ਗਲਾਤੀਆਂ ਨੂੰ ਚਿੱਠੀ
4 ਹੁਣ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਵਾਰਸ ਜਦ ਤਕ ਬੱਚਾ ਹੁੰਦਾ ਹੈ, ਉਸ ਵਿਚ ਅਤੇ ਗ਼ੁਲਾਮ ਵਿਚ ਕੋਈ ਫ਼ਰਕ ਨਹੀਂ ਹੁੰਦਾ। ਭਾਵੇਂ ਬੱਚਾ ਸਾਰੀਆਂ ਚੀਜ਼ਾਂ ਦਾ ਮਾਲਕ ਹੁੰਦਾ ਹੈ, 2 ਪਰ ਉਹ ਆਪਣੇ ਪਿਤਾ ਦੇ ਠਹਿਰਾਏ ਦਿਨ ਤਕ ਦੇਖ-ਭਾਲ ਕਰਨ ਵਾਲਿਆਂ ਅਤੇ ਘਰ ਦੇ ਪ੍ਰਬੰਧਕਾਂ ਦੇ ਅਧੀਨ ਰਹਿੰਦਾ ਹੈ। 3 ਇਸੇ ਤਰ੍ਹਾਂ ਜਦੋਂ ਅਸੀਂ ਬੱਚੇ ਸੀ, ਤਾਂ ਅਸੀਂ ਵੀ ਦੁਨੀਆਂ ਦੇ ਬੁਨਿਆਦੀ ਅਸੂਲਾਂ ਦੇ ਗ਼ੁਲਾਮ ਹੁੰਦੇ ਸੀ।+ 4 ਪਰ ਜਦੋਂ ਮਿਥਿਆ ਸਮਾਂ ਪੂਰਾ ਹੋਇਆ, ਤਾਂ ਪਰਮੇਸ਼ੁਰ ਨੇ ਆਪਣਾ ਪੁੱਤਰ ਘੱਲਿਆ ਜੋ ਇਕ ਤੀਵੀਂ ਤੋਂ ਪੈਦਾ ਹੋਇਆ ਸੀ+ ਅਤੇ ਮੂਸਾ ਦੇ ਕਾਨੂੰਨ ਦੇ ਅਧੀਨ ਸੀ+ 5 ਤਾਂਕਿ ਜਿਹੜੇ ਲੋਕ ਇਸ ਕਾਨੂੰਨ ਦੇ ਅਧੀਨ ਹਨ,+ ਉਨ੍ਹਾਂ ਨੂੰ ਖ਼ਰੀਦ ਕੇ ਛੁਡਾਇਆ ਜਾ ਸਕੇ ਅਤੇ ਸਾਨੂੰ ਪੁੱਤਰਾਂ ਵਜੋਂ ਅਪਣਾਇਆ ਜਾ ਸਕੇ।+
6 ਹੁਣ ਕਿਉਂਕਿ ਤੁਸੀਂ ਪੁੱਤਰ ਹੋ, ਇਸ ਲਈ ਪਰਮੇਸ਼ੁਰ ਨੇ ਉਹੀ ਪਵਿੱਤਰ ਸ਼ਕਤੀ+ ਤੁਹਾਡੇ ਦਿਲਾਂ ਵਿਚ ਪਾਈ ਹੈ+ ਜੋ ਉਸ ਦੇ ਪੁੱਤਰ ਕੋਲ ਹੈ। ਇਹ ਸ਼ਕਤੀ ਤੁਹਾਨੂੰ “ਅੱਬਾ,* ਹੇ ਪਿਤਾ!” ਪੁਕਾਰਨ ਲਈ ਪ੍ਰੇਰਦੀ ਹੈ।+ 7 ਇਸ ਲਈ ਹੁਣ ਤੁਸੀਂ ਗ਼ੁਲਾਮ ਨਹੀਂ ਰਹੇ, ਸਗੋਂ ਪੁੱਤਰ ਹੋ; ਜੇ ਤੁਸੀਂ ਪੁੱਤਰ ਹੋ, ਤਾਂ ਫਿਰ ਪਰਮੇਸ਼ੁਰ ਨੇ ਤੁਹਾਨੂੰ ਵਾਰਸ ਵੀ ਬਣਾਇਆ ਹੈ।+
