ਅਜ਼ਰਾ
1 ਫਾਰਸ ਦੇ ਰਾਜੇ ਖੋਰਸ ਦੇ ਪਹਿਲੇ ਸਾਲ+ ਵਿਚ ਯਹੋਵਾਹ ਨੇ ਖੋਰਸ ਦੇ ਮਨ ਨੂੰ ਉਭਾਰਿਆ ਕਿ ਉਹ ਆਪਣੇ ਸਾਰੇ ਰਾਜ ਵਿਚ ਇਕ ਐਲਾਨ ਕਰਵਾਏ ਤਾਂਕਿ ਯਿਰਮਿਯਾਹ ਰਾਹੀਂ ਕਿਹਾ ਯਹੋਵਾਹ ਦਾ ਬਚਨ+ ਪੂਰਾ ਹੋਵੇ। ਉਸ ਨੇ ਇਹ ਐਲਾਨ ਲਿਖਵਾ ਵੀ ਲਿਆ।+ ਇਹ ਐਲਾਨ ਸੀ:
2 “ਫਾਰਸ ਦਾ ਰਾਜਾ ਖੋਰਸ ਇਹ ਕਹਿੰਦਾ ਹੈ, ‘ਆਕਾਸ਼ ਦੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਧਰਤੀ ਦੇ ਸਾਰੇ ਰਾਜ ਦਿੱਤੇ ਹਨ+ ਅਤੇ ਉਸ ਨੇ ਮੈਨੂੰ ਯਹੂਦਾਹ ਦੇ ਯਰੂਸ਼ਲਮ ਵਿਚ ਉਸ ਲਈ ਇਕ ਭਵਨ ਬਣਾਉਣ ਦਾ ਕੰਮ ਸੌਂਪਿਆ ਹੈ।+ 3 ਤੁਹਾਡੇ ਸਾਰਿਆਂ ਵਿਚ ਜਿਹੜਾ ਵੀ ਉਸ ਦੀ ਪਰਜਾ ਵਿੱਚੋਂ ਹੈ, ਉਸ ਦਾ ਪਰਮੇਸ਼ੁਰ ਉਸ ਦੇ ਨਾਲ ਹੋਵੇ ਅਤੇ ਉਹ ਉਤਾਂਹ ਯਹੂਦਾਹ ਦੇ ਯਰੂਸ਼ਲਮ ਨੂੰ ਜਾਵੇ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਭਵਨ ਦੁਬਾਰਾ ਬਣਾਵੇ ਜਿਸ ਦਾ ਭਵਨ ਯਰੂਸ਼ਲਮ ਵਿਚ ਸੀ।* ਉਹੀ ਸੱਚਾ ਪਰਮੇਸ਼ੁਰ ਹੈ। 4 ਜੋ ਕੋਈ ਵੀ ਪਰਦੇਸੀ ਵਜੋਂ ਰਹਿ ਰਿਹਾ ਹੈ,+ ਉਹ ਚਾਹੇ ਜਿੱਥੇ ਮਰਜ਼ੀ ਹੋਵੇ, ਉਸ ਦੇ ਗੁਆਂਢੀ ਉਸ ਦੀ ਮਦਦ ਕਰਨ ਲਈ ਉਸ ਨੂੰ ਸੋਨਾ-ਚਾਂਦੀ, ਸਾਮਾਨ ਅਤੇ ਪਸ਼ੂ ਦੇਣ। ਨਾਲੇ ਉਹ ਆਪਣੀ ਇੱਛਾ ਨਾਲ ਸੱਚੇ ਪਰਮੇਸ਼ੁਰ ਦੇ ਭਵਨ ਲਈ, ਜੋ ਯਰੂਸ਼ਲਮ ਵਿਚ ਸੀ, ਭੇਟਾਂ ਦੇਣ।’”+
