ਅੱਯੂਬ
1 ਊਸ ਨਾਂ ਦੇ ਦੇਸ਼ ਵਿਚ ਇਕ ਆਦਮੀ ਸੀ ਜਿਸ ਦਾ ਨਾਂ ਅੱਯੂਬ*+ ਸੀ। ਉਹ ਨੇਕ ਤੇ ਖਰਾ ਇਨਸਾਨ ਸੀ;*+ ਉਹ ਪਰਮੇਸ਼ੁਰ ਤੋਂ ਡਰਦਾ ਤੇ ਬੁਰਾਈ ਤੋਂ ਦੂਰ ਰਹਿੰਦਾ ਸੀ।+ 2 ਉਸ ਦੇ ਸੱਤ ਪੁੱਤਰ ਤੇ ਤਿੰਨ ਧੀਆਂ ਹੋਈਆਂ। 3 ਉਸ ਕੋਲ 7,000 ਭੇਡਾਂ, 3,000 ਊਠ, 1,000 ਗਾਂਵਾਂ-ਬਲਦ* ਅਤੇ 500 ਗਧੇ* ਸਨ। ਨਾਲੇ ਉਸ ਕੋਲ ਬਹੁਤ ਸਾਰੇ ਨੌਕਰ-ਚਾਕਰ ਸਨ। ਇਸ ਤਰ੍ਹਾਂ ਉਹ ਪੂਰਬ ਦੇ ਸਾਰੇ ਲੋਕਾਂ ਵਿਚ ਸਭ ਤੋਂ ਵੱਡਾ ਆਦਮੀ ਬਣ ਗਿਆ।
4 ਉਸ ਦੇ ਪੁੱਤਰਾਂ ਵਿੱਚੋਂ ਹਰੇਕ ਜਣਾ ਮਿਥੇ ਹੋਏ ਦਿਨ ʼਤੇ ਆਪਣੇ ਘਰ* ਦਾਅਵਤ ਰੱਖਦਾ ਸੀ। ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਆਪਣੇ ਨਾਲ ਖਾਣ-ਪੀਣ ਲਈ ਸੱਦਦੇ ਹੁੰਦੇ ਸਨ। 5 ਦਾਅਵਤ ਦੇ ਦਿਨ ਖ਼ਤਮ ਹੋਣ ਤੋਂ ਬਾਅਦ ਅੱਯੂਬ ਉਨ੍ਹਾਂ ਨੂੰ ਬੁਲਵਾਉਂਦਾ ਸੀ ਤਾਂਕਿ ਉਨ੍ਹਾਂ ਨੂੰ ਸ਼ੁੱਧ ਕਰੇ। ਫਿਰ ਉਹ ਸਵੇਰੇ ਜਲਦੀ ਉੱਠਦਾ ਸੀ ਤੇ ਉਨ੍ਹਾਂ ਵਿੱਚੋਂ ਹਰੇਕ ਜਣੇ ਲਈ ਹੋਮ-ਬਲ਼ੀਆਂ ਚੜ੍ਹਾਉਂਦਾ ਸੀ।+ ਅੱਯੂਬ ਦਾ ਕਹਿਣਾ ਸੀ: “ਸ਼ਾਇਦ ਮੇਰੇ ਪੁੱਤਰਾਂ ਨੇ ਕੋਈ ਪਾਪ ਕੀਤਾ ਹੋਵੇ ਤੇ ਆਪਣੇ ਮਨ ਵਿਚ ਪਰਮੇਸ਼ੁਰ ਨੂੰ ਬੁਰਾ-ਭਲਾ ਕਿਹਾ ਹੋਵੇ।” ਅੱਯੂਬ ਹਮੇਸ਼ਾ ਇਸ ਤਰ੍ਹਾਂ ਕਰਦਾ ਸੀ।+
