ਲੇਵੀਆਂ
15 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜੇ ਕਿਸੇ ਆਦਮੀ ਦੇ ਗੁਪਤ ਅੰਗ* ਤੋਂ ਤਰਲ ਪਦਾਰਥ ਵਹਿੰਦਾ ਹੈ, ਤਾਂ ਉਹ ਇਸ ਰੋਗ ਕਰਕੇ ਅਸ਼ੁੱਧ ਹੈ।+ 3 ਉਹ ਗੁਪਤ ਅੰਗ ਤੋਂ ਤਰਲ ਪਦਾਰਥ ਦੇ ਵਗਣ ਕਰਕੇ ਅਸ਼ੁੱਧ ਹੈ, ਭਾਵੇਂ ਇਹ ਲਗਾਤਾਰ ਵਗਦਾ ਰਹਿੰਦਾ ਹੈ ਜਾਂ ਫਿਰ ਇਸ ਕਰਕੇ ਉਸ ਦੇ ਗੁਪਤ ਅੰਗ ਵਿਚ ਰੁਕਾਵਟ ਪੈ ਜਾਂਦੀ ਹੈ।
4 “‘ਜੇ ਉਹ ਰੋਗੀ ਕਿਸੇ ਬਿਸਤਰੇ ਉੱਤੇ ਲੰਮਾ ਪੈਂਦਾ ਹੈ, ਤਾਂ ਉਹ ਬਿਸਤਰਾ ਅਸ਼ੁੱਧ ਹੋ ਜਾਵੇਗਾ ਅਤੇ ਉਹ ਜਿਸ ਵੀ ਚੀਜ਼ ਉੱਤੇ ਬੈਠਦਾ ਹੈ, ਉਹ ਚੀਜ਼ ਅਸ਼ੁੱਧ ਹੋ ਜਾਵੇਗੀ। 5 ਜੇ ਕੋਈ ਆਦਮੀ ਉਸ ਦੇ ਬਿਸਤਰੇ ਨੂੰ ਛੂੰਹਦਾ ਹੈ, ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ।+ 6 ਜੇ ਕੋਈ ਆਦਮੀ ਉਸ ਰੋਗੀ ਦੀ ਕਿਸੇ ਚੀਜ਼ ʼਤੇ ਬੈਠ ਜਾਂਦਾ ਹੈ, ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 7 ਜੇ ਕੋਈ ਆਦਮੀ ਉਸ ਰੋਗੀ ਨੂੰ ਛੂੰਹਦਾ ਹੈ, ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 8 ਜੇ ਉਹ ਰੋਗੀ ਕਿਸੇ ਸ਼ੁੱਧ ਆਦਮੀ ʼਤੇ ਥੁੱਕਦਾ ਹੈ, ਤਾਂ ਉਹ ਆਦਮੀ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 9 ਜੇ ਉਹ ਰੋਗੀ ਕਿਸੇ ਜਾਨਵਰ ਦੀ ਕਾਠੀ ʼਤੇ ਬਹਿੰਦਾ ਹੈ, ਤਾਂ ਉਹ ਅਸ਼ੁੱਧ ਹੈ। 10 ਜੇ ਕੋਈ ਆਦਮੀ ਉਸ ਚੀਜ਼ ਨੂੰ ਛੂੰਹਦਾ ਹੈ ਜਿਸ ʼਤੇ ਉਹ ਰੋਗੀ ਬੈਠਾ ਸੀ, ਤਾਂ ਉਹ ਸ਼ਾਮ ਤਕ ਅਸ਼ੁੱਧ ਰਹੇਗਾ। ਜੇ ਕੋਈ ਉਸ ਰੋਗੀ ਦੀਆਂ ਚੀਜ਼ਾਂ ਚੁੱਕਦਾ ਹੈ, ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 11 ਜੇ ਉਹ ਰੋਗੀ+ ਬਿਨਾਂ ਹੱਥ ਧੋਤਿਆਂ ਕਿਸੇ ਨੂੰ ਛੂੰਹਦਾ ਹੈ, ਤਾਂ ਉਹ ਆਦਮੀ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 12 ਜੇ ਉਹ ਰੋਗੀ ਕਿਸੇ ਮਿੱਟੀ ਦੇ ਭਾਂਡੇ ਨੂੰ ਛੂੰਹਦਾ ਹੈ, ਤਾਂ ਉਹ ਭਾਂਡਾ ਭੰਨ ਦਿੱਤਾ ਜਾਵੇ। ਪਰ ਜੇ ਉਹ ਲੱਕੜ ਦੇ ਭਾਂਡੇ ਨੂੰ ਛੂੰਹਦਾ ਹੈ, ਤਾਂ ਉਹ ਭਾਂਡਾ ਪਾਣੀ ਨਾਲ ਧੋਤਾ ਜਾਵੇ।+
13 “‘ਜਦ ਉਸ ਆਦਮੀ ਦੇ ਤਰਲ ਪਦਾਰਥ ਵਗਣਾ ਬੰਦ ਹੋ ਜਾਂਦਾ ਹੈ ਅਤੇ ਉਹ ਆਪਣੀ ਬੀਮਾਰੀ ਤੋਂ ਚੰਗਾ ਹੋ ਜਾਂਦਾ ਹੈ, ਤਾਂ ਉਹ ਸ਼ੁੱਧ ਹੋਣ ਦੇ ਸੱਤ ਦਿਨ ਪੂਰੇ ਹੋਣ ਤੋਂ ਬਾਅਦ ਆਪਣੇ ਕੱਪੜੇ ਧੋਵੇ ਅਤੇ ਤਾਜ਼ੇ ਪਾਣੀ ਨਾਲ ਨਹਾਵੇ ਅਤੇ ਫਿਰ ਉਹ ਸ਼ੁੱਧ ਹੋ ਜਾਵੇਗਾ।+ 14 ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਲਿਆਵੇ+ ਅਤੇ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਯਹੋਵਾਹ ਸਾਮ੍ਹਣੇ ਪੁਜਾਰੀ ਨੂੰ ਦੇਵੇ। 15 ਅਤੇ ਪੁਜਾਰੀ ਇਕ ਪੰਛੀ ਪਾਪ-ਬਲ਼ੀ ਲਈ ਅਤੇ ਇਕ ਹੋਮ-ਬਲ਼ੀ ਲਈ ਚੜ੍ਹਾਵੇਗਾ ਅਤੇ ਪੁਜਾਰੀ ਯਹੋਵਾਹ ਅੱਗੇ ਉਸ ਦੀ ਪਾਪੀ ਹਾਲਤ ਲਈ ਮਾਫ਼ੀ ਮੰਗੇਗਾ।
16 “‘ਜੇ ਕਿਸੇ ਆਦਮੀ ਦਾ ਵੀਰਜ ਨਿਕਲਦਾ ਹੈ, ਤਾਂ ਉਹ ਆਪਣਾ ਪੂਰਾ ਸਰੀਰ ਪਾਣੀ ਨਾਲ ਧੋਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ।+ 17 ਜੇ ਕਿਸੇ ਕੱਪੜੇ ਜਾਂ ਚਮੜੇ ਦੀ ਕਿਸੇ ਚੀਜ਼ ਉੱਤੇ ਉਸ ਦਾ ਵੀਰਜ ਲੱਗ ਜਾਂਦਾ ਹੈ, ਤਾਂ ਉਹ ਉਸ ਚੀਜ਼ ਨੂੰ ਪਾਣੀ ਨਾਲ ਧੋਵੇ ਅਤੇ ਉਹ ਚੀਜ਼ ਸ਼ਾਮ ਤਕ ਅਸ਼ੁੱਧ ਰਹੇਗੀ।
18 “‘ਜੇ ਕੋਈ ਆਦਮੀ ਕਿਸੇ ਔਰਤ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਅਤੇ ਉਸ ਦਾ ਵੀਰਜ ਨਿਕਲਦਾ ਹੈ, ਤਾਂ ਉਹ ਦੋਵੇਂ ਨਹਾਉਣ ਅਤੇ ਉਹ ਸ਼ਾਮ ਤਕ ਅਸ਼ੁੱਧ ਰਹਿਣਗੇ।+