8 ਪਰ ਜਦੋਂ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ, ਉਦੋਂ ਤੁਸੀਂ ਉਨ੍ਹਾਂ ਦੇ ਗ਼ੁਲਾਮ ਸੀ ਜੋ ਅਸਲ ਵਿਚ ਈਸ਼ਵਰ ਨਹੀਂ ਹਨ। 9 ਹੁਣ ਤੁਸੀਂ ਪਰਮੇਸ਼ੁਰ ਨੂੰ ਜਾਣਦੇ ਹੋ ਜਾਂ ਕਹਿ ਲਓ ਕਿ ਪਰਮੇਸ਼ੁਰ ਤੁਹਾਨੂੰ ਜਾਣਦਾ ਹੈ, ਤਾਂ ਫਿਰ ਤੁਸੀਂ ਬੇਕਾਰ ਤੇ ਫ਼ਜ਼ੂਲ ਦੀਆਂ ਬੁਨਿਆਦੀ ਗੱਲਾਂ ਵੱਲ ਵਾਪਸ ਕਿਉਂ ਜਾ ਰਹੇ ਹੋ+ ਅਤੇ ਦੁਬਾਰਾ ਉਨ੍ਹਾਂ ਦੀ ਗ਼ੁਲਾਮੀ ਕਿਉਂ ਕਰਨੀ ਚਾਹੁੰਦੇ ਹੋ?+ 10 ਤੁਸੀਂ, ਬਹੁਤ ਧਿਆਨ ਨਾਲ ਖ਼ਾਸ ਦਿਨ, ਮਹੀਨੇ,+ ਸਮੇਂ* ਅਤੇ ਸਾਲ ਮਨਾਉਂਦੇ ਹੋ। 11 ਮੈਨੂੰ ਡਰ ਹੈ ਕਿ ਮੈਂ ਤੁਹਾਡੇ ʼਤੇ ਜੋ ਮਿਹਨਤ ਕੀਤੀ ਹੈ, ਉਹ ਕਿਤੇ ਬੇਕਾਰ ਨਾ ਚਲੀ ਜਾਵੇ।
12 ਭਰਾਵੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਰਗੇ ਬਣੋ ਕਿਉਂਕਿ ਪਹਿਲਾਂ ਮੈਂ ਵੀ ਤੁਹਾਡੇ ਵਾਂਗ ਜੋਸ਼ ਨਾਲ ਇਨ੍ਹਾਂ ਗੱਲਾਂ ʼਤੇ ਚੱਲਦਾ ਸੀ।+ ਤੁਸੀਂ ਮੇਰੇ ਨਾਲ ਕੋਈ ਬੁਰਾ ਸਲੂਕ ਨਹੀਂ ਕੀਤਾ। 13 ਪਰ ਤੁਸੀਂ ਜਾਣਦੇ ਹੋ ਕਿ ਮੇਰੀ ਬੀਮਾਰੀ ਕਰਕੇ ਮੈਨੂੰ ਪਹਿਲੀ ਵਾਰ ਤੁਹਾਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਮੌਕਾ ਮਿਲਿਆ। 14 ਬੇਸ਼ੱਕ ਮੇਰੀ ਬੀਮਾਰੀ ਤੁਹਾਡੇ ਲਈ ਅਜ਼ਮਾਇਸ਼ ਸੀ, ਫਿਰ ਵੀ ਤੁਸੀਂ ਮੇਰੇ ਨਾਲ ਘਿਰਣਾ ਨਹੀਂ ਕੀਤੀ ਜਾਂ ਮੇਰੇ ਮੂੰਹ ʼਤੇ ਨਹੀਂ ਥੁੱਕਿਆ। ਪਰ ਤੁਸੀਂ ਮੇਰਾ ਇਸ ਤਰ੍ਹਾਂ ਸੁਆਗਤ ਕੀਤਾ ਜਿਵੇਂ ਮੈਂ ਪਰਮੇਸ਼ੁਰ ਦਾ ਦੂਤ ਹੋਵਾਂ ਜਾਂ ਮਸੀਹ ਯਿਸੂ ਹੋਵਾਂ। 15 ਤਾਂ ਫਿਰ, ਹੁਣ ਤੁਹਾਡੀ ਉਹ ਖ਼ੁਸ਼ੀ ਕਿੱਥੇ ਗਈ? ਕਿਉਂਕਿ ਮੈਨੂੰ ਪੂਰਾ ਯਕੀਨ ਹੈ ਕਿ ਜੇ ਮੁਮਕਿਨ ਹੁੰਦਾ, ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦੇਣੀਆਂ ਸਨ।