ਦੂਜਾ ਰਾਜਿਆਂ
24 ਯਹੋਯਾਕੀਮ ਦੇ ਦਿਨਾਂ ਵਿਚ ਬਾਬਲ ਦਾ ਰਾਜਾ ਨਬੂਕਦਨੱਸਰ+ ਉਸ ਦੇ ਵਿਰੁੱਧ ਆਇਆ ਅਤੇ ਯਹੋਯਾਕੀਮ ਤਿੰਨ ਸਾਲਾਂ ਲਈ ਉਸ ਦਾ ਸੇਵਕ ਬਣ ਗਿਆ। ਪਰ ਉਹ ਉਸ ਦੇ ਖ਼ਿਲਾਫ਼ ਹੋ ਗਿਆ ਅਤੇ ਬਗਾਵਤ ਕਰ ਦਿੱਤੀ। 2 ਫਿਰ ਯਹੋਵਾਹ ਕਸਦੀ, ਸੀਰੀਆਈ, ਮੋਆਬੀ ਅਤੇ ਅੰਮੋਨੀ ਲੁਟੇਰਿਆਂ ਨੂੰ ਉਸ ਦੇ ਖ਼ਿਲਾਫ਼ ਭੇਜਣ ਲੱਗਾ।+ ਉਹ ਯਹੂਦਾਹ ਨੂੰ ਤਬਾਹ ਕਰਨ ਲਈ ਉਨ੍ਹਾਂ ਨੂੰ ਇਸ ਖ਼ਿਲਾਫ਼ ਘੱਲਦਾ ਰਿਹਾ ਜਿਵੇਂ ਯਹੋਵਾਹ ਨੇ ਆਪਣੇ ਸੇਵਕ ਨਬੀਆਂ ਰਾਹੀਂ ਦੱਸਿਆ ਸੀ।+ 3 ਸੱਚ-ਮੁੱਚ, ਯਹੂਦਾਹ ਨਾਲ ਇਹ ਯਹੋਵਾਹ ਦੇ ਹੁਕਮ ਕਰਕੇ ਹੀ ਹੋਇਆ ਤਾਂਕਿ ਮਨੱਸ਼ਹ ਦੇ ਸਾਰੇ ਪਾਪਾਂ ਕਰਕੇ+ ਉਹ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦੇਵੇ,+ 4 ਨਾਲੇ ਉਸ ਵੱਲੋਂ ਬੇਕਸੂਰ ਲੋਕਾਂ ਦਾ ਖ਼ੂਨ ਵਹਾਉਣ ਕਰਕੇ ਹੋਇਆ+ ਕਿਉਂਕਿ ਉਸ ਨੇ ਯਰੂਸ਼ਲਮ ਨੂੰ ਬੇਕਸੂਰ ਲੋਕਾਂ ਦੇ ਖ਼ੂਨ ਨਾਲ ਭਰ ਦਿੱਤਾ ਸੀ ਅਤੇ ਯਹੋਵਾਹ ਉਸ ਨੂੰ ਮਾਫ਼ ਨਹੀਂ ਸੀ ਕਰਨਾ ਚਾਹੁੰਦਾ।+
5 ਯਹੋਯਾਕੀਮ ਦੀ ਬਾਕੀ ਕਹਾਣੀ ਅਤੇ ਉਸ ਦੇ ਸਾਰੇ ਕੰਮਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+ 6 ਫਿਰ ਯਹੋਯਾਕੀਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ;+ ਅਤੇ ਉਸ ਦਾ ਪੁੱਤਰ ਯਹੋਯਾਕੀਨ ਉਸ ਦੀ ਜਗ੍ਹਾ ਰਾਜਾ ਬਣ ਗਿਆ।
7 ਮਿਸਰ ਦੇ ਰਾਜੇ ਨੇ ਫਿਰ ਕਦੇ ਵੀ ਦੇਸ਼ ਵਿੱਚੋਂ ਬਾਹਰ ਜਾਣ ਦੀ ਹਿੰਮਤ ਨਹੀਂ ਕੀਤੀ ਕਿਉਂਕਿ ਬਾਬਲ ਦੇ ਰਾਜੇ ਨੇ ਮਿਸਰ ਵਾਦੀ+ ਤੋਂ ਲੈ ਕੇ ਫ਼ਰਾਤ ਦਰਿਆ ਤਕ+ ਮਿਸਰ ਦੇ ਰਾਜੇ+ ਦਾ ਸਭ ਕੁਝ ਲੈ ਲਿਆ ਸੀ।
