ਦੂਜਾ ਰਾਜਿਆਂ
9 ਫਿਰ ਅਲੀਸ਼ਾ ਨਬੀ ਨੇ ਨਬੀਆਂ ਦੇ ਪੁੱਤਰਾਂ ਵਿੱਚੋਂ ਇਕ ਨੂੰ ਸੱਦਿਆ ਤੇ ਉਸ ਨੂੰ ਕਿਹਾ: “ਆਪਣੇ ਕੱਪੜੇ ਲੱਕ ਦੁਆਲੇ ਬੰਨ੍ਹ ਅਤੇ ਆਪਣੇ ਨਾਲ ਤੇਲ ਦੀ ਇਹ ਕੁੱਪੀ ਲੈ ਕੇ ਫਟਾਫਟ ਰਾਮੋਥ-ਗਿਲਆਦ+ ਨੂੰ ਜਾਹ। 2 ਜਦੋਂ ਤੂੰ ਉੱਥੇ ਪਹੁੰਚੇਂ, ਤਾਂ ਯੇਹੂ+ ਨੂੰ ਲੱਭੀਂ ਜੋ ਯਹੋਸ਼ਾਫ਼ਾਟ ਦਾ ਪੁੱਤਰ ਤੇ ਨਿਮਸ਼ੀ ਦਾ ਪੋਤਾ ਹੈ; ਅੰਦਰ ਜਾਈਂ ਤੇ ਉਸ ਨੂੰ ਉਸ ਦੇ ਭਰਾਵਾਂ ਵਿੱਚੋਂ ਉੱਠਣ ਨੂੰ ਕਹੀਂ ਤੇ ਉਸ ਨੂੰ ਕੋਠੜੀ ਵਿਚ ਲੈ ਜਾਈਂ। 3 ਫਿਰ ਤੇਲ ਦੀ ਕੁੱਪੀ ਲਈਂ ਤੇ ਇਸ ਨੂੰ ਉਸ ਦੇ ਸਿਰ ʼਤੇ ਡੋਲ੍ਹ ਦੇਈਂ ਤੇ ਕਹੀਂ, ‘ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ ਕਰਦਾ ਹਾਂ।”’+ ਫਿਰ ਦਰਵਾਜ਼ਾ ਖੋਲ੍ਹ ਕੇ ਫਟਾਫਟ ਭੱਜ ਜਾਈਂ।”
4 ਇਸ ਲਈ ਨਬੀ ਦਾ ਸੇਵਾਦਾਰ ਰਾਮੋਥ-ਗਿਲਆਦ ਨੂੰ ਤੁਰ ਪਿਆ। 5 ਜਦੋਂ ਉਹ ਉੱਥੇ ਪਹੁੰਚਿਆ, ਤਾਂ ਉੱਥੇ ਫ਼ੌਜ ਦੇ ਮੁਖੀ ਬੈਠੇ ਹੋਏ ਸਨ। ਉਸ ਨੇ ਕਿਹਾ: “ਹੇ ਮੁਖੀ, ਮੇਰੇ ਕੋਲ ਤੇਰੇ ਲਈ ਇਕ ਸੰਦੇਸ਼ ਹੈ।” ਯੇਹੂ ਨੇ ਪੁੱਛਿਆ: “ਸਾਡੇ ਵਿੱਚੋਂ ਕਿਹਦੇ ਲਈ?” ਉਸ ਨੇ ਕਿਹਾ: “ਹੇ ਮੁਖੀ, ਤੇਰੇ ਲਈ।” 6 ਇਸ ਲਈ ਯੇਹੂ ਉੱਠਿਆ ਤੇ ਘਰ ਅੰਦਰ ਚਲਾ ਗਿਆ; ਸੇਵਾਦਾਰ ਨੇ ਉਸ ਦੇ ਸਿਰ ʼਤੇ ਤੇਲ ਪਾਇਆ ਤੇ ਉਸ ਨੂੰ ਕਿਹਾ, “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਮੈਂ ਤੈਨੂੰ ਯਹੋਵਾਹ ਦੀ ਪਰਜਾ ਉੱਤੇ, ਹਾਂ, ਇਜ਼ਰਾਈਲ ਉੱਤੇ ਰਾਜਾ ਨਿਯੁਕਤ ਕਰਦਾ ਹਾਂ।