ਕੁਰਿੰਥੀਆਂ ਨੂੰ ਦੂਜੀ ਚਿੱਠੀ
8 ਹੁਣ ਭਰਾਵੋ, ਅਸੀਂ ਤੁਹਾਨੂੰ ਪਰਮੇਸ਼ੁਰ ਦੀ ਅਪਾਰ ਕਿਰਪਾ ਬਾਰੇ ਦੱਸਣਾ ਚਾਹੁੰਦੇ ਹਾਂ ਜੋ ਮਕਦੂਨੀਆ ਦੀਆਂ ਮੰਡਲੀਆਂ ਉੱਤੇ ਹੋਈ।+ 2 ਜਦੋਂ ਉੱਥੇ ਦੇ ਭਰਾ ਸਖ਼ਤ ਅਜ਼ਮਾਇਸ਼ ਦੌਰਾਨ ਕਸ਼ਟ ਸਹਿ ਰਹੇ ਸਨ, ਤਾਂ ਉਨ੍ਹਾਂ ਨੇ ਇੰਨੇ ਗ਼ਰੀਬ ਹੁੰਦੇ ਹੋਏ ਵੀ ਖ਼ੁਸ਼ੀ-ਖ਼ੁਸ਼ੀ ਦਾਨ ਦੇ ਕੇ ਆਪਣੀ ਖੁੱਲ੍ਹ-ਦਿਲੀ ਦਾ ਸਬੂਤ ਦਿੱਤਾ। 3 ਮੈਂ ਇਸ ਗੱਲ ਦਾ ਗਵਾਹ ਹਾਂ ਕਿ ਉਨ੍ਹਾਂ ਨੇ ਆਪਣੀ ਹੈਸੀਅਤ ਅਨੁਸਾਰ,+ ਸਗੋਂ ਹੈਸੀਅਤ ਤੋਂ ਵੀ ਵੱਧ ਦਿੱਤਾ।+ 4 ਉਹ ਆਪ ਆ ਕੇ ਸਾਡੀਆਂ ਮਿੰਨਤਾਂ ਕਰਦੇ ਰਹੇ ਕਿ ਉਨ੍ਹਾਂ ਨੂੰ ਵੀ ਪਵਿੱਤਰ ਸੇਵਕਾਂ ਵਾਸਤੇ ਰਾਹਤ ਕੰਮ* ਵਿਚ ਹਿੱਸਾ ਲੈਣ ਲਈ ਦਿਲ ਖੋਲ੍ਹ ਕੇ ਦਾਨ ਦੇਣ ਦਾ ਸਨਮਾਨ ਦਿੱਤਾ ਜਾਵੇ।+ 5 ਉਨ੍ਹਾਂ ਨੇ ਸਾਡੀ ਆਸ ਤੋਂ ਵੱਧ ਦਿੱਤਾ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਪਰਮੇਸ਼ੁਰ ਦੀ ਇੱਛਾ ਮੁਤਾਬਕ ਆਪਣੇ ਆਪ ਨੂੰ ਪ੍ਰਭੂ ਦੀ ਸੇਵਾ ਲਈ ਅਤੇ ਸਾਡੀ ਸੇਵਾ ਲਈ ਦਿੱਤਾ। 6 ਇਸ ਕਰਕੇ ਅਸੀਂ ਤੀਤੁਸ ਨੂੰ ਹੱਲਾਸ਼ੇਰੀ ਦਿੱਤੀ+ ਕਿ ਉਸ ਨੇ ਤੁਹਾਡੇ ਤੋਂ ਦਾਨ ਇਕੱਠਾ ਕਰਨ ਦਾ ਜੋ ਕੰਮ ਸ਼ੁਰੂ ਕੀਤਾ ਸੀ, ਉਸ ਨੂੰ ਪੂਰਾ ਵੀ ਕਰੇ। 