ਦੂਜਾ ਇਤਿਹਾਸ
28 ਆਹਾਜ਼+ 20 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 16 ਸਾਲ ਰਾਜ ਕੀਤਾ। ਉਸ ਨੇ ਉਹ ਨਹੀਂ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ ਜਿਵੇਂ ਉਸ ਦੇ ਵੱਡ-ਵਡੇਰੇ ਦਾਊਦ ਨੇ ਕੀਤਾ ਸੀ।+ 2 ਇਸ ਦੀ ਬਜਾਇ, ਉਹ ਇਜ਼ਰਾਈਲ ਦੇ ਰਾਜਿਆਂ ਦੇ ਰਾਹਾਂ ʼਤੇ ਤੁਰਿਆ+ ਅਤੇ ਉਸ ਨੇ ਧਾਤ ਤੋਂ ਬਆਲਾਂ ਦੇ ਬੁੱਤ* ਵੀ ਬਣਾਏ।+ 3 ਇਸ ਤੋਂ ਇਲਾਵਾ, ਉਸ ਨੇ ਹਿੰਨੋਮ ਦੇ ਪੁੱਤਰ ਦੀ ਵਾਦੀ* ਵਿਚ ਬਲ਼ੀਆਂ ਚੜ੍ਹਾਈਆਂ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ ਅਤੇ ਉਸ ਨੇ ਆਪਣੇ ਪੁੱਤਰਾਂ ਨੂੰ ਅੱਗ ਵਿਚ ਸਾੜਿਆ।+ ਇਸ ਤਰ੍ਹਾਂ ਉਹ ਉਨ੍ਹਾਂ ਕੌਮਾਂ ਦੀਆਂ ਘਿਣਾਉਣੀਆਂ ਰੀਤਾਂ ਅਨੁਸਾਰ ਚੱਲਿਆ+ ਜਿਨ੍ਹਾਂ ਨੂੰ ਯਹੋਵਾਹ ਨੇ ਇਜ਼ਰਾਈਲੀਆਂ ਅੱਗੋਂ ਭਜਾ ਦਿੱਤਾ ਸੀ। 4 ਨਾਲੇ ਉਹ ਉੱਚੀਆਂ ਥਾਵਾਂ+ ਅਤੇ ਪਹਾੜੀਆਂ ਉੱਤੇ ਤੇ ਹਰ ਸੰਘਣੇ ਦਰਖ਼ਤ ਥੱਲੇ ਬਲ਼ੀਆਂ ਚੜ੍ਹਾਉਂਦਾ ਰਿਹਾ+ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।
5 ਇਸ ਲਈ ਉਸ ਦੇ ਪਰਮੇਸ਼ੁਰ ਯਹੋਵਾਹ ਨੇ ਉਸ ਨੂੰ ਸੀਰੀਆ ਦੇ ਰਾਜੇ ਦੇ ਹੱਥ ਵਿਚ ਦੇ ਦਿੱਤਾ+ ਜਿਸ ਕਰਕੇ ਉਨ੍ਹਾਂ ਨੇ ਉਸ ਨੂੰ ਹਰਾ ਦਿੱਤਾ ਅਤੇ ਬਹੁਤ ਸਾਰਿਆਂ ਨੂੰ ਬੰਦੀ ਬਣਾ ਕੇ ਦਮਿਸਕ ਲੈ ਗਏ।+ ਉਸ ਨੂੰ ਇਜ਼ਰਾਈਲ ਦੇ ਰਾਜੇ ਦੇ ਹੱਥ ਵਿਚ ਵੀ ਦਿੱਤਾ ਗਿਆ ਜਿਸ ਨੇ ਉਸ ਦੇ ਲੋਕਾਂ ਦਾ ਬਹੁਤ ਵੱਢ-ਵਢਾਂਗਾ ਕੀਤਾ। 6 ਰਮਲਯਾਹ ਦੇ ਪੁੱਤਰ ਪਕਾਹ+ ਨੇ ਯਹੂਦਾਹ ਵਿਚ ਇੱਕੋ ਦਿਨ ਵਿਚ 1,20,000 ਬਹਾਦਰ ਆਦਮੀਆਂ ਨੂੰ ਮਾਰ ਸੁੱਟਿਆ ਕਿਉਂਕਿ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ ਸੀ।