+ 7 ਤੂੰ ਆਪਣੇ ਮਾਲਕ ਅਹਾਬ ਦੇ ਘਰਾਣੇ ਨੂੰ ਮਾਰ ਸੁੱਟੀਂ। ਮੈਂ ਆਪਣੇ ਸੇਵਕ ਨਬੀਆਂ ਅਤੇ ਯਹੋਵਾਹ ਦੇ ਉਨ੍ਹਾਂ ਸਾਰੇ ਸੇਵਕਾਂ ਦੇ ਖ਼ੂਨ ਦਾ ਬਦਲਾ ਲਵਾਂਗਾ ਜੋ ਈਜ਼ਬਲ ਦੇ ਹੱਥੋਂ ਮਰੇ ਹਨ।+ 8 ਅਤੇ ਅਹਾਬ ਦਾ ਸਾਰਾ ਘਰਾਣਾ ਖ਼ਤਮ ਹੋ ਜਾਵੇਗਾ; ਮੈਂ ਇਜ਼ਰਾਈਲ ਵਿੱਚੋਂ ਅਹਾਬ ਦੇ ਘਰਾਣੇ ਦੇ ਹਰ ਨਰ* ਨੂੰ ਮਿਟਾ ਦਿਆਂਗਾ, ਚਾਹੇ ਉਹ ਬੇਸਹਾਰਾ ਅਤੇ ਕਮਜ਼ੋਰ ਹੋਵੇ।+ 9 ਮੈਂ ਅਹਾਬ ਦੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ ਵਰਗਾ+ ਅਤੇ ਅਹੀਯਾਹ ਦੇ ਪੁੱਤਰ ਬਾਸ਼ਾ ਦੇ ਘਰਾਣੇ ਵਰਗਾ+ ਬਣਾ ਦਿਆਂਗਾ। 10 ਜਿੱਥੋਂ ਤਕ ਈਜ਼ਬਲ ਦੀ ਗੱਲ ਹੈ, ਉਸ ਨੂੰ ਯਿਜ਼ਰਾਏਲ ਦੀ ਜ਼ਮੀਨ ʼਤੇ ਕੁੱਤੇ ਖਾ ਜਾਣਗੇ+ ਤੇ ਕੋਈ ਵੀ ਉਸ ਨੂੰ ਨਹੀਂ ਦਫ਼ਨਾਵੇਗਾ।’” ਇਹ ਕਹਿ ਕੇ ਉਸ ਨੇ ਦਰਵਾਜ਼ਾ ਖੋਲ੍ਹਿਆ ਤੇ ਭੱਜ ਗਿਆ।+
11 ਜਦੋਂ ਯੇਹੂ ਆਪਣੇ ਮਾਲਕ ਦੇ ਸੇਵਕਾਂ ਕੋਲ ਵਾਪਸ ਆਇਆ, ਤਾਂ ਉਨ੍ਹਾਂ ਨੇ ਉਸ ਤੋਂ ਪੁੱਛਿਆ: “ਕੀ ਸਭ ਠੀਕ ਤਾਂ ਹੈ? ਇਹ ਪਾਗਲ ਤੇਰੇ ਕੋਲ ਕਿਉਂ ਆਇਆ ਸੀ?” ਉਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਤੁਹਾਨੂੰ ਇੱਦਾਂ ਦੇ ਬੰਦਿਆਂ ਬਾਰੇ ਪਤਾ ਹੀ ਹੈ ਕਿ ਇਹ ਕਿੱਦਾਂ ਦੀਆਂ ਗੱਲਾਂ ਕਰਦੇ ਹਨ।” 