ਕੂਚ
14 ਯਹੋਵਾਹ ਨੇ ਹੁਣ ਮੂਸਾ ਨੂੰ ਕਿਹਾ: 2 “ਇਜ਼ਰਾਈਲੀਆਂ ਨੂੰ ਕਹਿ ਕਿ ਉਹ ਪਿੱਛੇ ਮੁੜ ਜਾਣ ਅਤੇ ਪੀਹਹੀਰੋਥ ਦੇ ਸਾਮ੍ਹਣੇ ਮਿਗਦੋਲ ਤੇ ਸਮੁੰਦਰ ਦੇ ਵਿਚਕਾਰ ਬਆਲ-ਸਫ਼ੋਨ ਦੇ ਨੇੜੇ ਡੇਰਾ ਲਾਉਣ।+ ਤੁਸੀਂ ਸਮੁੰਦਰ ਕੋਲ ਬਆਲ-ਸਫ਼ੋਨ ਦੇ ਸਾਮ੍ਹਣੇ ਡੇਰਾ ਲਾਓ। 3 ਫਿਰ ਫ਼ਿਰਊਨ ਇਜ਼ਰਾਈਲੀਆਂ ਬਾਰੇ ਕਹੇਗਾ, ‘ਉਹ ਦੇਸ਼ ਵਿਚ ਇੱਧਰ-ਉੱਧਰ ਭਟਕ ਰਹੇ ਹਨ। ਉਨ੍ਹਾਂ ਨੂੰ ਉਜਾੜ ਵਿੱਚੋਂ ਨਿਕਲਣ ਦਾ ਰਾਹ ਨਹੀਂ ਲੱਭ ਰਿਹਾ।’ 4 ਮੈਂ ਫ਼ਿਰਊਨ ਦਾ ਦਿਲ ਕਠੋਰ ਹੋਣ ਦਿਆਂਗਾ+ ਅਤੇ ਉਹ ਉਨ੍ਹਾਂ ਦਾ ਪਿੱਛਾ ਕਰੇਗਾ। ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫ਼ੌਜ ਨੂੰ ਹਰਾ ਕੇ ਆਪਣੀ ਮਹਿਮਾ ਕਰਾਵਾਂਗਾ;+ ਮਿਸਰੀਆਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।”+ ਇਸ ਲਈ ਇਜ਼ਰਾਈਲੀਆਂ ਨੇ ਇਸੇ ਤਰ੍ਹਾਂ ਕੀਤਾ।
5 ਬਾਅਦ ਵਿਚ ਮਿਸਰ ਦੇ ਰਾਜੇ ਨੂੰ ਦੱਸਿਆ ਗਿਆ ਕਿ ਲੋਕ ਭੱਜ ਗਏ ਸਨ। ਉਸੇ ਵੇਲੇ ਫ਼ਿਰਊਨ ਤੇ ਉਸ ਦੇ ਨੌਕਰਾਂ ਨੇ ਆਪਣਾ ਮਨ ਬਦਲ ਲਿਆ+ ਅਤੇ ਕਹਿਣ ਲੱਗੇ: “ਆਪਾਂ ਇਹ ਕੀ ਕੀਤਾ ਅਤੇ ਇਜ਼ਰਾਈਲੀਆਂ ਨੂੰ ਗ਼ੁਲਾਮੀ ਤੋਂ ਆਜ਼ਾਦ ਕਿਉਂ ਕੀਤਾ?” 6 ਇਸ ਲਈ ਉਸ ਨੇ ਆਪਣੇ ਯੁੱਧ ਦੇ ਰਥ ਤਿਆਰ ਕਰਵਾਏ ਅਤੇ ਆਪਣੀ ਫ਼ੌਜ ਨੂੰ ਲੈ ਕੇ ਤੁਰ ਪਿਆ।+ 7 ਉਸ ਨੇ ਆਪਣੇ ਸਭ ਤੋਂ ਵਧੀਆ 600 ਰਥ ਅਤੇ ਮਿਸਰ ਦੇ ਸਾਰੇ ਰਥ ਲਏ ਅਤੇ ਉਨ੍ਹਾਂ ਸਾਰਿਆਂ ਵਿਚ ਉਸ ਨੇ ਯੋਧੇ ਬਿਠਾਏ। 