ਬਿਵਸਥਾ ਸਾਰ
25 “ਜਦ ਦੋ ਆਦਮੀਆਂ ਵਿਚਕਾਰ ਝਗੜਾ ਹੁੰਦਾ ਹੈ, ਤਾਂ ਉਹ ਨਿਆਂਕਾਰਾਂ ਸਾਮ੍ਹਣੇ ਪੇਸ਼ ਹੋਣ।+ ਨਿਆਂਕਾਰ ਉਨ੍ਹਾਂ ਦਾ ਨਿਆਂ ਕਰਨਗੇ ਅਤੇ ਉਹ ਧਰਮੀ ਨੂੰ ਬੇਕਸੂਰ ਅਤੇ ਦੁਸ਼ਟ ਨੂੰ ਦੋਸ਼ੀ ਕਰਾਰ ਦੇਣਗੇ।+ 2 ਜੇ ਦੁਸ਼ਟ ਨੇ ਕੁੱਟ ਖਾਣ ਦੇ ਲਾਇਕ ਕੰਮ ਕੀਤਾ ਹੈ,+ ਤਾਂ ਨਿਆਂਕਾਰ ਉਸ ਨੂੰ ਮੂੰਹ ਭਾਰ ਲੰਮਾ ਪਾਉਣ ਦਾ ਹੁਕਮ ਦੇਵੇ ਅਤੇ ਉਸ ਦੀਆਂ ਅੱਖਾਂ ਸਾਮ੍ਹਣੇ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ। ਉਸ ਨੇ ਜੋ ਦੁਸ਼ਟ ਕੰਮ ਕੀਤਾ ਹੈ, ਉਸ ਦੇ ਅਨੁਸਾਰ ਉਸ ਨੂੰ ਉੱਨੇ ਕੋਰੜੇ ਮਾਰੇ ਜਾਣ। 3 ਉਸ ਨੂੰ ਜ਼ਿਆਦਾ ਤੋਂ ਜ਼ਿਆਦਾ 40 ਕੋਰੜੇ ਮਾਰੇ ਜਾ ਸਕਦੇ ਹਨ,+ ਇਸ ਤੋਂ ਵੱਧ ਨਹੀਂ। ਜੇ ਉਸ ਨੂੰ ਇਸ ਤੋਂ ਜ਼ਿਆਦਾ ਕੋਰੜੇ ਮਾਰੇ ਜਾਂਦੇ ਹਨ, ਤਾਂ ਤੁਹਾਡੀਆਂ ਨਜ਼ਰਾਂ ਸਾਮ੍ਹਣੇ ਤੁਹਾਡੇ ਭਰਾ ਦੀ ਬੇਇੱਜ਼ਤੀ ਹੋਵੇਗੀ।
4 “ਤੂੰ ਗਹਾਈ ਕਰ ਰਹੇ ਬਲਦ ਦੇ ਮੂੰਹ ʼਤੇ ਛਿੱਕਲੀ ਨਾ ਚਾੜ੍ਹ।+
5 “ਮੰਨ ਲਓ ਕਿ ਕੁਝ ਭਰਾ ਇਕ-ਦੂਜੇ ਦੇ ਨੇੜੇ ਰਹਿੰਦੇ ਹਨ। ਜੇ ਉਨ੍ਹਾਂ ਵਿੱਚੋਂ ਇਕ ਜਣੇ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦਾ ਕੋਈ ਪੁੱਤਰ ਨਹੀਂ ਹੈ, ਤਾਂ ਉਸ ਦੀ ਵਿਧਵਾ ਨੂੰ ਉਸ ਪਰਿਵਾਰ ਤੋਂ ਬਾਹਰ ਕਿਸੇ ਹੋਰ ਆਦਮੀ ਨਾਲ ਵਿਆਹ ਨਹੀਂ ਕਰਾਉਣਾ ਚਾਹੀਦਾ। ਉਸ ਦੇ ਪਤੀ ਦਾ ਭਰਾ ਆਪਣਾ ਫ਼ਰਜ਼ ਨਿਭਾਉਂਦੇ ਹੋਏ ਆਪਣੀ ਭਾਬੀ ਨਾਲ ਵਿਆਹ ਕਰਾਵੇ।+ 6 ਉਸ ਔਰਤ ਤੋਂ ਜਿਹੜਾ ਪਹਿਲਾ ਬੱਚਾ ਪੈਦਾ ਹੋਵੇਗਾ, ਉਹੀ ਉਸ ਦੇ ਮਰ ਚੁੱਕੇ ਭਰਾ ਦੇ ਵੰਸ਼ ਨੂੰ ਅੱਗੇ ਤੋਰੇਗਾ+ ਤਾਂਕਿ ਇਜ਼ਰਾਈਲ ਵਿੱਚੋਂ ਉਸ ਦਾ ਨਾਂ ਨਾ ਮਿਟੇ।*+