12 ਪਰ ਉਨ੍ਹਾਂ ਨੇ ਕਿਹਾ: “ਨਹੀਂ! ਸੱਚ-ਸੱਚ ਦੱਸ ਕੀ ਹੋਇਆ।” ਫਿਰ ਉਸ ਨੇ ਕਿਹਾ: “ਉਸ ਨੇ ਮੈਨੂੰ ਇੱਦਾਂ-ਇੱਦਾਂ ਕਿਹਾ ਤੇ ਫਿਰ ਇਹ ਵੀ ਕਿਹਾ, ‘ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕਰਦਾ ਹਾਂ।”’”+ 13 ਇਹ ਸੁਣ ਕੇ ਉਨ੍ਹਾਂ ਵਿੱਚੋਂ ਹਰੇਕ ਨੇ ਫਟਾਫਟ ਆਪਣਾ-ਆਪਣਾ ਕੱਪੜਾ ਲਿਆ ਅਤੇ ਉਸ ਦੇ ਅੱਗੇ ਪੌਡਿਆਂ ʼਤੇ ਵਿਛਾਇਆ।+ ਫਿਰ ਉਨ੍ਹਾਂ ਨੇ ਨਰਸਿੰਗਾ ਵਜਾਇਆ ਅਤੇ ਕਿਹਾ: “ਯੇਹੂ ਰਾਜਾ ਬਣ ਗਿਆ ਹੈ!”+ 14 ਇਸ ਤੋਂ ਬਾਅਦ ਯਹੋਸ਼ਾਫ਼ਾਟ ਦੇ ਪੁੱਤਰ ਅਤੇ ਨਿਮਸ਼ੀ ਦੇ ਪੋਤੇ ਯੇਹੂ+ ਨੇ ਯਹੋਰਾਮ ਦੇ ਖ਼ਿਲਾਫ਼ ਸਾਜ਼ਸ਼ ਘੜੀ।
ਸੀਰੀਆ ਦੇ ਰਾਜੇ ਹਜ਼ਾਏਲ+ ਦੇ ਹਮਲਿਆਂ ਤੋਂ ਰਾਖੀ ਕਰਨ ਲਈ ਯਹੋਰਾਮ ਸਾਰੇ ਇਜ਼ਰਾਈਲ ਨਾਲ ਰਾਮੋਥ-ਗਿਲਆਦ ਗਿਆ ਹੋਇਆ ਸੀ।+ 15 ਬਾਅਦ ਵਿਚ ਰਾਜਾ ਯਹੋਰਾਮ ਯਿਜ਼ਰਾਏਲ+ ਵਾਪਸ ਚਲਾ ਗਿਆ ਤਾਂਕਿ ਉਸ ਦੇ ਜ਼ਖ਼ਮ ਭਰ ਜਾਣ ਕਿਉਂਕਿ ਸੀਰੀਆਈ ਫ਼ੌਜ ਨੇ ਉਸ ਨੂੰ ਰਾਮਾਹ ਵਿਚ ਜ਼ਖ਼ਮੀ ਕਰ ਦਿੱਤਾ ਸੀ ਜਦੋਂ ਉਹ ਸੀਰੀਆ ਦੇ ਰਾਜੇ ਹਜ਼ਾਏਲ ਖ਼ਿਲਾਫ਼ ਲੜਿਆ ਸੀ।+
