ਗਿਣਤੀ
35 ਯਰੀਹੋ ਨੇੜੇ ਯਰਦਨ ਦਰਿਆ ਕੋਲ ਮੋਆਬ ਦੀ ਉਜਾੜ ਵਿਚ+ ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 2 “ਇਜ਼ਰਾਈਲੀਆਂ ਨੂੰ ਕਹਿ ਕਿ ਉਨ੍ਹਾਂ ਨੂੰ ਵਿਰਾਸਤ ਵਿਚ ਜੋ ਸ਼ਹਿਰ ਮਿਲਣਗੇ, ਉਹ ਉਨ੍ਹਾਂ ਵਿੱਚੋਂ ਲੇਵੀਆਂ ਨੂੰ ਵੱਸਣ ਲਈ ਕੁਝ ਸ਼ਹਿਰ ਦੇਣ।+ ਨਾਲੇ ਉਹ ਉਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾਂ ਵੀ ਦੇਣ।+ 3 ਲੇਵੀ ਉਨ੍ਹਾਂ ਸ਼ਹਿਰਾਂ ਵਿਚ ਵੱਸਣਗੇ ਅਤੇ ਚਰਾਂਦਾਂ ਉਨ੍ਹਾਂ ਦੇ ਗਾਂਵਾਂ-ਬਲਦਾਂ, ਭੇਡਾਂ-ਬੱਕਰੀਆਂ ਤੇ ਹੋਰ ਪਸ਼ੂਆਂ ਅਤੇ ਸਾਮਾਨ ਲਈ ਹੋਣਗੀਆਂ। 4 ਲੇਵੀਆਂ ਨੂੰ ਦਿੱਤੇ ਜਾਣ ਵਾਲੇ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾਂ ਸ਼ਹਿਰ ਦੀ ਕੰਧ ਤੋਂ ਲੈ ਕੇ 1,000 ਹੱਥ* ਤਕ ਹੋਣ। 5 ਤੁਸੀਂ ਸ਼ਹਿਰ ਦੇ ਬਾਹਰ ਪੂਰਬ ਵਿਚ 2,000 ਹੱਥ, ਦੱਖਣ ਵਿਚ 2,000 ਹੱਥ, ਪੱਛਮ ਵਿਚ 2,000 ਹੱਥ ਅਤੇ ਉੱਤਰ ਵਿਚ 2,000 ਹੱਥ ਜ਼ਮੀਨ ਮਿਣਨੀ ਅਤੇ ਸ਼ਹਿਰ ਇਸ ਦੇ ਵਿਚਕਾਰ ਹੋਵੇ। ਲੇਵੀਆਂ ਦੇ ਹਰ ਸ਼ਹਿਰ ਵਿਚ ਇੰਨੀ ਜ਼ਮੀਨ ਚਰਾਂਦਾਂ ਲਈ ਹੋਵੇਗੀ।
6 “ਤੁਸੀਂ ਲੇਵੀਆਂ ਨੂੰ ਪਨਾਹ ਦੇ ਛੇ ਸ਼ਹਿਰ ਦਿਓਗੇ+ ਜਿੱਥੇ ਖ਼ੂਨ ਦਾ ਦੋਸ਼ੀ ਭੱਜ ਕੇ ਪਨਾਹ ਲੈ ਸਕੇ।+ ਇਨ੍ਹਾਂ ਤੋਂ ਇਲਾਵਾ ਤੁਸੀਂ ਉਨ੍ਹਾਂ ਨੂੰ 42 ਹੋਰ ਸ਼ਹਿਰ ਦਿਓਗੇ। 7 ਤੁਸੀਂ ਲੇਵੀਆਂ ਨੂੰ ਕੁੱਲ 48 ਸ਼ਹਿਰ ਚਰਾਂਦਾਂ ਸਣੇ ਦਿਓਗੇ।+ 8 ਇਜ਼ਰਾਈਲੀਆਂ ਨੂੰ ਵਿਰਾਸਤ ਵਿਚ ਮਿਲੇ ਸ਼ਹਿਰਾਂ ਵਿੱਚੋਂ ਤੁਸੀਂ ਉਨ੍ਹਾਂ ਨੂੰ ਸ਼ਹਿਰ ਦਿਓਗੇ।+ ਤੁਸੀਂ ਵੱਡੇ ਸਮੂਹਾਂ ਤੋਂ ਜ਼ਿਆਦਾ ਅਤੇ ਛੋਟੇ ਸਮੂਹਾਂ ਤੋਂ ਘੱਟ ਸ਼ਹਿਰ ਲੈਣੇ।+ ਹਰ ਸਮੂਹ ਨੂੰ ਜਿੰਨੀ ਵਿਰਾਸਤ ਮਿਲੇਗੀ, ਉਸ ਮੁਤਾਬਕ ਉਹ ਆਪਣੇ ਸ਼ਹਿਰਾਂ ਵਿੱਚੋਂ ਕੁਝ ਲੇਵੀਆਂ ਨੂੰ ਦੇਵੇਗਾ।”
