ਅਸਤਰ
7 ਰਾਜਾ ਅਤੇ ਹਾਮਾਨ+ ਰਾਣੀ ਅਸਤਰ ਦੀ ਦਾਅਵਤ ਵਿਚ ਆਏ। 2 ਦੂਸਰੇ ਦਿਨ ਦਾਅਵਤ ਵਿਚ ਖਾਣੇ ਤੋਂ ਬਾਅਦ ਜਦ ਉਹ ਦਾਖਰਸ ਪੀ ਰਹੇ ਸਨ, ਤਾਂ ਰਾਜੇ ਨੇ ਦੁਬਾਰਾ ਅਸਤਰ ਨੂੰ ਪੁੱਛਿਆ: “ਰਾਣੀ ਅਸਤਰ, ਤੇਰੀ ਕੀ ਫ਼ਰਿਆਦ ਹੈ? ਉਹ ਪੂਰੀ ਕੀਤੀ ਜਾਵੇਗੀ! ਤੂੰ ਕੀ ਚਾਹੁੰਦੀ ਹੈਂ? ਜੇ ਤੂੰ ਮੇਰਾ ਅੱਧਾ ਰਾਜ ਵੀ ਮੰਗੇਂ, ਤਾਂ ਮੈਂ ਤੈਨੂੰ ਦੇ ਦਿਆਂਗਾ!”+ 3 ਰਾਣੀ ਅਸਤਰ ਨੇ ਜਵਾਬ ਦਿੱਤਾ: “ਹੇ ਮਹਾਰਾਜ, ਜੇ ਮੇਰੇ ʼਤੇ ਤੇਰੀ ਮਿਹਰ ਹੈ ਅਤੇ ਜੇ ਰਾਜੇ ਨੂੰ ਇਹ ਚੰਗਾ ਲੱਗੇ, ਤਾਂ ਮੇਰੀ ਇਹ ਫ਼ਰਿਆਦ ਹੈ ਕਿ ਮੇਰੀ ਅਤੇ ਮੇਰੇ ਲੋਕਾਂ+ ਦੀ ਜਾਨ ਬਖ਼ਸ਼ੀ ਜਾਵੇ। 4 ਸਾਨੂੰ ਯਾਨੀ ਮੈਨੂੰ ਤੇ ਮੇਰੇ ਲੋਕਾਂ ਨੂੰ ਜਾਨੋਂ ਮਾਰਨ ਲਈ ਵੇਚ ਦਿੱਤਾ ਗਿਆ ਹੈ+ ਤਾਂਕਿ ਸਾਡਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇ।+ ਜੇ ਸਾਨੂੰ ਸਿਰਫ਼ ਗ਼ੁਲਾਮਾਂ ਵਜੋਂ ਵੇਚਿਆ ਗਿਆ ਹੁੰਦਾ, ਤਾਂ ਮੈਂ ਚੁੱਪ ਰਹਿੰਦੀ। ਪਰ ਇਸ ਤਬਾਹੀ ਨਾਲ ਰਾਜੇ ਨੂੰ ਨੁਕਸਾਨ ਹੋਵੇਗਾ, ਇਸ ਲਈ ਇਸ ਨੂੰ ਰੋਕ ਦਿੱਤਾ ਜਾਵੇ।”
5 ਫਿਰ ਰਾਜਾ ਅਹਸ਼ਵੇਰੋਸ਼ ਨੇ ਰਾਣੀ ਅਸਤਰ ਨੂੰ ਕਿਹਾ: “ਕੌਣ ਹੈ ਉਹ? ਕਿੱਥੇ ਹੈ ਉਹ ਜਿਸ ਦੀ ਇੰਨੀ ਜੁਰਅਤ?” 6 ਅਸਤਰ ਨੇ ਜਵਾਬ ਦਿੱਤਾ: “ਉਹ ਵਿਰੋਧੀ ਅਤੇ ਦੁਸ਼ਮਣ ਇਹ ਦੁਸ਼ਟ ਹਾਮਾਨ ਹੈ।”