ਹੁਣ ਯੇਹੂ ਨੇ ਕਿਹਾ: “ਜੇ ਤੁਸੀਂ ਮੇਰੇ ਵੱਲ ਹੋ, ਤਾਂ ਕਿਸੇ ਨੂੰ ਵੀ ਸ਼ਹਿਰ ਵਿੱਚੋਂ ਬਚ ਕੇ ਨਾ ਜਾਣ ਦਿਓ ਤਾਂਕਿ ਇਹ ਖ਼ਬਰ ਯਿਜ਼ਰਾਏਲ ਵਿਚ ਨਾ ਪਹੁੰਚੇ।” 16 ਫਿਰ ਯੇਹੂ ਆਪਣੇ ਰਥ ʼਤੇ ਚੜ੍ਹ ਕੇ ਯਿਜ਼ਰਾਏਲ ਗਿਆ ਕਿਉਂਕਿ ਉੱਥੇ ਯਹੋਰਾਮ ਜ਼ਖ਼ਮੀ ਪਿਆ ਸੀ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ ਯਹੋਰਾਮ ਨੂੰ ਮਿਲਣ ਗਿਆ ਸੀ। 17 ਇਕ ਪਹਿਰੇਦਾਰ ਯਿਜ਼ਰਾਏਲ ਦੇ ਬੁਰਜ ਉੱਪਰ ਖੜ੍ਹਾ ਸੀ ਅਤੇ ਉਸ ਨੇ ਯੇਹੂ ਦੇ ਆਦਮੀਆਂ ਦਾ ਦਲ ਆਉਂਦਾ ਦੇਖਿਆ। ਉਸ ਨੇ ਇਕਦਮ ਕਿਹਾ: “ਆਦਮੀਆਂ ਦਾ ਇਕ ਦਲ ਆ ਰਿਹਾ।” ਯਹੋਰਾਮ ਨੇ ਕਿਹਾ: “ਇਕ ਘੋੜਸਵਾਰ ਨੂੰ ਉਨ੍ਹਾਂ ਨੂੰ ਮਿਲਣ ਲਈ ਭੇਜ ਅਤੇ ਉਸ ਨੂੰ ਇਹ ਪੁੱਛਣ ਲਈ ਕਹਿ, ‘ਕੀ ਤੁਸੀਂ ਸ਼ਾਂਤੀ ਦੇ ਇਰਾਦੇ ਨਾਲ ਆ ਰਹੇ ਹੋ?’” 18 ਇਸ ਲਈ ਇਕ ਘੋੜਸਵਾਰ ਉਸ ਨੂੰ ਮਿਲਣ ਗਿਆ ਅਤੇ ਉਸ ਨੇ ਕਿਹਾ: “ਰਾਜਾ ਪੁੱਛਦਾ ਹੈ, ‘ਕੀ ਤੁਸੀਂ ਸ਼ਾਂਤੀ ਦੇ ਇਰਾਦੇ ਨਾਲ ਆ ਰਹੇ ਹੋ?’” ਪਰ ਯੇਹੂ ਨੇ ਕਿਹਾ: “ਤੇਰਾ ‘ਸ਼ਾਂਤੀ’ ਨਾਲ ਕੀ ਕੰਮ? ਮੇਰੇ ਮਗਰ ਹੋ ਤੁਰ!”
ਫਿਰ ਪਹਿਰੇਦਾਰ ਨੇ ਇਹ ਖ਼ਬਰ ਦਿੱਤੀ: “ਸੰਦੇਸ਼ ਦੇਣ ਵਾਲਾ ਆਦਮੀ ਉਨ੍ਹਾਂ ਕੋਲ ਪਹੁੰਚਿਆ ਤਾਂ ਸੀ, ਪਰ ਵਾਪਸ ਨਹੀਂ ਆਇਆ।” 19 ਇਸ ਲਈ ਉਸ ਨੇ ਇਕ ਹੋਰ ਘੋੜਸਵਾਰ ਨੂੰ ਭੇਜਿਆ ਜਿਸ ਨੇ ਉਨ੍ਹਾਂ ਕੋਲ ਆ ਕੇ ਕਿਹਾ: “ਰਾਜਾ ਪੁੱਛਦਾ ਹੈ, ‘ਕੀ ਤੁਸੀਂ ਸ਼ਾਂਤੀ ਦੇ ਇਰਾਦੇ ਨਾਲ ਆ ਰਹੇ ਹੋ?’” ਪਰ ਯੇਹੂ ਨੇ ਕਿਹਾ: “ਤੇਰਾ ‘ਸ਼ਾਂਤੀ’ ਨਾਲ ਕੀ ਕੰਮ? ਮੇਰੇ ਮਗਰ ਹੋ ਤੁਰ!”