9 ਯਹੋਵਾਹ ਨੇ ਮੂਸਾ ਨੂੰ ਅੱਗੇ ਕਿਹਾ: 10 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਤੁਸੀਂ ਯਰਦਨ ਦਰਿਆ ਪਾਰ ਕਰ ਕੇ ਕਨਾਨ ਦੇਸ਼ ਵਿਚ ਜਾ ਰਹੇ ਹੋ।+ 11 ਤੁਸੀਂ ਪਨਾਹ ਦੇ ਸ਼ਹਿਰਾਂ ਲਈ ਅਜਿਹੇ ਸ਼ਹਿਰ ਚੁਣਨੇ ਜਿੱਥੇ ਅਣਜਾਣੇ ਵਿਚ ਖ਼ੂਨ ਕਰਨ ਵਾਲੇ ਵਿਅਕਤੀ ਲਈ ਭੱਜ ਕੇ ਜਾਣਾ ਆਸਾਨ ਹੋਵੇ।+ 12 ਉਹ ਖ਼ੂਨੀ ਇਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਬਦਲਾ ਲੈਣ ਵਾਲੇ ਤੋਂ ਬਚਣ ਲਈ ਪਨਾਹ ਲੈ ਸਕੇਗਾ+ ਤਾਂਕਿ ਮੰਡਲੀ ਸਾਮ੍ਹਣੇ ਉਸ ਦਾ ਮੁਕੱਦਮਾ ਚੱਲਣ ਤੋਂ ਪਹਿਲਾਂ ਹੀ ਉਹ ਮਾਰਿਆ ਨਾ ਜਾਵੇ।+ 13 ਤੁਸੀਂ ਇਸ ਮਕਸਦ ਲਈ ਛੇ ਪਨਾਹ ਦੇ ਸ਼ਹਿਰ ਦੇਣੇ। 14 ਤੁਸੀਂ ਪਨਾਹ ਦੇ ਸ਼ਹਿਰਾਂ ਲਈ ਯਰਦਨ ਦਰਿਆ ਦੇ ਪੂਰਬ ਵਾਲੇ ਪਾਸੇ ਤਿੰਨ ਸ਼ਹਿਰ+ ਅਤੇ ਕਨਾਨ ਦੇਸ਼ ਵਿਚ ਤਿੰਨ ਸ਼ਹਿਰ ਦੇਣੇ।+ 15 ਜੇ ਕਿਸੇ ਇਜ਼ਰਾਈਲੀ ਜਾਂ ਪਰਦੇਸੀ+ ਜਾਂ ਪਰਵਾਸੀ ਤੋਂ ਅਣਜਾਣੇ ਵਿਚ ਕਿਸੇ ਦਾ ਖ਼ੂਨ ਹੋ ਜਾਵੇ, ਤਾਂ ਉਹ ਭੱਜ ਕੇ ਇਨ੍ਹਾਂ ਛੇ ਸ਼ਹਿਰਾਂ ਵਿੱਚੋਂ ਕਿਸੇ ਵੀ ਸ਼ਹਿਰ ਵਿਚ ਪਨਾਹ ਲੈ ਸਕੇਗਾ।+
16 “‘ਪਰ ਜੇ ਉਹ ਕਿਸੇ ਦੇ ਕੋਈ ਲੋਹੇ ਦੀ ਚੀਜ਼ ਮਾਰਦਾ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ, ਤਾਂ ਉਹ ਖ਼ੂਨੀ ਹੈ। ਉਸ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ।