ਲੂਕਾ ਮੁਤਾਬਕ ਖ਼ੁਸ਼ ਖ਼ਬਰੀ
24 ਫਿਰ ਉਹ ਮਸਾਲੇ ਤਿਆਰ ਕਰ ਕੇ ਹਫ਼ਤੇ ਦੇ ਪਹਿਲੇ ਦਿਨ* ਸਵੇਰੇ-ਸਵੇਰੇ ਕਬਰ ʼਤੇ ਆਈਆਂ।+ 2 ਪਰ ਉਨ੍ਹਾਂ ਨੇ ਦੇਖਿਆ ਕਿ ਕਬਰ ਦੇ ਮੂੰਹ ਤੋਂ ਪੱਥਰ ਨੂੰ ਹਟਾ ਕੇ ਇਕ ਪਾਸੇ ਕੀਤਾ ਹੋਇਆ ਸੀ+ 3 ਅਤੇ ਜਦੋਂ ਉਹ ਕਬਰ ਦੇ ਅੰਦਰ ਵੜੀਆਂ, ਤਾਂ ਪ੍ਰਭੂ ਯਿਸੂ ਦੀ ਲਾਸ਼ ਉੱਥੇ ਨਹੀਂ ਸੀ।+ 4 ਇਸ ਕਰਕੇ ਉਹ ਪਰੇਸ਼ਾਨ ਹੋ ਗਈਆਂ। ਅਤੇ ਦੇਖੋ! ਉੱਥੇ ਦੋ ਆਦਮੀ ਉਨ੍ਹਾਂ ਕੋਲ ਖੜ੍ਹੇ ਸਨ ਜਿਨ੍ਹਾਂ ਦੇ ਕੱਪੜੇ ਚਮਕ ਰਹੇ ਸਨ। 5 ਉਨ੍ਹਾਂ ਨੂੰ ਦੇਖ ਕੇ ਉਹ ਤੀਵੀਆਂ ਬਹੁਤ ਡਰ ਗਈਆਂ ਅਤੇ ਸਿਰ ਝੁਕਾਈ ਥੱਲੇ ਨੂੰ ਦੇਖਦੀਆਂ ਰਹੀਆਂ। ਉਨ੍ਹਾਂ ਆਦਮੀਆਂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਜੀਉਂਦੇ ਨੂੰ ਮਰਿਆਂ ਵਿੱਚੋਂ ਕਿਉਂ ਲੱਭ ਰਹੀਆਂ ਹੋ?+ 6 ਉਹ ਇੱਥੇ ਨਹੀਂ ਹੈ, ਉਸ ਨੂੰ ਦੁਬਾਰਾ ਜੀਉਂਦਾ ਕਰ ਦਿੱਤਾ ਗਿਆ ਹੈ। ਯਾਦ ਕਰੋ ਜਦੋਂ ਉਹ ਗਲੀਲ ਵਿਚ ਸੀ, ਤਾਂ ਉਸ ਨੇ ਤੁਹਾਨੂੰ ਕਿਹਾ ਸੀ 7 ਕਿ ਮਨੁੱਖ ਦੇ ਪੁੱਤਰ ਨੂੰ ਪਾਪੀ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਸੂਲ਼ੀ ʼਤੇ ਟੰਗ ਦਿੱਤਾ ਜਾਵੇਗਾ ਤੇ ਉਹ ਤੀਸਰੇ ਦਿਨ ਦੁਬਾਰਾ ਜੀਉਂਦਾ ਹੋ ਜਾਵੇਗਾ।”