ਮੱਤੀ ਮੁਤਾਬਕ ਖ਼ੁਸ਼ ਖ਼ਬਰੀ
17 ਛੇ ਦਿਨਾਂ ਬਾਅਦ ਯਿਸੂ ਆਪਣੇ ਨਾਲ ਪਤਰਸ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਇਕ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉੱਥੇ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਹੀਂ ਸੀ।+ 2 ਉਨ੍ਹਾਂ ਸਾਮ੍ਹਣੇ ਉਸ ਦਾ ਰੂਪ ਬਦਲ ਗਿਆ; ਉਸ ਦਾ ਚਿਹਰਾ ਸੂਰਜ ਵਾਂਗ ਚਮਕਣ ਲੱਗ ਪਿਆ ਅਤੇ ਉਸ ਦੇ ਕੱਪੜੇ ਬਿਜਲੀ ਵਾਂਗ ਲਿਸ਼ਕਣ ਲੱਗ ਪਏ।*+ 3 ਅਤੇ ਦੇਖੋ! ਉਨ੍ਹਾਂ ਸਾਮ੍ਹਣੇ ਮੂਸਾ ਤੇ ਏਲੀਯਾਹ ਪ੍ਰਗਟ ਹੋਏ ਅਤੇ ਉਹ ਦੋਵੇਂ ਯਿਸੂ ਨਾਲ ਗੱਲ ਕਰ ਰਹੇ ਸਨ। 4 ਫਿਰ ਪਤਰਸ ਨੇ ਯਿਸੂ ਨੂੰ ਕਿਹਾ: “ਪ੍ਰਭੂ, ਕਿੰਨਾ ਚੰਗਾ ਹੈ ਕਿ ਅਸੀਂ ਇੱਥੇ ਹਾਂ। ਜੇ ਤੂੰ ਕਹੇਂ, ਤਾਂ ਮੈਂ ਤਿੰਨ ਤੰਬੂ ਲਾ ਦਿੰਦਾਂ, ਇਕ ਤੇਰੇ ਲਈ, ਇਕ ਮੂਸਾ ਲਈ ਤੇ ਇਕ ਏਲੀਯਾਹ ਲਈ।” 5 ਉਹ ਅਜੇ ਗੱਲ ਕਰ ਹੀ ਰਿਹਾ ਸੀ ਕਿ ਦੇਖੋ! ਇਕ ਚਮਕੀਲੇ ਬੱਦਲ ਨੇ ਉਨ੍ਹਾਂ ਨੂੰ ਢਕ ਲਿਆ ਅਤੇ ਬੱਦਲ ਵਿੱਚੋਂ ਆਵਾਜ਼ ਆਈ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਖ਼ੁਸ਼ ਹਾਂ।+ ਇਸ ਦੀ ਗੱਲ ਸੁਣੋ।”+ 6 ਇਹ ਸੁਣਦਿਆਂ ਸਾਰ ਚੇਲਿਆਂ ਨੇ ਗੋਡੇ ਟੇਕ ਕੇ ਆਪਣੇ ਸਿਰ ਨਿਵਾਏ ਅਤੇ ਉਹ ਬਹੁਤ ਹੀ ਡਰ ਗਏ। 7 ਫਿਰ ਯਿਸੂ ਨੇ ਕੋਲ ਆ ਕੇ ਉਨ੍ਹਾਂ ਨੂੰ ਛੋਹਿਆ ਤੇ ਕਿਹਾ: “ਉੱਠੋ-ਉੱਠੋ, ਡਰੋ ਨਾ।” 8 ਜਦ ਉਨ੍ਹਾਂ ਨੇ ਨਜ਼ਰਾਂ ਚੁੱਕ ਕੇ ਦੇਖਿਆ, ਤਾਂ ਉੱਥੇ ਯਿਸੂ ਤੋਂ ਸਿਵਾਇ ਹੋਰ ਕੋਈ ਨਹੀਂ ਸੀ। 9 ਪਹਾੜ ਤੋਂ ਥੱਲੇ ਆਉਂਦੇ ਵੇਲੇ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਇਸ ਦਰਸ਼ਣ ਬਾਰੇ ਉੱਨਾ ਚਿਰ ਕਿਸੇ ਨੂੰ ਨਾ ਦੱਸਿਓ ਜਿੰਨਾ ਚਿਰ ਮਨੁੱਖ ਦੇ ਪੁੱਤਰ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਨਾ ਕੀਤਾ ਜਾਵੇ।”+