20 ਫਿਰ ਪਹਿਰੇਦਾਰ ਨੇ ਇਹ ਖ਼ਬਰ ਦਿੱਤੀ: “ਉਹ ਉਨ੍ਹਾਂ ਕੋਲ ਪਹੁੰਚਿਆ ਤਾਂ ਸੀ, ਪਰ ਵਾਪਸ ਨਹੀਂ ਆਇਆ। ਨਾਲੇ ਕੋਈ ਰਥ ਨੂੰ ਇੱਦਾਂ ਚਲਾ ਰਿਹਾ ਹੈ ਜਿੱਦਾਂ ਨਿਮਸ਼ੀ ਦਾ ਪੋਤਾ* ਯੇਹੂ ਚਲਾਉਂਦਾ ਹੈ ਕਿਉਂਕਿ ਉਹੀ ਪਾਗਲਾਂ ਵਾਂਗ ਰਥ ਚਲਾਉਂਦਾ ਹੈ।” 21 ਯਹੋਰਾਮ ਨੇ ਕਿਹਾ: “ਰਥ ਤਿਆਰ ਕਰੋ!” ਇਸ ਲਈ ਉਸ ਦਾ ਰਥ ਤਿਆਰ ਕੀਤਾ ਗਿਆ ਤੇ ਇਜ਼ਰਾਈਲ ਦਾ ਰਾਜਾ ਯਹੋਰਾਮ ਅਤੇ ਯਹੂਦਾਹ ਦਾ ਰਾਜਾ ਅਹਜ਼ਯਾਹ+ ਆਪਣੇ-ਆਪਣੇ ਰਥ ʼਤੇ ਯੇਹੂ ਨੂੰ ਮਿਲਣ ਗਏ। ਯਿਜ਼ਰਾਏਲੀ ਨਾਬੋਥ+ ਦੀ ਜ਼ਮੀਨ ʼਤੇ ਉਨ੍ਹਾਂ ਦਾ ਉਸ ਨਾਲ ਸਾਮ੍ਹਣਾ ਹੋਇਆ।
22 ਯੇਹੂ ਨੂੰ ਦੇਖਦਿਆਂ ਸਾਰ ਯਹੋਰਾਮ ਨੇ ਕਿਹਾ: “ਯੇਹੂ, ਕੀ ਤੂੰ ਸ਼ਾਂਤੀ ਦੇ ਇਰਾਦੇ ਨਾਲ ਆਇਆ ਹੈਂ?” ਪਰ ਉਸ ਨੇ ਕਿਹਾ: “ਜਦੋਂ ਤਕ ਤੇਰੀ ਮਾਂ ਈਜ਼ਬਲ ਵੇਸਵਾਗਿਰੀ+ ਅਤੇ ਜਾਦੂ-ਟੂਣੇ+ ਕਰਦੀ ਰਹੇਗੀ, ਉਦੋਂ ਤਕ ਸ਼ਾਂਤੀ ਕਿੱਦਾਂ ਹੋ ਸਕਦੀ ਹੈ?” 23 ਯਹੋਰਾਮ ਨੇ ਭੱਜਣ ਲਈ ਇਕਦਮ ਆਪਣਾ ਰਥ ਮੋੜਿਆ ਅਤੇ ਉਸ ਨੇ ਅਹਜ਼ਯਾਹ ਨੂੰ ਕਿਹਾ: “ਅਹਜ਼ਯਾਹ, ਸਾਡੇ ਨਾਲ ਚਲਾਕੀ ਖੇਡੀ ਗਈ ਹੈ!” 24 ਯੇਹੂ ਨੇ ਆਪਣੇ ਹੱਥ ਵਿਚ ਕਮਾਨ ਲਈ ਅਤੇ ਯਹੋਰਾਮ ਦੇ ਮੋਢਿਆਂ ਵਿਚਕਾਰ ਤੀਰ ਮਾਰਿਆ। ਤੀਰ ਉਸ ਦੇ ਦਿਲ ਦੇ ਆਰ-ਪਾਰ ਹੋ ਗਿਆ ਅਤੇ ਉਹ ਆਪਣੇ ਰਥ ਵਿਚ ਡਿਗ ਪਿਆ। 25 ਫਿਰ ਉਸ ਨੇ ਆਪਣੇ ਸਹਾਇਕ ਅਧਿਕਾਰੀ ਬਿਦਕਰ ਨੂੰ ਕਿਹਾ: “ਉਸ ਨੂੰ ਚੁੱਕ ਕੇ ਯਿਜ਼ਰਾਏਲੀ ਨਾਬੋਥ ਦੀ ਜ਼ਮੀਨ ਵਿਚ ਸੁੱਟ ਦੇ।