+ 7 ਇਫ਼ਰਾਈਮੀ ਯੋਧੇ ਜ਼ਿਕਰੀ ਨੇ ਰਾਜੇ ਦੇ ਪੁੱਤਰ ਮਾਸੇਯਾਹ ਨੂੰ, ਮਹਿਲ* ਦੇ ਨਿਗਰਾਨ ਅਜ਼ਰੀਕਾਮ ਨੂੰ ਅਤੇ ਅਲਕਾਨਾਹ ਨੂੰ ਮਾਰ ਦਿੱਤਾ ਜੋ ਰਾਜੇ ਤੋਂ ਦੂਸਰੇ ਦਰਜੇ ʼਤੇ ਸੀ। 8 ਇਸ ਤੋਂ ਇਲਾਵਾ, ਇਜ਼ਰਾਈਲੀਆਂ ਨੇ ਆਪਣੇ ਭਰਾਵਾਂ ਵਿੱਚੋਂ 2,00,000 ਜਣਿਆਂ ਨੂੰ ਗ਼ੁਲਾਮ ਬਣਾ ਲਿਆ—ਔਰਤਾਂ, ਪੁੱਤਰਾਂ ਤੇ ਧੀਆਂ ਨੂੰ; ਉਨ੍ਹਾਂ ਨੇ ਬਹੁਤ ਸਾਰਾ ਮਾਲ ਵੀ ਲੁੱਟ ਲਿਆ ਅਤੇ ਉਹ ਲੁੱਟ ਦਾ ਮਾਲ ਸਾਮਰਿਯਾ+ ਲੈ ਗਏ।
9 ਪਰ ਉੱਥੇ ਯਹੋਵਾਹ ਦਾ ਇਕ ਨਬੀ ਸੀ ਜਿਸ ਦਾ ਨਾਂ ਓਦੇਦ ਸੀ। ਉਹ ਉਸ ਫ਼ੌਜ ਅੱਗੇ ਗਿਆ ਜੋ ਸਾਮਰਿਯਾ ਤੋਂ ਆ ਰਹੀ ਸੀ ਤੇ ਉਨ੍ਹਾਂ ਨੂੰ ਕਿਹਾ: “ਦੇਖੋ! ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਯਹੋਵਾਹ ਯਹੂਦਾਹ ਨਾਲ ਬਹੁਤ ਨਾਰਾਜ਼ ਸੀ ਜਿਸ ਕਰਕੇ ਉਸ ਨੇ ਉਨ੍ਹਾਂ ਨੂੰ ਤੁਹਾਡੇ ਹੱਥ ਵਿਚ ਦੇ ਦਿੱਤਾ+ ਅਤੇ ਤੁਸੀਂ ਉਨ੍ਹਾਂ ਦਾ ਵੱਢ-ਵਢਾਂਗਾ ਇੰਨੀ ਤੈਸ਼ ਵਿਚ ਆ ਕੇ ਕੀਤਾ ਕਿ ਇਹ ਆਕਾਸ਼ ਤਕ ਪਹੁੰਚ ਗਿਆ ਹੈ। 10 ਅਤੇ ਹੁਣ ਤੁਸੀਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਆਪਣੇ ਨੌਕਰ-ਨੌਕਰਾਣੀਆਂ ਬਣਾਉਣਾ ਚਾਹੁੰਦੇ ਹੋ।+ ਪਰ ਕੀ ਤੁਸੀਂ ਵੀ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਦੋਸ਼ੀ ਨਹੀਂ ਹੋ? 11 ਹੁਣ ਮੇਰੀ ਗੱਲ ਸੁਣੋ ਅਤੇ ਉਨ੍ਹਾਂ ਗ਼ੁਲਾਮਾਂ ਨੂੰ ਵਾਪਸ ਘੱਲ ਦਿਓ ਜਿਨ੍ਹਾਂ ਨੂੰ ਤੁਸੀਂ ਆਪਣੇ ਭਰਾਵਾਂ ਵਿੱਚੋਂ ਲਿਆਏ ਹੋ ਕਿਉਂਕਿ ਯਹੋਵਾਹ ਦਾ ਕ੍ਰੋਧ ਤੁਹਾਡੇ ʼਤੇ ਭੜਕਿਆ ਹੋਇਆ ਹੈ।”