+ 8 ਫਿਰ ਉਨ੍ਹਾਂ ਨੂੰ ਉਸ ਦੀਆਂ ਗੱਲਾਂ ਚੇਤੇ ਆਈਆਂ+ 9 ਅਤੇ ਕਬਰ ਤੋਂ ਵਾਪਸ ਆ ਕੇ ਉਨ੍ਹਾਂ ਨੇ ਇਹ ਸਾਰਾ ਕੁਝ 11 ਰਸੂਲਾਂ ਅਤੇ ਬਾਕੀ ਸਾਰੇ ਚੇਲਿਆਂ ਨੂੰ ਦੱਸਿਆ।+ 10 ਜਿਨ੍ਹਾਂ ਤੀਵੀਆਂ ਨੇ ਰਸੂਲਾਂ ਨੂੰ ਇਹ ਸਭ ਕੁਝ ਦੱਸਿਆ ਸੀ, ਉਹ ਸਨ ਮਰੀਅਮ ਮਗਦਲੀਨੀ, ਯੋਆਨਾ ਅਤੇ ਯਾਕੂਬ ਦੀ ਮਾਤਾ ਮਰੀਅਮ ਅਤੇ ਉਨ੍ਹਾਂ ਦੇ ਨਾਲ ਹੋਰ ਵੀ ਤੀਵੀਆਂ ਸਨ। 11 ਪਰ ਰਸੂਲਾਂ ਤੇ ਦੂਸਰੇ ਚੇਲਿਆਂ ਨੂੰ ਤੀਵੀਆਂ ਦੀਆਂ ਗੱਲਾਂ ਬੇਕਾਰ ਲੱਗੀਆਂ ਅਤੇ ਉਨ੍ਹਾਂ ਨੇ ਇਨ੍ਹਾਂ ਤੀਵੀਆਂ ʼਤੇ ਯਕੀਨ ਨਾ ਕੀਤਾ।
12 ਪਰ ਪਤਰਸ ਉੱਠਿਆ ਅਤੇ ਭੱਜ ਕੇ ਕਬਰ ʼਤੇ ਚਲਾ ਗਿਆ। ਉਸ ਨੇ ਝੁਕ ਕੇ ਕਬਰ ਦੇ ਅੰਦਰ ਦੇਖਿਆ, ਪਰ ਉਸ ਨੂੰ ਉੱਥੇ ਸਿਰਫ਼ ਮਲਮਲ ਦੇ ਕੱਪੜੇ ਪਏ ਦਿਸੇ। ਇਸ ਕਰਕੇ ਉਹ ਉੱਥੋਂ ਚਲਾ ਗਿਆ ਅਤੇ ਜੋ ਵੀ ਹੋਇਆ ਸੀ, ਉਸ ਬਾਰੇ ਮਨ ਵਿਚ ਸੋਚਦਾ ਰਿਹਾ।
13 ਪਰ ਦੇਖੋ! ਉਸੇ ਦਿਨ ਦੋ ਚੇਲੇ ਇੰਮਊਸ ਨਾਂ ਦੇ ਪਿੰਡ ਨੂੰ ਜਾ ਰਹੇ ਸਨ ਜੋ ਯਰੂਸ਼ਲਮ ਤੋਂ ਲਗਭਗ 11 ਕਿਲੋਮੀਟਰ* ਦੂਰ ਸੀ 14 ਅਤੇ ਜੋ ਵੀ ਹੋਇਆ ਸੀ, ਉਸ ਬਾਰੇ ਉਹ ਆਪਸ ਵਿਚ ਗੱਲਾਂ ਕਰ ਰਹੇ ਸਨ।
15 ਜਦੋਂ ਉਹ ਗੱਲਾਂ ਕਰ ਰਹੇ ਸਨ, ਤਾਂ ਯਿਸੂ ਆਪ ਉਨ੍ਹਾਂ ਕੋਲ ਆਇਆ ਅਤੇ ਉਨ੍ਹਾਂ ਦੇ ਨਾਲ-ਨਾਲ ਤੁਰਨ ਲੱਗ ਪਿਆ, 16 ਪਰ ਉਹ ਉਸ ਨੂੰ ਪਛਾਣ ਨਾ ਸਕੇ।