5 ਫਿਰ ਯਹੂਦਾਹ ਤੇ ਬਿਨਯਾਮੀਨ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਨੇ, ਪੁਜਾਰੀਆਂ ਤੇ ਲੇਵੀਆਂ ਨੇ, ਹਾਂ, ਹਰ ਕਿਸੇ ਨੇ ਜਿਸ ਦੇ ਮਨ ਨੂੰ ਸੱਚੇ ਪਰਮੇਸ਼ੁਰ ਨੇ ਉਕਸਾਇਆ ਸੀ, ਉਤਾਂਹ ਜਾਣ ਲਈ ਅਤੇ ਯਹੋਵਾਹ ਦੇ ਭਵਨ ਨੂੰ ਦੁਬਾਰਾ ਬਣਾਉਣ ਲਈ ਤਿਆਰੀਆਂ ਕੀਤੀਆਂ ਜੋ ਯਰੂਸ਼ਲਮ ਵਿਚ ਸੀ। 6 ਉਨ੍ਹਾਂ ਦੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੇ ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਸੋਨੇ-ਚਾਂਦੀ ਦੇ ਭਾਂਡੇ, ਸਾਮਾਨ, ਪਸ਼ੂ ਅਤੇ ਕੀਮਤੀ ਚੀਜ਼ਾਂ ਦਿੱਤੀਆਂ।* ਇਹ ਸਭ ਇੱਛਾ-ਬਲ਼ੀਆਂ ਤੋਂ ਇਲਾਵਾ ਸੀ।
7 ਰਾਜਾ ਖੋਰਸ ਨੇ ਯਹੋਵਾਹ ਦੇ ਭਵਨ ਦੇ ਉਹ ਭਾਂਡੇ ਵੀ ਕੱਢ ਲਿਆਂਦੇ ਜੋ ਨਬੂਕਦਨੱਸਰ ਨੇ ਯਰੂਸ਼ਲਮ ਤੋਂ ਲਿਆ ਕੇ ਆਪਣੇ ਦੇਵਤੇ ਦੇ ਘਰ ਵਿਚ ਰੱਖ ਦਿੱਤੇ ਸਨ।+ 8 ਫਾਰਸ ਦੇ ਰਾਜਾ ਖੋਰਸ ਨੇ ਇਨ੍ਹਾਂ ਨੂੰ ਖ਼ਜ਼ਾਨਚੀ ਮਿਥਰਦਾਥ ਦੀ ਨਿਗਰਾਨੀ ਹੇਠ ਕੱਢ ਕੇ ਲਿਆਂਦਾ ਜਿਸ ਨੇ ਯਹੂਦਾਹ ਦੇ ਪ੍ਰਧਾਨ ਸ਼ੇਸ਼ਬੱਸਰ* ਲਈ ਇਨ੍ਹਾਂ ਭਾਂਡਿਆਂ ਦੀ ਸੂਚੀ ਬਣਾਈ।+
9 ਇਹ ਸੂਚੀ ਇਸ ਤਰ੍ਹਾਂ ਸੀ: ਟੋਕਰੀ ਵਰਗੇ ਸੋਨੇ ਦੇ 30 ਭਾਂਡੇ, ਟੋਕਰੀ ਵਰਗੇ ਚਾਂਦੀ ਦੇ 1,000 ਭਾਂਡੇ, 29 ਹੋਰ ਭਾਂਡੇ, 10 ਸੋਨੇ ਦੇ 30 ਛੋਟੇ ਕਟੋਰੇ, ਚਾਂਦੀ ਦੇ 410 ਛੋਟੇ ਕਟੋਰੇ, 1,000 ਹੋਰ ਭਾਂਡੇ। 11 ਸੋਨੇ ਅਤੇ ਚਾਂਦੀ ਦੇ ਸਾਰੇ ਭਾਂਡਿਆਂ ਦੀ ਕੁੱਲ ਗਿਣਤੀ 5,400 ਸੀ। ਸ਼ੇਸ਼ਬੱਸਰ ਇਨ੍ਹਾਂ ਸਾਰਿਆਂ ਨੂੰ ਉਦੋਂ ਲੈ ਕੇ ਆਇਆ ਜਦੋਂ ਗ਼ੁਲਾਮਾਂ+ ਨੂੰ ਬਾਬਲ ਤੋਂ ਯਰੂਸ਼ਲਮ ਲਿਆਂਦਾ ਗਿਆ ਸੀ।