ਨਹਮਯਾਹ
2 ਰਾਜਾ ਅਰਤਹਸ਼ਸਤਾ ਦੇ ਰਾਜ+ ਦੇ 20ਵੇਂ ਸਾਲ,+ ਨੀਸਾਨ* ਦੇ ਮਹੀਨੇ ਵਿਚ ਉਸ ਅੱਗੇ ਦਾਖਰਸ ਰੱਖਿਆ ਗਿਆ ਅਤੇ ਮੈਂ ਹਮੇਸ਼ਾ ਵਾਂਗ ਦਾਖਰਸ ਚੁੱਕ ਕੇ ਰਾਜੇ ਨੂੰ ਦਿੱਤਾ।+ ਪਰ ਮੈਂ ਪਹਿਲਾਂ ਕਦੇ ਵੀ ਉਸ ਦੀ ਹਜ਼ੂਰੀ ਵਿਚ ਇੰਨਾ ਉਦਾਸ ਨਹੀਂ ਸੀ। 2 ਇਸ ਲਈ ਰਾਜੇ ਨੇ ਮੈਨੂੰ ਕਿਹਾ: “ਤੂੰ ਬੀਮਾਰ ਤਾਂ ਲੱਗਦਾ ਨਹੀਂ, ਫਿਰ ਤੂੰ ਇੰਨਾ ਉਦਾਸ ਕਿਉਂ ਹੈਂ? ਇਹ ਜ਼ਰੂਰ ਤੇਰੇ ਮਨ ਦੀ ਉਦਾਸੀ ਹੈ।” ਇਹ ਸੁਣ ਕੇ ਮੈਂ ਬਹੁਤ ਡਰ ਗਿਆ।
3 ਫਿਰ ਮੈਂ ਰਾਜੇ ਨੂੰ ਕਿਹਾ: “ਰਾਜਾ ਯੁਗੋ-ਯੁਗ ਜੀਵੇ! ਮੈਂ ਉਦਾਸ ਕਿਉਂ ਨਾ ਹੋਵਾਂ ਜਦ ਉਹ ਸ਼ਹਿਰ, ਹਾਂ, ਉਹ ਜਗ੍ਹਾ ਜਿੱਥੇ ਮੇਰੇ ਪਿਉ-ਦਾਦਿਆਂ ਨੂੰ ਦਫ਼ਨਾਇਆ ਗਿਆ ਹੈ, ਉਜਾੜ ਪਈ ਹੈ ਅਤੇ ਉਸ ਸ਼ਹਿਰ ਦੇ ਦਰਵਾਜ਼ੇ ਅੱਗ ਨਾਲ ਸੜ ਕੇ ਸੁਆਹ ਹੋ ਗਏ ਹਨ?”+ 4 ਫਿਰ ਰਾਜੇ ਨੇ ਮੈਨੂੰ ਪੁੱਛਿਆ: “ਤੂੰ ਕੀ ਚਾਹੁੰਦਾ ਹੈਂ?” ਮੈਂ ਉਸੇ ਵੇਲੇ ਆਕਾਸ਼ਾਂ ਦੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ।+ 5 ਫਿਰ ਮੈਂ ਰਾਜੇ ਨੂੰ ਜਵਾਬ ਦਿੱਤਾ: “ਜੇ ਰਾਜੇ ਨੂੰ ਚੰਗਾ ਲੱਗੇ ਅਤੇ ਜੇ ਤੇਰੇ ਸੇਵਕ ʼਤੇ ਤੇਰੀ ਮਿਹਰ ਹੈ, ਤਾਂ ਮੈਨੂੰ ਯਹੂਦਾਹ ਨੂੰ ਘੱਲ ਦੇ, ਹਾਂ, ਉਸ ਸ਼ਹਿਰ ਨੂੰ ਜਿੱਥੇ ਮੇਰੇ ਪਿਉ-ਦਾਦਿਆਂ ਨੂੰ ਦਫ਼ਨਾਇਆ ਗਿਆ ਹੈ ਤਾਂਕਿ ਮੈਂ ਉਸ ਨੂੰ ਦੁਬਾਰਾ ਬਣਾਵਾਂ।”