ਰਸੂਲਾਂ ਦੇ ਕੰਮ
22 “ਭਰਾਵੋ ਤੇ ਪਿਤਾ ਸਮਾਨ ਬਜ਼ੁਰਗੋ, ਹੁਣ ਮੇਰੀ ਗੱਲ ਸੁਣੋ।”+ 2 ਜਦੋਂ ਉਨ੍ਹਾਂ ਨੇ ਉਸ ਨੂੰ ਇਬਰਾਨੀ ਭਾਸ਼ਾ ਵਿਚ ਬੋਲਦੇ ਹੋਏ ਸੁਣਿਆ, ਤਾਂ ਉਹ ਸਾਰੇ ਬਿਲਕੁਲ ਚੁੱਪ ਹੋ ਗਏ ਅਤੇ ਉਸ ਨੇ ਕਿਹਾ: 3 “ਮੈਂ ਇਕ ਯਹੂਦੀ ਹਾਂ+ ਅਤੇ ਮੈਂ ਕਿਲਿਕੀਆ ਦੇ ਤਰਸੁਸ ਸ਼ਹਿਰ ਵਿਚ ਪੈਦਾ ਹੋਇਆ ਸੀ,+ ਪਰ ਮੈਂ ਇਸ ਸ਼ਹਿਰ ਵਿਚ ਗਮਲੀਏਲ+ ਦੇ ਚਰਨਾਂ ਵਿਚ ਬੈਠ ਕੇ ਸਿੱਖਿਆ ਲਈ ਸੀ। ਮੈਨੂੰ ਸਾਡੇ ਪਿਉ-ਦਾਦਿਆਂ ਦੇ ਕਾਨੂੰਨ ਉੱਤੇ ਸਖ਼ਤੀ ਨਾਲ ਚੱਲਣ ਦੀ ਸਿਖਲਾਈ ਦਿੱਤੀ ਗਈ ਸੀ+ ਅਤੇ ਮੈਂ ਵੀ ਪੂਰੇ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਦਾ ਸੀ ਜਿਵੇਂ ਅੱਜ ਤੁਸੀਂ ਸਾਰੇ ਕਰਦੇ ਹੋ।+ 4 ਮੈਂ “ਪ੍ਰਭੂ ਦੇ ਰਾਹ” ਉੱਤੇ ਚੱਲਣ ਵਾਲੇ ਆਦਮੀਆਂ ਤੇ ਤੀਵੀਆਂ ਨੂੰ ਬੰਨ੍ਹ ਕੇ ਜੇਲ੍ਹ ਵਿਚ ਸੁਟਵਾ ਦਿੰਦਾ ਸੀ ਅਤੇ ਉਨ੍ਹਾਂ ਉੱਤੇ ਅਤਿਆਚਾਰ ਕਰਦਾ ਸੀ ਤੇ ਉਨ੍ਹਾਂ ਨੂੰ ਜਾਨੋਂ ਮਰਵਾ ਦਿੰਦਾ ਸੀ।+ 5 ਮਹਾਂ ਪੁਜਾਰੀ ਅਤੇ ਬਜ਼ੁਰਗਾਂ ਦੀ ਪੂਰੀ ਸਭਾ ਇਸ ਗੱਲ ਦੀ ਗਵਾਹੀ ਦੇ ਸਕਦੀ ਹੈ। ਮੈਂ ਉਨ੍ਹਾਂ ਤੋਂ ਦਮਿਸਕ ਵਿਚ ਰਹਿੰਦੇ ਯਹੂਦੀ ਆਗੂਆਂ ਦੇ ਨਾਂ ਚਿੱਠੀਆਂ ਲੈ ਕੇ ਦਮਿਸਕ ਨੂੰ ਤੁਰ ਪਿਆ ਤਾਂਕਿ ਮੈਂ ਉੱਥੋਂ ਵੀ “ਪ੍ਰਭੂ ਦੇ ਰਾਹ” ਉੱਤੇ ਚੱਲਣ ਵਾਲੇ ਲੋਕਾਂ ਨੂੰ ਸਜ਼ਾ ਦੇਣ ਵਾਸਤੇ ਬੰਨ੍ਹ ਕੇ ਯਰੂਸ਼ਲਮ ਨੂੰ ਲਿਆਵਾਂ।
