ਲੇਵੀਆਂ
24 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨੂੰ ਹੁਕਮ ਦੇ ਕਿ ਉਹ ਦੀਵਿਆਂ ਵਾਸਤੇ ਜ਼ੈਤੂਨ ਦਾ ਸ਼ੁੱਧ ਤੇਲ ਲਿਆਉਣ ਤਾਂਕਿ ਦੀਵੇ ਲਗਾਤਾਰ ਬਲ਼ਦੇ ਰਹਿਣ।+ 3 ਹਾਰੂਨ ਪ੍ਰਬੰਧ ਕਰੇ ਕਿ ਮੰਡਲੀ ਦੇ ਤੰਬੂ ਵਿਚ ਗਵਾਹੀ ਦੇ ਸੰਦੂਕ ਦੇ ਲਾਗੇ ਟੰਗੇ ਪਰਦੇ ਦੇ ਬਾਹਰ ਯਹੋਵਾਹ ਸਾਮ੍ਹਣੇ ਸ਼ਾਮ ਤੋਂ ਲੈ ਕੇ ਸਵੇਰ ਤਕ ਦੀਵੇ ਜਗਦੇ ਰਹਿਣ। ਤੁਸੀਂ ਪੀੜ੍ਹੀਓ-ਪੀੜ੍ਹੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ। 4 ਉਹ ਯਹੋਵਾਹ ਸਾਮ੍ਹਣੇ ਖਾਲਸ ਸੋਨੇ ਦੇ ਸ਼ਮਾਦਾਨ+ ਉੱਤੇ ਰੱਖੇ ਦੀਵਿਆਂ ਦੀ ਹਮੇਸ਼ਾ ਸਾਂਭ-ਸੰਭਾਲ ਕਰੇ।
5 “ਤੂੰ ਮੈਦਾ ਲੈ ਕੇ ਤੰਦੂਰ ਵਿਚ ਇਸ ਦੀਆਂ ਛੱਲੇ ਵਰਗੀਆਂ 12 ਰੋਟੀਆਂ ਬਣਾਈਂ। ਹਰ ਰੋਟੀ ਲਈ ਦੋ ਓਮਰ* ਮੈਦਾ ਵਰਤੀਂ। 6 ਤੂੰ ਯਹੋਵਾਹ ਸਾਮ੍ਹਣੇ ਰੱਖੇ ਖਾਲਸ ਸੋਨੇ ਦੇ ਮੇਜ਼+ ਉੱਤੇ ਰੋਟੀਆਂ ਦੀਆਂ ਦੋ ਤਹਿਆਂ ਬਣਾ ਕੇ ਰੱਖੀਂ। ਹਰ ਤਹਿ ਵਿਚ ਛੇ-ਛੇ ਰੋਟੀਆਂ ਹੋਣ।+ 7 ਤੂੰ ਹਰ ਤਹਿ ਉੱਤੇ ਸ਼ੁੱਧ ਲੋਬਾਨ ਰੱਖੀਂ ਅਤੇ ਇਸ ਨੂੰ ਰੋਟੀ ਦੀ ਜਗ੍ਹਾ ਨਿਸ਼ਾਨੀ*+ ਦੇ ਤੌਰ ਤੇ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈਂ। 8 ਉਹ ਹਰ ਸਬਤ ਦੇ ਦਿਨ ਯਹੋਵਾਹ ਸਾਮ੍ਹਣੇ ਇਹ ਰੋਟੀਆਂ ਸੁਆਰ ਕੇ ਰੱਖੇ।+ ਇਜ਼ਰਾਈਲੀ ਪੀੜ੍ਹੀਓ-ਪੀੜ੍ਹੀ ਇਸ ਨਿਯਮ ਦੀ ਪਾਲਣਾ ਕਰਨ। 9 ਇਹ ਰੋਟੀਆਂ ਹਾਰੂਨ ਅਤੇ ਉਸ ਦੇ ਪੁੱਤਰਾਂ ਦੀਆਂ ਹੋਣਗੀਆਂ+ ਅਤੇ ਉਹ ਇਨ੍ਹਾਂ ਨੂੰ ਪਵਿੱਤਰ ਜਗ੍ਹਾ* ʼਤੇ ਖਾਣ+ ਕਿਉਂਕਿ ਇਹ ਰੋਟੀਆਂ ਪੁਜਾਰੀਆਂ ਲਈ ਅੱਤ ਪਵਿੱਤਰ ਹਨ ਅਤੇ ਉਨ੍ਹਾਂ ਚੜ੍ਹਾਵਿਆਂ ਵਿੱਚੋਂ ਹਨ ਜੋ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਏ ਜਾਂਦੇ ਹਨ। ਇਸ ਨਿਯਮ ਦੀ ਹਮੇਸ਼ਾ ਪਾਲਣਾ ਕੀਤੀ ਜਾਵੇ।”
