ਦੂਜਾ ਇਤਿਹਾਸ
35 ਯੋਸੀਯਾਹ ਨੇ ਯਰੂਸ਼ਲਮ ਵਿਚ ਯਹੋਵਾਹ ਲਈ ਪਸਾਹ ਦਾ ਤਿਉਹਾਰ ਮਨਾਇਆ+ ਅਤੇ ਉਨ੍ਹਾਂ ਨੇ ਪਹਿਲੇ ਮਹੀਨੇ ਦੀ 14 ਤਾਰੀਖ਼ ਨੂੰ+ ਪਸਾਹ ਲਈ ਜਾਨਵਰ ਵੱਢੇ।+ 2 ਉਸ ਨੇ ਪੁਜਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਵਿਚ ਸੇਵਾ ਕਰਦੇ ਰਹਿਣ ਦਾ ਉਤਸ਼ਾਹ ਦਿੱਤਾ।+ 3 ਫਿਰ ਉਸ ਨੇ ਲੇਵੀਆਂ ਨੂੰ, ਜੋ ਪੂਰੇ ਇਜ਼ਰਾਈਲ ਨੂੰ ਸਿੱਖਿਆ ਦੇਣ ਦਾ ਕੰਮ ਕਰਦੇ ਸਨ+ ਅਤੇ ਯਹੋਵਾਹ ਲਈ ਪਵਿੱਤਰ ਸਨ, ਕਿਹਾ, “ਪਵਿੱਤਰ ਸੰਦੂਕ ਨੂੰ ਉਸ ਭਵਨ ਵਿਚ ਰੱਖੋ ਜਿਸ ਨੂੰ ਇਜ਼ਰਾਈਲ ਦੇ ਰਾਜਾ ਦਾਊਦ ਦੇ ਪੁੱਤਰ ਸੁਲੇਮਾਨ ਨੇ ਬਣਾਇਆ ਸੀ।+ ਹੁਣ ਤੋਂ ਤੁਹਾਨੂੰ ਸੰਦੂਕ ਆਪਣੇ ਮੋਢਿਆਂ ʼਤੇ ਚੁੱਕ ਕੇ ਲਿਜਾਣ ਦੀ ਲੋੜ ਨਹੀਂ ਹੋਵੇਗੀ।+ ਹੁਣ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅਤੇ ਉਸ ਦੀ ਪਰਜਾ ਇਜ਼ਰਾਈਲ ਦੀ ਸੇਵਾ ਕਰੋ। 4 ਤੁਸੀਂ ਆਪਣੇ ਪਿਤਾਵਾਂ ਦੇ ਘਰਾਣਿਆਂ ਅਤੇ ਆਪਣੀਆਂ ਟੋਲੀਆਂ ਮੁਤਾਬਕ ਸੇਵਾ ਲਈ ਆਪਣੇ ਆਪ ਨੂੰ ਤਿਆਰ ਕਰੋ, ਠੀਕ ਜਿਵੇਂ ਇਜ਼ਰਾਈਲ ਦੇ ਰਾਜੇ ਦਾਊਦ+ ਅਤੇ ਉਸ ਦੇ ਪੁੱਤਰ ਸੁਲੇਮਾਨ ਨੇ ਲਿਖਿਆ ਸੀ।+ 5 ਤੁਸੀਂ ਪਵਿੱਤਰ ਸਥਾਨ ਵਿਚ ਇਸ ਤਰ੍ਹਾਂ ਖੜ੍ਹੇ ਹੋਵੋ ਕਿ ਲੇਵੀਆਂ ਦੇ ਘਰਾਣੇ ਦੀ ਇਕ-ਇਕ ਟੋਲੀ ਬਾਕੀ ਲੋਕਾਂ* ਯਾਨੀ ਤੁਹਾਡੇ ਭਰਾਵਾਂ ਦੇ ਇਕ-ਇਕ ਪਰਿਵਾਰ ਲਈ ਹੋਵੇ। 6 ਮੂਸਾ ਰਾਹੀਂ ਦਿੱਤੇ ਯਹੋਵਾਹ ਦੇ ਬਚਨ ਦੀ ਪਾਲਣਾ ਕਰਨ ਲਈ ਪਸਾਹ ਦੇ ਜਾਨਵਰ ਵੱਢੋ,+ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਆਪਣੇ ਭਰਾਵਾਂ ਲਈ ਤਿਆਰੀ ਕਰੋ।”