8 ਯਹੋਯਾਕੀਨ+ 18 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਤਿੰਨ ਮਹੀਨੇ ਯਰੂਸ਼ਲਮ ਵਿਚ ਰਾਜ ਕੀਤਾ।+ ਉਸ ਦੀ ਮਾਤਾ ਦਾ ਨਾਂ ਨਹੁਸ਼ਤਾ ਸੀ ਜੋ ਯਰੂਸ਼ਲਮ ਦੇ ਰਹਿਣ ਵਾਲੇ ਅਲਨਾਥਾਨ ਦੀ ਧੀ ਸੀ। 9 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ, ਠੀਕ ਜਿਵੇਂ ਉਸ ਦੇ ਪਿਤਾ ਨੇ ਕੀਤਾ ਸੀ। 10 ਉਸ ਸਮੇਂ ਦੌਰਾਨ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਸੇਵਕ ਯਰੂਸ਼ਲਮ ਖ਼ਿਲਾਫ਼ ਆਏ ਅਤੇ ਸ਼ਹਿਰ ਨੂੰ ਘੇਰਾ ਪਾ ਲਿਆ।+ 11 ਬਾਬਲ ਦਾ ਰਾਜਾ ਨਬੂਕਦਨੱਸਰ ਉਦੋਂ ਸ਼ਹਿਰ ਨੂੰ ਆਇਆ ਜਦੋਂ ਉਸ ਦੇ ਸੇਵਕ ਸ਼ਹਿਰ ਨੂੰ ਘੇਰਾ ਪਾ ਰਹੇ ਸਨ।
12 ਯਹੂਦਾਹ ਦਾ ਰਾਜਾ ਯਹੋਯਾਕੀਨ ਆਪਣੀ ਮਾਤਾ, ਆਪਣੇ ਸੇਵਕਾਂ, ਹਾਕਮਾਂ* ਅਤੇ ਆਪਣੇ ਦਰਬਾਰੀਆਂ ਨਾਲ+ ਬਾਬਲ ਦੇ ਰਾਜੇ ਕੋਲ ਗਿਆ;+ ਬਾਬਲ ਦੇ ਰਾਜੇ ਨੇ ਉਸ ਨੂੰ ਉਸ ਦੇ ਰਾਜ ਦੇ ਅੱਠਵੇਂ ਸਾਲ ਵਿਚ ਬੰਦੀ ਬਣਾ ਲਿਆ।+ 13 ਫਿਰ ਉਸ ਨੇ ਉੱਥੋਂ ਯਹੋਵਾਹ ਦੇ ਭਵਨ ਦੇ ਸਾਰੇ ਖ਼ਜ਼ਾਨੇ ਅਤੇ ਰਾਜੇ ਦੇ ਮਹਿਲ ਦੇ ਸਾਰੇ ਖ਼ਜ਼ਾਨੇ ਲੈ ਲਏ।+ ਉਸ ਨੇ ਸੋਨੇ ਦੀਆਂ ਉਨ੍ਹਾਂ ਸਾਰੀਆਂ ਚੀਜ਼ਾਂ ਦੇ ਟੋਟੇ-ਟੋਟੇ ਕਰ ਦਿੱਤੇ ਜੋ ਇਜ਼ਰਾਈਲ ਦੇ ਰਾਜੇ ਸੁਲੇਮਾਨ ਨੇ ਯਹੋਵਾਹ ਦੇ ਭਵਨ ਵਿਚ ਬਣਾਈਆਂ ਸਨ।+ ਇਹ ਉਸੇ ਤਰ੍ਹਾਂ ਹੋਇਆ ਜਿਵੇਂ ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ। 14 ਉਹ ਸਾਰੇ ਯਰੂਸ਼ਲਮ ਨੂੰ, ਸਾਰੇ ਹਾਕਮਾਂ,*+ ਸਾਰੇ ਤਾਕਤਵਰ ਯੋਧਿਆਂ ਅਤੇ ਹਰੇਕ ਕਾਰੀਗਰ ਅਤੇ ਲੁਹਾਰ* ਨੂੰ ਗ਼ੁਲਾਮ ਬਣਾ ਕੇ ਲੈ ਗਿਆ,+ ਹਾਂ, ਉਹ 10,000 ਲੋਕਾਂ ਨੂੰ ਗ਼ੁਲਾਮ ਬਣਾ ਕੇ ਲੈ ਗਿਆ। ਦੇਸ਼ ਦੇ ਸਭ ਤੋਂ ਗ਼ਰੀਬ ਲੋਕਾਂ ਤੋਂ ਛੁੱਟ ਕਿਸੇ ਨੂੰ ਨਹੀਂ ਛੱਡਿਆ ਗਿਆ।