+ 16 ਤਾਂ ਕੀ ਤੁਹਾਨੂੰ ਸੱਚ ਦੱਸਣ ਕਰਕੇ ਮੈਂ ਤੁਹਾਡਾ ਦੁਸ਼ਮਣ ਬਣ ਗਿਆ ਹਾਂ? 17 ਕੁਝ ਲੋਕ ਤੁਹਾਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਨ੍ਹਾਂ ਦਾ ਇਰਾਦਾ ਨੇਕ ਨਹੀਂ ਹੈ। ਉਹ ਤੁਹਾਨੂੰ ਮੇਰੇ ਤੋਂ ਦੂਰ ਕਰਨਾ ਚਾਹੁੰਦੇ ਹਨ ਤਾਂਕਿ ਤੁਸੀਂ ਬੜੇ ਜੋਸ਼ ਨਾਲ ਉਨ੍ਹਾਂ ਦੇ ਪਿੱਛੇ-ਪਿੱਛੇ ਜਾਓ। 18 ਪਰ ਜੇ ਕੋਈ ਇਨਸਾਨ ਨੇਕ ਇਰਾਦੇ ਨਾਲ ਤੁਹਾਨੂੰ ਆਪਣੇ ਵੱਲ ਖਿੱਚਣਾ ਚਾਹੇ, ਤਾਂ ਇਹ ਚੰਗੀ ਗੱਲ ਹੈ। ਉਹ ਨਾ ਸਿਰਫ਼ ਉਦੋਂ ਇਸ ਤਰ੍ਹਾਂ ਕਰੇ ਜਦੋਂ ਮੈਂ ਤੁਹਾਡੇ ਨਾਲ ਹੋਵਾਂ, ਸਗੋਂ ਹਮੇਸ਼ਾ ਕਰੇ। 19 ਮੇਰੇ ਪਿਆਰੇ ਬੱਚਿਓ,+ ਮੈਂ ਤੁਹਾਡੇ ਲਈ ਫਿਰ ਤੋਂ ਜਣਨ-ਪੀੜਾਂ ਸਹਿ ਰਿਹਾ ਹਾਂ ਅਤੇ ਉਦੋਂ ਤਕ ਸਹਿੰਦਾ ਰਹਾਂਗਾ ਜਦ ਤਕ ਤੁਹਾਡਾ ਸੁਭਾਅ ਮਸੀਹ ਵਰਗਾ ਨਹੀਂ ਹੋ ਜਾਂਦਾ। 20 ਕਾਸ਼! ਮੈਂ ਤੁਹਾਡੇ ਕੋਲ ਹੁੰਦਾ ਅਤੇ ਤੁਹਾਡੇ ਨਾਲ ਪਿਆਰ ਨਾਲ ਗੱਲ ਕਰਦਾ ਕਿਉਂਕਿ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਤੁਹਾਨੂੰ ਕਿਵੇਂ ਸਮਝਾਵਾਂ।
21 ਤੁਸੀਂ ਜਿਹੜੇ ਮੂਸਾ ਦੇ ਕਾਨੂੰਨ ਅਧੀਨ ਹੋਣਾ ਚਾਹੁੰਦੇ ਹੋ, ਮੈਨੂੰ ਦੱਸੋ, ਕੀ ਤੁਸੀਂ ਨਹੀਂ ਸੁਣਿਆ ਕਿ ਇਹ ਕਾਨੂੰਨ ਕੀ ਕਹਿੰਦਾ ਹੈ? 22 ਮਿਸਾਲ ਲਈ, ਇਸ ਵਿਚ ਲਿਖਿਆ ਹੈ ਕਿ ਅਬਰਾਹਾਮ ਦੇ ਦੋ ਪੁੱਤਰ ਸਨ, ਇਕ ਗ਼ੁਲਾਮ ਤੀਵੀਂ+ ਤੋਂ ਅਤੇ ਦੂਜਾ ਆਜ਼ਾਦ ਤੀਵੀਂ+ ਤੋਂ; 23 ਗ਼ੁਲਾਮ ਤੀਵੀਂ ਦਾ ਪੁੱਤਰ ਕੁਦਰਤੀ ਤਰੀਕੇ ਨਾਲ ਪੈਦਾ ਹੋਇਆ ਸੀ,+ ਪਰ ਆਜ਼ਾਦ ਤੀਵੀਂ ਦਾ ਪੁੱਤਰ ਪਰਮੇਸ਼ੁਰ ਦੇ ਵਾਅਦੇ ਮੁਤਾਬਕ ਪੈਦਾ ਹੋਇਆ ਸੀ।