7 “ਜੇ ਉਹ ਆਦਮੀ ਆਪਣੀ ਭਾਬੀ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ, ਤਾਂ ਉਸ ਦੇ ਭਰਾ ਦੀ ਵਿਧਵਾ ਸ਼ਹਿਰ ਦੇ ਦਰਵਾਜ਼ੇ ʼਤੇ ਬਜ਼ੁਰਗਾਂ ਕੋਲ ਜਾਵੇ ਅਤੇ ਉਨ੍ਹਾਂ ਨੂੰ ਕਹੇ, ‘ਮੇਰੇ ਪਤੀ ਦੇ ਭਰਾ ਨੇ ਇਜ਼ਰਾਈਲ ਵਿਚ ਆਪਣੇ ਭਰਾ ਦੇ ਵੰਸ਼ ਨੂੰ ਅੱਗੇ ਤੋਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹ ਮੇਰੇ ਨਾਲ ਵਿਆਹ ਕਰਾ ਕੇ ਆਪਣਾ ਫ਼ਰਜ਼ ਨਿਭਾਉਣ ਤੋਂ ਇਨਕਾਰ ਕਰ ਰਿਹਾ ਹੈ।’ 8 ਉਸ ਦੇ ਸ਼ਹਿਰ ਦੇ ਬਜ਼ੁਰਗ ਉਸ ਨੂੰ ਬੁਲਾਉਣ ਅਤੇ ਉਸ ਨਾਲ ਗੱਲ ਕਰਨ। ਜੇ ਉਹ ਆਪਣੀ ਗੱਲ ʼਤੇ ਅੜਿਆ ਰਹਿੰਦਾ ਹੈ ਅਤੇ ਕਹਿੰਦਾ ਹੈ, ‘ਮੈਂ ਆਪਣੀ ਭਾਬੀ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ,’ 9 ਫਿਰ ਉਸ ਦੇ ਭਰਾ ਦੀ ਵਿਧਵਾ ਬਜ਼ੁਰਗਾਂ ਸਾਮ੍ਹਣੇ ਉਸ ਕੋਲ ਆਵੇ ਅਤੇ ਉਸ ਦੇ ਪੈਰੋਂ ਜੁੱਤੀ ਲਾਹ ਦੇਵੇ+ ਅਤੇ ਉਸ ਦੇ ਮੂੰਹ ʼਤੇ ਥੁੱਕੇ ਅਤੇ ਕਹੇ, ‘ਜਿਹੜਾ ਆਪਣੇ ਭਰਾ ਦੇ ਵੰਸ਼ ਨੂੰ ਅੱਗੇ ਨਹੀਂ ਤੋਰਦਾ, ਉਸ ਨਾਲ ਇਸੇ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ।’ 10 ਇਸ ਤੋਂ ਬਾਅਦ ਇਜ਼ਰਾਈਲ ਵਿਚ ਉਸ ਆਦਮੀ ਦੇ ਪਰਿਵਾਰ* ਨੂੰ ਇਸ ਨਾਂ ਨਾਲ ਜਾਣਿਆ ਜਾਵੇਗਾ, ‘ਉਸ ਆਦਮੀ ਦਾ ਪਰਿਵਾਰ ਜਿਸ ਦੀ ਜੁੱਤੀ ਲਾਹੀ ਗਈ ਸੀ।’
11 “ਮੰਨ ਲਓ ਦੋ ਆਦਮੀ ਆਪਸ ਵਿਚ ਲੜ ਰਹੇ ਹਨ ਅਤੇ ਇਕ ਆਦਮੀ ਦੀ ਪਤਨੀ ਦੂਜੇ ਆਦਮੀ ਤੋਂ ਆਪਣੇ ਪਤੀ ਨੂੰ ਬਚਾਉਣ ਆਉਂਦੀ ਹੈ ਜੋ ਉਸ ਦੇ ਪਤੀ ਨੂੰ ਮਾਰ ਰਿਹਾ ਹੈ। ਜੇ ਉਹ ਔਰਤ ਹੱਥ ਵਧਾ ਕੇ ਦੂਜੇ ਆਦਮੀ ਦੇ ਗੁਪਤ ਅੰਗ ਨੂੰ ਫੜ ਲੈਂਦੀ ਹੈ, 12 ਤਾਂ ਤੂੰ ਜ਼ਰੂਰ ਉਸ ਔਰਤ ਦਾ ਹੱਥ ਵੱਢ ਦੇਈਂ। ਤੂੰ* ਉਸ ʼਤੇ ਤਰਸ ਨਾ ਖਾਈਂ।