7 ਫਿਰ ਵੀ, ਜਿਵੇਂ ਤੁਸੀਂ ਹਰ ਗੱਲ ਵਿਚ ਯਾਨੀ ਨਿਹਚਾ ਵਿਚ, ਗੱਲ ਕਰਨ ਦੀ ਕਾਬਲੀਅਤ ਵਿਚ, ਗਿਆਨ ਵਿਚ, ਪੂਰੀ ਲਗਨ ਨਾਲ ਕੰਮ ਕਰਨ ਵਿਚ ਅਤੇ ਦੂਸਰਿਆਂ ਨੂੰ ਦਿਲੋਂ ਪਿਆਰ ਕਰਨ ਵਿਚ ਅੱਗੇ ਹੋ ਜਿਵੇਂ ਅਸੀਂ ਤੁਹਾਨੂੰ ਕਰਦੇ ਹਾਂ, ਉਸੇ ਤਰ੍ਹਾਂ ਤੁਸੀਂ ਖੁੱਲ੍ਹੇ ਦਿਲ ਨਾਲ ਦਾਨ ਦੇਣ ਵਿਚ ਵੀ ਅੱਗੇ ਹੋਵੋ।+
8 ਮੈਂ ਤੁਹਾਨੂੰ ਹੁਕਮ ਨਹੀਂ ਦੇ ਰਿਹਾ, ਸਗੋਂ ਮੈਂ ਤੁਹਾਨੂੰ ਦੂਸਰਿਆਂ ਦੀ ਲਗਨ ਬਾਰੇ ਦੱਸਣਾ ਚਾਹੁੰਦਾ ਹਾਂ। ਨਾਲੇ ਮੈਂ ਇਹ ਦੇਖਣਾ ਚਾਹੁੰਦਾ ਹਾਂ ਕਿ ਤੁਹਾਡਾ ਪਿਆਰ ਕਿੰਨਾ ਕੁ ਸੱਚਾ ਹੈ। 9 ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਬਾਰੇ ਜਾਣਦੇ ਹੋ ਕਿ ਭਾਵੇਂ ਉਹ ਅਮੀਰ ਸੀ, ਪਰ ਤੁਹਾਡੀ ਖ਼ਾਤਰ ਗ਼ਰੀਬ ਬਣਿਆ+ ਤਾਂਕਿ ਤੁਸੀਂ ਉਸ ਦੀ ਗ਼ਰੀਬੀ ਦੇ ਜ਼ਰੀਏ ਅਮੀਰ ਬਣ ਜਾਓ।
10 ਇਸ ਮਾਮਲੇ ਵਿਚ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ:+ ਇਹ ਕੰਮ ਤੁਹਾਡੇ ਆਪਣੇ ਫ਼ਾਇਦੇ ਲਈ ਹੈ ਕਿਉਂਕਿ ਇਕ ਸਾਲ ਪਹਿਲਾਂ ਤੁਸੀਂ ਇਹ ਕੰਮ ਕਰਨਾ ਸ਼ੁਰੂ ਹੀ ਨਹੀਂ ਕੀਤਾ ਸੀ, ਸਗੋਂ ਇਹ ਕੰਮ ਵਾਕਈ ਕਰਨਾ ਵੀ ਚਾਹੁੰਦੇ ਸੀ। 11 ਇਸ ਲਈ ਜਿਸ ਜੋਸ਼ ਨਾਲ ਤੁਸੀਂ ਇਹ ਕੰਮ ਸ਼ੁਰੂ ਕੀਤਾ ਸੀ, ਉਸੇ ਜੋਸ਼ ਨਾਲ ਇਹ ਕੰਮ ਆਪਣੀ ਹੈਸੀਅਤ ਅਨੁਸਾਰ ਪੂਰਾ ਵੀ ਕਰੋ। 12 ਪਰਮੇਸ਼ੁਰ ਦਿਲੋਂ ਦਿੱਤੇ ਦਾਨ ਨੂੰ ਕਬੂਲ ਕਰਦਾ ਹੈ ਕਿਉਂਕਿ ਉਹ ਇਨਸਾਨ ਤੋਂ ਉਨ੍ਹਾਂ ਚੀਜ਼ਾਂ ਦੀ ਹੀ ਉਮੀਦ ਰੱਖਦਾ ਹੈ ਜਿਹੜੀਆਂ ਉਹ ਦੇ ਸਕਦਾ ਹੈ,+ ਨਾ ਕਿ ਜਿਹੜੀਆਂ ਉਹ ਨਹੀਂ ਦੇ ਸਕਦਾ। 