+ ਯਾਦ ਕਰ, ਜਦੋਂ ਤੂੰ ਤੇ ਮੈਂ ਉਸ ਦੇ ਪਿਤਾ ਅਹਾਬ ਦੇ ਮਗਰ-ਮਗਰ ਰਥ ਚਲਾ ਰਹੇ ਸੀ,* ਤਾਂ ਯਹੋਵਾਹ ਨੇ ਉਸ ਖ਼ਿਲਾਫ਼ ਇਹ ਐਲਾਨ ਕੀਤਾ ਸੀ:+ 26 ‘“ਮੈਂ ਕੱਲ੍ਹ ਆਪਣੀ ਅੱਖੀਂ ਨਾਬੋਥ ਅਤੇ ਉਸ ਦੇ ਪੁੱਤਰਾਂ ਦਾ ਖ਼ੂਨ ਵਹਿੰਦਾ ਦੇਖਿਆ ਸੀ,”+ ਯਹੋਵਾਹ ਕਹਿੰਦਾ ਹੈ, “ਇਸ ਲਈ ਮੈਂ ਇਸੇ ਜ਼ਮੀਨ ʼਤੇ ਤੇਰੇ ਕੋਲੋਂ ਬਦਲਾ ਲਵਾਂਗਾ,”+ ਯਹੋਵਾਹ ਕਹਿੰਦਾ ਹੈ।’ ਹੁਣ ਉਸ ਨੂੰ ਚੁੱਕ ਕੇ ਉਸੇ ਜ਼ਮੀਨ ਵਿਚ ਸੁੱਟ ਦੇ, ਠੀਕ ਜਿਵੇਂ ਯਹੋਵਾਹ ਨੇ ਕਿਹਾ ਸੀ।”+
27 ਜਦੋਂ ਯਹੂਦਾਹ ਦੇ ਰਾਜੇ ਅਹਜ਼ਯਾਹ+ ਨੇ ਇਹ ਸਭ ਹੁੰਦਾ ਦੇਖਿਆ, ਤਾਂ ਉਹ ਬਾਗ਼* ਨਾਲ ਲੱਗਦੇ ਰਾਹ ਥਾਣੀਂ ਭੱਜ ਗਿਆ। (ਬਾਅਦ ਵਿਚ ਯੇਹੂ ਨੇ ਉਸ ਦਾ ਪਿੱਛਾ ਕੀਤਾ ਅਤੇ ਕਿਹਾ: “ਉਸ ਨੂੰ ਵੀ ਮਾਰ ਸੁੱਟੋ!” ਇਸ ਲਈ ਉਨ੍ਹਾਂ ਨੇ ਉਸ ʼਤੇ ਵਾਰ ਕੀਤਾ ਜਦੋਂ ਉਹ ਆਪਣੇ ਰਥ ਵਿਚ ਗੂਰ ਨੂੰ ਜਾ ਰਿਹਾ ਸੀ ਜੋ ਯਿਬਲਾਮ+ ਦੇ ਨਾਲ ਲੱਗਦਾ ਸੀ। ਪਰ ਉਹ ਮਗਿੱਦੋ ਤਕ ਭੱਜਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। 28 ਫਿਰ ਉਸ ਦੇ ਸੇਵਕ ਉਸ ਨੂੰ ਰਥ ਵਿਚ ਯਰੂਸ਼ਲਮ ਲੈ ਗਏ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ+ ਵਿਚ ਉਸ ਦੇ ਪਿਉ-ਦਾਦਿਆਂ ਨਾਲ ਉਸ ਦੀ ਕਬਰ ਵਿਚ ਦਫ਼ਨਾ ਦਿੱਤਾ। 29 ਅਹਾਬ ਦੇ ਪੁੱਤਰ ਯਹੋਰਾਮ ਦੇ ਰਾਜ ਦੇ 11ਵੇਂ ਸਾਲ ਅਹਜ਼ਯਾਹ+ ਯਹੂਦਾਹ ਦਾ ਰਾਜਾ ਬਣਿਆ ਸੀ।)