19 “‘ਜੇ ਮਾਹਵਾਰੀ ਕਰਕੇ ਕਿਸੇ ਔਰਤ ਦੇ ਸਰੀਰ ਵਿੱਚੋਂ ਖ਼ੂਨ ਵਹਿੰਦਾ ਹੈ, ਤਾਂ ਉਹ ਸੱਤਾਂ ਦਿਨਾਂ ਤਕ ਅਸ਼ੁੱਧ ਰਹੇਗੀ।+ ਜਿਹੜਾ ਵੀ ਉਸ ਨੂੰ ਛੂੰਹਦਾ ਹੈ, ਉਹ ਸ਼ਾਮ ਤਕ ਅਸ਼ੁੱਧ ਰਹੇਗਾ।+ 20 ਜਦੋਂ ਉਹ ਮਾਹਵਾਰੀ ਕਰਕੇ ਅਸ਼ੁੱਧ ਹੁੰਦੀ ਹੈ, ਤਾਂ ਉਨ੍ਹਾਂ ਦਿਨਾਂ ਦੌਰਾਨ ਉਹ ਜਿਸ ਵੀ ਚੀਜ਼ ʼਤੇ ਲੰਮੀ ਪੈਂਦੀ ਹੈ, ਉਹ ਚੀਜ਼ ਅਸ਼ੁੱਧ ਹੋ ਜਾਵੇਗੀ ਅਤੇ ਉਹ ਜਿਸ ਚੀਜ਼ ʼਤੇ ਬੈਠਦੀ ਹੈ, ਉਹ ਚੀਜ਼ ਅਸ਼ੁੱਧ ਹੋ ਜਾਵੇਗੀ।+ 21 ਜਿਹੜਾ ਵੀ ਉਸ ਦੇ ਬਿਸਤਰੇ ਨੂੰ ਛੂੰਹਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 22 ਜਿਹੜਾ ਵੀ ਉਸ ਚੀਜ਼ ਨੂੰ ਛੂੰਹਦਾ ਹੈ ਜਿਸ ʼਤੇ ਉਹ ਔਰਤ ਬੈਠੀ ਸੀ, ਤਾਂ ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ। 23 ਜੇ ਕੋਈ ਉਸ ਬਿਸਤਰੇ ਜਾਂ ਚੀਜ਼ ਨੂੰ ਛੂੰਹਦਾ ਹੈ ਜਿਸ ਉੱਤੇ ਉਹ ਔਰਤ ਬੈਠੀ ਸੀ, ਤਾਂ ਉਹ ਸ਼ਾਮ ਤਕ ਅਸ਼ੁੱਧ ਰਹੇਗਾ।+ 24 ਅਤੇ ਜੇ ਕੋਈ ਆਦਮੀ ਉਸ ਔਰਤ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਅਤੇ ਮਾਹਵਾਰੀ ਕਰਕੇ ਵਹਿ ਰਿਹਾ ਖ਼ੂਨ ਉਸ ਆਦਮੀ ਦੇ ਲੱਗ ਜਾਂਦਾ ਹੈ,+ ਤਾਂ ਉਹ ਸੱਤ ਦਿਨਾਂ ਤਕ ਅਸ਼ੁੱਧ ਰਹੇਗਾ ਅਤੇ ਉਹ ਆਦਮੀ ਜਿਸ ਬਿਸਤਰੇ ʼਤੇ ਲੰਮਾ ਪੈਂਦਾ ਹੈ, ਉਹ ਬਿਸਤਰਾ ਅਸ਼ੁੱਧ ਰਹੇਗਾ।
25 “‘ਜੇ ਬਹੁਤ ਦਿਨਾਂ ਤਕ ਕਿਸੇ ਔਰਤ ਦਾ ਖ਼ੂਨ ਵਹਿੰਦਾ ਹੈ,+ ਜਦ ਕਿ ਇਹ ਉਸ ਦੀ ਮਾਹਵਾਰੀ ਦਾ ਸਮਾਂ ਨਹੀਂ ਹੈ+ ਜਾਂ ਫਿਰ ਮਾਹਵਾਰੀ ਦੇ ਦਿਨਾਂ ਤੋਂ ਜ਼ਿਆਦਾ ਦਿਨ ਉਸ ਦਾ ਖ਼ੂਨ ਵਹਿੰਦਾ ਹੈ, ਤਾਂ ਜਿੰਨੇ ਦਿਨ ਉਸ ਦਾ ਖ਼ੂਨ ਵਹਿੰਦਾ ਹੈ, ਉੱਨੇ ਦਿਨ ਉਹ ਅਸ਼ੁੱਧ ਰਹੇਗੀ, ਜਿਵੇਂ ਉਹ ਮਾਹਵਾਰੀ ਦੇ ਦਿਨਾਂ ਦੌਰਾਨ ਅਸ਼ੁੱਧ ਹੁੰਦੀ ਹੈ। 