਤ ਖ਼ੁਸ਼ ਹੋਏ। 10 ਫਿਰ ਯਾਬੇਸ਼ ਦੇ ਆਦਮੀਆਂ ਨੇ ਅੰਮੋਨੀਆਂ ਨੂੰ ਕਿਹਾ: “ਕੱਲ੍ਹ ਅਸੀਂ ਤੁਹਾਡੇ ਅੱਗੇ ਗੋਡੇ ਟੇਕ ਦਿਆਂਗੇ ਅਤੇ ਤੁਹਾਨੂੰ ਜੋ ਸਹੀ ਲੱਗੇ ਸਾਡੇ ਨਾਲ ਕਰਿਓ।”+
11 ਅਗਲੇ ਦਿਨ ਸ਼ਾਊਲ ਨੇ ਲੋਕਾਂ ਨੂੰ ਤਿੰਨ ਟੁਕੜੀਆਂ ਵਿਚ ਵੰਡ ਦਿੱਤਾ ਅਤੇ ਉਹ ਸਵੇਰ ਦੇ ਪਹਿਰ* ਦੌਰਾਨ ਛਾਉਣੀ ਵਿਚ ਪਹੁੰਚੇ ਅਤੇ ਦੁਪਹਿਰ ਹੋਣ ਤਕ ਅੰਮੋਨੀਆਂ+ ਨੂੰ ਵੱਢ ਸੁੱਟਿਆ। ਉਨ੍ਹਾਂ ਵਿੱਚੋਂ ਜਿਹੜੇ ਬਚ ਗਏ, ਉਹ ਇੱਧਰ-ਉੱਧਰ ਖਿੰਡ ਗਏ ਤੇ ਹਰ ਕਿਸੇ ਨੂੰ ਇਕੱਲੇ ਭੱਜਣਾ ਪਿਆ। 12 ਫਿਰ ਲੋਕਾਂ ਨੇ ਸਮੂਏਲ ਨੂੰ ਕਿਹਾ: “ਕੌਣ ਕਹਿ ਰਿਹਾ ਸੀ, ‘ਕੀ ਸ਼ਾਊਲ ਸਾਡੇ ʼਤੇ ਰਾਜ ਕਰੇਗਾ?’+ ਉਨ੍ਹਾਂ ਆਦਮੀਆਂ ਨੂੰ ਸਾਡੇ ਹਵਾਲੇ ਕਰੋ ਅਤੇ ਅਸੀਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿਆਂਗੇ।” 13 ਪਰ ਸ਼ਾਊਲ ਨੇ ਕਿਹਾ: “ਅੱਜ ਕਿਸੇ ਵੀ ਆਦਮੀ ਨੂੰ ਨਹੀਂ ਮਾਰਿਆ ਜਾਵੇਗਾ+ ਕਿਉਂਕਿ ਅੱਜ ਯਹੋਵਾਹ ਨੇ ਇਜ਼ਰਾਈਲ ਨੂੰ ਬਚਾਇਆ ਹੈ।”
14 ਬਾਅਦ ਵਿਚ ਸਮੂਏਲ ਨੇ ਲੋਕਾਂ ਨੂੰ ਕਿਹਾ: “ਆਓ ਆਪਾਂ ਗਿਲਗਾਲ+ ਜਾ ਕੇ ਇਕ ਵਾਰ ਫਿਰ ਐਲਾਨ ਕਰੀਏ ਕਿ ਸ਼ਾਊਲ ਰਾਜਾ ਹੈ।”+ 15 ਇਸ ਲਈ ਸਾਰੇ ਲੋਕ ਗਿਲਗਾਲ ਗਏ ਅਤੇ ਉਨ੍ਹਾਂ ਨੇ ਗਿਲਗਾਲ ਵਿਚ ਸ਼ਾਊਲ ਨੂੰ ਯਹੋਵਾਹ ਅੱਗੇ ਰਾਜਾ ਬਣਾਇਆ। ਫਿਰ ਉਨ੍ਹਾਂ ਨੇ ਯਹੋਵਾਹ ਅੱਗੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ+ ਅਤੇ ਸ਼ਾਊਲ ਤੇ ਇਜ਼ਰਾਈਲੀਆਂ ਨੇ ਖ਼ੁਸ਼ੀ ਨਾਲ ਜਸ਼ਨ ਮਨਾਇਆ।+