+ 17 ਜੇ ਉਹ ਆਪਣੇ ਹੱਥ ਵਿਚ ਅਜਿਹਾ ਪੱਥਰ ਲੈਂਦਾ ਹੈ ਜਿਸ ਨਾਲ ਕਿਸੇ ਦੀ ਮੌਤ ਹੋ ਸਕਦੀ ਹੈ ਅਤੇ ਉਹ ਪੱਥਰ ਮਾਰ ਕੇ ਉਸ ਦਾ ਖ਼ੂਨ ਕਰ ਦਿੰਦਾ ਹੈ, ਤਾਂ ਉਹ ਖ਼ੂਨੀ ਹੈ। ਉਸ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ। 18 ਜੇ ਉਹ ਆਪਣੇ ਹੱਥ ਵਿਚ ਲੱਕੜ ਦੀ ਕੋਈ ਅਜਿਹੀ ਚੀਜ਼ ਲੈਂਦਾ ਹੈ ਜਿਸ ਨਾਲ ਕਿਸੇ ਦੀ ਮੌਤ ਹੋ ਸਕਦੀ ਹੈ ਅਤੇ ਉਹ ਲੱਕੜ ਦੀ ਚੀਜ਼ ਮਾਰ ਕੇ ਉਸ ਦਾ ਖ਼ੂਨ ਕਰ ਦਿੰਦਾ ਹੈ, ਤਾਂ ਉਹ ਖ਼ੂਨੀ ਹੈ। ਉਸ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ।
19 “‘ਖ਼ੂਨ ਦਾ ਬਦਲਾ ਲੈਣ ਵਾਲਾ ਹੀ ਉਸ ਖ਼ੂਨੀ ਨੂੰ ਜਾਨੋਂ ਮਾਰੇਗਾ। ਜਦੋਂ ਉਹ ਖ਼ੂਨੀ ਉਸ ਦੇ ਸਾਮ੍ਹਣੇ ਆਵੇਗਾ, ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। 20 ਜੇ ਕਿਸੇ ਨਾਲ ਨਫ਼ਰਤ ਹੋਣ ਕਰਕੇ ਉਹ ਉਸ ਨੂੰ ਧੱਕਾ ਮਾਰਦਾ ਹੈ ਜਿਸ ਕਰਕੇ ਉਸ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਬੁਰੇ ਇਰਾਦੇ ਨਾਲ* ਉਸ ਵੱਲ ਕੋਈ ਚੀਜ਼ ਸੁੱਟਦਾ ਹੈ+ 21 ਜਾਂ ਨਫ਼ਰਤ ਹੋਣ ਕਰਕੇ ਉਹ ਉਸ ਨੂੰ ਮੁੱਕਾ ਮਾਰਦਾ ਹੈ ਜਿਸ ਕਰਕੇ ਉਹ ਮਰ ਜਾਂਦਾ ਹੈ, ਤਾਂ ਮਾਰਨ ਵਾਲੇ ਨੂੰ ਜ਼ਰੂਰ ਮੌਤ ਦੀ ਸਜ਼ਾ ਦਿੱਤੀ ਜਾਵੇ। ਜਦੋਂ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਸਾਮ੍ਹਣੇ ਉਹ ਖ਼ੂਨੀ ਆਵੇਗਾ, ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ।