10 ਪਰ ਚੇਲਿਆਂ ਨੇ ਉਸ ਨੂੰ ਪੁੱਛਿਆ: “ਫਿਰ ਗ੍ਰੰਥੀ ਇਹ ਕਿਉਂ ਕਹਿੰਦੇ ਹਨ ਕਿ ਪਹਿਲਾਂ ਏਲੀਯਾਹ ਦਾ ਆਉਣਾ ਜ਼ਰੂਰੀ ਹੈ?”+ 11 ਉਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਹਾਂ, ਏਲੀਯਾਹ ਪਹਿਲਾਂ ਜ਼ਰੂਰ ਆਵੇਗਾ ਅਤੇ ਸਭ ਕੁਝ ਠੀਕ ਕਰੇਗਾ।+ 12 ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਾ ਹੈ ਅਤੇ ਉਨ੍ਹਾਂ ਨੇ ਉਸ ਨੂੰ ਪਛਾਣਿਆ ਨਹੀਂ, ਸਗੋਂ ਉਸ ਨਾਲ ਆਪਣੀ ਮਨ-ਮਰਜ਼ੀ ਮੁਤਾਬਕ ਸਲੂਕ ਕੀਤਾ।+ ਇਸੇ ਤਰ੍ਹਾਂ, ਮਨੁੱਖ ਦੇ ਪੁੱਤਰ ਨੂੰ ਉਨ੍ਹਾਂ ਦੇ ਹੱਥੋਂ ਦੁੱਖ ਝੱਲਣੇ ਪੈਣਗੇ।”+ 13 ਫਿਰ ਚੇਲੇ ਸਮਝ ਗਏ ਕਿ ਉਹ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕਰ ਰਿਹਾ ਸੀ।
14 ਜਦ ਉਹ ਭੀੜ ਵੱਲ ਆਏ,+ ਤਾਂ ਇਕ ਆਦਮੀ ਆਇਆ ਤੇ ਉਸ ਅੱਗੇ ਗੋਡੇ ਟੇਕ ਕੇ ਕਹਿਣ ਲੱਗਾ: 15 “ਪ੍ਰਭੂ, ਮੇਰੇ ਪੁੱਤਰ ʼਤੇ ਦਇਆ ਕਰ ਕਿਉਂਕਿ ਉਸ ਨੂੰ ਮਿਰਗੀ ਦਾ ਦੌਰਾ ਪੈਂਦਾ ਹੈ ਤੇ ਉਸ ਦਾ ਬੁਰਾ ਹਾਲ ਹੋ ਜਾਂਦਾ ਹੈ। ਉਹ ਅਕਸਰ ਅੱਗ ਤੇ ਪਾਣੀ ਵਿਚ ਡਿਗ ਪੈਂਦਾ ਹੈ।+ 16 ਮੈਂ ਉਸ ਨੂੰ ਤੇਰੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸ ਨੂੰ ਠੀਕ ਨਹੀਂ ਕਰ ਪਾਏ।” 17 ਯਿਸੂ ਨੇ ਕਿਹਾ: “ਹੇ ਅਵਿਸ਼ਵਾਸੀ ਤੇ ਵਿਗੜੀ ਹੋਈ ਪੀੜ੍ਹੀ,+ ਮੈਂ ਹੋਰ ਕਿੰਨਾ ਚਿਰ ਤੁਹਾਡੇ ਨਾਲ ਰਹਾਂ? ਮੈਂ ਤੁਹਾਨੂੰ ਹੋਰ ਕਿੰਨਾ ਚਿਰ ਸਹਿੰਦਾ ਰਹਾਂ? ਉਸ ਨੂੰ ਮੇਰੇ ਕੋਲ ਲੈ ਕੇ ਆਓ।” 18 ਫਿਰ ਯਿਸੂ ਨੇ ਦੁਸ਼ਟ ਦੂਤ ਨੂੰ ਝਿੜਕਿਆ ਅਤੇ ਉਹ ਉਸ ਮੁੰਡੇ ਵਿੱਚੋਂ ਨਿਕਲ ਗਿਆ ਤੇ ਮੁੰਡਾ ਉਸੇ ਵੇਲੇ ਠੀਕ ਹੋ ਗਿਆ।+ 19 ਫਿਰ ਜਦੋਂ ਯਿਸੂ ਇਕੱਲਾ ਸੀ, ਤਾਂ ਉਸ ਦੇ ਚੇਲਿਆਂ ਨੇ ਆ ਕੇ ਪੁੱਛਿਆ: “ਅਸੀਂ ਉਸ ਦੁਸ਼ਟ ਦੂਤ ਨੂੰ ਕਿਉਂ ਨਹੀਂ ਕੱਢ ਸਕੇ?” 20 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਹਾਡੀ ਘੱਟ ਨਿਹਚਾ ਕਰਕੇ। ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਜੇ ਤੁਹਾਡੇ ਵਿਚ ਰਾਈ ਦੇ ਦਾਣੇ ਜਿੰਨੀ ਵੀ ਨਿਹਚਾ ਹੋਵੇ ਤੇ ਤੁਸੀਂ ਇਸ ਪਹਾੜ ਨੂੰ ਕਹੋ, ‘ਇੱਥੋਂ ਉੱਠ ਕੇ ਉੱਥੇ ਚਲਾ ਜਾਹ,’ ਤਾਂ ਉਹ ਚਲਾ ਜਾਵੇਗਾ। ਤੁਹਾਡੇ ਲਈ ਕੁਝ ਵੀ ਕਰਨਾ ਨਾਮੁਮਕਿਨ ਨਹੀਂ ਹੋਵੇਗਾ।”+ 21 *—
22 ਜਦ ਯਿਸੂ ਅਤੇ ਉਸ ਦੇ ਚੇਲੇ ਗਲੀਲ ਵਿਚ ਸਨ, ਤਾਂ ਉਸ ਨੇ ਉਨ੍ਹਾਂ ਨੂੰ ਕਿਹਾ: “ਮਨੁੱਖ ਦੇ ਪੁੱਤਰ ਨੂੰ ਧੋਖੇ ਨਾਲ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ+ 23 ਅਤੇ ਉਹ ਉਸ ਨੂੰ ਜਾਨੋਂ ਮਾਰ ਦੇਣਗੇ, ਪਰ ਤੀਜੇ ਦਿਨ ਉਸ ਨੂੰ ਜੀਉਂਦਾ ਕੀਤਾ ਜਾਵੇਗਾ।”+ ਇਹ ਸੁਣ ਕੇ ਚੇਲੇ ਬਹੁਤ ਦੁਖੀ ਹੋਏ।
24 ਜਦ ਯਿਸੂ ਅਤੇ ਉਸ ਦੇ ਚੇਲੇ ਕਫ਼ਰਨਾਹੂਮ ਪਹੁੰਚੇ, ਤਾਂ ਮੰਦਰ ਦਾ ਟੈਕਸ* ਵਸੂਲਣ ਵਾਲਿਆਂ ਨੇ ਪਤਰਸ ਕੋਲ ਆ ਕੇ ਪੁੱਛਿਆ: “ਕੀ ਤੁਹਾਡਾ ਗੁਰੂ ਮੰਦਰ ਦਾ ਟੈਕਸ ਦਿੰਦਾ ਹੈ?”+ 25 ਉਸ ਨੇ ਕਿਹਾ: “ਹਾਂ, ਦਿੰਦਾ ਹੈ।” ਪਰ ਜਦ ਪਤਰਸ ਘਰ ਪਹੁੰਚਿਆ, ਤਾਂ ਉਸ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਯਿਸੂ ਨੇ ਉਸ ਨੂੰ ਪੁੱਛਿਆ: “ਸ਼ਮਊਨ, ਤੇਰੇ ਖ਼ਿਆਲ ਵਿਚ ਦੁਨੀਆਂ ਦੇ ਰਾਜੇ ਕਿਨ੍ਹਾਂ ਤੋਂ ਚੁੰਗੀ ਤੇ ਟੈਕਸ* ਵਸੂਲ ਕਰਦੇ ਹਨ? ਆਪਣੇ ਪੁੱਤਰਾਂ ਤੋਂ ਜਾਂ ਫਿਰ ਲੋਕਾਂ ਤੋਂ?” 26 ਜਦ ਪਤਰਸ ਨੇ ਕਿਹਾ: “ਲੋਕਾਂ ਤੋਂ,” ਤਾਂ ਯਿਸੂ ਨੇ ਉਸ ਨੂੰ ਕਿਹਾ: “ਤਾਂ ਫਿਰ ਪੁੱਤਰਾਂ ਨੂੰ ਟੈਕਸ ਦੇਣ ਦੀ ਲੋੜ ਨਹੀਂ। 27 ਪਰ ਇੱਦਾਂ ਨਾ ਹੋਵੇ ਕਿ ਉਹ ਸਾਡੇ ਕਾਰਨ ਠੋਕਰ ਖਾਣ,+ ਇਸ ਲਈ ਤੂੰ ਜਾ ਕੇ ਝੀਲ ਵਿਚ ਕੁੰਡੀ ਪਾ ਅਤੇ ਜਿਹੜੀ ਵੀ ਮੱਛੀ ਪਹਿਲਾਂ ਫਸੇ, ਉਸ ਦਾ ਮੂੰਹ ਖੋਲ੍ਹੀਂ, ਉਸ ਵਿੱਚੋਂ ਤੈਨੂੰ ਚਾਂਦੀ ਦਾ ਸਿੱਕਾ* ਮਿਲੇਗਾ। ਉਨ੍ਹਾਂ ਕੋਲ ਜਾਈਂ ਤੇ ਉਸ ਸਿੱਕੇ ਨਾਲ ਆਪਣਾ ਅਤੇ ਮੇਰਾ ਟੈਕਸ ਭਰ ਦੇਈਂ।”