30 ਜਦੋਂ ਯੇਹੂ ਯਿਜ਼ਰਾਏਲ+ ਆਇਆ, ਤਾਂ ਈਜ਼ਬਲ+ ਨੇ ਇਸ ਬਾਰੇ ਸੁਣਿਆ। ਇਸ ਲਈ ਉਸ ਨੇ ਆਪਣੀਆਂ ਅੱਖਾਂ ਵਿਚ ਸੁਰਮਾ ਪਾਇਆ* ਤੇ ਆਪਣੇ ਸਿਰ ਨੂੰ ਸ਼ਿੰਗਾਰਿਆ ਅਤੇ ਖਿੜਕੀ ਥਾਣੀਂ ਥੱਲੇ ਦੇਖਣ ਲੱਗੀ। 31 ਜਦੋਂ ਯੇਹੂ ਦਰਵਾਜ਼ੇ ਥਾਣੀਂ ਅੰਦਰ ਆਇਆ, ਤਾਂ ਈਜ਼ਬਲ ਨੇ ਕਿਹਾ: “ਕੀ ਜ਼ਿਮਰੀ ਨਾਲ ਚੰਗਾ ਹੋਇਆ ਸੀ ਜੋ ਆਪਣੇ ਮਾਲਕ ਦਾ ਕਾਤਲ ਸੀ?”+ 32 ਉੱਪਰ ਖਿੜਕੀ ਵੱਲ ਦੇਖ ਕੇ ਯੇਹੂ ਨੇ ਕਿਹਾ: “ਕੌਣ ਮੇਰੇ ਵੱਲ ਹੈ? ਕੌਣ?”+ ਉਸੇ ਵੇਲੇ ਦੋ-ਤਿੰਨ ਦਰਬਾਰੀਆਂ ਨੇ ਹੇਠਾਂ ਉਸ ਵੱਲ ਦੇਖਿਆ। 33 ਫਿਰ ਉਸ ਨੇ ਕਿਹਾ: “ਇਹਨੂੰ ਥੱਲੇ ਸੁੱਟ ਦਿਓ!” ਇਸ ਲਈ ਉਨ੍ਹਾਂ ਨੇ ਉਸ ਨੂੰ ਥੱਲੇ ਸੁੱਟ ਦਿੱਤਾ ਅਤੇ ਉਸ ਦੇ ਖ਼ੂਨ ਦੇ ਛਿੱਟੇ ਕੰਧ ਅਤੇ ਘੋੜਿਆਂ ਉੱਤੇ ਪੈ ਗਏ ਅਤੇ ਯੇਹੂ ਨੇ ਉਸ ਨੂੰ ਕੁਚਲ ਦਿੱਤਾ। 34 ਇਸ ਤੋਂ ਬਾਅਦ ਉਸ ਨੇ ਅੰਦਰ ਜਾ ਕੇ ਖਾਧਾ-ਪੀਤਾ। ਫਿਰ ਉਸ ਨੇ ਕਿਹਾ: “ਇਸ ਸਰਾਪੀ ਔਰਤ ਨੂੰ ਲਿਜਾ ਕੇ ਦਫ਼ਨਾ ਦਿਓ। ਆਖ਼ਰ, ਇਹ ਇਕ ਰਾਜੇ ਦੀ ਧੀ ਹੈ।”+ 35 ਪਰ ਜਦੋਂ ਉਹ ਉਸ ਨੂੰ ਦਫ਼ਨਾਉਣ ਗਏ, ਤਾਂ ਉਨ੍ਹਾਂ ਨੂੰ ਉਸ ਦੀ ਖੋਪੜੀ, ਉਸ ਦੇ ਪੈਰਾਂ ਅਤੇ ਉਸ ਦੀਆਂ ਹਥੇਲੀਆਂ ਤੋਂ ਇਲਾਵਾ ਹੋਰ ਕੁਝ ਨਾ ਲੱਭਾ।+ 36 ਜਦੋਂ ਉਨ੍ਹਾਂ ਨੇ ਵਾਪਸ ਆ ਕੇ ਉਸ ਨੂੰ ਦੱਸਿਆ, ਤਾਂ ਉਸ ਨੇ ਕਿਹਾ: “ਯਹੋਵਾਹ ਦਾ ਉਹ ਬਚਨ ਪੂਰਾ ਹੋ ਗਿਆ+ ਜੋ ਉਸ ਨੇ ਆਪਣੇ ਸੇਵਕ ਤਿਸ਼ਬੀ ਏਲੀਯਾਹ ਰਾਹੀਂ ਕਿਹਾ ਸੀ, ‘ਯਿਜ਼ਰਾਏਲ ਦੀ ਜ਼ਮੀਨ ʼਤੇ ਕੁੱਤੇ ਈਜ਼ਬਲ ਦਾ ਮਾਸ ਖਾ ਜਾਣਗੇ।+ 37 ਅਤੇ ਈਜ਼ਬਲ ਦੀ ਲਾਸ਼ ਯਿਜ਼ਰਾਏਲ ਦੀ ਜ਼ਮੀਨ ਦੇ ਖੇਤ ਵਿਚ ਰੂੜੀ ਬਣ ਜਾਵੇਗੀ ਤਾਂਕਿ ਉਹ ਇਹ ਨਾ ਕਹਿ ਸਕਣ: “ਇਹ ਈਜ਼ਬਲ ਹੈ।”’”