6 ਫਿਰ ਉਹ ਦਿਨ ਆਇਆ ਜਦੋਂ ਸੱਚੇ ਪਰਮੇਸ਼ੁਰ ਦੇ ਪੁੱਤਰ*+ ਯਹੋਵਾਹ ਸਾਮ੍ਹਣੇ ਹਾਜ਼ਰ ਹੋਏ+ ਤੇ ਸ਼ੈਤਾਨ+ ਵੀ ਉਨ੍ਹਾਂ ਵਿਚਕਾਰ ਹਾਜ਼ਰ ਹੋਇਆ।+
7 ਫਿਰ ਯਹੋਵਾਹ ਨੇ ਸ਼ੈਤਾਨ ਨੂੰ ਪੁੱਛਿਆ: “ਤੂੰ ਕਿੱਥੋਂ ਆਇਆਂ?” ਸ਼ੈਤਾਨ ਨੇ ਯਹੋਵਾਹ ਨੂੰ ਜਵਾਬ ਦਿੱਤਾ: “ਮੈਂ ਧਰਤੀ ਉੱਤੇ ਇੱਧਰ-ਉੱਧਰ ਘੁੰਮ-ਫਿਰ ਕੇ ਆਇਆ ਹਾਂ।”+ 8 ਯਹੋਵਾਹ ਨੇ ਸ਼ੈਤਾਨ ਨੂੰ ਕਿਹਾ: “ਕੀ ਤੂੰ ਮੇਰੇ ਸੇਵਕ ਅੱਯੂਬ ʼਤੇ ਧਿਆਨ ਦਿੱਤਾ?* ਧਰਤੀ ਉੱਤੇ ਉਸ ਵਰਗਾ ਕੋਈ ਨਹੀਂ ਹੈ। ਉਹ ਨੇਕ ਤੇ ਖਰਾ ਇਨਸਾਨ ਹੈ*+ ਜੋ ਪਰਮੇਸ਼ੁਰ ਤੋਂ ਡਰਦਾ ਤੇ ਬੁਰਾਈ ਤੋਂ ਦੂਰ ਰਹਿੰਦਾ ਹੈ।” 9 ਇਹ ਸੁਣ ਕੇ ਸ਼ੈਤਾਨ ਨੇ ਯਹੋਵਾਹ ਨੂੰ ਜਵਾਬ ਦਿੱਤਾ: “ਕੀ ਅੱਯੂਬ ਬਿਨਾਂ ਕਿਸੇ ਮਤਲਬ ਦੇ ਪਰਮੇਸ਼ੁਰ ਦਾ ਡਰ ਮੰਨਦਾ ਹੈ?+ 10 ਕੀ ਤੂੰ ਸੁਰੱਖਿਆ ਲਈ ਉਹਦੇ ਦੁਆਲੇ ਤੇ ਉਹਦੇ ਘਰ ਅਤੇ ਉਹਦੀ ਹਰ ਚੀਜ਼ ਦੁਆਲੇ ਵਾੜ ਨਹੀਂ ਲਾ ਰੱਖੀ?+ ਤੂੰ ਉਸ ਦੇ ਹੱਥਾਂ ਦੇ ਕੰਮ ʼਤੇ ਬਰਕਤ ਦਿੱਤੀ ਹੈ+ ਅਤੇ ਉਸ ਦੇ ਪਸ਼ੂ ਇੰਨੇ ਵਧ ਗਏ ਹਨ ਕਿ ਉਹ ਦੇਸ਼ ਭਰ ਵਿਚ ਫੈਲ ਗਏ ਹਨ। 11 ਹੁਣ ਜ਼ਰਾ ਆਪਣਾ ਹੱਥ ਤਾਂ ਵਧਾ ਅਤੇ ਜੋ ਕੁਝ ਉਸ ਦਾ ਹੈ, ਖੋਹ ਲੈ। ਫਿਰ ਦੇਖੀਂ, ਉਹ ਤੇਰੇ ਮੂੰਹ ʼਤੇ ਤੈਨੂੰ ਫਿਟਕਾਰੇਗਾ।” 