6 “ਪਰ ਜਦੋਂ ਮੈਂ ਸਫ਼ਰ ਕਰਦਾ ਹੋਇਆ ਦਮਿਸਕ ਦੇ ਲਾਗੇ ਪਹੁੰਚਿਆ, ਤਾਂ ਦੁਪਹਿਰ ਦੇ ਸਮੇਂ ਅਚਾਨਕ ਮੇਰੇ ਆਲੇ-ਦੁਆਲੇ ਆਕਾਸ਼ੋਂ ਤੇਜ਼ ਰੌਸ਼ਨੀ ਚਮਕੀ+ 7 ਅਤੇ ਮੈਂ ਜ਼ਮੀਨ ʼਤੇ ਡਿਗ ਗਿਆ ਅਤੇ ਇਕ ਆਵਾਜ਼ ਨੇ ਮੈਨੂੰ ਕਿਹਾ: ‘ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?’ 8 ਮੈਂ ਪੁੱਛਿਆ: ‘ਪ੍ਰਭੂ ਤੂੰ ਕੌਣ ਹੈਂ?’ ਉਸ ਨੇ ਮੈਨੂੰ ਕਿਹਾ: ‘ਮੈਂ ਯਿਸੂ ਨਾਸਰੀ ਹਾਂ ਜਿਸ ਉੱਤੇ ਤੂੰ ਜ਼ੁਲਮ ਕਰਦਾ ਹੈਂ।’ 9 ਜਿਹੜੇ ਆਦਮੀ ਮੇਰੇ ਨਾਲ ਸਨ, ਉਨ੍ਹਾਂ ਨੇ ਵੀ ਰੌਸ਼ਨੀ ਦੇਖੀ ਸੀ, ਪਰ ਉਸ ਆਵਾਜ਼ ਨੇ ਮੈਨੂੰ ਜੋ ਕਿਹਾ ਸੀ, ਉਹ ਉਸ ਦਾ ਮਤਲਬ ਨਹੀਂ ਸਮਝੇ। 10 ਫਿਰ ਮੈਂ ਕਿਹਾ: ‘ਪ੍ਰਭੂ ਮੈਂ ਕੀ ਕਰਾਂ?’ ਪ੍ਰਭੂ ਨੇ ਮੈਨੂੰ ਕਿਹਾ: ‘ਉੱਠ ਅਤੇ ਦਮਿਸਕ ਨੂੰ ਚਲਾ ਜਾਹ, ਉੱਥੇ ਤੈਨੂੰ ਦੱਸਿਆ ਜਾਵੇਗਾ ਕਿ ਤੈਨੂੰ ਕਿਹੜੇ ਕੰਮ ਕਰਨ ਲਈ ਚੁਣਿਆ ਗਿਆ ਹੈ।’+ 11 ਰੌਸ਼ਨੀ ਇੰਨੀ ਤੇਜ਼ ਸੀ ਕਿ ਮੈਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ, ਇਸ ਲਈ ਜਿਹੜੇ ਆਦਮੀ ਮੇਰੇ ਨਾਲ ਸਨ, ਮੈਂ ਉਨ੍ਹਾਂ ਦਾ ਹੱਥ ਫੜ ਕੇ ਦਮਿਸਕ ਨੂੰ ਚਲਾ ਗਿਆ।
12 “ਉੱਥੇ ਹਨਾਨਿਆ ਨਾਂ ਦਾ ਇਕ ਆਦਮੀ ਸੀ ਜਿਹੜਾ ਮੂਸਾ ਦੇ ਕਾਨੂੰਨ ਮੁਤਾਬਕ ਚੱਲਦਾ ਸੀ ਅਤੇ ਉੱਥੇ ਰਹਿਣ ਵਾਲੇ ਸਾਰੇ ਯਹੂਦੀਆਂ ਵਿਚ ਉਸ ਦੀ ਨੇਕਨਾਮੀ ਸੀ। 