ਗਿਣਤੀ
19 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਅੱਗੇ ਕਿਹਾ: 2 “ਯਹੋਵਾਹ ਨੇ ਇਹ ਕਾਨੂੰਨ ਦਿੱਤਾ ਹੈ, ‘ਇਜ਼ਰਾਈਲੀਆਂ ਨੂੰ ਕਹਿ ਕਿ ਉਹ ਤੇਰੇ ਕੋਲ ਇਕ ਲਾਲ ਨਰੋਈ ਗਾਂ ਲਿਆਉਣ ਜਿਸ ਵਿਚ ਕੋਈ ਨੁਕਸ ਨਾ ਹੋਵੇ+ ਅਤੇ ਜਿਸ ਦੀ ਧੌਣ ʼਤੇ ਜੂਲਾ ਨਾ ਰੱਖਿਆ ਗਿਆ ਹੋਵੇ। 3 ਤੂੰ ਇਹ ਗਾਂ ਪੁਜਾਰੀ ਅਲਆਜ਼ਾਰ ਨੂੰ ਦੇਈਂ ਅਤੇ ਉਹ ਉਸ ਨੂੰ ਛਾਉਣੀ ਤੋਂ ਬਾਹਰ ਲੈ ਜਾਵੇ ਅਤੇ ਉਸ ਦੇ ਸਾਮ੍ਹਣੇ ਗਾਂ ਨੂੰ ਵੱਢਿਆ ਜਾਵੇ। 4 ਫਿਰ ਪੁਜਾਰੀ ਅਲਆਜ਼ਾਰ ਆਪਣੀ ਉਂਗਲ ʼਤੇ ਗਾਂ ਦਾ ਥੋੜ੍ਹਾ ਜਿਹਾ ਖ਼ੂਨ ਲਾ ਕੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਵੱਲ ਸੱਤ ਵਾਰ ਛਿੜਕੇ।+ 5 ਫਿਰ ਗਾਂ ਨੂੰ ਉਸ ਦੀਆਂ ਅੱਖਾਂ ਸਾਮ੍ਹਣੇ ਸਾੜ ਦਿੱਤਾ ਜਾਵੇ। ਗਾਂ ਦਾ ਸਭ ਕੁਝ ਸਾੜ ਦਿੱਤਾ ਜਾਵੇ ਯਾਨੀ ਉਸ ਦੀ ਚਮੜੀ, ਮਾਸ, ਖ਼ੂਨ ਤੇ ਗੋਹਾ।+ 6 ਫਿਰ ਪੁਜਾਰੀ ਅਲਆਜ਼ਾਰ ਦਿਆਰ ਦੀ ਲੱਕੜ, ਜ਼ੂਫੇ ਦੀ ਟਾਹਣੀ+ ਅਤੇ ਗੂੜ੍ਹੇ ਲਾਲ ਰੰਗ ਦਾ ਧਾਗਾ ਲੈ ਕੇ ਅੱਗ ਵਿਚ ਸੁੱਟ ਦੇਵੇ ਜਿਸ ਵਿਚ ਗਾਂ ਨੂੰ ਸਾੜਿਆ ਜਾ ਰਿਹਾ ਹੈ। 7 ਫਿਰ ਪੁਜਾਰੀ ਆਪਣੇ ਕੱਪੜੇ ਧੋਵੇ ਅਤੇ ਨਹਾਵੇ। ਇਸ ਤੋਂ ਬਾਅਦ ਉਹ ਛਾਉਣੀ ਵਿਚ ਆ ਸਕਦਾ ਹੈ; ਪਰ ਉਹ ਸ਼ਾਮ ਤਕ ਅਸ਼ੁੱਧ ਰਹੇਗਾ।
8 “‘ਜਿਸ ਨੇ ਗਾਂ ਨੂੰ ਸਾੜਿਆ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ। ਉਹ ਸ਼ਾਮ ਤਕ ਅਸ਼ੁੱਧ ਰਹੇਗਾ।
9 “‘ਇਕ ਸ਼ੁੱਧ ਆਦਮੀ ਗਾਂ ਦੀ ਸੁਆਹ+ ਇਕੱਠੀ ਕਰ ਕੇ ਛਾਉਣੀ ਤੋਂ ਬਾਹਰ ਕਿਸੇ ਸਾਫ਼ ਜਗ੍ਹਾ ਸੁੱਟੇ। ਇਜ਼ਰਾਈਲ ਦੀ ਮੰਡਲੀ ਇਹ ਸੁਆਹ ਰੱਖੇ ਤਾਂਕਿ ਇਸ ਤੋਂ ਸ਼ੁੱਧ ਕਰਨ ਵਾਲਾ ਪਾਣੀ ਤਿਆਰ ਕੀਤਾ ਜਾ ਸਕੇ।+ ਇਹ ਪਾਪ-ਬਲ਼ੀ ਹੈ। 10 ਗਾਂ ਦੀ ਸੁਆਹ ਇਕੱਠੀ ਕਰਨ ਵਾਲਾ ਆਦਮੀ ਆਪਣੇ ਕੱਪੜੇ ਧੋਵੇ ਅਤੇ ਨਹਾਵੇ। ਉਹ ਸ਼ਾਮ ਤਕ ਅਸ਼ੁੱਧ ਰਹੇਗਾ।