12 ਫਿਰ ਇਫ਼ਰਾਈਮੀਆਂ ਦੇ ਕੁਝ ਮੁਖੀ ਯਾਨੀ ਯਹੋਹਾਨਾਨ ਦਾ ਪੁੱਤਰ ਅਜ਼ਰਯਾਹ, ਮਸ਼ੀਲੇਮੋਥ ਦਾ ਪੁੱਤਰ ਬਰਕਯਾਹ, ਸ਼ਲੂਮ ਦਾ ਪੁੱਤਰ ਯਾਹੇਜ਼ਕੀਯਾਹ ਅਤੇ ਹਦਲੀ ਦਾ ਪੁੱਤਰ ਅਮਾਸਾ ਉਨ੍ਹਾਂ ਖ਼ਿਲਾਫ਼ ਆ ਖੜ੍ਹੇ ਹੋਏ ਜੋ ਯੁੱਧ ਲੜ ਕੇ ਆ ਰਹੇ ਸਨ 13 ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ: “ਗ਼ੁਲਾਮਾਂ ਨੂੰ ਇੱਥੇ ਨਾ ਲੈ ਕੇ ਆਇਓ ਕਿਉਂਕਿ ਇਸ ਕਾਰਨ ਅਸੀਂ ਯਹੋਵਾਹ ਅੱਗੇ ਦੋਸ਼ੀ ਠਹਿਰਾਂਗੇ। ਜੋ ਤੁਸੀਂ ਕਰਨਾ ਚਾਹੁੰਦੇ ਹੋ, ਉਸ ਨਾਲ ਸਾਡੇ ਪਾਪਾਂ ਅਤੇ ਸਾਡੇ ਅਪਰਾਧ ਵਿਚ ਹੋਰ ਵਾਧਾ ਹੋਵੇਗਾ ਕਿਉਂਕਿ ਸਾਡਾ ਗੁਨਾਹ ਪਹਿਲਾਂ ਹੀ ਬਹੁਤ ਵੱਡਾ ਹੈ ਅਤੇ ਪਰਮੇਸ਼ੁਰ ਦਾ ਕ੍ਰੋਧ ਇਜ਼ਰਾਈਲ ʼਤੇ ਭੜਕਿਆ ਹੋਇਆ ਹੈ।” 14 ਇਸ ਲਈ ਹਥਿਆਰਬੰਦ ਫ਼ੌਜੀਆਂ ਨੇ ਗ਼ੁਲਾਮਾਂ ਅਤੇ ਲੁੱਟ ਦੇ ਮਾਲ+ ਨੂੰ ਹਾਕਮਾਂ ਅਤੇ ਸਾਰੀ ਮੰਡਲੀ ਦੇ ਹਵਾਲੇ ਕਰ ਦਿੱਤਾ। 15 ਫਿਰ ਜਿਨ੍ਹਾਂ ਆਦਮੀਆਂ ਨੂੰ ਚੁਣਿਆ ਗਿਆ ਸੀ, ਉਹ ਉੱਠੇ ਤੇ ਉਨ੍ਹਾਂ ਨੇ ਗ਼ੁਲਾਮਾਂ ਨੂੰ ਲਿਆ। ਉਨ੍ਹਾਂ ਨੇ ਲੁੱਟ ਦੇ ਮਾਲ ਵਿੱਚੋਂ ਉਨ੍ਹਾਂ ਸਾਰਿਆਂ ਨੂੰ ਕੱਪੜੇ ਦਿੱਤੇ ਜਿਨ੍ਹਾਂ ਦੇ ਤਨ ʼਤੇ ਕੱਪੜੇ ਨਹੀਂ ਸਨ। ਉਨ੍ਹਾਂ ਨੇ ਉਨ੍ਹਾਂ ਦੇ ਕੱਪੜੇ ਪੁਆਏ ਅਤੇ ਪੈਰੀਂ ਜੁੱਤੀਆਂ ਪੁਆਈਆਂ ਅਤੇ ਉਨ੍ਹਾਂ ਨੂੰ ਖਾਣ-ਪੀਣ ਨੂੰ ਦਿੱਤਾ ਅਤੇ ਉਨ੍ਹਾਂ ਦੇ ਸਰੀਰਾਂ ਲਈ ਤੇਲ ਦਿੱਤਾ। ਇਸ ਤੋਂ ਇਲਾਵਾ, ਉਹ ਕਮਜ਼ੋਰਾਂ ਨੂੰ ਗਧਿਆਂ ʼਤੇ ਬਿਠਾ ਕੇ ਉਨ੍ਹਾਂ ਦੇ ਭਰਾਵਾਂ ਕੋਲ ਯਰੀਹੋ ਨੂੰ ਲੈ ਆਏ ਜੋ ਖਜੂਰ ਦੇ ਦਰਖ਼ਤਾਂ ਦਾ ਸ਼ਹਿਰ ਸੀ। ਉਸ ਤੋਂ ਬਾਅਦ ਉਹ ਸਾਮਰਿਯਾ ਨੂੰ ਮੁੜ ਗਏ।