12 ਫਿਰ ਯਹੋਵਾਹ ਨੇ ਸ਼ੈਤਾਨ ਨੂੰ ਕਿਹਾ: “ਦੇਖ! ਉਸ ਦਾ ਸਾਰਾ ਕੁਝ ਤੇਰੇ ਹੱਥ ਵਿਚ ਹੈ।* ਤੂੰ ਬੱਸ ਉਸ ਨੂੰ ਹੱਥ ਨਾ ਲਾਈਂ!” ਫਿਰ ਸ਼ੈਤਾਨ ਯਹੋਵਾਹ ਦੀ ਹਜ਼ੂਰੀ* ਵਿੱਚੋਂ ਚਲਾ ਗਿਆ।+
13 ਫਿਰ ਇਕ ਦਿਨ ਜਦੋਂ ਉਸ ਦੇ ਧੀਆਂ-ਪੁੱਤਰ ਆਪਣੇ ਸਭ ਤੋਂ ਵੱਡੇ ਭਰਾ ਦੇ ਘਰ ਖਾਣਾ ਖਾ ਰਹੇ ਸਨ ਤੇ ਦਾਖਰਸ ਪੀ ਰਹੇ ਸਨ,+ 14 ਤਾਂ ਇਕ ਆਦਮੀ ਨੇ ਅੱਯੂਬ ਕੋਲ ਆ ਕੇ ਇਹ ਖ਼ਬਰ ਦਿੱਤੀ: “ਬਲਦ ਹਲ਼ ਵਾਹ ਰਹੇ ਸਨ ਤੇ ਗਧੇ ਉਨ੍ਹਾਂ ਕੋਲ ਚਰ ਰਹੇ ਸਨ 15 ਕਿ ਸਬਾ ਦੇ ਲੋਕਾਂ ਨੇ ਹਮਲਾ ਕਰ ਦਿੱਤਾ ਤੇ ਉਨ੍ਹਾਂ ਨੂੰ ਲੈ ਗਏ ਅਤੇ ਉਨ੍ਹਾਂ ਨੇ ਤਲਵਾਰ ਨਾਲ ਨੌਕਰਾਂ ਨੂੰ ਮਾਰ ਸੁੱਟਿਆ। ਇਕੱਲਾ ਮੈਂ ਹੀ ਬਚਿਆ ਹਾਂ ਤੇ ਤੈਨੂੰ ਇਹ ਖ਼ਬਰ ਦੇਣ ਆਇਆ ਹਾਂ।”
16 ਹਾਲੇ ਉਹ ਗੱਲ ਕਰ ਹੀ ਰਿਹਾ ਸੀ ਕਿ ਇਕ ਹੋਰ ਜਣੇ ਨੇ ਆ ਕੇ ਇਹ ਖ਼ਬਰ ਦਿੱਤੀ: “ਆਕਾਸ਼ ਤੋਂ ਪਰਮੇਸ਼ੁਰ ਦੀ ਅੱਗ ਵਰ੍ਹੀ* ਜਿਸ ਨੇ ਭੇਡਾਂ ਤੇ ਨੌਕਰਾਂ ਨੂੰ ਸਾੜ ਕੇ ਭਸਮ ਕਰ ਦਿੱਤਾ! ਇਕੱਲਾ ਮੈਂ ਹੀ ਬਚਿਆ ਹਾਂ ਤੇ ਤੈਨੂੰ ਇਹ ਖ਼ਬਰ ਦੇਣ ਆਇਆ ਹਾਂ।”