ਹਾਮਾਨ ਇਹ ਸੁਣ ਕੇ ਰਾਜੇ ਅਤੇ ਰਾਣੀ ਤੋਂ ਬਹੁਤ ਡਰ ਗਿਆ। 7 ਫਿਰ ਰਾਜਾ ਗੁੱਸੇ ਵਿਚ ਦਾਅਵਤ ਤੋਂ ਉੱਠ ਕੇ ਮਹਿਲ ਦੇ ਬਗ਼ੀਚੇ ਵਿਚ ਚਲਾ ਗਿਆ। ਹਾਮਾਨ ਨੂੰ ਪਤਾ ਲੱਗ ਗਿਆ ਕਿ ਰਾਜੇ ਨੇ ਉਸ ਨੂੰ ਸਜ਼ਾ ਦੇਣ ਦੀ ਠਾਣ ਲਈ ਸੀ, ਇਸ ਲਈ ਉਹ ਉੱਠਿਆ ਅਤੇ ਰਾਣੀ ਅਸਤਰ ਅੱਗੇ ਆਪਣੀ ਜਾਨ ਲਈ ਤਰਲੇ-ਮਿੰਨਤਾਂ ਕਰਨ ਲੱਗਾ। 8 ਫਿਰ ਰਾਜਾ ਮਹਿਲ ਦੇ ਬਗ਼ੀਚੇ ਤੋਂ ਉਸ ਜਗ੍ਹਾ ਮੁੜਿਆ ਜਿੱਥੇ ਉਹ ਦਾਖਰਸ ਪੀ ਰਹੇ ਸਨ। ਉਸ ਨੇ ਦੇਖਿਆ ਕਿ ਹਾਮਾਨ ਉਸ ਦੀਵਾਨ ਉੱਤੇ ਝੁਕਿਆ ਹੋਇਆ ਸੀ ਜਿਸ ʼਤੇ ਅਸਤਰ ਬੈਠੀ ਸੀ। ਉਸ ਨੇ ਉੱਚੀ ਆਵਾਜ਼ ਵਿਚ ਚੀਕ ਕੇ ਕਿਹਾ: “ਤੂੰ ਮੇਰੇ ਹੀ ਘਰ ਵਿਚ ਮੇਰੀ ਰਾਣੀ ਨਾਲ ਜ਼ਬਰਦਸਤੀ ਵੀ ਕਰਨੀ ਚਾਹੁੰਦਾਂ?” ਜਿਉਂ ਹੀ ਰਾਜੇ ਦੇ ਮੂੰਹੋਂ ਇਹ ਸ਼ਬਦ ਨਿਕਲੇ, ਹਾਮਾਨ ਦਾ ਮੂੰਹ ਢਕ ਦਿੱਤਾ ਗਿਆ। 9 ਫਿਰ ਰਾਜੇ ਦੇ ਇਕ ਦਰਬਾਰੀ ਹਰਬੋਨਾ+ ਨੇ ਦੱਸਿਆ: “ਹਾਮਾਨ ਨੇ ਮਾਰਦਕਈ ਨੂੰ ਟੰਗਣ ਲਈ ਆਪਣੇ ਘਰ ਦੇ ਨੇੜੇ 50 ਹੱਥ* ਉੱਚੀ ਇਕ ਸੂਲ਼ੀ ਤਿਆਰ ਕਰਵਾਈ ਹੈ।+ ਮਾਰਦਕਈ ਨੇ ਤਾਂ ਰਾਜੇ ਦੀ ਜਾਨ ਬਚਾਈ ਸੀ।”+ ਇਹ ਸੁਣ ਕੇ ਰਾਜੇ ਨੇ ਕਿਹਾ: “ਇਹ ਨੂੰ ਹੀ ਉਸ ਸੂਲ਼ੀ ʼਤੇ ਟੰਗ ਦਿਓ।” 10 ਇਸ ਲਈ ਉਨ੍ਹਾਂ ਨੇ ਹਾਮਾਨ ਨੂੰ ਉਸੇ ਸੂਲ਼ੀ ʼਤੇ ਟੰਗ ਦਿੱਤਾ ਜੋ ਉਸ ਨੇ ਮਾਰਦਕਈ ਲਈ ਤਿਆਰ ਕਰਵਾਈ ਸੀ। ਇਸ ਨਾਲ ਰਾਜੇ ਦਾ ਗੁੱਸਾ ਸ਼ਾਂਤ ਹੋ ਗਿਆ।