22 “‘ਪਰ ਜੇ ਉਸ ਨੇ ਬਿਨਾਂ ਕਿਸੇ ਨਫ਼ਰਤ ਦੇ ਉਸ ਨੂੰ ਅਣਜਾਣੇ ਵਿਚ ਧੱਕਾ ਦਿੱਤਾ ਸੀ ਜਾਂ ਬਿਨਾਂ ਕਿਸੇ ਬੁਰੇ ਇਰਾਦੇ ਨਾਲ* ਉਸ ਵੱਲ ਕੋਈ ਚੀਜ਼ ਸੁੱਟੀ ਸੀ+ 23 ਜਾਂ ਉਸ ਨੇ ਬਿਨਾਂ ਦੇਖਿਆਂ ਪੱਥਰ ਸੁੱਟਿਆ ਸੀ ਜੋ ਉਸ ਦੇ ਵੱਜ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਅਤੇ ਉਹ ਉਸ ਦਾ ਦੁਸ਼ਮਣ ਨਹੀਂ ਸੀ ਜਾਂ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ, 24 ਤਾਂ ਮੰਡਲੀ ਇਨ੍ਹਾਂ ਨਿਯਮਾਂ ਮੁਤਾਬਕ ਮਾਰਨ ਵਾਲੇ ਅਤੇ ਖ਼ੂਨ ਦਾ ਬਦਲਾ ਲੈਣ ਵਾਲੇ ਵਿਅਕਤੀ ਦੇ ਮੁਕੱਦਮੇ ਦਾ ਫ਼ੈਸਲਾ ਕਰੇ।+ 25 ਮੰਡਲੀ ਉਸ ਖ਼ੂਨੀ ਨੂੰ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਹੱਥੋਂ ਬਚਾਵੇ ਅਤੇ ਉਸ ਨੂੰ ਪਨਾਹ ਦੇ ਸ਼ਹਿਰ ਵਿਚ ਵਾਪਸ ਭੇਜ ਦੇਵੇ ਜਿੱਥੇ ਉਹ ਭੱਜ ਕੇ ਗਿਆ ਸੀ। ਉਹ ਮਹਾਂ ਪੁਜਾਰੀ ਦੀ ਮੌਤ ਹੋਣ ਤਕ ਉੱਥੇ ਰਹੇਗਾ ਜਿਸ ਨੂੰ ਪਵਿੱਤਰ ਤੇਲ ਪਾ ਕੇ ਨਿਯੁਕਤ ਕੀਤਾ ਗਿਆ ਸੀ।+
26 “‘ਪਰ ਜੇ ਉਹ ਖ਼ੂਨੀ ਪਨਾਹ ਦੇ ਸ਼ਹਿਰ ਦੀ ਹੱਦ ਤੋਂ ਬਾਹਰ ਜਾਂਦਾ ਹੈ 27 ਅਤੇ ਖ਼ੂਨ ਦਾ ਬਦਲਾ ਲੈਣ ਵਾਲਾ ਉਸ ਨੂੰ ਪਨਾਹ ਦੇ ਸ਼ਹਿਰ ਦੀ ਹੱਦ ਤੋਂ ਬਾਹਰ ਦੇਖ ਲੈਂਦਾ ਹੈ ਅਤੇ ਉਸ ਨੂੰ ਮਾਰ ਦਿੰਦਾ ਹੈ, ਤਾਂ ਮਾਰਨ ਵਾਲਾ ਉਸ ਦੇ ਖ਼ੂਨ ਦਾ ਦੋਸ਼ੀ ਨਹੀਂ ਹੋਵੇਗਾ। 28 ਉਸ ਖ਼ੂਨੀ ਨੂੰ ਮਹਾਂ ਪੁਜਾਰੀ ਦੀ ਮੌਤ ਹੋਣ ਤਕ ਪਨਾਹ ਦੇ ਸ਼ਹਿਰ ਵਿਚ ਹੀ ਰਹਿਣਾ ਪਵੇਗਾ। ਮਹਾਂ ਪੁਜਾਰੀ ਦੀ ਮੌਤ ਤੋਂ ਬਾਅਦ ਉਹ ਆਪਣੀ ਜ਼ਮੀਨ ʼਤੇ ਮੁੜ ਸਕਦਾ ਹੈ।+ 29 ਤੁਸੀਂ ਜਿੱਥੇ ਕਿਤੇ ਵੀ ਰਹੋ, ਤੁਸੀਂ ਕਿਸੇ ਮੁਕੱਦਮੇ ਦਾ ਫ਼ੈਸਲਾ ਕਰਨ ਵੇਲੇ ਪੀੜ੍ਹੀਓ-ਪੀੜ੍ਹੀ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਰੋ।