7 ਯੋਸੀਯਾਹ ਨੇ ਉੱਥੇ ਹਾਜ਼ਰ ਸਾਰੇ ਲੋਕਾਂ ਨੂੰ ਪਸਾਹ ਦੀਆਂ ਬਲ਼ੀਆਂ ਚੜ੍ਹਾਉਣ ਵਾਸਤੇ ਇੱਜੜ ਯਾਨੀ ਲੇਲੇ ਅਤੇ ਮੇਮਣੇ ਦਿੱਤੇ ਜਿਨ੍ਹਾਂ ਦੀ ਕੁੱਲ ਗਿਣਤੀ 30,000 ਸੀ, ਨਾਲੇ 3,000 ਬਲਦ ਵੀ ਦਿੱਤੇ। ਇਹ ਰਾਜੇ ਦੇ ਆਪਣੇ ਮਾਲ-ਧਨ ਵਿੱਚੋਂ ਸਨ।+ 8 ਉਸ ਦੇ ਹਾਕਮਾਂ ਨੇ ਵੀ ਲੋਕਾਂ, ਪੁਜਾਰੀਆਂ ਅਤੇ ਲੇਵੀਆਂ ਨੂੰ ਇੱਛਾ-ਬਲ਼ੀਆਂ ਚੜ੍ਹਾਉਣ ਵਾਸਤੇ ਜਾਨਵਰ ਦਿੱਤੇ। ਸੱਚੇ ਪਰਮੇਸ਼ੁਰ ਦੇ ਭਵਨ ਦੇ ਆਗੂਆਂ ਹਿਲਕੀਯਾਹ,+ ਜ਼ਕਰਯਾਹ ਅਤੇ ਯਹੀਏਲ ਨੇ ਪੁਜਾਰੀਆਂ ਨੂੰ ਪਸਾਹ ਦੀਆਂ ਬਲ਼ੀਆਂ ਚੜ੍ਹਾਉਣ ਲਈ 2,600 ਜਾਨਵਰ ਦਿੱਤੇ, ਨਾਲੇ 300 ਬਲਦ ਵੀ। 9 ਕਾਨਨਯਾਹ ਅਤੇ ਉਸ ਦੇ ਭਰਾਵਾਂ ਸ਼ਮਾਯਾਹ ਤੇ ਨਥਨੀਏਲ ਨੇ ਅਤੇ ਲੇਵੀਆਂ ਦੇ ਮੁਖੀਆਂ ਹਸ਼ਬਯਾਹ, ਯਈਏਲ ਤੇ ਯੋਜ਼ਾਬਾਦ ਨੇ ਪਸਾਹ ਦੀ ਬਲ਼ੀ ਵਾਸਤੇ ਲੇਵੀਆਂ ਨੂੰ 5,000 ਜਾਨਵਰ ਦਿੱਤੇ, ਨਾਲੇ 500 ਬਲਦ ਵੀ।
10 ਸਾਰੀਆਂ ਤਿਆਰੀਆਂ ਹੋ ਗਈਆਂ ਅਤੇ ਰਾਜੇ ਦੇ ਹੁਕਮ ਅਨੁਸਾਰ ਪੁਜਾਰੀ ਆਪੋ-ਆਪਣੀ ਜਗ੍ਹਾ ʼਤੇ ਖੜ੍ਹ ਗਏ ਤੇ ਲੇਵੀ ਆਪੋ-ਆਪਣੀ ਟੋਲੀ ਮੁਤਾਬਕ ਖੜ੍ਹ ਗਏ।+ 11 ਉਨ੍ਹਾਂ ਨੇ ਪਸਾਹ ਦੇ ਜਾਨਵਰ ਵੱਢੇ+ ਅਤੇ ਪੁਜਾਰੀਆਂ ਨੇ ਉਨ੍ਹਾਂ ਹੱਥੋਂ ਲਏ ਖ਼ੂਨ ਨੂੰ ਛਿੜਕਿਆ+ ਅਤੇ ਲੇਵੀ ਜਾਨਵਰਾਂ ਦੀ ਖੱਲ ਲਾਹ ਰਹੇ ਸਨ।