+ 17 ਉਸ ਨੇ ਉਨ੍ਹਾਂ ਨੂੰ ਪੁੱਛਿਆ: “ਤੁਸੀਂ ਤੁਰਦੇ-ਤੁਰਦੇ ਆਪਸ ਵਿਚ ਕਿਨ੍ਹਾਂ ਗੱਲਾਂ ਬਾਰੇ ਬਹਿਸ ਕਰ ਰਹੇ ਹੋ?” ਉਹ ਖੜ੍ਹ ਗਏ ਅਤੇ ਉਨ੍ਹਾਂ ਦੇ ਚਿਹਰੇ ਉਦਾਸੀ ਨਾਲ ਮੁਰਝਾਏ ਹੋਏ ਸਨ। 18 ਫਿਰ ਕਲਿਉਪਸ ਨਾਂ ਦੇ ਚੇਲੇ ਨੇ ਕਿਹਾ: “ਕੀ ਤੂੰ ਯਰੂਸ਼ਲਮ ਵਿਚ ਪਰਦੇਸੀ ਹੈਂ ਅਤੇ ਇਕੱਲਾ ਰਹਿੰਦਾਂ ਤੇ ਤੈਨੂੰ ਨਹੀਂ ਪਤਾ* ਕਿ ਇਨ੍ਹੀਂ ਦਿਨੀਂ ਉੱਥੇ ਕੀ-ਕੀ ਹੋਇਆ?” 19 ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਕੀ ਕੁਝ ਹੋਇਆ?” ਉਨ੍ਹਾਂ ਨੇ ਦੱਸਿਆ: “ਜੋ ਕੁਝ ਯਿਸੂ ਨਾਸਰੀ+ ਨਾਲ ਹੋਇਆ। ਉਸ ਨੇ ਪਰਮੇਸ਼ੁਰ ਅਤੇ ਸਾਰੇ ਲੋਕਾਂ ਸਾਮ੍ਹਣੇ ਕਰਾਮਾਤਾਂ ਕਰ ਕੇ ਅਤੇ ਅਸਰਦਾਰ ਸਿੱਖਿਆ ਦੇ ਕੇ ਆਪਣੇ ਆਪ ਨੂੰ ਨਬੀ ਸਾਬਤ ਕੀਤਾ ਸੀ;+ 20 ਅਤੇ ਸਾਡੇ ਮੁੱਖ ਪੁਜਾਰੀਆਂ ਅਤੇ ਧਾਰਮਿਕ ਆਗੂਆਂ ਨੇ ਉਸ ਨੂੰ ਮੌਤ ਦੀ ਸਜ਼ਾ ਵਾਸਤੇ ਫੜਵਾ ਦਿੱਤਾ ਸੀ+ ਅਤੇ ਸੂਲ਼ੀ ʼਤੇ ਟੰਗਵਾ ਦਿੱਤਾ ਸੀ। 21 ਪਰ ਸਾਨੂੰ ਉਮੀਦ ਸੀ ਕਿ ਉਹ ਆਦਮੀ ਇਜ਼ਰਾਈਲ ਨੂੰ ਛੁਟਕਾਰਾ ਦਿਵਾਏਗਾ।+ ਨਾਲੇ ਇਨ੍ਹਾਂ ਗੱਲਾਂ ਨੂੰ ਹੋਇਆਂ ਅੱਜ ਤਿੰਨ ਦਿਨ ਹੋ ਚੁੱਕੇ ਹਨ। 22 ਇਸ ਤੋਂ ਇਲਾਵਾ, ਇੱਥੇ ਕੁਝ ਤੀਵੀਆਂ ਨੇ ਵੀ ਸਾਨੂੰ ਇਹ ਦੱਸ ਕੇ ਹੈਰਾਨੀ ਵਿਚ ਪਾ ਦਿੱਤਾ ਹੈ ਕਿ ਉਹ ਸਵੇਰੇ-ਸਵੇਰੇ ਉਸ ਦੀ ਕਬਰ ʼਤੇ ਗਈਆਂ ਸਨ+ 23 ਅਤੇ ਉਨ੍ਹਾਂ ਨੇ ਦੇਖਿਆ ਕਿ ਉੱਥੇ ਉਸ ਦੀ ਲਾਸ਼ ਨਹੀਂ ਸੀ ਅਤੇ ਆ ਕੇ ਦੱਸਿਆ ਕਿ ਉਨ੍ਹਾਂ ਨੇ ਦੂਤਾਂ ਨੂੰ ਵੀ ਦੇਖਿਆ ਸੀ ਜਿਨ੍ਹਾਂ ਨੇ ਦੱਸਿਆ ਕਿ ਉਹ ਜੀਉਂਦਾ ਹੋ ਗਿਆ ਹੈ। 