+ 6 ਫਿਰ ਰਾਜੇ ਨੇ, ਜਿਸ ਨਾਲ ਉਸ ਦੀ ਮਹਾਰਾਣੀ ਬੈਠੀ ਸੀ, ਮੈਨੂੰ ਪੁੱਛਿਆ: “ਤੇਰਾ ਸਫ਼ਰ ਕਿੰਨੇ ਚਿਰ ਦਾ ਹੋਵੇਗਾ ਅਤੇ ਤੂੰ ਕਦੋਂ ਵਾਪਸ ਆਏਂਗਾ?” ਮੈਂ ਉਸ ਨੂੰ ਪੱਕਾ ਸਮਾਂ ਦੱਸ ਦਿੱਤਾ+ ਤੇ ਰਾਜਾ ਮੈਨੂੰ ਖ਼ੁਸ਼ੀ-ਖ਼ੁਸ਼ੀ ਭੇਜਣ ਲਈ ਤਿਆਰ ਹੋ ਗਿਆ।+
7 ਫਿਰ ਮੈਂ ਰਾਜੇ ਨੂੰ ਕਿਹਾ: “ਜੇ ਰਾਜੇ ਨੂੰ ਚੰਗਾ ਲੱਗੇ, ਤਾਂ ਮੈਨੂੰ ਦਰਿਆ ਪਾਰ ਦੇ ਇਲਾਕੇ*+ ਦੇ ਰਾਜਪਾਲਾਂ ਲਈ ਚਿੱਠੀਆਂ ਦਿੱਤੀਆਂ ਜਾਣ ਤਾਂਕਿ ਉਹ ਮੈਨੂੰ ਆਪਣੇ ਇਲਾਕੇ ਵਿੱਚੋਂ ਸਹੀ-ਸਲਾਮਤ ਲੰਘਣ ਦੇਣ ਅਤੇ ਮੈਂ ਯਹੂਦਾਹ ਪਹੁੰਚ ਜਾਵਾਂ, 8 ਨਾਲੇ ‘ਸ਼ਾਹੀ ਬਗ਼ੀਚੇ’* ਦੇ ਰਾਖੇ ਆਸਾਫ਼ ਲਈ ਇਕ ਚਿੱਠੀ ਦਿੱਤੀ ਜਾਵੇ ਤਾਂਕਿ ਉਹ ਮੈਨੂੰ ‘ਭਵਨ* ਦੇ ਕਿਲੇ’+ ਦੇ ਦਰਵਾਜ਼ਿਆਂ, ਸ਼ਹਿਰ ਦੀਆਂ ਕੰਧਾਂ+ ਅਤੇ ਉਸ ਘਰ ਲਈ ਸ਼ਤੀਰੀਆਂ ਵਾਸਤੇ ਲੱਕੜ ਦੇਵੇ ਜਿੱਥੇ ਮੈਂ ਜਾਵਾਂਗਾ।” ਇਸ ਲਈ ਰਾਜੇ ਨੇ ਮੈਨੂੰ ਚਿੱਠੀਆਂ ਦੇ ਦਿੱਤੀਆਂ+ ਕਿਉਂਕਿ ਮੇਰੇ ਪਰਮੇਸ਼ੁਰ ਦਾ ਮਿਹਰ ਭਰਿਆ ਹੱਥ ਮੇਰੇ ਉੱਤੇ ਸੀ।+
9 ਫਿਰ ਮੈਂ ਦਰਿਆ ਪਾਰ ਦੇ ਇਲਾਕੇ ਦੇ ਰਾਜਪਾਲਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਰਾਜੇ ਦੀਆਂ ਚਿੱਠੀਆਂ ਦਿੱਤੀਆਂ। ਰਾਜੇ ਨੇ ਮੇਰੇ ਨਾਲ ਫ਼ੌਜ ਦੇ ਮੁਖੀਆਂ ਅਤੇ ਘੋੜਸਵਾਰਾਂ ਨੂੰ ਵੀ ਘੱਲਿਆ ਸੀ। 10 ਜਦੋਂ ਹੋਰੋਨੀ ਸਨਬੱਲਟ+ ਅਤੇ ਅੰਮੋਨੀ+ ਅਧਿਕਾਰੀ* ਟੋਬੀਯਾਹ+ ਨੂੰ ਪਤਾ ਲੱਗਾ ਕਿ ਕੋਈ ਇਜ਼ਰਾਈਲ ਦੇ ਲੋਕਾਂ ਵਾਸਤੇ ਭਲਾ ਕੰਮ ਕਰਨ ਆਇਆ ਹੈ, ਤਾਂ ਉਨ੍ਹਾਂ ਨੂੰ ਬੁਰਾ ਲੱਗਾ।