16 ਉਸ ਸਮੇਂ ਰਾਜਾ ਆਹਾਜ਼ ਨੇ ਅੱਸ਼ੂਰ ਦੇ ਰਾਜਿਆਂ ਕੋਲੋਂ ਮਦਦ ਮੰਗੀ।+ 17 ਅਦੋਮੀ ਇਕ ਵਾਰ ਫਿਰ ਆਏ ਤੇ ਉਨ੍ਹਾਂ ਨੇ ਯਹੂਦਾਹ ʼਤੇ ਹਮਲਾ ਕੀਤਾ ਤੇ ਗ਼ੁਲਾਮਾਂ ਨੂੰ ਲੈ ਗਏ। 18 ਫਲਿਸਤੀਆਂ+ ਨੇ ਸ਼ੇਫਲਾਹ+ ਦੇ ਸ਼ਹਿਰਾਂ ਅਤੇ ਯਹੂਦਾਹ ਦੇ ਨੇਗੇਬ ʼਤੇ ਵੀ ਹਮਲਾ ਕੀਤਾ ਅਤੇ ਉਨ੍ਹਾਂ ਨੇ ਬੈਤ-ਸ਼ਮਸ਼,+ ਅੱਯਾਲੋਨ,+ ਗਦੇਰੋਥ, ਸੋਕੋ ਤੇ ਇਸ ਦੇ ਅਧੀਨ ਆਉਂਦੇ* ਕਸਬਿਆਂ, ਤਿਮਨਾਹ+ ਤੇ ਇਸ ਦੇ ਅਧੀਨ ਆਉਂਦੇ ਕਸਬਿਆਂ ਅਤੇ ਗਿਮਜ਼ੋ ਤੇ ਇਸ ਦੇ ਅਧੀਨ ਆਉਂਦੇ ਕਸਬਿਆਂ ਉੱਤੇ ਕਬਜ਼ਾ ਕਰ ਲਿਆ; ਅਤੇ ਉਹ ਉੱਥੇ ਵੱਸ ਗਏ। 19 ਯਹੋਵਾਹ ਨੇ ਇਜ਼ਰਾਈਲ ਦੇ ਰਾਜੇ ਆਹਾਜ਼ ਕਰਕੇ ਯਹੂਦਾਹ ਨੂੰ ਨੀਵਾਂ ਕੀਤਾ ਕਿਉਂਕਿ ਉਸ ਨੇ ਯਹੂਦਾਹ ਨੂੰ ਬਹੁਤ ਖੁੱਲ੍ਹ ਦਿੱਤੀ ਹੋਈ ਸੀ ਜਿਸ ਕਰਕੇ ਉਨ੍ਹਾਂ ਨੇ ਯਹੋਵਾਹ ਨਾਲ ਬੇਵਫ਼ਾਈ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
20 ਅਖ਼ੀਰ ਅੱਸ਼ੂਰ ਦਾ ਰਾਜਾ ਤਿਲਗਥ-ਪਿਲਨਾਸਰ+ ਉਸ ਖ਼ਿਲਾਫ਼ ਆਇਆ ਤੇ ਉਸ ਨੂੰ ਤਕੜਾ ਕਰਨ ਦੀ ਬਜਾਇ ਉਸ ਨੂੰ ਦੁਖੀ ਕੀਤਾ।+ 21 ਭਾਵੇਂ ਆਹਾਜ਼ ਨੇ ਯਹੋਵਾਹ ਦੇ ਭਵਨ, ਰਾਜੇ ਦੇ ਮਹਿਲ ਨੂੰ ਅਤੇ ਹਾਕਮਾਂ ਦੇ ਘਰਾਂ ਨੂੰ ਲੁੱਟ ਕੇ ਸਾਰਾ ਮਾਲ ਤੋਹਫ਼ੇ ਵਜੋਂ ਅੱਸ਼ੂਰ ਦੇ ਰਾਜੇ ਨੂੰ ਦਿੱਤਾ ਸੀ;+ ਪਰ ਇਸ ਨਾਲ ਵੀ ਉਸ ਦੀ ਕੋਈ ਮਦਦ ਨਹੀਂ ਹੋਈ। 22 ਆਪਣੇ ਦੁੱਖ ਦੇ ਸਮੇਂ ਵਿਚ ਰਾਜਾ ਆਹਾਜ਼ ਨੇ ਯਹੋਵਾਹ ਨਾਲ ਹੋਰ ਵੀ ਜ਼ਿਆਦਾ ਬੇਵਫ਼ਾਈ ਕੀਤੀ। 