ਪਹਿਲਾ ਸਮੂਏਲ
16 ਅਖ਼ੀਰ ਯਹੋਵਾਹ ਨੇ ਸਮੂਏਲ ਨੂੰ ਕਿਹਾ: “ਤੂੰ ਕਦ ਤਕ ਸ਼ਾਊਲ ਕਰਕੇ ਸੋਗ ਵਿਚ ਡੁੱਬਿਆ ਰਹੇਂਗਾ?+ ਮੈਂ ਉਸ ਨੂੰ ਠੁਕਰਾ ਦਿੱਤਾ ਹੈ, ਉਹ ਅੱਗੇ ਤੋਂ ਇਜ਼ਰਾਈਲ ਦਾ ਰਾਜਾ ਨਹੀਂ ਰਹੇਗਾ।+ ਆਪਣਾ ਸਿੰਗ ਤੇਲ ਨਾਲ ਭਰ ਤੇ ਜਾਹ।+ ਮੈਂ ਤੈਨੂੰ ਬੈਤਲਹਮ ਦੇ ਰਹਿਣ ਵਾਲੇ ਯੱਸੀ ਕੋਲ ਭੇਜਾਂਗਾ+ ਕਿਉਂਕਿ ਮੈਂ ਉਸ ਦੇ ਪੁੱਤਰਾਂ ਵਿੱਚੋਂ ਇਕ ਨੂੰ ਆਪਣੇ ਲਈ ਰਾਜਾ ਚੁਣਿਆ ਹੈ।”+ 2 ਪਰ ਸਮੂਏਲ ਨੇ ਕਿਹਾ: “ਮੈਂ ਕਿਵੇਂ ਜਾ ਸਕਦਾਂ? ਜਦ ਸ਼ਾਊਲ ਨੂੰ ਇਸ ਬਾਰੇ ਪਤਾ ਲੱਗੇਗਾ, ਤਾਂ ਉਹ ਮੈਨੂੰ ਮਾਰ ਦੇਵੇਗਾ।”+ ਯਹੋਵਾਹ ਨੇ ਜਵਾਬ ਦਿੱਤਾ: “ਆਪਣੇ ਨਾਲ ਇਕ ਵੱਛੀ ਲੈ ਕੇ ਜਾਹ ਅਤੇ ਕਹੀਂ, ‘ਮੈਂ ਯਹੋਵਾਹ ਅੱਗੇ ਬਲ਼ੀ ਚੜ੍ਹਾਉਣ ਆਇਆ ਹਾਂ।’ 3 ਯੱਸੀ ਨੂੰ ਉਸ ਜਗ੍ਹਾ ਬੁਲਾਈਂ ਜਿੱਥੇ ਤੂੰ ਬਲ਼ੀ ਚੜ੍ਹਾਏਂਗਾ; ਫਿਰ ਮੈਂ ਤੈਨੂੰ ਦੱਸਾਂਗਾ ਕਿ ਤੂੰ ਕੀ ਕਰਨਾ ਹੈ। ਮੈਂ ਤੈਨੂੰ ਦਿਖਾਵਾਂਗਾ ਕਿ ਮੈਂ ਕਿਸ ਨੂੰ ਚੁਣਿਆ ਹੈ, ਤੂੰ ਮੇਰੇ ਵੱਲੋਂ ਉਸ ਨੂੰ ਨਿਯੁਕਤ* ਕਰੀਂ।”+
4 ਸਮੂਏਲ ਨੇ ਉਹੀ ਕੀਤਾ ਜੋ ਯਹੋਵਾਹ ਨੇ ਕਿਹਾ ਸੀ। ਜਦ ਉਹ ਬੈਤਲਹਮ ਆਇਆ,+ ਤਾਂ ਸ਼ਹਿਰ ਦੇ ਬਜ਼ੁਰਗ ਉਸ ਨੂੰ ਮਿਲਣ ਸਮੇਂ ਥਰ-ਥਰ ਕੰਬ ਰਹੇ ਸਨ ਅਤੇ ਉਨ੍ਹਾਂ ਨੇ ਪੁੱਛਿਆ: “ਕੀ ਤੂੰ ਸ਼ਾਂਤੀ ਦੇ ਇਰਾਦੇ ਨਾਲ ਆਇਆ ਹੈਂ?” 5 ਇਹ ਸੁਣ ਕੇ ਉਸ ਨੇ ਕਿਹਾ: “ਹਾਂ, ਮੈਂ ਸ਼ਾਂਤੀ ਦੇ ਇਰਾਦੇ ਨਾਲ ਆਇਆ ਹਾਂ। ਮੈਂ ਯਹੋਵਾਹ ਅੱਗੇ ਬਲ਼ੀ ਚੜ੍ਹਾਉਣ ਆਇਆ ਹਾਂ। ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਮੇਰੇ ਨਾਲ ਬਲ਼ੀ ਚੜ੍ਹਾਉਣ ਆਓ।” ਫਿਰ ਉਸ ਨੇ ਯੱਸੀ ਅਤੇ ਉਸ ਦੇ ਪੁੱਤਰਾਂ ਨੂੰ ਸ਼ੁੱਧ ਕੀਤਾ। ਉਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਬਲ਼ੀ ਚੜ੍ਹਾਉਣ ਵਾਲੀ ਜਗ੍ਹਾ ਬੁਲਾਇਆ। 6 ਜਿਉਂ ਹੀ ਉਹ ਉੱਥੇ ਆਏ ਅਤੇ ਉਸ ਨੇ ਅਲੀਆਬ+ ਨੂੰ ਦੇਖਿਆ, ਤਾਂ ਉਸ ਨੇ ਕਿਹਾ: “ਪੱਕਾ ਇਹੀ ਹੈ ਜਿਸ ਨੂੰ ਯਹੋਵਾਹ ਨੇ ਚੁਣਿਆ ਹੈ।” 7 ਪਰ ਯਹੋਵਾਹ ਨੇ ਸਮੂਏਲ ਨੂੰ ਕਿਹਾ: “ਉਸ ਦੇ ਰੰਗ-ਰੂਪ ਅਤੇ ਉਸ ਦੇ ਉੱਚੇ ਕੱਦ ਵੱਲ ਧਿਆਨ ਨਾ ਦੇ+ ਕਿਉਂਕਿ ਮੈਂ ਉਸ ਨੂੰ ਨਹੀਂ ਚੁਣਿਆ। ਜਿਸ ਤਰ੍ਹਾਂ ਇਨਸਾਨ ਦੇਖਦਾ ਹੈ, ਪਰਮੇਸ਼ੁਰ ਉਸ ਤਰ੍ਹਾਂ ਨਹੀਂ ਦੇਖਦਾ ਕਿਉਂਕਿ ਇਨਸਾਨ ਸਿਰਫ਼ ਬਾਹਰਲਾ ਰੂਪ ਦੇਖਦਾ ਹੈ, ਪਰ ਯਹੋਵਾਹ ਦਿਲ ਦੇਖਦਾ ਹੈ।”+ 8 ਫਿਰ ਯੱਸੀ ਨੇ ਅਬੀਨਾਦਾਬ+ ਨੂੰ ਬੁਲਾਇਆ ਅਤੇ ਉਸ ਨੂੰ ਸਮੂਏਲ ਸਾਮ੍ਹਣੇ ਲਿਆਂਦਾ, ਪਰ ਉਸ ਨੇ ਕਿਹਾ: “ਯਹੋਵਾਹ ਨੇ ਇਸ ਨੂੰ ਵੀ ਨਹੀਂ ਚੁਣਿਆ।” 9 ਇਸ ਤੋਂ ਬਾਅਦ ਯੱਸੀ ਨੇ ਸ਼ਮਾਹ+ ਨੂੰ ਪੇਸ਼ ਕੀਤਾ, ਪਰ ਉਸ ਨੇ ਕਿਹਾ: “ਯਹੋਵਾਹ ਨੇ ਇਸ ਨੂੰ ਵੀ ਨਹੀਂ ਚੁਣਿਆ।” 10 ਯੱਸੀ ਨੇ ਆਪਣੇ ਸੱਤ ਪੁੱਤਰਾਂ ਨੂੰ ਸਮੂਏਲ ਸਾਮ੍ਹਣੇ ਲਿਆਂਦਾ, ਪਰ ਸਮੂਏਲ ਨੇ ਯੱਸੀ ਨੂੰ ਕਿਹਾ: “ਯਹੋਵਾਹ ਨੇ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਚੁਣਿਆ।”
11 ਅਖ਼ੀਰ ਸਮੂਏਲ ਨੇ ਯੱਸੀ ਨੂੰ ਪੁੱਛਿਆ: “ਕੀ ਤੇਰੇ ਇੰਨੇ ਹੀ ਮੁੰਡੇ ਹਨ?” ਇਹ ਸੁਣ ਕੇ ਉਸ ਨੇ ਜਵਾਬ ਦਿੱਤਾ: “ਨਹੀਂ ਇਕ ਹੋਰ ਹੈ, ਸਭ ਤੋਂ ਛੋਟਾ;+ ਉਹ ਭੇਡਾਂ ਚਾਰਨ ਗਿਆ ਹੈ।”