ਯਸਾਯਾਹ
39 ਉਸ ਸਮੇਂ ਬਾਬਲ ਦੇ ਰਾਜੇ ਮਰੋਦਕ-ਬਲਦਾਨ ਨੇ, ਜੋ ਬਲਦਾਨ ਦਾ ਪੁੱਤਰ ਸੀ, ਹਿਜ਼ਕੀਯਾਹ ਨੂੰ ਚਿੱਠੀਆਂ ਅਤੇ ਇਕ ਤੋਹਫ਼ਾ ਘੱਲਿਆ+ ਕਿਉਂਕਿ ਉਸ ਨੇ ਸੁਣਿਆ ਸੀ ਕਿ ਉਹ ਬੀਮਾਰ ਸੀ ਤੇ ਹੁਣ ਠੀਕ ਹੋ ਗਿਆ ਹੈ।+ 2 ਹਿਜ਼ਕੀਯਾਹ ਨੇ ਉਨ੍ਹਾਂ ਦਾ ਖ਼ੁਸ਼ੀ-ਖ਼ੁਸ਼ੀ ਸੁਆਗਤ ਕੀਤਾ* ਅਤੇ ਉਨ੍ਹਾਂ ਨੂੰ ਆਪਣਾ ਖ਼ਜ਼ਾਨਾ ਦਿਖਾਇਆ+—ਚਾਂਦੀ, ਸੋਨਾ, ਬਲਸਾਨ ਦਾ ਤੇਲ ਤੇ ਹੋਰ ਕਿਸਮ ਦਾ ਕੀਮਤੀ ਤੇਲ, ਹਥਿਆਰਾਂ ਦਾ ਸਾਰਾ ਭੰਡਾਰ ਅਤੇ ਉਹ ਸਭ ਕੁਝ ਜੋ ਉਸ ਦੇ ਖ਼ਜ਼ਾਨਿਆਂ ਵਿਚ ਸੀ। ਉਸ ਦੇ ਮਹਿਲ ਵਿਚ ਅਤੇ ਉਸ ਦੇ ਸਾਰੇ ਰਾਜ ਵਿਚ ਅਜਿਹੀ ਕੋਈ ਚੀਜ਼ ਨਹੀਂ ਸੀ ਜੋ ਹਿਜ਼ਕੀਯਾਹ ਨੇ ਉਨ੍ਹਾਂ ਨੂੰ ਨਾ ਦਿਖਾਈ ਹੋਵੇ।
3 ਇਸ ਤੋਂ ਬਾਅਦ ਯਸਾਯਾਹ ਨਬੀ ਰਾਜਾ ਹਿਜ਼ਕੀਯਾਹ ਕੋਲ ਆਇਆ ਤੇ ਉਸ ਨੂੰ ਪੁੱਛਿਆ: “ਇਹ ਆਦਮੀ ਕੀ ਕਹਿੰਦੇ ਸਨ ਤੇ ਇਹ ਕਿੱਥੋਂ ਆਏ ਸਨ?” ਹਿਜ਼ਕੀਯਾਹ ਨੇ ਜਵਾਬ ਦਿੱਤਾ: “ਇਹ ਦੂਰ-ਦੁਰੇਡੇ ਦੇਸ਼ ਬਾਬਲ ਤੋਂ ਆਏ ਸਨ।”+ 4 ਫਿਰ ਉਸ ਨੇ ਪੁੱਛਿਆ: “ਉਨ੍ਹਾਂ ਨੇ ਤੇਰੇ ਮਹਿਲ ਵਿਚ ਕੀ-ਕੀ ਦੇਖਿਆ?” ਹਿਜ਼ਕੀਯਾਹ ਨੇ ਜਵਾਬ ਦਿੱਤਾ: “ਉਨ੍ਹਾਂ ਨੇ ਮੇਰੇ ਮਹਿਲ ਵਿਚ ਸਭ ਕੁਝ ਦੇਖਿਆ। ਮੇਰੇ ਖ਼ਜ਼ਾਨਿਆਂ ਵਿਚ ਅਜਿਹੀ ਕੋਈ ਚੀਜ਼ ਨਹੀਂ ਜੋ ਮੈਂ ਉਨ੍ਹਾਂ ਨੂੰ ਨਾ ਦਿਖਾਈ ਹੋਵੇ।”
5 ਫਿਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਕਿਹਾ: “ਸੈਨਾਵਾਂ ਦੇ ਯਹੋਵਾਹ ਦਾ ਸੰਦੇਸ਼ ਸੁਣ, 6 ‘ਦੇਖ! ਉਹ ਦਿਨ ਆ ਰਹੇ ਹਨ ਜਦੋਂ ਉਹ ਸਭ ਕੁਝ ਜੋ ਤੇਰੇ ਮਹਿਲ ਵਿਚ ਹੈ ਅਤੇ ਉਹ ਸਭ ਕੁਝ ਜੋ ਤੇਰੇ ਪਿਉ-ਦਾਦਿਆਂ ਨੇ ਅੱਜ ਤਕ ਇਕੱਠਾ ਕੀਤਾ ਹੈ, ਬਾਬਲ ਨੂੰ ਲਿਜਾਇਆ ਜਾਵੇਗਾ। ਕੁਝ ਵੀ ਨਹੀਂ ਬਚੇਗਾ,’+ ਯਹੋਵਾਹ ਕਹਿੰਦਾ ਹੈ।+ 7 ‘ਨਾਲੇ ਤੇਰੇ ਕੁਝ ਪੁੱਤਰਾਂ ਨੂੰ, ਜੋ ਤੇਰੇ ਤੋਂ ਪੈਦਾ ਹੋਣਗੇ, ਲਿਜਾਇਆ ਜਾਵੇਗਾ ਅਤੇ ਉਹ ਬਾਬਲ ਦੇ ਰਾਜੇ ਦੇ ਮਹਿਲ ਵਿਚ ਦਰਬਾਰੀ ਬਣ ਜਾਣਗੇ।’”+
8 ਇਹ ਸੁਣ ਕੇ ਹਿਜ਼ਕੀਯਾਹ ਨੇ ਯਸਾਯਾਹ ਨੂੰ ਕਿਹਾ: “ਯਹੋਵਾਹ ਦਾ ਇਹ ਬਚਨ ਜੋ ਤੂੰ ਮੈਨੂੰ ਦੱਸਿਆ ਹੈ, ਚੰਗਾ ਹੈ।” ਉਸ ਨੇ ਅੱਗੇ ਕਿਹਾ: “ਕਿਉਂਕਿ ਮੇਰੀ ਜ਼ਿੰਦਗੀ* ਦੌਰਾਨ ਸ਼ਾਂਤੀ ਰਹੇਗੀ ਅਤੇ ਉਥਲ-ਪੁਥਲ ਨਹੀਂ ਮਚੇਗੀ।”*+