23 ਉਹ ਦਮਿਸਕ ਦੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਣ ਲੱਗਾ+ ਜਿਸ ਨੇ ਉਸ ਨੂੰ ਹਰਾ ਦਿੱਤਾ ਸੀ+ ਅਤੇ ਉਹ ਕਹਿਣ ਲੱਗਾ: “ਸੀਰੀਆ ਦੇ ਰਾਜਿਆਂ ਦੇ ਦੇਵਤੇ ਉਨ੍ਹਾਂ ਦੀ ਮਦਦ ਕਰ ਰਹੇ ਹਨ, ਮੈਂ ਵੀ ਉਨ੍ਹਾਂ ਅੱਗੇ ਬਲ਼ੀਆਂ ਚੜ੍ਹਾਵਾਂਗਾ ਤਾਂਕਿ ਉਹ ਮੇਰੀ ਵੀ ਮਦਦ ਕਰਨ।”+ ਪਰ ਉਹ ਉਸ ਲਈ ਅਤੇ ਸਾਰੇ ਇਜ਼ਰਾਈਲ ਲਈ ਤਬਾਹੀ ਦਾ ਕਾਰਨ ਬਣੇ। 24 ਇਸ ਤੋਂ ਇਲਾਵਾ, ਆਹਾਜ਼ ਨੇ ਸੱਚੇ ਪਰਮੇਸ਼ੁਰ ਦੇ ਭਵਨ ਦੀਆਂ ਚੀਜ਼ਾਂ ਨੂੰ ਇਕੱਠਾ ਕੀਤਾ; ਫਿਰ ਉਸ ਨੇ ਸੱਚੇ ਪਰਮੇਸ਼ੁਰ ਦੇ ਭਵਨ ਦੀਆਂ ਚੀਜ਼ਾਂ ਦੇ ਟੁਕੜੇ-ਟੁਕੜੇ ਕਰ ਦਿੱਤੇ,+ ਯਹੋਵਾਹ ਦੇ ਭਵਨ ਦੇ ਦਰਵਾਜ਼ੇ ਬੰਦ ਕਰ ਦਿੱਤੇ+ ਅਤੇ ਯਰੂਸ਼ਲਮ ਦੇ ਹਰ ਕੋਨੇ ਵਿਚ ਆਪਣੇ ਲਈ ਵੇਦੀਆਂ ਬਣਾਈਆਂ। 25 ਉਸ ਨੇ ਯਹੂਦਾਹ ਦੇ ਸਾਰੇ ਸ਼ਹਿਰਾਂ ਵਿਚ ਉੱਚੀਆਂ ਥਾਵਾਂ ਬਣਾਈਆਂ ਤਾਂਕਿ ਉੱਥੇ ਹੋਰ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਈਆਂ ਜਾਣ ਜਿਨ੍ਹਾਂ ਦਾ ਧੂੰਆਂ ਉੱਠੇ+ ਅਤੇ ਉਸ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦਾ ਗੁੱਸਾ ਭੜਕਾਇਆ।
26 ਉਸ ਦੀ ਬਾਕੀ ਕਹਾਣੀ, ਉਸ ਦੇ ਸਾਰੇ ਕੰਮਾਂ ਬਾਰੇ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਯਹੂਦਾਹ ਅਤੇ ਇਜ਼ਰਾਈਲ ਦੇ ਰਾਜਿਆਂ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+ 27 ਫਿਰ ਆਹਾਜ਼ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਯਰੂਸ਼ਲਮ ਸ਼ਹਿਰ ਵਿਚ ਦਫ਼ਨਾ ਦਿੱਤਾ। ਉਹ ਉਸ ਨੂੰ ਇਜ਼ਰਾਈਲ ਦੇ ਰਾਜਿਆਂ ਦੀਆਂ ਕਬਰਾਂ ਵਿਚ ਨਹੀਂ ਲਿਆਏ।+ ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਹਿਜ਼ਕੀਯਾਹ ਰਾਜਾ ਬਣ ਗਿਆ।