8 ਇਸ ਤਰ੍ਹਾਂ ਯਹੋਵਾਹ ਨੇ ਮਿਸਰ ਦੇ ਰਾਜੇ ਫ਼ਿਰਊਨ ਦਾ ਦਿਲ ਕਠੋਰ ਹੋਣ ਦਿੱਤਾ ਅਤੇ ਉਸ ਨੇ ਇਜ਼ਰਾਈਲੀਆਂ ਦਾ ਪਿੱਛਾ ਕੀਤਾ, ਜਦ ਕਿ ਇਜ਼ਰਾਈਲੀ ਦਲੇਰੀ ਨਾਲ ਦੇਸ਼ ਵਿੱਚੋਂ ਜਾ ਰਹੇ ਸਨ।+ 9 ਮਿਸਰੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ।+ ਫ਼ਿਰਊਨ ਦੇ ਸਾਰੇ ਰਥ, ਘੋੜਸਵਾਰ ਤੇ ਫ਼ੌਜੀ ਇਜ਼ਰਾਈਲੀਆਂ ਵੱਲ ਵਧਦੇ ਗਏ ਜਿਨ੍ਹਾਂ ਨੇ ਬਆਲ-ਸਫ਼ੋਨ ਸਾਮ੍ਹਣੇ, ਪੀਹਹੀਰੋਥ ਕੋਲ ਸਮੁੰਦਰ ਕੰਢੇ ਡੇਰਾ ਲਾਇਆ ਹੋਇਆ ਸੀ।
10 ਜਦੋਂ ਫ਼ਿਰਊਨ ਨੇੜੇ ਪਹੁੰਚਿਆ, ਤਾਂ ਇਜ਼ਰਾਈਲੀਆਂ ਨੇ ਨਜ਼ਰਾਂ ਚੁੱਕ ਕੇ ਦੇਖਿਆ ਕਿ ਮਿਸਰੀ ਉਨ੍ਹਾਂ ਦੇ ਪਿੱਛੇ ਆ ਰਹੇ ਸਨ। ਇਜ਼ਰਾਈਲੀਆਂ ਨੂੰ ਡਰ ਨੇ ਆ ਘੇਰਿਆ ਅਤੇ ਉਹ ਯਹੋਵਾਹ ਅੱਗੇ ਦੁਹਾਈ ਦੇਣ ਲੱਗੇ।+ 11 ਉਹ ਮੂਸਾ ਨੂੰ ਕਹਿਣ ਲੱਗੇ: “ਤੂੰ ਕਿਉਂ ਸਾਨੂੰ ਮਿਸਰ ਵਿੱਚੋਂ ਕੱਢ ਕੇ ਇੱਥੇ ਉਜਾੜ ਵਿਚ ਮਰਨ ਲਈ ਲੈ ਆਇਆ ਹੈਂ?+ ਕੀ ਮਿਸਰ ਵਿਚ ਕਬਰਸਤਾਨਾਂ ਦੀ ਘਾਟ ਸੀ? ਤੂੰ ਸਾਡੇ ਨਾਲ ਇੱਦਾਂ ਕਿਉਂ ਕੀਤਾ? 12 ਕੀ ਅਸੀਂ ਤੈਨੂੰ ਮਿਸਰ ਵਿਚ ਨਹੀਂ ਕਿਹਾ ਸੀ, ‘ਸਾਨੂੰ ਇੱਥੇ ਹੀ ਰਹਿਣ ਦੇ ਤਾਂਕਿ ਅਸੀਂ ਮਿਸਰੀਆਂ ਦੀ ਗ਼ੁਲਾਮੀ ਕਰੀਏ’? ਇੱਥੇ ਉਜਾੜ ਵਿਚ ਮਰਨ ਨਾਲੋਂ ਚੰਗਾ ਕਿ ਅਸੀਂ ਮਿਸਰੀਆਂ ਦੀ ਗ਼ੁਲਾਮੀ ਕਰੀਏ।”+ 13 ਫਿਰ ਮੂਸਾ ਨੇ ਲੋਕਾਂ ਨੂੰ ਕਿਹਾ: “ਡਰੋ ਨਾ।+ ਡਟ ਕੇ ਖੜ੍ਹੇ ਰਹੋ ਅਤੇ ਦੇਖੋ ਕਿ ਯਹੋਵਾਹ ਅੱਜ ਤੁਹਾਨੂੰ ਕਿਵੇਂ ਮੁਕਤੀ ਦਿਵਾਏਗਾ।+ ਤੁਸੀਂ ਇਨ੍ਹਾਂ ਮਿਸਰੀਆਂ ਨੂੰ, ਜੋ ਅੱਜ ਤੁਹਾਡੇ ਸਾਮ੍ਹਣੇ ਹਨ, ਦੁਬਾਰਾ ਕਦੇ ਨਾ ਦੇਖੋਗੇ।+ 14 ਯਹੋਵਾਹ ਆਪ ਤੁਹਾਡੇ ਲਈ ਲੜੇਗਾ।+ ਤੁਸੀਂ ਬੱਸ ਚੁੱਪ-ਚਾਪ ਖੜ੍ਹੇ ਰਹੋ।”