“‘ਇਹ ਕਾਨੂੰਨ ਇਜ਼ਰਾਈਲੀਆਂ ਅਤੇ ਉਨ੍ਹਾਂ ਵਿਚ ਰਹਿੰਦੇ ਪਰਦੇਸੀਆਂ ਦੋਵਾਂ ਉੱਤੇ ਹਮੇਸ਼ਾ ਲਾਗੂ ਹੋਵੇਗਾ।+ 11 ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਵਾਲਾ ਸੱਤ ਦਿਨਾਂ ਤਕ ਅਸ਼ੁੱਧ ਰਹੇਗਾ।+ 12 ਉਹ ਤੀਸਰੇ ਦਿਨ ਸ਼ੁੱਧ ਕਰਨ ਵਾਲੇ ਪਾਣੀ ਨਾਲ ਆਪਣੇ ਆਪ ਨੂੰ ਸ਼ੁੱਧ ਕਰੇ ਅਤੇ ਉਹ ਸੱਤਵੇਂ ਦਿਨ ਸ਼ੁੱਧ ਹੋ ਜਾਵੇਗਾ। ਪਰ ਜੇ ਉਹ ਤੀਸਰੇ ਦਿਨ ਆਪਣੇ ਆਪ ਨੂੰ ਸ਼ੁੱਧ ਨਹੀਂ ਕਰਦਾ, ਤਾਂ ਉਹ ਸੱਤਵੇਂ ਦਿਨ ਸ਼ੁੱਧ ਨਹੀਂ ਹੋਵੇਗਾ। 13 ਜੇ ਕਿਸੇ ਇਨਸਾਨ ਦੀ ਲਾਸ਼ ਨੂੰ ਛੂਹਣ ਵਾਲਾ ਆਪਣੇ ਆਪ ਨੂੰ ਸ਼ੁੱਧ ਨਹੀਂ ਕਰਦਾ, ਤਾਂ ਉਹ ਯਹੋਵਾਹ ਦੇ ਡੇਰੇ ਨੂੰ ਭ੍ਰਿਸ਼ਟ ਕਰਦਾ ਹੈ।+ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।+ ਉਸ ਉੱਤੇ ਸ਼ੁੱਧ ਕਰਨ ਵਾਲਾ ਪਾਣੀ+ ਨਹੀਂ ਛਿੜਕਿਆ ਗਿਆ ਹੈ, ਇਸ ਲਈ ਉਹ ਅਸ਼ੁੱਧ ਹੈ ਅਤੇ ਅਸ਼ੁੱਧ ਹੀ ਰਹੇਗਾ।
14 “‘ਇਹ ਕਾਨੂੰਨ ਉਦੋਂ ਲਾਗੂ ਹੋਵੇਗਾ ਜਦੋਂ ਤੰਬੂ ਵਿਚ ਕਿਸੇ ਦੀ ਮੌਤ ਹੁੰਦੀ ਹੈ: ਜਿਹੜਾ ਵੀ ਉਸ ਤੰਬੂ ਵਿਚ ਜਾਂਦਾ ਹੈ ਅਤੇ ਜਿਹੜਾ ਪਹਿਲਾਂ ਹੀ ਉਸ ਤੰਬੂ ਵਿਚ ਸੀ, ਉਹ ਸੱਤ ਦਿਨਾਂ ਤਕ ਅਸ਼ੁੱਧ ਰਹੇਗਾ। 15 ਤੰਬੂ ਵਿਚ ਰੱਖਿਆ ਹਰ ਭਾਂਡਾ ਅਸ਼ੁੱਧ ਹੋਵੇਗਾ ਜਿਸ ਦਾ ਢੱਕਣ ਨਾ ਬੰਦ ਕੀਤਾ ਹੋਵੇ।*+ 16 ਉਹ ਵਿਅਕਤੀ ਸੱਤ ਦਿਨਾਂ ਤਕ ਅਸ਼ੁੱਧ ਰਹੇਗਾ ਜਿਹੜਾ ਬਾਹਰ ਤਲਵਾਰ ਨਾਲ ਮਾਰੇ ਗਏ ਜਾਂ ਕੁਦਰਤੀ ਮੌਤ ਮਰੇ ਇਨਸਾਨ ਦੀ ਲਾਸ਼ ਨੂੰ ਛੂੰਹਦਾ ਹੈ ਜਾਂ ਕਿਸੇ ਇਨਸਾਨ ਦੀ ਹੱਡੀ ਜਾਂ ਕਬਰ ਨੂੰ ਛੂੰਹਦਾ ਹੈ।