24 ਫਿਰ ਸਾਡੇ ਵਿੱਚੋਂ ਕੁਝ ਚੇਲੇ ਕਬਰ ʼਤੇ ਗਏ+ ਤੇ ਉਨ੍ਹਾਂ ਨੇ ਦੇਖਿਆ ਕਿ ਤੀਵੀਆਂ ਦੀ ਗੱਲ ਸਹੀ ਸੀ, ਪਰ ਉਨ੍ਹਾਂ ਚੇਲਿਆਂ ਨੇ ਵੀ ਯਿਸੂ ਨੂੰ ਨਹੀਂ ਦੇਖਿਆ।”
25 ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਬੇਸਮਝੋ, ਤੁਸੀਂ ਨਬੀਆਂ ਦੀਆਂ ਸਾਰੀਆਂ ਗੱਲਾਂ ਉੱਤੇ ਦਿਲੋਂ ਵਿਸ਼ਵਾਸ ਕਰਨ ਵਿਚ ਢਿੱਲ ਕਿਉਂ ਕਰ ਰਹੇ ਹੋ? 26 ਕੀ ਮਸੀਹ ਲਈ ਜ਼ਰੂਰੀ ਨਹੀਂ ਸੀ ਕਿ ਉਹ ਇਹ ਸਾਰਾ ਕੁਝ ਸਹੇ+ ਅਤੇ ਮਹਿਮਾ ਪਾਵੇ?”+ 27 ਫਿਰ ਉਸ ਨੇ ਉਨ੍ਹਾਂ ਨੂੰ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਸਾਰੀਆਂ ਲਿਖਤਾਂ ਤੋਂ ਸ਼ੁਰੂ ਕਰ ਕੇ+ ਪੂਰੇ ਧਰਮ-ਗ੍ਰੰਥ ਵਿਚ ਉਸ ਬਾਰੇ ਲਿਖੀਆਂ ਗੱਲਾਂ ਦਾ ਮਤਲਬ ਸਮਝਾਇਆ।
28 ਫਿਰ ਜਦੋਂ ਉਹ ਉਸ ਪਿੰਡ ਦੇ ਲਾਗੇ ਪਹੁੰਚੇ ਜਿੱਥੇ ਉਹ ਜਾ ਰਹੇ ਸਨ, ਤਾਂ ਉਸ ਨੇ ਇੱਦਾਂ ਦਿਖਾਇਆ ਜਿਵੇਂ ਉਹ ਉਸ ਪਿੰਡ ਤੋਂ ਵੀ ਅੱਗੇ ਜਾ ਰਿਹਾ ਹੋਵੇ। 29 ਪਰ ਉਨ੍ਹਾਂ ਨੇ ਉਸ ਉੱਤੇ ਜ਼ੋਰ ਪਾ ਕੇ ਕਿਹਾ: “ਆਜਾ, ਸਾਡੇ ਨਾਲ ਰਹਿ ਲੈ ਕਿਉਂਕਿ ਦਿਨ ਢਲ਼ ਗਿਆ ਹੈ ਅਤੇ ਸ਼ਾਮ ਪੈਣ ਵਾਲੀ ਹੈ।” ਇਸ ਲਈ ਉਹ ਉਨ੍ਹਾਂ ਨਾਲ ਚਲਾ ਗਿਆ। 