11 ਅਖ਼ੀਰ ਮੈਂ ਯਰੂਸ਼ਲਮ ਆਇਆ ਅਤੇ ਉੱਥੇ ਤਿੰਨ ਦਿਨ ਰਿਹਾ। 12 ਮੈਂ ਰਾਤ ਨੂੰ ਕੁਝ ਆਦਮੀਆਂ ਨਾਲ ਉੱਠਿਆ ਤੇ ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਮੇਰੇ ਪਰਮੇਸ਼ੁਰ ਨੇ ਮੇਰੇ ਮਨ ਵਿਚ ਕੀ ਪਾਇਆ ਸੀ ਕਿ ਮੈਨੂੰ ਯਰੂਸ਼ਲਮ ਵਾਸਤੇ ਕੀ ਕਰਨਾ ਚਾਹੀਦਾ ਹੈ। ਮੇਰੇ ਕੋਲ ਇੱਕੋ ਜਾਨਵਰ ਸੀ ਜਿਸ ʼਤੇ ਮੈਂ ਸਵਾਰ ਸੀ। 13 ਮੈਂ ਰਾਤ ਨੂੰ “ਵਾਦੀ ਦੇ ਫਾਟਕ”+ ਥਾਣੀਂ ਗਿਆ ਅਤੇ “ਵੱਡੇ ਸੱਪ ਦੇ ਚਸ਼ਮੇ” ਦੇ ਸਾਮ੍ਹਣਿਓਂ ਦੀ ਹੁੰਦਾ ਹੋਇਆ “ਸੁਆਹ ਦੇ ਢੇਰ ਦੇ ਫਾਟਕ”+ ਨੂੰ ਗਿਆ ਅਤੇ ਮੈਂ ਯਰੂਸ਼ਲਮ ਦੀਆਂ ਢਹਿ ਚੁੱਕੀਆਂ ਕੰਧਾਂ ਅਤੇ ਅੱਗ ਨਾਲ ਸੜ ਚੁੱਕੇ ਉਸ ਦੇ ਦਰਵਾਜ਼ਿਆਂ ਦੀ ਜਾਂਚ-ਪੜਤਾਲ ਕੀਤੀ।+ 14 ਮੈਂ ਚਸ਼ਮਾ ਫਾਟਕ+ ਕੋਲੋਂ ਦੀ ਹੁੰਦਾ ਹੋਇਆ “ਰਾਜੇ ਦੇ ਸਰੋਵਰ” ਨੂੰ ਗਿਆ ਅਤੇ ਉੱਥੇ ਉਸ ਜਾਨਵਰ ਦੇ ਲੰਘਣ ਲਈ ਜਗ੍ਹਾ ਕਾਫ਼ੀ ਨਹੀਂ ਸੀ ਜਿਸ ʼਤੇ ਮੈਂ ਸਵਾਰ ਸੀ। 15 ਪਰ ਮੈਂ ਰਾਤ ਨੂੰ ਘਾਟੀ+ ਵੱਲ ਨੂੰ ਚੜ੍ਹਦਾ ਗਿਆ ਤੇ ਕੰਧ ਦਾ ਮੁਆਇਨਾ ਕਰਦਾ ਗਿਆ। ਉਸ ਤੋਂ ਬਾਅਦ ਮੈਂ ਮੁੜਿਆ ਤੇ “ਵਾਦੀ ਦੇ ਫਾਟਕ” ਰਾਹੀਂ ਵਾਪਸ ਆ ਗਿਆ।
16 ਅਧਿਕਾਰੀਆਂ+ ਨੂੰ ਨਹੀਂ ਸੀ ਪਤਾ ਕਿ ਮੈਂ ਕਿੱਥੇ ਗਿਆ ਸੀ ਤੇ ਕੀ ਕਰ ਰਿਹਾ ਸੀ ਕਿਉਂਕਿ ਮੈਂ ਅਜੇ ਤਕ ਯਹੂਦੀਆਂ, ਪੁਜਾਰੀਆਂ, ਪ੍ਰਧਾਨਾਂ, ਅਧਿਕਾਰੀਆਂ ਅਤੇ ਬਾਕੀ ਦੇ ਕਾਮਿਆਂ ਨੂੰ ਕੁਝ ਨਹੀਂ ਦੱਸਿਆ ਸੀ। 