30 “‘ਜੇ ਕੋਈ ਕਿਸੇ ਨੂੰ ਜਾਨੋਂ ਮਾਰਦਾ ਹੈ, ਤਾਂ ਉਸ ਨੂੰ ਗਵਾਹਾਂ ਦੇ ਬਿਆਨ+ ਦੇ ਆਧਾਰ ʼਤੇ ਖ਼ੂਨੀ ਕਰਾਰ ਦਿੱਤਾ ਜਾਵੇ ਅਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।+ ਪਰ ਇਕ ਜਣੇ ਦੀ ਗਵਾਹੀ ʼਤੇ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ। 31 ਜੇ ਕੋਈ ਖ਼ੂਨੀ ਮੌਤ ਦੀ ਸਜ਼ਾ ਦੇ ਲਾਇਕ ਹੈ, ਤਾਂ ਉਸ ਦੀ ਜਾਨ ਦੀ ਰਿਹਾਈ ਦੀ ਕੀਮਤ ਨਾ ਲਈ ਜਾਵੇ, ਸਗੋਂ ਉਸ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ।+ 32 ਜਿਹੜਾ ਵਿਅਕਤੀ ਭੱਜ ਕੇ ਪਨਾਹ ਦੇ ਸ਼ਹਿਰ ਵਿਚ ਗਿਆ ਸੀ, ਉਸ ਤੋਂ ਵੀ ਰਿਹਾਈ ਦੀ ਕੀਮਤ ਨਾ ਲਈ ਜਾਵੇ ਅਤੇ ਉਸ ਨੂੰ ਮਹਾਂ ਪੁਜਾਰੀ ਦੀ ਮੌਤ ਤੋਂ ਪਹਿਲਾਂ ਆਪਣੀ ਜ਼ਮੀਨ ʼਤੇ ਵਾਪਸ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ।
33 “‘ਤੁਸੀਂ ਆਪਣੇ ਦੇਸ਼ ਨੂੰ ਭ੍ਰਿਸ਼ਟ ਨਾ ਕਰਿਓ ਜਿੱਥੇ ਤੁਸੀਂ ਰਹਿੰਦੇ ਹੋ ਕਿਉਂਕਿ ਖ਼ੂਨ ਦੇਸ਼ ਨੂੰ ਭ੍ਰਿਸ਼ਟ ਕਰਦਾ ਹੈ।+ ਦੇਸ਼ ਵਿਚ ਜੋ ਖ਼ੂਨ ਵਹਾਇਆ ਗਿਆ ਹੈ, ਉਸ ਖ਼ੂਨ ਤੋਂ ਦੇਸ਼ ਨੂੰ ਕਿਸੇ ਚੀਜ਼ ਨਾਲ ਸ਼ੁੱਧ ਨਹੀਂ ਕੀਤਾ ਜਾ ਸਕਦਾ।* ਇਸ ਨੂੰ ਸਿਰਫ਼ ਖ਼ੂਨੀ ਦਾ ਖ਼ੂਨ ਵਹਾ ਕੇ ਹੀ ਸ਼ੁੱਧ ਕੀਤਾ ਜਾ ਸਕਦਾ ਹੈ।+ 34 ਤੁਸੀਂ ਆਪਣੇ ਦੇਸ਼ ਨੂੰ ਭ੍ਰਿਸ਼ਟ ਨਾ ਕਰੋ ਜਿਸ ਵਿਚ ਤੁਸੀਂ ਵੱਸਦੇ ਹੋ ਅਤੇ ਜਿੱਥੇ ਮੈਂ ਵੱਸਦਾ ਹਾਂ ਕਿਉਂਕਿ ਮੈਂ ਯਹੋਵਾਹ ਇਜ਼ਰਾਈਲ ਦੇ ਲੋਕਾਂ ਵਿਚ ਵੱਸਦਾ ਹਾਂ।’”+