30 ਜਦੋਂ ਉਹ ਖਾਣਾ ਖਾਣ ਬੈਠੇ ਹੋਏ ਸਨ, ਤਾਂ ਉਸ ਨੇ ਰੋਟੀ ਲੈ ਕੇ ਪ੍ਰਾਰਥਨਾ ਕੀਤੀ ਅਤੇ ਰੋਟੀ ਤੋੜ ਕੇ ਉਨ੍ਹਾਂ ਨੂੰ ਦੇਣ ਲੱਗਾ।+ 31 ਉਦੋਂ ਉਨ੍ਹਾਂ ਦੀਆਂ ਅੱਖਾਂ ਪੂਰੀ ਤਰ੍ਹਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਨੇ ਉਸ ਨੂੰ ਪਛਾਣ ਲਿਆ; ਪਰ ਉਹ ਉਨ੍ਹਾਂ ਦੇ ਸਾਮ੍ਹਣਿਓਂ ਗਾਇਬ ਹੋ ਗਿਆ।+ 32 ਉਹ ਦੋਵੇਂ ਇਕ-ਦੂਜੇ ਨੂੰ ਕਹਿਣ ਲੱਗੇ: “ਜਦੋਂ ਉਹ ਰਾਹ ਵਿਚ ਸਾਨੂੰ ਧਰਮ-ਗ੍ਰੰਥ ਵਿਚ ਲਿਖੀਆਂ ਗੱਲਾਂ ਖੋਲ੍ਹ ਕੇ ਸਮਝਾ ਰਿਹਾ ਸੀ, ਤਾਂ ਕੀ ਸਾਡੇ ਦਿਲ ਜੋਸ਼ ਨਾਲ ਨਹੀਂ ਭਰ ਰਹੇ ਸਨ?” 33 ਉਹ ਉਸੇ ਵੇਲੇ ਉੱਠੇ ਅਤੇ ਯਰੂਸ਼ਲਮ ਨੂੰ ਮੁੜ ਆਏ ਅਤੇ ਉਨ੍ਹਾਂ ਨੂੰ 11 ਰਸੂਲ ਅਤੇ ਹੋਰ ਚੇਲੇ ਇਕੱਠੇ ਮਿਲੇ 34 ਜਿਹੜੇ ਕਹਿ ਰਹੇ ਸਨ: “ਪ੍ਰਭੂ ਨੂੰ ਸੱਚੀਂ-ਮੁੱਚੀਂ ਜੀਉਂਦਾ ਕਰ ਦਿੱਤਾ ਗਿਆ ਹੈ ਅਤੇ ਉਹ ਸ਼ਮਊਨ* ਅੱਗੇ ਪ੍ਰਗਟ ਹੋਇਆ!”+ 35 ਫਿਰ ਉਨ੍ਹਾਂ ਦੋਹਾਂ ਨੇ ਦੱਸਿਆ ਕਿ ਰਾਹ ਵਿਚ ਕੀ ਹੋਇਆ ਸੀ ਅਤੇ ਜਦੋਂ ਉਸ ਨੇ ਰੋਟੀ ਤੋੜੀ ਸੀ, ਤਾਂ ਉਨ੍ਹਾਂ ਨੇ ਉਸ ਨੂੰ ਪਛਾਣ ਲਿਆ ਸੀ।+
36 ਉਹ ਇਹ ਗੱਲਾਂ ਕਰ ਹੀ ਰਹੇ ਸਨ ਕਿ ਯਿਸੂ ਉਨ੍ਹਾਂ ਦੇ ਵਿਚਕਾਰ ਪ੍ਰਗਟ ਹੋਇਆ ਅਤੇ ਉਨ੍ਹਾਂ ਨੂੰ ਕਿਹਾ: “ਰੱਬ ਤੁਹਾਨੂੰ ਸ਼ਾਂਤੀ ਬਖ਼ਸ਼ੇ।”+ 37 ਪਰ ਡਰ ਨਾਲ ਉਨ੍ਹਾਂ ਦੇ ਸਾਹ ਸੁੱਕ ਗਏ ਕਿਉਂਕਿ ਉਨ੍ਹਾਂ ਨੇ ਸੋਚਿਆ ਕਿ ਉਹ ਕਿਸੇ ਦੂਤ ਨੂੰ ਦੇਖ ਰਹੇ ਸਨ। 