17 ਅਖ਼ੀਰ ਮੈਂ ਉਨ੍ਹਾਂ ਨੂੰ ਕਿਹਾ: “ਤੁਸੀਂ ਦੇਖ ਰਹੇ ਹੋ ਕਿ ਅਸੀਂ ਕਿੰਨੀ ਮਾੜੀ ਹਾਲਤ ਵਿਚ ਹਾਂ, ਯਰੂਸ਼ਲਮ ਕਿਵੇਂ ਉਜਾੜ ਪਿਆ ਹੈ ਅਤੇ ਇਸ ਦੇ ਦਰਵਾਜ਼ੇ ਅੱਗ ਨਾਲ ਸੜ ਗਏ ਹਨ। ਆਓ ਆਪਾਂ ਯਰੂਸ਼ਲਮ ਦੀਆਂ ਕੰਧਾਂ ਨੂੰ ਦੁਬਾਰਾ ਉਸਾਰੀਏ ਤਾਂਕਿ ਸਾਡੀ ਹੋਰ ਬੇਇੱਜ਼ਤੀ ਨਾ ਹੋਵੇ।” 18 ਫਿਰ ਮੈਂ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਮੇਰੇ ਪਰਮੇਸ਼ੁਰ ਦਾ ਮਿਹਰ ਭਰਿਆ ਹੱਥ ਮੇਰੇ ਉੱਤੇ ਸੀ+ ਅਤੇ ਮੈਂ ਉਹ ਗੱਲਾਂ ਵੀ ਦੱਸੀਆਂ ਜੋ ਰਾਜੇ ਨੇ ਮੈਨੂੰ ਕਹੀਆਂ ਸਨ।+ ਇਹ ਸੁਣ ਕੇ ਉਨ੍ਹਾਂ ਨੇ ਕਿਹਾ: “ਚਲੋ ਫਿਰ ਉੱਠੀਏ ਤੇ ਉਸਾਰੀ ਦਾ ਕੰਮ ਕਰੀਏ।” ਇਸ ਤਰ੍ਹਾਂ ਉਨ੍ਹਾਂ ਨੇ ਇਹ ਚੰਗਾ ਕੰਮ ਕਰਨ ਲਈ ਆਪਣੇ ਆਪ ਨੂੰ* ਤਕੜਾ ਕੀਤਾ।+
19 ਫਿਰ ਜਦੋਂ ਹੋਰੋਨੀ ਸਨਬੱਲਟ, ਅੰਮੋਨੀ+ ਅਧਿਕਾਰੀ* ਟੋਬੀਯਾਹ+ ਅਤੇ ਅਰਬੀ ਗਸ਼ਮ+ ਨੇ ਇਸ ਬਾਰੇ ਸੁਣਿਆ, ਤਾਂ ਉਹ ਸਾਡਾ ਮਜ਼ਾਕ ਉਡਾਉਣ ਲੱਗੇ+ ਤੇ ਸਾਨੂੰ ਨੀਵਾਂ ਦਿਖਾਉਂਦੇ ਹੋਏ ਕਹਿਣ ਲੱਗੇ: “ਇਹ ਤੁਸੀਂ ਕੀ ਕਰ ਰਹੇ ਹੋ? ਕੀ ਤੁਸੀਂ ਰਾਜੇ ਖ਼ਿਲਾਫ਼ ਬਗਾਵਤ ਕਰ ਰਹੇ ਹੋ?”+ 20 ਪਰ ਮੈਂ ਜਵਾਬ ਦਿੱਤਾ: “ਆਕਾਸ਼ਾਂ ਦਾ ਪਰਮੇਸ਼ੁਰ ਸਾਨੂੰ ਸਫ਼ਲਤਾ ਬਖ਼ਸ਼ੇਗਾ+ ਅਤੇ ਅਸੀਂ ਉਸ ਦੇ ਸੇਵਕ ਉੱਠਾਂਗੇ ਅਤੇ ਉਸਾਰੀ ਦਾ ਕੰਮ ਕਰਾਂਗੇ; ਪਰ ਯਰੂਸ਼ਲਮ ਵਿਚ ਤੁਹਾਡਾ ਨਾ ਕੋਈ ਹਿੱਸਾ, ਨਾ ਹੱਕ ਤੇ ਨਾ ਹੀ ਕੋਈ ਯਾਦਗਾਰ* ਹੈ।”+