ਦੂਜਾ ਇਤਿਹਾਸ
12 ਜਦੋਂ ਰਹਬੁਆਮ ਦਾ ਰਾਜ ਮਜ਼ਬੂਤ ਹੋ ਗਿਆ ਤੇ ਉਹ ਤਾਕਤਵਰ ਬਣ ਗਿਆ,+ ਉਸ ਤੋਂ ਤੁਰੰਤ ਬਾਅਦ ਉਸ ਨੇ ਯਹੋਵਾਹ ਦੇ ਕਾਨੂੰਨ ਨੂੰ ਤਿਆਗ ਦਿੱਤਾ+ ਤੇ ਉਸ ਦੇ ਨਾਲ-ਨਾਲ ਸਾਰੇ ਇਜ਼ਰਾਈਲ ਨੇ ਵੀ। 2 ਰਾਜਾ ਰਹਬੁਆਮ ਦੇ ਰਾਜ ਦੇ ਪੰਜਵੇਂ ਸਾਲ ਮਿਸਰ ਦਾ ਰਾਜਾ ਸ਼ੀਸ਼ਕ+ ਯਰੂਸ਼ਲਮ ਵਿਰੁੱਧ ਆਇਆ ਕਿਉਂਕਿ ਇਜ਼ਰਾਈਲੀਆਂ ਨੇ ਯਹੋਵਾਹ ਨਾਲ ਬੇਵਫ਼ਾਈ ਕੀਤੀ ਸੀ। 3 ਉਸ ਕੋਲ 1,200 ਰਥ ਅਤੇ 60,000 ਘੋੜਸਵਾਰ ਸਨ ਤੇ ਉਸ ਨਾਲ ਮਿਸਰ ਤੋਂ ਆਏ ਅਣਗਿਣਤ ਫ਼ੌਜੀ ਸਨ ਜੋ ਲਿਬੀਆ, ਸੂਕੀ ਅਤੇ ਇਥੋਪੀਆ ਦੇ ਸਨ।+ 4 ਉਸ ਨੇ ਯਹੂਦਾਹ ਦੇ ਕਿਲੇਬੰਦ ਸ਼ਹਿਰਾਂ ʼਤੇ ਕਬਜ਼ਾ ਕਰ ਲਿਆ ਤੇ ਅਖ਼ੀਰ ਯਰੂਸ਼ਲਮ ਪਹੁੰਚ ਗਿਆ।
5 ਸ਼ਮਾਯਾਹ+ ਨਬੀ ਰਹਬੁਆਮ ਕੋਲ ਅਤੇ ਯਹੂਦਾਹ ਦੇ ਹਾਕਮਾਂ ਕੋਲ ਆਇਆ ਜੋ ਯਰੂਸ਼ਲਮ ਵਿਚ ਸ਼ੀਸ਼ਕ ਕਰਕੇ ਇਕੱਠੇ ਹੋਏ ਸਨ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਤੁਸੀਂ ਮੈਨੂੰ ਛੱਡ ਦਿੱਤਾ ਹੈ, ਇਸੇ ਕਰਕੇ ਮੈਂ ਵੀ ਤੁਹਾਨੂੰ ਛੱਡ ਕੇ+ ਸ਼ੀਸ਼ਕ ਦੇ ਹੱਥ ਵਿਚ ਦੇ ਦਿੱਤਾ ਹੈ।’” 6 ਇਹ ਸੁਣ ਕੇ ਇਜ਼ਰਾਈਲ ਦੇ ਹਾਕਮਾਂ ਅਤੇ ਰਾਜੇ ਨੇ ਆਪਣੇ ਆਪ ਨੂੰ ਨਿਮਰ ਕੀਤਾ+ ਤੇ ਕਿਹਾ: “ਯਹੋਵਾਹ ਜੋ ਕਰਦਾ ਹੈ, ਸਹੀ ਕਰਦਾ ਹੈ।” 