10 ਇਜ਼ਰਾਈਲੀਆਂ ਦੀ ਛਾਉਣੀ ਵਿਚ ਇਕ ਮੁੰਡਾ ਸੀ ਜਿਸ ਦੀ ਮਾਂ ਇਜ਼ਰਾਈਲੀ ਅਤੇ ਪਿਉ ਮਿਸਰੀ ਸੀ।+ ਉਸ ਦਾ ਛਾਉਣੀ ਵਿਚ ਕਿਸੇ ਇਜ਼ਰਾਈਲੀ ਆਦਮੀ ਨਾਲ ਝਗੜਾ ਹੋ ਗਿਆ। 11 ਉਸ ਇਜ਼ਰਾਈਲੀ ਔਰਤ ਦਾ ਮੁੰਡਾ ਪਰਮੇਸ਼ੁਰ ਦੇ ਨਾਂ ਦਾ ਨਿਰਾਦਰ ਕਰਨ ਲੱਗ ਪਿਆ ਅਤੇ ਸਰਾਪ ਦੇਣ ਲੱਗ ਪਿਆ।+ ਇਸ ਲਈ ਉਹ ਉਸ ਨੂੰ ਮੂਸਾ ਕੋਲ ਲਿਆਏ।+ ਉਸ ਦੀ ਮਾਂ ਦਾ ਨਾਂ ਸ਼ਲੋਮੀਥ ਸੀ ਜੋ ਦਾਨ ਦੇ ਗੋਤ ਵਿੱਚੋਂ ਦਿਬਰੀ ਦੀ ਧੀ ਸੀ। 12 ਯਹੋਵਾਹ ਦਾ ਫ਼ੈਸਲਾ ਪਤਾ ਲੱਗਣ ਤਕ ਉਨ੍ਹਾਂ ਨੇ ਉਸ ਨੂੰ ਬੰਦੀ ਬਣਾ ਕੇ ਰੱਖਿਆ।+
13 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: 14 “ਉਸ ਮੁੰਡੇ ਨੂੰ ਛਾਉਣੀ ਤੋਂ ਬਾਹਰ ਲਿਆਓ ਜਿਸ ਨੇ ਮੇਰੇ ਨਾਂ ਦਾ ਨਿਰਾਦਰ ਕੀਤਾ ਹੈ। ਜਿਨ੍ਹਾਂ ਨੇ ਉਸ ਨੂੰ ਸਰਾਪ ਦਿੰਦਿਆਂ ਸੁਣਿਆ ਸੀ, ਉਹ ਉਸ ਦੇ ਸਿਰ ਉੱਤੇ ਆਪਣੇ ਹੱਥ ਰੱਖਣ ਅਤੇ ਫਿਰ ਸਾਰੀ ਮੰਡਲੀ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਸੁੱਟੇ।+ 15 ਤੂੰ ਇਜ਼ਰਾਈਲੀਆਂ ਨੂੰ ਕਹਿ, ‘ਜਿਹੜਾ ਵੀ ਇਨਸਾਨ ਆਪਣੇ ਪਰਮੇਸ਼ੁਰ ਨੂੰ ਸਰਾਪ ਦਿੰਦਾ ਹੈ, ਉਸ ਨੂੰ ਆਪਣੇ ਪਾਪ ਦਾ ਅੰਜਾਮ ਭੁਗਤਣਾ ਪਵੇਗਾ। 16 ਇਸ ਲਈ ਯਹੋਵਾਹ ਦੇ ਨਾਂ ਦਾ ਨਿਰਾਦਰ ਕਰਨ ਵਾਲੇ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+ ਸਾਰੀ ਮੰਡਲੀ ਉਸ ਨੂੰ ਜ਼ਰੂਰ ਪੱਥਰਾਂ ਨਾਲ ਮਾਰ ਸੁੱਟੇ। ਚਾਹੇ ਉਹ ਪਰਦੇਸੀ ਹੋਵੇ ਜਾਂ ਪੈਦਾਇਸ਼ੀ ਇਜ਼ਰਾਈਲੀ, ਪਰਮੇਸ਼ੁਰ ਦੇ ਨਾਂ ਦਾ ਨਿਰਾਦਰ ਕਰਨ ਵਾਲੇ ਨੂੰ ਜਾਨੋਂ ਮਾਰ ਦਿੱਤਾ ਜਾਵੇ।