+ ਫਿਰ ਸਮੂਏਲ ਨੇ ਯੱਸੀ ਨੂੰ ਕਿਹਾ: “ਉਸ ਨੂੰ ਸੱਦ ਕਿਉਂਕਿ ਜਦ ਤਕ ਉਹ ਇੱਥੇ ਨਹੀਂ ਆ ਜਾਂਦਾ, ਅਸੀਂ ਖਾਣਾ ਖਾਣ ਨਹੀਂ ਬੈਠਾਂਗੇ।” 12 ਇਸ ਲਈ ਯੱਸੀ ਨੇ ਕਿਸੇ ਨੂੰ ਭੇਜ ਕੇ ਉਸ ਨੂੰ ਬੁਲਾਇਆ ਅਤੇ ਸਮੂਏਲ ਕੋਲ ਲਿਆਂਦਾ। ਉਸ ਦਾ ਰੰਗ ਲਾਲ ਸੀ, ਉਸ ਦੀਆਂ ਅੱਖਾਂ ਸੋਹਣੀਆਂ ਸਨ ਤੇ ਉਹ ਸੋਹਣਾ-ਸੁਨੱਖਾ ਸੀ।+ ਫਿਰ ਯਹੋਵਾਹ ਨੇ ਕਿਹਾ: “ਉੱਠ, ਇਹੀ ਹੈ! ਇਸ ਨੂੰ ਨਿਯੁਕਤ ਕਰ।”+ 13 ਇਸ ਲਈ ਸਮੂਏਲ ਨੇ ਤੇਲ ਨਾਲ ਭਰਿਆ ਸਿੰਗ ਲਿਆ+ ਤੇ ਉਸ ਨੂੰ ਉਸ ਦੇ ਭਰਾਵਾਂ ਦੇ ਸਾਮ੍ਹਣੇ ਨਿਯੁਕਤ ਕੀਤਾ। ਅਤੇ ਉਸ ਦਿਨ ਤੋਂ ਯਹੋਵਾਹ ਦੀ ਪਵਿੱਤਰ ਸ਼ਕਤੀ ਦਾਊਦ ਉੱਤੇ ਕੰਮ ਕਰਨ ਲੱਗ ਪਈ।+ ਬਾਅਦ ਵਿਚ ਸਮੂਏਲ ਉੱਠ ਕੇ ਰਾਮਾਹ ਨੂੰ ਚਲਾ ਗਿਆ।+
14 ਹੁਣ ਯਹੋਵਾਹ ਦੀ ਪਵਿੱਤਰ ਸ਼ਕਤੀ ਨੇ ਸ਼ਾਊਲ ਉੱਤੇ ਕੰਮ ਕਰਨਾ ਬੰਦ ਕਰ ਦਿੱਤਾ+ ਅਤੇ ਯਹੋਵਾਹ ਨੇ ਸ਼ਾਊਲ ਦੀ ਬੁਰੀ ਸੋਚ ਨੂੰ ਉਸ ਉੱਤੇ ਹਾਵੀ ਹੋਣ ਦਿੱਤਾ ਜਿਸ ਕਰਕੇ ਉਹ ਹਮੇਸ਼ਾ ਖ਼ੌਫ਼ ਵਿਚ ਰਹਿੰਦਾ ਸੀ।*+ 15 ਸ਼ਾਊਲ ਦੇ ਸੇਵਕਾਂ ਨੇ ਉਸ ਨੂੰ ਕਿਹਾ: “ਦੇਖ, ਪਰਮੇਸ਼ੁਰ ਨੇ ਤੇਰੀ ਬੁਰੀ ਸੋਚ ਤੇਰੇ ਉੱਤੇ ਹਾਵੀ ਹੋਣ ਦਿੱਤੀ ਹੈ ਜਿਸ ਕਰਕੇ ਤੂੰ ਹਮੇਸ਼ਾ ਖ਼ੌਫ਼ ਵਿਚ ਰਹਿੰਦਾ ਹੈਂ। 16 ਹੇ ਸਾਡੇ ਮਾਲਕ, ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਇਕ ਅਜਿਹੇ ਆਦਮੀ ਨੂੰ ਲੱਭਣ ਦਾ ਹੁਕਮ ਦੇ ਜੋ ਰਬਾਬ ਵਜਾਉਣ ਵਿਚ ਮਾਹਰ ਹੋਵੇ।+ ਜਦੋਂ ਵੀ ਪਰਮੇਸ਼ੁਰ ਤੇਰੀ ਬੁਰੀ ਸੋਚ ਤੇਰੇ ਉੱਤੇ ਹਾਵੀ ਹੋਣ ਦੇਵੇਗਾ, ਤਦ ਉਹ ਰਬਾਬ ਵਜਾਵੇਗਾ ਅਤੇ ਤੂੰ ਚੰਗਾ ਮਹਿਸੂਸ ਕਰੇਂਗਾ।” 17 ਇਸ ਲਈ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਕਿਹਾ: “ਕਿਰਪਾ ਕਰ ਕੇ ਮੇਰੇ ਲਈ ਇਕ ਆਦਮੀ ਲੱਭੋ ਜੋ ਸਾਜ਼ ਵਜਾਉਣ ਵਿਚ ਮਾਹਰ ਹੋਵੇ ਅਤੇ ਉਸ ਨੂੰ ਮੇਰੇ ਕੋਲ ਲਿਆਓ।”