15 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਤੂੰ ਮੇਰੇ ਅੱਗੇ ਕਿਉਂ ਗਿੜਗਿੜਾ ਰਿਹਾ ਹੈਂ? ਇਜ਼ਰਾਈਲੀਆਂ ਨੂੰ ਕਹਿ ਕਿ ਡੇਰਾ ਚੁੱਕ ਕੇ ਅੱਗੇ ਵਧਣ। 16 ਤੂੰ ਆਪਣਾ ਡੰਡਾ ਚੁੱਕ ਅਤੇ ਆਪਣਾ ਹੱਥ ਸਮੁੰਦਰ ਵੱਲ ਕਰ ਕੇ ਇਸ ਨੂੰ ਦੋ ਹਿੱਸਿਆਂ ਵਿਚ ਵੰਡ ਦੇ ਤਾਂਕਿ ਇਜ਼ਰਾਈਲੀ ਸਮੁੰਦਰ ਦੀ ਸੁੱਕੀ ਜ਼ਮੀਨ ਉੱਤੋਂ ਦੀ ਲੰਘ ਜਾਣ। 17 ਅਤੇ ਮੈਂ ਮਿਸਰੀਆਂ ਦੇ ਦਿਲ ਕਠੋਰ ਹੋਣ ਦਿੱਤੇ ਹਨ ਤਾਂਕਿ ਉਹ ਤੁਹਾਡਾ ਪਿੱਛਾ ਕਰਨ; ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫ਼ੌਜ, ਉਸ ਦੇ ਯੁੱਧ ਦੇ ਰਥਾਂ ਅਤੇ ਘੋੜਸਵਾਰਾਂ ਨੂੰ ਹਰਾ ਕੇ ਆਪਣੀ ਮਹਿਮਾ ਕਰਾਵਾਂਗਾ।+ 18 ਅਤੇ ਜਦੋਂ ਮੈਂ ਫ਼ਿਰਊਨ, ਉਸ ਦੇ ਯੁੱਧ ਦੇ ਰਥਾਂ ਅਤੇ ਘੋੜਸਵਾਰਾਂ ਨੂੰ ਹਰਾ ਕੇ ਆਪਣੀ ਮਹਿਮਾ ਕਰਾਵਾਂਗਾ, ਤਾਂ ਮਿਸਰੀ ਜਾਣ ਲੈਣਗੇ ਕਿ ਮੈਂ ਯਹੋਵਾਹ ਹਾਂ।”+
19 ਫਿਰ ਇਜ਼ਰਾਈਲੀਆਂ ਦੇ ਅੱਗੇ-ਅੱਗੇ ਜਾ ਰਿਹਾ ਪਰਮੇਸ਼ੁਰ ਦਾ ਦੂਤ+ ਮੁੜਿਆ ਅਤੇ ਉਨ੍ਹਾਂ ਦੇ ਪਿੱਛੇ ਚਲਾ ਗਿਆ ਅਤੇ ਉਨ੍ਹਾਂ ਦੇ ਅੱਗੇ ਜੋ ਬੱਦਲ ਦਾ ਥੰਮ੍ਹ ਸੀ, ਉਹ ਉਨ੍ਹਾਂ ਦੇ ਪਿੱਛੇ ਜਾ ਕੇ ਖੜ੍ਹ ਗਿਆ।+ 20 ਇਸ ਲਈ ਇਹ ਮਿਸਰੀਆਂ ਦੀ ਛਾਉਣੀ ਅਤੇ ਇਜ਼ਰਾਈਲੀਆਂ ਦੀ ਛਾਉਣੀ ਵਿਚਕਾਰ ਆ ਕੇ ਖੜ੍ਹ ਗਿਆ।