13 ਮੈਂ ਇਹ ਨਹੀਂ ਚਾਹੁੰਦਾ ਕਿ ਦੂਸਰਿਆਂ ਲਈ ਸੌਖਾ ਹੋਵੇ ਅਤੇ ਤੁਹਾਡੇ ਉੱਤੇ ਬੋਝ ਪਵੇ, 14 ਪਰ ਮੈਂ ਇਹ ਚਾਹੁੰਦਾ ਹਾਂ ਕਿ ਹੁਣ ਤੁਹਾਡੇ ਵਾਧੇ ਕਰਕੇ ਉਨ੍ਹਾਂ ਦਾ ਘਾਟਾ ਪੂਰਾ ਹੋਵੇ ਅਤੇ ਉਨ੍ਹਾਂ ਦੇ ਵਾਧੇ ਕਰਕੇ ਤੁਹਾਡਾ ਘਾਟਾ ਪੂਰਾ ਹੋਵੇ ਅਤੇ ਇਸ ਤਰ੍ਹਾਂ ਬਰਾਬਰੀ ਹੋਵੇ। 15 ਠੀਕ ਜਿਵੇਂ ਲਿਖਿਆ ਹੈ: “ਜਿਸ ਕੋਲ ਜ਼ਿਆਦਾ ਸੀ, ਉਸ ਕੋਲ ਬਹੁਤ ਜ਼ਿਆਦਾ ਨਹੀਂ ਸੀ ਅਤੇ ਜਿਸ ਕੋਲ ਥੋੜ੍ਹਾ ਸੀ, ਉਸ ਕੋਲ ਬਿਲਕੁਲ ਹੀ ਥੋੜ੍ਹਾ ਨਹੀਂ ਸੀ।”+
16 ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ ਕਿ ਸਾਡੇ ਵਾਂਗ ਤੀਤੁਸ ਨੂੰ ਵੀ ਤੁਹਾਡਾ ਬਹੁਤ ਫ਼ਿਕਰ ਹੈ+ 17 ਕਿਉਂਕਿ ਉਹ ਨਾ ਸਿਰਫ਼ ਸਾਡੇ ਹੱਲਾਸ਼ੇਰੀ ਦੇਣ ਕਰਕੇ ਤੁਹਾਡੇ ਕੋਲ ਆਉਣ ਲਈ ਮੰਨਿਆ, ਸਗੋਂ ਉਹ ਆਪ ਆਪਣੀ ਇੱਛਾ ਨਾਲ ਤੁਹਾਡੇ ਕੋਲ ਆਉਣ ਲਈ ਉਤਾਵਲਾ ਹੈ। 18 ਪਰ ਅਸੀਂ ਉਸ ਦੇ ਨਾਲ ਉਸ ਭਰਾ ਨੂੰ ਵੀ ਘੱਲ ਰਹੇ ਹਾਂ ਜਿਸ ਦੀਆਂ ਸਿਫ਼ਤਾਂ ਸਾਰੀਆਂ ਮੰਡਲੀਆਂ ਵਿਚ ਹੁੰਦੀਆਂ ਹਨ ਕਿਉਂਕਿ ਉਹ ਖ਼ੁਸ਼ ਖ਼ਬਰੀ ਦੀ ਖ਼ਾਤਰ ਬਹੁਤ ਕੰਮ ਕਰਦਾ ਹੈ। 19 ਇੰਨਾ ਹੀ ਨਹੀਂ, ਸਗੋਂ ਮੰਡਲੀਆਂ ਨੇ ਉਸ ਨੂੰ ਚੁਣਿਆ ਹੈ ਕਿ ਪਿਆਰ ਨਾਲ ਦਿੱਤੇ ਇਸ ਦਾਨ ਨੂੰ ਪਹੁੰਚਾਉਣ ਲਈ ਉਹ ਸਾਡੇ ਨਾਲ ਜਾਵੇ। ਇਹ ਦਾਨ ਪਹੁੰਚਾ ਕੇ ਅਸੀਂ ਪ੍ਰਭੂ ਦੀ ਮਹਿਮਾ ਕਰਾਂਗੇ ਅਤੇ ਸਾਬਤ ਕਰਾਂਗੇ ਕਿ ਅਸੀਂ ਦੂਸਰਿਆਂ ਦੀ ਮਦਦ ਕਰਨੀ ਚਾਹੁੰਦੇ ਹਾਂ। 