+ 15 ਉਹ ਯਹੋਯਾਕੀਨ+ ਨੂੰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ;+ ਨਾਲੇ ਉਹ ਰਾਜੇ ਦੀ ਮਾਤਾ, ਰਾਜੇ ਦੀਆਂ ਪਤਨੀਆਂ, ਉਸ ਦੇ ਦਰਬਾਰੀਆਂ ਅਤੇ ਦੇਸ਼ ਦੇ ਮੋਹਰੀ ਆਦਮੀਆਂ ਨੂੰ ਗ਼ੁਲਾਮ ਬਣਾ ਕੇ ਯਰੂਸ਼ਲਮ ਤੋਂ ਬਾਬਲ ਲੈ ਗਿਆ। 16 ਬਾਬਲ ਦਾ ਰਾਜਾ ਸਾਰੇ 7,000 ਯੋਧਿਆਂ, 1,000 ਕਾਰੀਗਰਾਂ ਅਤੇ ਲੁਹਾਰਾਂ* ਨੂੰ ਵੀ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ। ਉਹ ਸਾਰੇ ਤਾਕਤਵਰ ਆਦਮੀ ਸਨ ਅਤੇ ਉਨ੍ਹਾਂ ਨੂੰ ਯੁੱਧ ਦੀ ਸਿਖਲਾਈ ਮਿਲੀ ਸੀ। 17 ਬਾਬਲ ਦੇ ਰਾਜੇ ਨੇ ਯਹੋਯਾਕੀਨ ਦੇ ਚਾਚੇ+ ਮਤਨਯਾਹ ਨੂੰ ਉਸ ਦੀ ਜਗ੍ਹਾ ਰਾਜਾ ਬਣਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਸਿਦਕੀਯਾਹ ਰੱਖ ਦਿੱਤਾ।+
18 ਸਿਦਕੀਯਾਹ 21 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 11 ਸਾਲ ਯਰੂਸ਼ਲਮ ਵਿਚ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਹਮੂਟਲ+ ਸੀ ਜੋ ਲਿਬਨਾਹ ਦੇ ਰਹਿਣ ਵਾਲੇ ਯਿਰਮਿਯਾਹ ਦੀ ਧੀ ਸੀ। 19 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ, ਠੀਕ ਜਿਵੇਂ ਯਹੋਯਾਕੀਮ ਨੇ ਕੀਤਾ ਸੀ।+ 20 ਯਹੋਵਾਹ ਦਾ ਕ੍ਰੋਧ ਭੜਕਣ ਕਰਕੇ ਯਹੂਦਾਹ ਅਤੇ ਯਰੂਸ਼ਲਮ ਵਿਚ ਇਹ ਸਭ ਕੁਝ ਉਦੋਂ ਤਕ ਹੁੰਦਾ ਰਿਹਾ ਜਦ ਤਕ ਉਸ ਨੇ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਨਹੀਂ ਕਰ ਦਿੱਤਾ।+ ਅਤੇ ਸਿਦਕੀਯਾਹ ਨੇ ਬਾਬਲ ਦੇ ਰਾਜੇ ਖ਼ਿਲਾਫ਼ ਬਗਾਵਤ ਕਰ ਦਿੱਤੀ।+