+ 24 ਇਨ੍ਹਾਂ ਗੱਲਾਂ ਦਾ ਇਕ ਹੋਰ ਮਤਲਬ ਹੈ; ਇਹ ਤੀਵੀਆਂ ਦੋ ਇਕਰਾਰਾਂ ਨੂੰ ਦਰਸਾਉਂਦੀਆਂ ਹਨ। ਇਕ ਇਕਰਾਰ ਸੀਨਈ ਪਹਾੜ+ ਉੱਤੇ ਕੀਤਾ ਗਿਆ ਸੀ ਜਿਸ ਦੇ ਅਧੀਨ ਪੈਦਾ ਹੋਣ ਵਾਲੇ ਬੱਚੇ ਗ਼ੁਲਾਮ ਹੁੰਦੇ ਹਨ ਅਤੇ ਹਾਜਰਾ ਇਸ ਇਕਰਾਰ ਨੂੰ ਦਰਸਾਉਂਦੀ ਹੈ। 25 ਹਾਜਰਾ ਅਰਬ ਦੇ ਸੀਨਈ ਪਹਾੜ ਨੂੰ ਦਰਸਾਉਂਦੀ ਹੈ+ ਅਤੇ ਉਹ ਅੱਜ ਦੇ ਯਰੂਸ਼ਲਮ ਦੇ ਸਮਾਨ ਹੈ ਕਿਉਂਕਿ ਯਰੂਸ਼ਲਮ ਅਤੇ ਇਸ ਦੇ ਬੱਚੇ* ਗ਼ੁਲਾਮ ਹਨ। 26 ਪਰ ਉੱਪਰਲਾ ਯਰੂਸ਼ਲਮ ਆਜ਼ਾਦ ਹੈ ਅਤੇ ਇਹ ਸਾਡੀ ਮਾਂ ਹੈ।
27 ਧਰਮ-ਗ੍ਰੰਥ ਵਿਚ ਲਿਖਿਆ ਹੈ: “ਹੇ ਬਾਂਝ ਤੀਵੀਂ ਜਿਸ ਦੇ ਬੱਚੇ ਨਹੀਂ ਹੋਏ, ਤੂੰ ਖ਼ੁਸ਼ੀਆਂ ਮਨਾ; ਅਤੇ ਤੂੰ ਜਿਸ ਨੂੰ ਜਣਨ-ਪੀੜਾਂ ਨਹੀਂ ਲੱਗੀਆਂ, ਉੱਚੀ ਆਵਾਜ਼ ਵਿਚ ਖ਼ੁਸ਼ੀਆਂ ਮਨਾ ਕਿਉਂਕਿ ਛੁੱਟੜ ਤੀਵੀਂ ਦੇ ਬੱਚੇ ਉਸ ਤੀਵੀਂ ਨਾਲੋਂ ਜ਼ਿਆਦਾ ਹੋਣਗੇ ਜਿਸ ਦਾ ਪਤੀ ਹੈ।”+ 28 ਭਰਾਵੋ, ਇਸਹਾਕ ਵਾਂਗ ਤੁਸੀਂ ਵੀ ਪਰਮੇਸ਼ੁਰ ਦੇ ਵਾਅਦੇ ਅਨੁਸਾਰ ਪੈਦਾ ਹੋਏ ਬੱਚੇ ਹੋ।+ 29 ਪਰ ਜਿਵੇਂ ਕੁਦਰਤੀ ਤਰੀਕੇ ਨਾਲ ਪੈਦਾ ਹੋਇਆ ਪੁੱਤਰ ਪਵਿੱਤਰ ਸ਼ਕਤੀ ਰਾਹੀਂ ਪੈਦਾ ਹੋਏ ਪੁੱਤਰ ਨੂੰ ਸਤਾਉਣ ਲੱਗ ਪਿਆ,+ ਇਸੇ ਤਰ੍ਹਾਂ ਅੱਜ ਵੀ ਹੁੰਦਾ ਹੈ।+ 30 ਪਰ ਧਰਮ-ਗ੍ਰੰਥ ਵਿਚ ਕੀ ਲਿਖਿਆ ਗਿਆ ਹੈ? “ਗ਼ੁਲਾਮ ਔਰਤ ਤੇ ਇਸ ਦੇ ਪੁੱਤਰ ਨੂੰ ਘਰੋਂ ਕੱਢ ਦੇ ਕਿਉਂਕਿ ਗ਼ੁਲਾਮ ਔਰਤ ਦਾ ਪੁੱਤਰ ਆਜ਼ਾਦ ਔਰਤ ਦੇ ਪੁੱਤਰ ਨਾਲ ਹਰਗਿਜ਼ ਵਾਰਸ ਨਹੀਂ ਬਣੇਗਾ।”+ 31 ਇਸ ਲਈ ਭਰਾਵੋ, ਅਸੀਂ ਗ਼ੁਲਾਮ ਤੀਵੀਂ ਦੇ ਬੱਚੇ ਨਹੀਂ ਹਾਂ, ਸਗੋਂ ਆਜ਼ਾਦ ਤੀਵੀਂ ਦੇ ਬੱਚੇ ਹਾਂ।