13 ਉਹ ਆ ਕੇ ਮੇਰੇ ਕੋਲ ਖੜ੍ਹਾ ਹੋਇਆ ਅਤੇ ਮੈਨੂੰ ਕਿਹਾ, ‘ਸੌਲੁਸ ਮੇਰੇ ਭਰਾ, ਸੁਜਾਖਾ ਹੋ ਜਾ!’ ਉਸੇ ਵੇਲੇ ਮੇਰੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਅਤੇ ਮੈਂ ਉਸ ਨੂੰ ਦੇਖਿਆ।+ 14 ਉਸ ਨੇ ਕਿਹਾ: ‘ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਤੈਨੂੰ ਚੁਣਿਆ ਹੈ ਕਿ ਤੈਨੂੰ ਉਸ ਦੀ ਇੱਛਾ ਦਾ ਗਿਆਨ ਹੋਵੇ ਅਤੇ ਤੂੰ ਧਰਮੀ ਸੇਵਕ ਨੂੰ ਦੇਖੇਂ+ ਅਤੇ ਉਸ ਦੀ ਆਵਾਜ਼ ਸੁਣੇਂ 15 ਕਿਉਂਕਿ ਤੂੰ ਉਸ ਦਾ ਗਵਾਹ ਬਣ ਕੇ ਸਾਰਿਆਂ ਨੂੰ ਉਹ ਗੱਲਾਂ ਦੱਸਣੀਆਂ ਹਨ ਜੋ ਤੂੰ ਦੇਖੀਆਂ ਅਤੇ ਸੁਣੀਆਂ ਹਨ।+ 16 ਤੂੰ ਹੁਣ ਦੇਰ ਕਿਉਂ ਲਾ ਰਿਹਾ ਹੈਂ? ਉੱਠ ਕੇ ਬਪਤਿਸਮਾ ਲੈ ਅਤੇ ਉਸ ਦਾ ਨਾਂ ਲੈ ਕੇ+ ਆਪਣੇ ਪਾਪ ਧੋ।’+
17 “ਪਰ ਜਦੋਂ ਮੈਂ ਯਰੂਸ਼ਲਮ ਵਾਪਸ ਆਇਆ+ ਤੇ ਮੰਦਰ ਵਿਚ ਪ੍ਰਾਰਥਨਾ ਕਰ ਰਿਹਾ ਸੀ, ਤਾਂ ਮੈਂ ਦਰਸ਼ਣ ਵਿਚ 18 ਪ੍ਰਭੂ ਨੂੰ ਦੇਖਿਆ ਅਤੇ ਉਸ ਨੇ ਮੈਨੂੰ ਕਿਹਾ: ‘ਛੇਤੀ ਕਰ ਅਤੇ ਤੁਰੰਤ ਯਰੂਸ਼ਲਮ ਤੋਂ ਚਲਿਆ ਜਾਹ ਕਿਉਂਕਿ ਉਹ ਮੇਰੇ ਬਾਰੇ ਤੇਰੀ ਗਵਾਹੀ ਨੂੰ ਨਹੀਂ ਸੁਣਨਗੇ।’+ 19 ਤਦ ਮੈਂ ਕਿਹਾ: ‘ਪ੍ਰਭੂ, ਉਹ ਆਪ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੈਂ ਇਕ ਤੋਂ ਬਾਅਦ ਇਕ ਸਭਾ ਘਰ ਵਿਚ ਜਾਂਦਾ ਸੀ ਅਤੇ ਜਿਹੜੇ ਲੋਕ ਤੇਰੇ ਉੱਤੇ ਨਿਹਚਾ ਕਰਦੇ ਸਨ, ਉਨ੍ਹਾਂ ਨੂੰ ਫੜ ਕੇ ਜੇਲ੍ਹ ਵਿਚ ਸੁੱਟ ਦਿੰਦਾ ਸੀ ਅਤੇ ਉਨ੍ਹਾਂ ਨੂੰ ਕੋਰੜੇ ਮਾਰਦਾ ਸੀ।