20 ਇਸ ਤਰ੍ਹਾਂ ਅਸੀਂ ਧਿਆਨ ਰੱਖਦੇ ਹਾਂ ਕਿ ਖੁੱਲ੍ਹੇ ਦਿਲ ਨਾਲ ਦਿੱਤੇ ਇਸ ਦਾਨ ਨੂੰ ਪਹੁੰਚਾਉਣ ਦੇ ਕੰਮ ਵਿਚ ਸਾਡੇ ਉੱਤੇ ਕੋਈ ਦੋਸ਼ ਨਾ ਲਾ ਸਕੇ।+ 21 ਅਸੀਂ ‘ਸਿਰਫ਼ ਯਹੋਵਾਹ* ਦੀਆਂ ਨਜ਼ਰਾਂ ਵਿਚ ਹੀ ਨਹੀਂ, ਸਗੋਂ ਇਨਸਾਨਾਂ ਦੀਆਂ ਨਜ਼ਰਾਂ ਵਿਚ ਵੀ ਸਾਰੇ ਕੰਮ ਈਮਾਨਦਾਰੀ ਨਾਲ ਕਰਦੇ ਹਾਂ।’+
22 ਇਸ ਤੋਂ ਇਲਾਵਾ, ਅਸੀਂ ਉਨ੍ਹਾਂ ਦੇ ਨਾਲ ਇਕ ਹੋਰ ਭਰਾ ਨੂੰ ਘੱਲ ਰਹੇ ਹਾਂ। ਅਸੀਂ ਉਸ ਨੂੰ ਕਈ ਕੰਮਾਂ ਵਿਚ ਪਰਖ ਕੇ ਦੇਖਿਆ ਹੈ ਕਿ ਉਹ ਮਿਹਨਤੀ ਹੈ। ਤੁਹਾਡੇ ਉੱਤੇ ਪੂਰਾ ਭਰੋਸਾ ਹੋਣ ਕਰਕੇ ਉਹ ਹੋਰ ਵੀ ਜ਼ਿਆਦਾ ਮਿਹਨਤ ਕਰੇਗਾ। 23 ਪਰ ਜੇ ਕਿਸੇ ਨੂੰ ਤੀਤੁਸ ਉੱਤੇ ਕੋਈ ਇਤਰਾਜ਼ ਹੈ, ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਹ ਮੇਰਾ ਸਾਥੀ ਹੈ ਅਤੇ ਮੇਰੇ ਨਾਲ ਮਿਲ ਕੇ ਤੁਹਾਡੇ ਭਲੇ ਲਈ ਕੰਮ ਕਰਦਾ ਹੈ। ਨਾਲੇ ਜੇ ਕਿਸੇ ਨੂੰ ਸਾਡੇ ਭਰਾਵਾਂ ਉੱਤੇ ਕੋਈ ਇਤਰਾਜ਼ ਹੈ, ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਉਹ ਮੰਡਲੀਆਂ ਦੁਆਰਾ ਘੱਲੇ ਗਏ ਹਨ* ਅਤੇ ਮਸੀਹ ਦੀ ਮਹਿਮਾ ਕਰਦੇ ਹਨ। 24 ਇਸ ਲਈ ਉਨ੍ਹਾਂ ਲਈ ਆਪਣੇ ਪਿਆਰ ਦਾ ਸਬੂਤ ਦਿਓ+ ਅਤੇ ਮੰਡਲੀਆਂ ਨੂੰ ਦਿਖਾਓ ਕਿ ਅਸੀਂ ਤੁਹਾਡੇ ਉੱਤੇ ਕਿਉਂ ਮਾਣ ਕਰਦੇ ਹਾਂ।