7 ਜਦੋਂ ਯਹੋਵਾਹ ਨੇ ਦੇਖਿਆ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਨਿਮਰ ਕਰ ਲਿਆ ਹੈ, ਤਾਂ ਯਹੋਵਾਹ ਦਾ ਇਹ ਸੰਦੇਸ਼ ਸ਼ਮਾਯਾਹ ਨੂੰ ਆਇਆ: “ਉਨ੍ਹਾਂ ਨੇ ਆਪਣੇ ਆਪ ਨੂੰ ਨਿਮਰ ਕਰ ਲਿਆ ਹੈ। ਮੈਂ ਉਨ੍ਹਾਂ ਨੂੰ ਨਾਸ਼ ਨਹੀਂ ਕਰਾਂਗਾ+ ਅਤੇ ਮੈਂ ਬਹੁਤ ਜਲਦ ਉਨ੍ਹਾਂ ਨੂੰ ਛੁਡਾ ਲਵਾਂਗਾ। ਮੈਂ ਸ਼ੀਸ਼ਕ ਦੇ ਰਾਹੀਂ ਯਰੂਸ਼ਲਮ ਉੱਤੇ ਆਪਣਾ ਗੁੱਸਾ ਨਹੀਂ ਕੱਢਾਂਗਾ। 8 ਪਰ ਉਹ ਉਸ ਦੇ ਸੇਵਕ ਬਣ ਜਾਣਗੇ ਤਾਂਕਿ ਉਹ ਜਾਣ ਲੈਣ ਕਿ ਮੇਰੀ ਸੇਵਾ ਕਰਨ ਅਤੇ ਦੂਸਰੇ ਦੇਸ਼ਾਂ ਦੇ ਰਾਜਿਆਂ* ਦੀ ਸੇਵਾ ਕਰਨ ਵਿਚ ਕੀ ਫ਼ਰਕ ਹੈ।”
9 ਇਸ ਲਈ ਮਿਸਰ ਦਾ ਰਾਜਾ ਸ਼ੀਸ਼ਕ ਯਰੂਸ਼ਲਮ ਵਿਰੁੱਧ ਆਇਆ। ਉਸ ਨੇ ਯਹੋਵਾਹ ਦੇ ਭਵਨ ਦੇ ਖ਼ਜ਼ਾਨੇ+ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨੇ ਲੁੱਟ ਲਏ। ਉਸ ਨੇ ਸਾਰਾ ਕੁਝ ਲੁੱਟ ਲਿਆ, ਸੋਨੇ ਦੀਆਂ ਉਹ ਢਾਲਾਂ ਵੀ ਜੋ ਸੁਲੇਮਾਨ ਨੇ ਬਣਾਈਆਂ ਸਨ।+ 10 ਇਸ ਲਈ ਰਾਜਾ ਰਹਬੁਆਮ ਨੇ ਉਨ੍ਹਾਂ ਦੀ ਜਗ੍ਹਾ ਤਾਂਬੇ ਦੀਆਂ ਢਾਲਾਂ ਬਣਾਈਆਂ ਅਤੇ ਪਹਿਰੇਦਾਰਾਂ* ਦੇ ਪ੍ਰਧਾਨਾਂ ਦੇ ਹਵਾਲੇ ਕਰ ਦਿੱਤੀਆਂ ਜੋ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਪਹਿਰਾ ਦਿੰਦੇ ਸਨ। 11 ਜਦੋਂ ਵੀ ਰਾਜਾ ਯਹੋਵਾਹ ਦੇ ਭਵਨ ਵਿਚ ਆਉਂਦਾ ਸੀ, ਤਾਂ ਪਹਿਰੇਦਾਰ ਆ ਕੇ ਢਾਲਾਂ ਲੈ ਲੈਂਦੇ ਸਨ ਤੇ ਬਾਅਦ ਵਿਚ ਇਨ੍ਹਾਂ ਨੂੰ ਵਾਪਸ ਪਹਿਰੇਦਾਰਾਂ ਦੀ ਕੋਠੜੀ ਵਿਚ ਰੱਖ ਦਿੰਦੇ ਸਨ। 12 ਕਿਉਂਕਿ ਰਾਜੇ ਨੇ ਆਪਣੇ ਆਪ ਨੂੰ ਨਿਮਰ ਕੀਤਾ ਸੀ, ਇਸ ਲਈ ਯਹੋਵਾਹ ਦਾ ਕ੍ਰੋਧ ਉਸ ਉੱਤੇ ਨਹੀਂ ਭੜਕਿਆ+ ਤੇ ਉਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਸ਼ ਨਹੀਂ ਕੀਤਾ।+ ਇਸ ਤੋਂ ਇਲਾਵਾ, ਯਹੂਦਾਹ ਵਿਚ ਕੁਝ ਚੰਗੀਆਂ ਗੱਲਾਂ ਵੀ ਦੇਖਣ ਨੂੰ ਮਿਲੀਆਂ।+