+ 20 ਜਦੋਂ ਤੇਰੇ ਗਵਾਹ ਇਸਤੀਫ਼ਾਨ ਦਾ ਖ਼ੂਨ ਵਹਾਇਆ ਗਿਆ ਸੀ, ਤਾਂ ਉਸ ਵੇਲੇ ਮੈਂ ਉੱਥੇ ਹੀ ਖੜ੍ਹਾ ਸੀ ਅਤੇ ਉਸ ਦੇ ਕਤਲ ਨਾਲ ਸਹਿਮਤ ਸੀ ਅਤੇ ਮੈਂ ਹੀ ਉਸ ਦੇ ਕਾਤਲਾਂ ਦੇ ਕੱਪੜਿਆਂ ਦੀ ਰਾਖੀ ਕੀਤੀ ਸੀ।’+ 21 ਫਿਰ ਵੀ ਪ੍ਰਭੂ ਨੇ ਮੈਨੂੰ ਕਿਹਾ: ‘ਇੱਥੋਂ ਚਲਾ ਜਾਹ ਕਿਉਂਕਿ ਮੈਂ ਤੈਨੂੰ ਦੂਰ-ਦੂਰ ਗ਼ੈਰ-ਯਹੂਦੀ ਕੌਮਾਂ ਕੋਲ ਘੱਲਾਂਗਾ।’”+
22 ਉਹ ਹੁਣ ਤਕ ਉਸ ਦੀ ਗੱਲ ਸੁਣਦੇ ਰਹੇ। ਪਰ ਫਿਰ ਉਹ ਉੱਚੀ-ਉੱਚੀ ਕਹਿਣ ਲੱਗੇ: “ਇਹੋ ਜਿਹੇ ਇਨਸਾਨ ਨੂੰ ਧਰਤੀ ਉੱਤੋਂ ਖ਼ਤਮ ਕਰ ਦਿਓ ਕਿਉਂਕਿ ਇਹ ਜੀਉਂਦਾ ਰਹਿਣ ਦੇ ਲਾਇਕ ਨਹੀਂ ਹੈ!” 23 ਉਹ ਉੱਚੀ-ਉੱਚੀ ਰੌਲ਼ਾ ਪਾ ਰਹੇ ਸਨ, ਆਪਣੇ ਕੱਪੜੇ ਹਵਾ ਵਿਚ ਇੱਧਰ-ਉੱਧਰ ਉਛਾਲ਼ ਰਹੇ ਸਨ ਤੇ ਮਿੱਟੀ-ਘੱਟਾ ਉਡਾ ਰਹੇ ਸਨ,+ 24 ਇਸ ਲਈ ਫ਼ੌਜ ਦੇ ਸੈਨਾਪਤੀ ਨੇ ਹੁਕਮ ਦਿੱਤਾ ਕਿ ਪੌਲੁਸ ਨੂੰ ਉੱਥੇ ਲਿਜਾਇਆ ਜਾਵੇ ਜਿੱਥੇ ਫ਼ੌਜੀ ਰਹਿੰਦੇ ਹਨ ਅਤੇ ਕੋਰੜੇ ਮਾਰ ਕੇ ਉਸ ਤੋਂ ਪੁੱਛ-ਗਿੱਛ ਕੀਤੀ ਜਾਵੇ। ਸੈਨਾਪਤੀ ਪੂਰੀ ਗੱਲ ਜਾਣਨੀ ਚਾਹੁੰਦਾ ਸੀ ਕਿ ਲੋਕ ਪੌਲੁਸ ਦੇ ਖ਼ਿਲਾਫ਼ ਇੰਨਾ ਰੌਲ਼ਾ ਕਿਉਂ ਪਾ ਰਹੇ ਸਨ। 25 ਜਦੋਂ ਉਨ੍ਹਾਂ ਨੇ ਕੋਰੜੇ ਮਾਰਨ ਲਈ ਪੌਲੁਸ ਨੂੰ ਬੰਨ੍ਹ ਲਿਆ, ਤਾਂ ਉਸ ਨੇ ਉੱਥੇ ਖੜ੍ਹੇ ਫ਼ੌਜੀ ਅਫ਼ਸਰ ਨੂੰ ਕਿਹਾ: “ਕੀ ਦੋਸ਼ ਸਾਬਤ ਕੀਤੇ ਬਿਨਾਂ* ਕਿਸੇ ਰੋਮੀ ਨਾਗਰਿਕ ਨੂੰ ਕੋਰੜੇ ਮਾਰਨੇ ਜਾਇਜ਼ ਹਨ?”