17 ਉਹ ਅਜੇ ਬੋਲ ਹੀ ਰਿਹਾ ਸੀ ਕਿ ਇਕ ਹੋਰ ਜਣੇ ਨੇ ਆ ਕੇ ਖ਼ਬਰ ਦਿੱਤੀ: “ਕਸਦੀ+ ਤਿੰਨ ਟੋਲੀਆਂ ਬਣਾ ਕੇ ਆਏ ਅਤੇ ਉਨ੍ਹਾਂ ਨੇ ਊਠਾਂ ʼਤੇ ਧਾਵਾ ਬੋਲ ਦਿੱਤਾ ਤੇ ਉਨ੍ਹਾਂ ਨੂੰ ਲੈ ਗਏ ਅਤੇ ਉਨ੍ਹਾਂ ਨੇ ਤਲਵਾਰ ਨਾਲ ਨੌਕਰਾਂ ਨੂੰ ਮਾਰ ਸੁੱਟਿਆ। ਇਕੱਲਾ ਮੈਂ ਹੀ ਬਚਿਆ ਹਾਂ ਤੇ ਤੈਨੂੰ ਇਹ ਖ਼ਬਰ ਦੇਣ ਆਇਆ ਹਾਂ।”
18 ਉਹ ਹਾਲੇ ਗੱਲ ਕਰ ਹੀ ਰਿਹਾ ਸੀ ਕਿ ਇਕ ਹੋਰ ਜਣੇ ਨੇ ਆ ਕੇ ਖ਼ਬਰ ਦਿੱਤੀ: “ਤੇਰੇ ਧੀਆਂ-ਪੁੱਤਰ ਆਪਣੇ ਸਭ ਤੋਂ ਵੱਡੇ ਭਰਾ ਦੇ ਘਰ ਖਾਣਾ ਖਾ ਰਹੇ ਸਨ ਤੇ ਦਾਖਰਸ ਪੀ ਰਹੇ ਸਨ। 19 ਅਚਾਨਕ ਉਜਾੜ ਵੱਲੋਂ ਇਕ ਜ਼ੋਰਦਾਰ ਹਨੇਰੀ ਆਈ ਤੇ ਇਹ ਘਰ ਦੇ ਚਾਰਾਂ ਖੂੰਜਿਆਂ ਨਾਲ ਅਜਿਹੀ ਟਕਰਾਈ ਕਿ ਘਰ ਉਨ੍ਹਾਂ ਨੌਜਵਾਨਾਂ ਉੱਤੇ ਡਿਗ ਗਿਆ ਤੇ ਉਹ ਮਰ ਗਏ। ਇਕੱਲਾ ਮੈਂ ਹੀ ਬਚਿਆ ਹਾਂ ਤੇ ਤੈਨੂੰ ਇਹ ਖ਼ਬਰ ਦੇਣ ਆਇਆ ਹਾਂ।”
20 ਇਹ ਸੁਣ ਕੇ ਅੱਯੂਬ ਉੱਠਿਆ ਤੇ ਉਸ ਨੇ ਆਪਣੇ ਕੱਪੜੇ ਪਾੜੇ ਅਤੇ ਆਪਣਾ ਸਿਰ ਮੁੰਨਾ ਲਿਆ; ਫਿਰ ਉਸ ਨੇ ਜ਼ਮੀਨ ʼਤੇ ਡਿਗ ਕੇ ਮੱਥਾ ਟੇਕਿਆ 21 ਤੇ ਕਿਹਾ:
“ਮੈਂ ਆਪਣੀ ਮਾਂ ਦੀ ਕੁੱਖੋਂ ਨੰਗਾ ਆਇਆ ਸੀ
ਅਤੇ ਨੰਗਾ ਹੀ ਵਾਪਸ ਜਾਵਾਂਗਾ।+
ਯਹੋਵਾਹ ਨੇ ਦਿੱਤਾ+ ਤੇ ਯਹੋਵਾਹ ਨੇ ਹੀ ਲੈ ਲਿਆ।
ਯਹੋਵਾਹ ਦੇ ਨਾਂ ਦੀ ਵਡਿਆਈ ਹੁੰਦੀ ਰਹੇ।”
22 ਇਹ ਸਾਰਾ ਕੁਝ ਹੋਣ ਤੇ ਵੀ ਅੱਯੂਬ ਨੇ ਪਾਪ ਨਹੀਂ ਕੀਤਾ ਤੇ ਨਾ ਹੀ ਪਰਮੇਸ਼ੁਰ ਉੱਤੇ ਕੁਝ ਗ਼ਲਤ ਕਰਨ ਦਾ ਦੋਸ਼ ਲਾਇਆ।