+ ਇਸ ਨੇ ਇਕ ਪਾਸੇ ਹਨੇਰਾ ਕੀਤਾ, ਪਰ ਦੂਜੇ ਪਾਸੇ ਸਾਰੀ ਰਾਤ ਚਾਨਣ ਕੀਤਾ।+ ਇਸ ਲਈ ਇਸ ਨੇ ਮਿਸਰੀਆਂ ਨੂੰ ਇਜ਼ਰਾਈਲੀਆਂ ਦੇ ਨੇੜੇ ਨਹੀਂ ਆਉਣ ਦਿੱਤਾ।
21 ਮੂਸਾ ਨੇ ਸਮੁੰਦਰ ਵੱਲ ਆਪਣਾ ਹੱਥ ਕੀਤਾ;+ ਯਹੋਵਾਹ ਨੇ ਸਾਰੀ ਰਾਤ ਪੂਰਬ ਵੱਲੋਂ ਤੇਜ਼ ਹਨੇਰੀ ਵਗਾ ਕੇ ਸਮੁੰਦਰ ਦੇ ਪਾਣੀ ਨੂੰ ਪਿੱਛੇ ਵੱਲ ਧੱਕ ਦਿੱਤਾ ਜਿਸ ਕਰਕੇ ਪਾਣੀ ਦੋ ਹਿੱਸਿਆਂ ਵਿਚ ਵੰਡਿਆ+ ਗਿਆ ਅਤੇ ਸਮੁੰਦਰੀ ਤਲ ਸੁੱਕ ਗਿਆ।+ 22 ਇਸ ਲਈ ਇਜ਼ਰਾਈਲੀ ਸਮੁੰਦਰ ਦੀ ਸੁੱਕੀ ਜ਼ਮੀਨ ਉੱਤੋਂ ਦੀ ਲੰਘ ਗਏ+ ਅਤੇ ਪਾਣੀ ਉਨ੍ਹਾਂ ਦੇ ਸੱਜੇ ਅਤੇ ਖੱਬੇ ਪਾਸੇ ਕੰਧ ਵਾਂਗ ਖੜ੍ਹਾ ਸੀ।+ 23 ਮਿਸਰੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਫ਼ਿਰਊਨ ਦੇ ਘੋੜੇ, ਉਸ ਦੇ ਯੁੱਧ ਦੇ ਰਥ ਅਤੇ ਘੋੜਸਵਾਰ ਉਨ੍ਹਾਂ ਦੇ ਪਿੱਛੇ-ਪਿੱਛੇ ਸਮੁੰਦਰ ਵਿਚ ਚਲੇ ਗਏ।+ 24 ਸਵੇਰ ਦੇ ਪਹਿਰ* ਦੌਰਾਨ ਯਹੋਵਾਹ ਨੇ ਅੱਗ ਅਤੇ ਬੱਦਲ ਦੇ ਥੰਮ੍ਹ+ ਵਿੱਚੋਂ ਮਿਸਰੀਆਂ ਦੀ ਫ਼ੌਜ ਨੂੰ ਦੇਖਿਆ ਅਤੇ ਉਸ ਨੇ ਉਨ੍ਹਾਂ ਦੀ ਫ਼ੌਜ ਵਿਚ ਹਫੜਾ-ਦਫੜੀ ਮਚਾ ਦਿੱਤੀ। 25 ਉਸ ਨੇ ਉਨ੍ਹਾਂ ਦੇ ਰਥਾਂ ਦੇ ਪਹੀਏ ਲਾਹ ਦਿੱਤੇ ਜਿਸ ਕਰਕੇ ਉਨ੍ਹਾਂ ਲਈ ਰਥ ਚਲਾਉਣੇ ਮੁਸ਼ਕਲ ਹੋ ਗਏ। ਅਤੇ ਮਿਸਰੀ ਇਕ-ਦੂਜੇ ਨੂੰ ਕਹਿਣ ਲੱਗੇ: “ਆਓ ਆਪਾਂ ਇਜ਼ਰਾਈਲੀਆਂ ਤੋਂ ਭੱਜ ਜਾਈਏ ਕਿਉਂਕਿ ਯਹੋਵਾਹ ਉਨ੍ਹਾਂ ਦੀ ਖ਼ਾਤਰ ਮਿਸਰੀਆਂ ਦੇ ਖ਼ਿਲਾਫ਼ ਲੜ ਰਿਹਾ ਹੈ।”+