+ 26 ਜਦੋਂ ਫ਼ੌਜੀ ਅਫ਼ਸਰ ਨੇ ਇਹ ਗੱਲ ਸੁਣੀ, ਤਾਂ ਉਸ ਨੇ ਜਾ ਕੇ ਫ਼ੌਜ ਦੇ ਸੈਨਾਪਤੀ ਨੂੰ ਇਹ ਗੱਲ ਦੱਸੀ ਅਤੇ ਪੁੱਛਿਆ: “ਤੂੰ ਹੁਣ ਕੀ ਕਰੇਂਗਾ? ਇਹ ਆਦਮੀ ਤਾਂ ਰੋਮੀ ਹੈ।” 27 ਇਸ ਲਈ ਫ਼ੌਜ ਦੇ ਸੈਨਾਪਤੀ ਨੇ ਜਾ ਕੇ ਪੌਲੁਸ ਨੂੰ ਪੁੱਛਿਆ: “ਮੈਨੂੰ ਦੱਸ, ਕੀ ਤੂੰ ਰੋਮੀ ਨਾਗਰਿਕ ਹੈਂ?” ਉਸ ਨੇ ਕਿਹਾ: “ਹਾਂ।” 28 ਫਿਰ ਫ਼ੌਜ ਦੇ ਸੈਨਾਪਤੀ ਨੇ ਕਿਹਾ: “ਮੈਂ ਬਹੁਤ ਸਾਰਾ ਪੈਸਾ ਖ਼ਰਚ ਕੇ ਰੋਮੀ ਨਾਗਰਿਕ ਦੇ ਹੱਕ ਪ੍ਰਾਪਤ ਕੀਤੇ ਹਨ।” ਪੌਲੁਸ ਨੇ ਕਿਹਾ: “ਮੈਨੂੰ ਤਾਂ ਇਹ ਹੱਕ ਜਨਮ ਤੋਂ ਪ੍ਰਾਪਤ ਹੋਏ ਹਨ।”+
29 ਇਸ ਲਈ ਜਿਹੜੇ ਫ਼ੌਜੀ ਤਸੀਹੇ ਦੇ ਕੇ ਉਸ ਤੋਂ ਪੁੱਛ-ਗਿੱਛ ਕਰਨ ਵਾਲੇ ਸਨ, ਉਹ ਸਾਰੇ ਉਸੇ ਵੇਲੇ ਪਿੱਛੇ ਹਟ ਗਏ। ਫ਼ੌਜ ਦਾ ਸੈਨਾਪਤੀ ਇਹ ਜਾਣ ਕੇ ਡਰ ਗਿਆ ਕਿ ਉਹ ਰੋਮੀ ਨਾਗਰਿਕ ਸੀ ਅਤੇ ਉਸ ਨੇ ਉਸ ਨੂੰ ਬੇੜੀਆਂ ਨਾਲ ਬੰਨ੍ਹਿਆ ਸੀ।+
30 ਉਹ ਪੂਰੀ ਜਾਣਕਾਰੀ ਲੈਣੀ ਚਾਹੁੰਦਾ ਸੀ ਕਿ ਯਹੂਦੀ ਉਸ ਉੱਤੇ ਦੋਸ਼ ਕਿਉਂ ਲਾ ਰਹੇ ਸਨ, ਇਸ ਲਈ ਅਗਲੇ ਦਿਨ ਉਸ ਨੇ ਪੌਲੁਸ ਦੀਆਂ ਬੇੜੀਆਂ ਖੋਲ੍ਹ ਦਿੱਤੀਆਂ ਅਤੇ ਮੁੱਖ ਪੁਜਾਰੀਆਂ ਤੇ ਪੂਰੀ ਮਹਾਸਭਾ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ। ਫਿਰ ਉਸ ਨੇ ਪੌਲੁਸ ਨੂੰ ਲਿਆ ਕੇ ਉਨ੍ਹਾਂ ਦੇ ਵਿਚਕਾਰ ਖੜ੍ਹਾ ਕਰ ਦਿੱਤਾ।+