18 ਇਕ ਸੇਵਾਦਾਰ ਨੇ ਕਿਹਾ: “ਮੈਂ ਦੇਖਿਆ ਹੈ ਕਿ ਬੈਤਲਹਮ ਵਿਚ ਰਹਿਣ ਵਾਲੇ ਯੱਸੀ ਦਾ ਇਕ ਪੁੱਤਰ ਸਾਜ਼ ਵਜਾਉਣ ਵਿਚ ਮਾਹਰ ਹੈ ਅਤੇ ਉਹ ਦਲੇਰ ਤੇ ਤਾਕਤਵਰ ਯੋਧਾ ਹੈ।+ ਉਹ ਚੰਗੀ ਤਰ੍ਹਾਂ ਗੱਲ ਕਰਨੀ ਜਾਣਦਾ ਹੈ ਅਤੇ ਉਹ ਸੋਹਣਾ-ਸੁਨੱਖਾ ਹੈ+ ਤੇ ਯਹੋਵਾਹ ਉਸ ਦੇ ਨਾਲ ਹੈ।”+ 19 ਫਿਰ ਸ਼ਾਊਲ ਨੇ ਸੰਦੇਸ਼ ਦੇਣ ਵਾਲਿਆਂ ਨੂੰ ਯੱਸੀ ਦੇ ਕੋਲ ਇਹ ਕਹਿ ਕੇ ਭੇਜਿਆ: “ਆਪਣੇ ਪੁੱਤਰ ਦਾਊਦ ਨੂੰ ਮੇਰੇ ਕੋਲ ਭੇਜ ਜੋ ਭੇਡਾਂ ਚਾਰਦਾ ਹੈ।”+ 20 ਇਸ ਲਈ ਯੱਸੀ ਨੇ ਰੋਟੀਆਂ ਅਤੇ ਦਾਖਰਸ ਦੀ ਮਸ਼ਕ ਇਕ ਗਧੇ ਉੱਤੇ ਲੱਦੀ ਤੇ ਇਕ ਮੇਮਣਾ ਲਿਆ ਅਤੇ ਇਹ ਸਭ ਆਪਣੇ ਪੁੱਤਰ ਦਾਊਦ ਦੇ ਹੱਥ ਸ਼ਾਊਲ ਕੋਲ ਭੇਜ ਦਿੱਤਾ। 21 ਇਸ ਤਰ੍ਹਾਂ ਦਾਊਦ ਸ਼ਾਊਲ ਕੋਲ ਆਇਆ ਅਤੇ ਉਸ ਦੀ ਸੇਵਾ ਕਰਨ ਲੱਗ ਪਿਆ।+ ਸ਼ਾਊਲ ਉਸ ਨੂੰ ਬਹੁਤ ਪਿਆਰ ਕਰਨ ਲੱਗਾ ਅਤੇ ਦਾਊਦ ਉਸ ਦਾ ਹਥਿਆਰ ਚੁੱਕਣ ਵਾਲਾ ਬਣ ਗਿਆ। 22 ਸ਼ਾਊਲ ਨੇ ਯੱਸੀ ਨੂੰ ਇਹ ਸੰਦੇਸ਼ ਭੇਜਿਆ: “ਦਾਊਦ ਨੂੰ ਮੇਰੀ ਸੇਵਾ ਵਿਚ ਰਹਿਣ ਦੇ ਕਿਉਂਕਿ ਮੇਰੀ ਕਿਰਪਾ ਦੀ ਨਜ਼ਰ ਉਸ ਉੱਤੇ ਹੋਈ ਹੈ।” 23 ਜਦੋਂ ਵੀ ਪਰਮੇਸ਼ੁਰ ਸ਼ਾਊਲ ਦੀ ਬੁਰੀ ਸੋਚ ਉਸ ਉੱਤੇ ਹਾਵੀ ਹੋਣ ਦਿੰਦਾ ਸੀ, ਤਾਂ ਦਾਊਦ ਰਬਾਬ ਲੈ ਕੇ ਵਜਾਉਂਦਾ ਸੀ ਜਿਸ ਨਾਲ ਸ਼ਾਊਲ ਨੂੰ ਸਕੂਨ ਮਿਲਦਾ ਸੀ ਤੇ ਉਹ ਬਿਹਤਰ ਮਹਿਸੂਸ ਕਰਦਾ ਸੀ ਅਤੇ ਉਸ ਦੀ ਸੋਚ ਬੁਰੀ ਨਹੀਂ ਸੀ ਰਹਿੰਦੀ।+