26 ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣਾ ਹੱਥ ਸਮੁੰਦਰ ਵੱਲ ਕਰ ਤਾਂਕਿ ਪਾਣੀ ਮਿਸਰੀਆਂ, ਉਨ੍ਹਾਂ ਦੇ ਯੁੱਧ ਦੇ ਰਥਾਂ ਅਤੇ ਉਨ੍ਹਾਂ ਦੇ ਘੋੜਸਵਾਰਾਂ ਉੱਤੇ ਆ ਪਵੇ।” 27 ਮੂਸਾ ਨੇ ਤੁਰੰਤ ਆਪਣਾ ਹੱਥ ਸਮੁੰਦਰ ਵੱਲ ਕੀਤਾ ਅਤੇ ਸਵੇਰਾ ਹੋਣ ਵੇਲੇ ਸਮੁੰਦਰ ਦਾ ਪਾਣੀ ਵਾਪਸ ਆਪਣੀ ਜਗ੍ਹਾ ʼਤੇ ਆ ਗਿਆ। ਜਦੋਂ ਮਿਸਰੀ ਪਾਣੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਸਮੁੰਦਰ ਵਿਚ ਸੁੱਟ ਦਿੱਤਾ।+ 28 ਪਾਣੀ ਨੇ ਯੁੱਧ ਦੇ ਰਥਾਂ, ਘੋੜਸਵਾਰਾਂ ਅਤੇ ਫ਼ਿਰਊਨ ਦੀ ਸਾਰੀ ਫ਼ੌਜ ਨੂੰ ਢਕ ਲਿਆ ਜੋ ਇਜ਼ਰਾਈਲੀਆਂ ਪਿੱਛੇ ਸਮੁੰਦਰ ਵਿਚ ਗਈ ਸੀ।+ ਇਨ੍ਹਾਂ ਵਿੱਚੋਂ ਇਕ ਵੀ ਨਾ ਬਚਿਆ।+
29 ਇਜ਼ਰਾਈਲੀ ਸਮੁੰਦਰ ਦੀ ਸੁੱਕੀ ਜ਼ਮੀਨ ਉੱਤੋਂ ਦੀ ਤੁਰ ਕੇ ਲੰਘ ਗਏ ਸਨ+ ਅਤੇ ਪਾਣੀ ਉਨ੍ਹਾਂ ਦੇ ਸੱਜੇ ਅਤੇ ਖੱਬੇ ਪਾਸੇ ਕੰਧ ਵਾਂਗ ਖੜ੍ਹਾ ਸੀ।+ 30 ਇਸ ਤਰ੍ਹਾਂ ਉਸ ਦਿਨ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਮਿਸਰੀਆਂ ਦੇ ਹੱਥੋਂ ਬਚਾਇਆ+ ਅਤੇ ਇਜ਼ਰਾਈਲੀਆਂ ਨੇ ਸਮੁੰਦਰ ਕੰਢੇ ਮਿਸਰੀਆਂ ਦੀਆਂ ਲਾਸ਼ਾਂ ਪਈਆਂ ਦੇਖੀਆਂ। 31 ਇਜ਼ਰਾਈਲੀਆਂ ਨੇ ਯਹੋਵਾਹ ਦੀ ਵੱਡੀ ਤਾਕਤ* ਵੀ ਦੇਖੀ ਜੋ ਉਸ ਨੇ ਮਿਸਰੀਆਂ ਦੇ ਖ਼ਿਲਾਫ਼ ਵਰਤੀ ਸੀ। ਇਸ ਕਰਕੇ ਲੋਕ ਯਹੋਵਾਹ ਤੋਂ ਡਰਨ ਲੱਗੇ ਅਤੇ ਉਨ੍ਹਾਂ ਨੇ ਯਹੋਵਾਹ ਅਤੇ ਉਸ ਦੇ ਦਾਸ ਮੂਸਾ ਉੱਤੇ ਨਿਹਚਾ ਕੀਤੀ।+