13 “ਤੂੰ ਆਪਣੇ ਝੋਲ਼ੇ ਵਿਚ ਇੱਕੋ ਤੋਲ ਲਈ ਦੋ ਵੱਖ-ਵੱਖ ਵੱਟੇ ਨਾ ਰੱਖੀਂ,+ ਇਕ ਵੱਡਾ ਅਤੇ ਇਕ ਛੋਟਾ। 14 ਤੂੰ ਆਪਣੇ ਘਰ ਵਿਚ ਇੱਕੋ ਮਾਪ ਲਈ ਦੋ ਵੱਖ-ਵੱਖ ਭਾਂਡੇ* ਨਾ ਰੱਖੀਂ,+ ਇਕ ਵੱਡਾ ਅਤੇ ਇਕ ਛੋਟਾ। 15 ਤੂੰ ਸਹੀ ਤੇ ਪੂਰੇ ਤੋਲ ਵਾਲੇ ਵੱਟੇ ਅਤੇ ਸਹੀ ਅਤੇ ਪੂਰੇ ਮਾਪ ਵਾਲੇ ਭਾਂਡੇ ਰੱਖੀਂ ਤਾਂਕਿ ਤੂੰ ਉਸ ਦੇਸ਼ ਵਿਚ ਲੰਬੀ ਜ਼ਿੰਦਗੀ ਜੀ ਸਕੇਂ ਜੋ ਦੇਸ਼ ਤੇਰਾ ਪਰਮੇਸ਼ੁਰ ਯਹੋਵਾਹ ਤੈਨੂੰ ਦੇਣ ਜਾ ਰਿਹਾ ਹੈ।+ 16 ਅਜਿਹੇ ਕੰਮ ਕਰਨ ਵਾਲਾ ਹਰ ਬੇਈਮਾਨ ਆਦਮੀ ਤੇਰੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ।+
17 “ਯਾਦ ਰੱਖੋ ਕਿ ਜਦ ਤੁਸੀਂ ਮਿਸਰ ਤੋਂ ਆ ਰਹੇ ਸੀ, ਤਾਂ ਅਮਾਲੇਕੀਆਂ ਨੇ ਤੁਹਾਡੇ ਨਾਲ ਕੀ ਕੀਤਾ ਸੀ।+ 18 ਜਦ ਤੁਸੀਂ ਸਫ਼ਰ ਦੌਰਾਨ ਥੱਕ ਕੇ ਚੂਰ ਹੋ ਚੁੱਕੇ ਸੀ, ਤਾਂ ਅਮਾਲੇਕੀਆਂ ਨੇ ਉਨ੍ਹਾਂ ਸਾਰਿਆਂ ʼਤੇ ਹਮਲਾ ਕੀਤਾ ਜਿਹੜੇ ਥੱਕੇ ਹੋਣ ਕਰਕੇ ਪਿੱਛੇ ਰਹਿ ਗਏ ਸਨ। ਅਮਾਲੇਕੀਆਂ ਨੂੰ ਪਰਮੇਸ਼ੁਰ ਦਾ ਡਰ ਨਹੀਂ ਸੀ। 19 ਇਸ ਲਈ ਜਦ ਤੁਹਾਡਾ ਪਰਮੇਸ਼ੁਰ ਯਹੋਵਾਹ ਉਸ ਦੇਸ਼ ਵਿਚ ਤੁਹਾਨੂੰ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਆਰਾਮ ਦੇਵੇਗਾ ਜੋ ਦੇਸ਼ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਵਿਰਾਸਤ ਵਿਚ ਦੇਣ ਜਾ ਰਿਹਾ ਹੈ,+ ਤਾਂ ਤੁਸੀਂ ਅਮਾਲੇਕੀਆਂ ਦਾ ਨਾਂ ਧਰਤੀ ਤੋਂ ਪੂਰੀ ਤਰ੍ਹਾਂ ਮਿਟਾ ਦੇਣਾ।+ ਤੁਸੀਂ ਇਹ ਗੱਲ ਨਾ ਭੁੱਲਿਓ।