38 ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਇੰਨੇ ਘਬਰਾਏ ਹੋਏ ਕਿਉਂ ਹੋ ਅਤੇ ਆਪਣੇ ਮਨਾਂ ਵਿਚ ਸ਼ੱਕ ਕਿਉਂ ਕਰ ਰਹੇ ਹੋ? 39 ਆਹ ਦੇਖੋ ਮੇਰੇ ਹੱਥ-ਪੈਰ, ਮੈਂ ਹੀ ਹਾਂ; ਮੈਨੂੰ ਛੂਹ ਕੇ ਦੇਖੋ ਕਿਉਂਕਿ ਦੂਤ ਹੱਡ-ਮਾਸ ਦਾ ਨਹੀਂ ਬਣਿਆ ਹੁੰਦਾ, ਪਰ ਜਿਵੇਂ ਤੁਸੀਂ ਦੇਖ ਰਹੇ ਹੋ, ਮੈਂ ਹੱਡ-ਮਾਸ ਦਾ ਬਣਿਆ ਹਾਂ।” 40 ਇਹ ਕਹਿ ਕੇ ਉਸ ਨੇ ਉਨ੍ਹਾਂ ਨੂੰ ਆਪਣੇ ਹੱਥ-ਪੈਰ ਦਿਖਾਏ। 41 ਪਰ ਖ਼ੁਸ਼ੀ ਅਤੇ ਹੈਰਾਨੀ ਦੇ ਮਾਰੇ ਉਨ੍ਹਾਂ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ, ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਕੀ ਤੁਹਾਡੇ ਕੋਲ ਕੁਝ ਖਾਣ ਲਈ ਹੈ?” 42 ਉਨ੍ਹਾਂ ਨੇ ਉਸ ਨੂੰ ਭੁੰਨੀ ਹੋਈ ਮੱਛੀ ਦਿੱਤੀ 43 ਅਤੇ ਉਸ ਨੇ ਮੱਛੀ ਲੈ ਕੇ ਉਨ੍ਹਾਂ ਦੇ ਸਾਮ੍ਹਣੇ ਖਾਧੀ।
44 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਯਾਦ ਕਰੋ ਜਦੋਂ ਮੈਂ ਤੁਹਾਡੇ ਨਾਲ ਸੀ, ਤਾਂ ਮੈਂ ਤੁਹਾਨੂੰ ਦੱਸਿਆ ਸੀ+ ਕਿ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਅਤੇ ਜ਼ਬੂਰ ਵਿਚ ਜੋ ਕੁਝ ਵੀ ਮੇਰੇ ਬਾਰੇ ਲਿਖਿਆ ਗਿਆ ਹੈ, ਉਹ ਸਭ ਜ਼ਰੂਰ ਪੂਰਾ ਹੋਵੇਗਾ।”