13 ਰਾਜਾ ਰਹਬੁਆਮ ਯਰੂਸ਼ਲਮ ਵਿਚ ਤਾਕਤਵਰ ਹੁੰਦਾ ਗਿਆ ਤੇ ਉਹ ਰਾਜ ਕਰਦਾ ਰਿਹਾ; ਰਹਬੁਆਮ 41 ਸਾਲ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ 17 ਸਾਲ ਯਰੂਸ਼ਲਮ ਵਿਚ ਰਾਜ ਕੀਤਾ, ਹਾਂ, ਉਸ ਸ਼ਹਿਰ ਵਿਚ ਜਿਸ ਨੂੰ ਯਹੋਵਾਹ ਨੇ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਸੀ ਕਿ ਉਸ ਦਾ ਨਾਂ ਉੱਥੇ ਰਹੇ। ਰਾਜੇ ਦੀ ਮਾਤਾ ਦਾ ਨਾਂ ਨਾਮਾਹ ਸੀ ਜੋ ਇਕ ਅੰਮੋਨਣ ਸੀ।+ 14 ਪਰ ਉਸ ਨੇ ਉਹੀ ਕੀਤਾ ਜੋ ਬੁਰਾ ਸੀ ਕਿਉਂਕਿ ਉਸ ਨੇ ਆਪਣੇ ਦਿਲ ਵਿਚ ਯਹੋਵਾਹ ਨੂੰ ਭਾਲਣ ਦੀ ਨਹੀਂ ਠਾਣੀ ਸੀ।+
15 ਰਹਬੁਆਮ ਦੀ ਬਾਕੀ ਕਹਾਣੀ, ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਵੰਸ਼ਾਵਲੀ ਵਿਚ ਦਰਜ ਹੈ ਜੋ ਸ਼ਮਾਯਾਹ ਨਬੀ ਦੀਆਂ ਲਿਖਤਾਂ+ ਅਤੇ ਦਰਸ਼ੀ ਇੱਦੋ ਦੀਆਂ ਲਿਖਤਾਂ+ ਦਾ ਹਿੱਸਾ ਹੈ। ਰਹਬੁਆਮ ਅਤੇ ਯਾਰਾਬੁਆਮ ਵਿਚਕਾਰ ਲਗਾਤਾਰ ਯੁੱਧ ਚੱਲਦੇ ਰਹੇ।+ 16 ਫਿਰ ਰਹਬੁਆਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਤੇ ਉਸ ਨੂੰ ਦਾਊਦ ਦੇ ਸ਼ਹਿਰ+ ਵਿਚ ਦਫ਼ਨਾ ਦਿੱਤਾ ਗਿਆ; ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਅਬੀਯਾਹ+ ਰਾਜਾ ਬਣ ਗਿਆ।