17 “‘ਜੇ ਕੋਈ ਆਦਮੀ ਕਿਸੇ ਇਨਸਾਨ ਦੀ ਜਾਨ ਲੈਂਦਾ ਹੈ, ਤਾਂ ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+ 18 ਜੇ ਕੋਈ ਕਿਸੇ ਦੇ ਪਾਲਤੂ ਪਸ਼ੂ ਨੂੰ ਮਾਰ ਸੁੱਟਦਾ ਹੈ, ਤਾਂ ਉਹ ਇਸ ਦਾ ਹਰਜਾਨਾ ਭਰੇ, ਜਾਨਵਰ ਦੇ ਬਦਲੇ ਜਾਨਵਰ। 19 ਜੇ ਕੋਈ ਆਦਮੀ ਕਿਸੇ ਨੂੰ ਜ਼ਖ਼ਮੀ ਕਰ ਦਿੰਦਾ ਹੈ, ਤਾਂ ਉਸ ਨਾਲ ਵੀ ਉਹੀ ਕੀਤਾ ਜਾਵੇ ਜੋ ਉਸ ਨੇ ਕੀਤਾ ਹੈ।+ 20 ਹੱਡੀ ਦੇ ਬਦਲੇ ਹੱਡੀ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹਾਂ, ਉਸ ਨੇ ਜੋ ਸੱਟ ਮਾਰੀ ਹੈ, ਉਸ ਨੂੰ ਵੀ ਉਹੀ ਸੱਟ ਮਾਰੀ ਜਾਵੇ।+ 21 ਜਿਹੜਾ ਆਦਮੀ ਕਿਸੇ ਦੇ ਪਾਲਤੂ ਪਸ਼ੂ ਦੀ ਜਾਨ ਲੈਂਦਾ ਹੈ, ਉਹ ਇਸ ਦਾ ਹਰਜਾਨਾ ਭਰੇ।+ ਪਰ ਜਿਹੜਾ ਕਿਸੇ ਇਨਸਾਨ ਦੀ ਜਾਨ ਲੈਂਦਾ ਹੈ, ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ।+
22 “‘ਤੁਹਾਡੇ ਸਾਰਿਆਂ ਉੱਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਵੇਗਾ, ਚਾਹੇ ਤੁਸੀਂ ਪਰਦੇਸੀ ਹੋ ਜਾਂ ਪੈਦਾਇਸ਼ੀ ਇਜ਼ਰਾਈਲੀ+ ਕਿਉਂਕਿ ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ।’”
23 ਫਿਰ ਮੂਸਾ ਨੇ ਇਜ਼ਰਾਈਲੀਆਂ ਨਾਲ ਗੱਲ ਕੀਤੀ ਅਤੇ ਉਹ ਉਸ ਮੁੰਡੇ ਨੂੰ ਛਾਉਣੀ ਤੋਂ ਬਾਹਰ ਲਿਆਏ ਜਿਸ ਨੇ ਪਰਮੇਸ਼ੁਰ ਦੇ ਨਾਂ ਦਾ ਨਿਰਾਦਰ ਕੀਤਾ ਸੀ ਅਤੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ।+ ਇਸ ਤਰ੍ਹਾਂ ਇਜ਼ਰਾਈਲੀਆਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।