26 ਖ਼ੂਨ ਵਹਿਣ ਦੇ ਦਿਨਾਂ ਦੌਰਾਨ ਉਹ ਜਿਸ ਬਿਸਤਰੇ ʼਤੇ ਲੰਮੀ ਪੈਂਦੀ ਹੈ, ਉਹ ਬਿਸਤਰਾ ਅਸ਼ੁੱਧ ਹੋ ਜਾਵੇਗਾ।+ ਜਾਂ ਉਹ ਜਿਸ ਚੀਜ਼ ʼਤੇ ਬੈਠਦੀ ਹੈ, ਉਹ ਚੀਜ਼ ਅਸ਼ੁੱਧ ਹੋ ਜਾਵੇਗੀ, ਜਿਵੇਂ ਉਸ ਔਰਤ ਦੇ ਮਾਹਵਾਰੀ ਦੇ ਦਿਨਾਂ ਦੌਰਾਨ ਅਸ਼ੁੱਧ ਹੁੰਦੀ ਹੈ। 27 ਜਿਹੜਾ ਵੀ ਉਨ੍ਹਾਂ ਚੀਜ਼ਾਂ ਨੂੰ ਛੂੰਹਦਾ ਹੈ, ਉਹ ਆਪਣੇ ਕੱਪੜੇ ਧੋਵੇ ਅਤੇ ਨਹਾਵੇ ਅਤੇ ਉਹ ਸ਼ਾਮ ਤਕ ਅਸ਼ੁੱਧ ਰਹੇਗਾ।+
28 “‘ਜਦ ਉਸ ਔਰਤ ਦਾ ਲਹੂ ਵਹਿਣਾ ਬੰਦ ਹੋ ਜਾਂਦਾ ਹੈ, ਤਾਂ ਉਹ ਸੱਤ ਦਿਨ ਗਿਣੇ ਅਤੇ ਉਸ ਤੋਂ ਬਾਅਦ ਉਹ ਸ਼ੁੱਧ ਹੋ ਜਾਵੇਗੀ।+ 29 ਅੱਠਵੇਂ ਦਿਨ ਉਹ ਦੋ ਘੁੱਗੀਆਂ ਜਾਂ ਕਬੂਤਰ ਦੇ ਦੋ ਬੱਚੇ ਲਿਆਵੇ+ ਅਤੇ ਉਹ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਪੁਜਾਰੀ ਨੂੰ ਦੇਵੇ।+ 30 ਪੁਜਾਰੀ ਇਕ ਪੰਛੀ ਪਾਪ-ਬਲ਼ੀ ਲਈ ਅਤੇ ਇਕ ਹੋਮ-ਬਲ਼ੀ ਲਈ ਚੜ੍ਹਾਵੇਗਾ ਅਤੇ ਯਹੋਵਾਹ ਅੱਗੇ ਉਸ ਦੀ ਪਾਪੀ ਹਾਲਤ ਲਈ ਮਾਫ਼ੀ ਮੰਗੇਗਾ।+
31 “‘ਇਸ ਲਈ ਤੁਸੀਂ ਇਜ਼ਰਾਈਲੀਆਂ ਨੂੰ ਉਨ੍ਹਾਂ ਦੀ ਅਸ਼ੁੱਧਤਾ ਤੋਂ ਬਚਾ ਕੇ ਰੱਖੋ ਤਾਂਕਿ ਉਹ ਮੇਰੇ ਡੇਰੇ ਨੂੰ ਭ੍ਰਿਸ਼ਟ ਨਾ ਕਰ ਦੇਣ ਜੋ ਉਨ੍ਹਾਂ ਦੇ ਵਿਚਕਾਰ ਹੈ, ਨਹੀਂ ਤਾਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੇਗੀ।+
32 “‘ਇਹ ਨਿਯਮ ਉਸ ਆਦਮੀ ਲਈ ਹੈ ਜਿਸ ਦੇ ਤਰਲ ਪਦਾਰਥ ਵਗਦਾ ਹੈ ਜਾਂ ਵੀਰਜ ਨਿਕਲਣ ਕਰਕੇ ਅਸ਼ੁੱਧ ਹੋ ਗਿਆ ਹੈ+ 33 ਅਤੇ ਉਸ ਔਰਤ ਲਈ ਹੈ ਜੋ ਮਾਹਵਾਰੀ ਕਰਕੇ ਅਸ਼ੁੱਧ ਹੈ+ ਅਤੇ ਉਸ ਆਦਮੀ ਲਈ ਹੈ ਜੋ ਕਿਸੇ ਅਸ਼ੁੱਧ ਔਰਤ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ, ਹਾਂ, ਹਰ ਉਸ ਆਦਮੀ ਜਾਂ ਔਰਤ ਲਈ ਜੋ ਇਸ ਹਾਲਤ ਵਿਚ ਹੈ।’”+