+ 17 ਉਹ ਉਸ ਅਸ਼ੁੱਧ ਵਿਅਕਤੀ ਲਈ ਪਾਪ-ਬਲ਼ੀ ਦੀ ਥੋੜ੍ਹੀ ਜਿਹੀ ਸੁਆਹ ਲੈਣ ਅਤੇ ਇਕ ਭਾਂਡੇ ਵਿਚ ਪਾ ਕੇ ਉਸ ਵਿਚ ਤਾਜ਼ਾ ਪਾਣੀ ਪਾਉਣ। 18 ਫਿਰ ਇਕ ਸ਼ੁੱਧ ਆਦਮੀ+ ਜ਼ੂਫੇ ਦੀ ਟਾਹਣੀ+ ਲੈ ਕੇ ਉਸ ਪਾਣੀ ਵਿਚ ਡੋਬੇ ਅਤੇ ਉਹ ਪਾਣੀ ਤੰਬੂ ਉੱਤੇ, ਸਾਰੇ ਭਾਂਡਿਆਂ ਉੱਤੇ, ਤੰਬੂ ਵਿਚ ਮੌਜੂਦ ਲੋਕਾਂ ਉੱਤੇ ਛਿੜਕੇ। ਉਹ ਉਸ ਵਿਅਕਤੀ ਉੱਤੇ ਵੀ ਛਿੜਕੇ ਜਿਸ ਨੇ ਤਲਵਾਰ ਨਾਲ ਮਾਰੇ ਗਏ ਜਾਂ ਕੁਦਰਤੀ ਮੌਤ ਮਰੇ ਇਨਸਾਨ ਦੀ ਲਾਸ਼ ਨੂੰ ਛੂਹਿਆ ਸੀ ਜਾਂ ਕਿਸੇ ਇਨਸਾਨ ਦੀ ਹੱਡੀ ਜਾਂ ਕਬਰ ਨੂੰ ਛੂਹਿਆ ਸੀ। 19 ਸ਼ੁੱਧ ਆਦਮੀ ਉਸ ਅਸ਼ੁੱਧ ਇਨਸਾਨ ਉੱਤੇ ਤੀਸਰੇ ਅਤੇ ਸੱਤਵੇਂ ਦਿਨ ਉਹ ਪਾਣੀ ਛਿੜਕੇ। ਉਹ ਸੱਤਵੇਂ ਦਿਨ ਉਸ ਨੂੰ ਪਾਪ ਤੋਂ ਸ਼ੁੱਧ ਕਰੇ।+ ਫਿਰ ਸ਼ੁੱਧ ਹੋਣ ਵਾਲਾ ਵਿਅਕਤੀ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਨੂੰ ਸ਼ੁੱਧ ਹੋ ਜਾਵੇਗਾ।
20 “‘ਜੇ ਕੋਈ ਅਸ਼ੁੱਧ ਇਨਸਾਨ ਆਪਣੇ ਆਪ ਨੂੰ ਸ਼ੁੱਧ ਨਹੀਂ ਕਰਦਾ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ+ ਕਿਉਂਕਿ ਉਸ ਨੇ ਯਹੋਵਾਹ ਦੇ ਡੇਰੇ ਨੂੰ ਭ੍ਰਿਸ਼ਟ ਕੀਤਾ ਹੈ। ਉਸ ਉੱਤੇ ਸ਼ੁੱਧ ਕਰਨ ਵਾਲਾ ਪਾਣੀ ਨਹੀਂ ਛਿੜਕਿਆ ਗਿਆ ਹੈ, ਇਸ ਲਈ ਉਹ ਅਸ਼ੁੱਧ ਹੈ।
21 “‘ਇਹ ਨਿਯਮ ਇਨ੍ਹਾਂ ʼਤੇ ਹਮੇਸ਼ਾ ਲਾਗੂ ਹੋਵੇਗਾ: ਜਿਹੜਾ ਵਿਅਕਤੀ ਸ਼ੁੱਧ ਕਰਨ ਵਾਲਾ ਪਾਣੀ ਛਿੜਕਦਾ ਹੈ,+ ਉਹ ਆਪਣੇ ਕੱਪੜੇ ਧੋਵੇ। ਜਿਹੜਾ ਵੀ ਸ਼ੁੱਧ ਕਰਨ ਵਾਲੇ ਪਾਣੀ ਨੂੰ ਛੂੰਹਦਾ ਹੈ, ਉਹ ਸ਼ਾਮ ਤਕ ਅਸ਼ੁੱਧ ਰਹੇਗਾ। 22 ਅਸ਼ੁੱਧ ਇਨਸਾਨ ਜਿਹੜੀ ਵੀ ਚੀਜ਼ ਨੂੰ ਛੂੰਹਦਾ ਹੈ, ਉਹ ਅਸ਼ੁੱਧ ਹੋ ਜਾਵੇਗੀ ਅਤੇ ਜਿਹੜਾ ਇਨਸਾਨ ਉਸ ਅਸ਼ੁੱਧ ਚੀਜ਼ ਨੂੰ ਛੂੰਹਦਾ ਹੈ, ਉਹ ਸ਼ਾਮ ਤਕ ਅਸ਼ੁੱਧ ਰਹੇਗਾ।’”+