+ 45 ਫਿਰ ਉਸ ਨੇ ਧਰਮ-ਗ੍ਰੰਥ ਦਾ ਮਤਲਬ ਸਮਝਣ ਲਈ ਉਨ੍ਹਾਂ ਦੇ ਮਨ ਪੂਰੀ ਤਰ੍ਹਾਂ ਖੋਲ੍ਹ ਦਿੱਤੇ+ 46 ਅਤੇ ਉਨ੍ਹਾਂ ਨੂੰ ਕਿਹਾ: “ਇਹ ਲਿਖਿਆ ਹੋਇਆ ਹੈ: ਮਸੀਹ ਦੁੱਖ ਝੱਲੇਗਾ ਅਤੇ ਤੀਸਰੇ ਦਿਨ ਮਰੇ ਹੋਇਆਂ ਵਿੱਚੋਂ ਦੁਬਾਰਾ ਜੀਉਂਦਾ ਹੋ ਜਾਵੇਗਾ+ 47 ਅਤੇ ਯਰੂਸ਼ਲਮ ਤੋਂ ਸ਼ੁਰੂ ਕਰ ਕੇ ਸਾਰੀਆਂ ਕੌਮਾਂ+ ਵਿਚ ਉਸ ਦੇ ਨਾਂ ʼਤੇ ਇਹ ਸੰਦੇਸ਼ ਦਿੱਤਾ ਜਾਵੇਗਾ ਕਿ ਪਾਪਾਂ ਦੀ ਮਾਫ਼ੀ ਪਾਉਣ ਲਈ ਤੋਬਾ ਕੀਤੀ ਜਾਵੇ।+ 48 ਤੁਸੀਂ ਇਨ੍ਹਾਂ ਗੱਲਾਂ ਦੀ ਗਵਾਹੀ ਦੇਣੀ ਹੈ।+ 49 ਅਤੇ ਦੇਖੋ! ਮੇਰੇ ਪਿਤਾ ਨੇ ਜੋ ਚੀਜ਼ ਦੇਣ ਦਾ ਵਾਅਦਾ ਕੀਤਾ ਹੈ, ਉਹ ਮੈਂ ਤੁਹਾਨੂੰ ਦੇਵਾਂਗਾ। ਪਰ ਤੁਸੀਂ ਉੱਨਾ ਚਿਰ ਸ਼ਹਿਰ ਵਿਚ ਹੀ ਰਹਿਣਾ ਜਿੰਨਾ ਚਿਰ ਤੁਹਾਨੂੰ ਸਵਰਗੋਂ ਸ਼ਕਤੀ ਨਹੀਂ ਮਿਲ ਜਾਂਦੀ।”+
50 ਫਿਰ ਉਹ ਉਨ੍ਹਾਂ ਨੂੰ ਬੈਥਨੀਆ ਤਕ ਲੈ ਆਇਆ ਅਤੇ ਆਪਣੇ ਹੱਥ ਚੁੱਕ ਕੇ ਉਨ੍ਹਾਂ ਨੂੰ ਅਸੀਸ ਦਿੱਤੀ। 51 ਜਦੋਂ ਉਹ ਉਨ੍ਹਾਂ ਨੂੰ ਅਸੀਸ ਦੇ ਰਿਹਾ ਸੀ, ਤਾਂ ਉਹ ਉਨ੍ਹਾਂ ਤੋਂ ਵਿਦਾ ਹੋਣ ਲੱਗਾ ਅਤੇ ਉਸ ਨੂੰ ਸਵਰਗ ਨੂੰ ਉਠਾ ਲਿਆ ਗਿਆ।+ 52 ਉਨ੍ਹਾਂ ਨੇ ਝੁਕ ਕੇ ਉਸ ਅੱਗੇ ਸਿਰ ਨਿਵਾਇਆ ਅਤੇ ਖ਼ੁਸ਼ੀ-ਖ਼ੁਸ਼ੀ ਯਰੂਸ਼ਲਮ ਨੂੰ ਮੁੜ ਆਏ।+ 53 ਉਹ ਮੰਦਰ ਵਿਚ ਜਾਂਦੇ ਰਹੇ ਤੇ ਪਰਮੇਸ਼ੁਰ ਦੀ ਮਹਿਮਾ ਕਰਦੇ ਰਹੇ।+