+ 12 ਫਿਰ ਉਨ੍ਹਾਂ ਨੇ ਪਿਤਾਵਾਂ ਦੇ ਘਰਾਣਿਆਂ ਮੁਤਾਬਕ ਸਮੂਹਾਂ ਵਿਚ ਵੰਡੇ ਬਾਕੀ ਲੋਕਾਂ ਨੂੰ ਦੇਣ ਲਈ ਹੋਮ-ਬਲ਼ੀਆਂ ਤਿਆਰ ਕੀਤੀਆਂ ਤਾਂਕਿ ਉਨ੍ਹਾਂ ਨੂੰ ਯਹੋਵਾਹ ਅੱਗੇ ਅਰਪਣ ਕੀਤਾ ਜਾ ਸਕੇ, ਠੀਕ ਜਿਵੇਂ ਮੂਸਾ ਦੀ ਕਿਤਾਬ ਵਿਚ ਲਿਖਿਆ ਗਿਆ ਹੈ; ਅਤੇ ਉਨ੍ਹਾਂ ਨੇ ਬਲਦਾਂ ਨਾਲ ਵੀ ਇਸੇ ਤਰ੍ਹਾਂ ਕੀਤਾ। 13 ਉਨ੍ਹਾਂ ਨੇ ਦਸਤੂਰ ਮੁਤਾਬਕ ਪਸਾਹ ਦੇ ਜਾਨਵਰ ਅੱਗ ʼਤੇ ਪਕਾਏ;*+ ਉਨ੍ਹਾਂ ਨੇ ਪਵਿੱਤਰ ਬਲ਼ੀਆਂ ਨੂੰ ਦੇਗਾਂ, ਪਤੀਲਿਆਂ ਅਤੇ ਕੜਾਹੀਆਂ ਵਿਚ ਪਕਾਇਆ ਤੇ ਫਟਾਫਟ ਬਾਕੀ ਸਾਰੇ ਲੋਕਾਂ ਕੋਲ ਲੈ ਆਏ। 14 ਫਿਰ ਉਨ੍ਹਾਂ ਨੇ ਆਪਣੇ ਲਈ ਤੇ ਪੁਜਾਰੀਆਂ ਲਈ ਤਿਆਰੀਆਂ ਕੀਤੀਆਂ ਕਿਉਂਕਿ ਪੁਜਾਰੀ, ਜੋ ਹਾਰੂਨ ਦੀ ਔਲਾਦ ਸਨ, ਰਾਤ ਪੈਣ ਤਕ ਹੋਮ-ਬਲ਼ੀਆਂ ਚੜ੍ਹਾਉਂਦੇ ਰਹੇ ਤੇ ਚਰਬੀ ਵੀ। ਲੇਵੀਆਂ ਨੇ ਆਪਣੇ ਲਈ ਤੇ ਹਾਰੂਨ ਦੀ ਔਲਾਦ ਯਾਨੀ ਪੁਜਾਰੀਆਂ ਲਈ ਤਿਆਰੀਆਂ ਕੀਤੀਆਂ।
15 ਦਾਊਦ, ਆਸਾਫ਼, ਹੇਮਾਨ ਤੇ ਰਾਜੇ ਦੇ ਦਰਸ਼ੀ ਯਦੂਥੂਨ ਦੇ ਹੁਕਮ ਅਨੁਸਾਰ+ ਗਾਇਕ ਯਾਨੀ ਆਸਾਫ਼ ਦੇ ਪੁੱਤਰ+ ਆਪੋ-ਆਪਣੀ ਜਗ੍ਹਾ ʼਤੇ ਖੜ੍ਹੇ ਸਨ; ਅਤੇ ਦਰਬਾਨ ਵੱਖੋ-ਵੱਖਰੇ ਦਰਵਾਜ਼ਿਆਂ ʼਤੇ ਤੈਨਾਤ ਸਨ।+ ਉਨ੍ਹਾਂ ਨੂੰ ਆਪਣੀ ਸੇਵਾ ਦਾ ਕੰਮ ਛੱਡਣ ਦੀ ਲੋੜ ਨਹੀਂ ਪਈ ਕਿਉਂਕਿ ਉਨ੍ਹਾਂ ਦੇ ਲੇਵੀ ਭਰਾਵਾਂ ਨੇ ਉਨ੍ਹਾਂ ਲਈ ਤਿਆਰੀਆਂ ਕੀਤੀਆਂ ਸਨ। 16 ਇਸ ਤਰ੍ਹਾਂ ਉਸ ਦਿਨ ਯਹੋਵਾਹ ਦੀ ਭਗਤੀ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਤਾਂਕਿ ਪਸਾਹ ਮਨਾਇਆ ਜਾ ਸਕੇ+ ਅਤੇ ਯਹੋਵਾਹ ਦੀ ਵੇਦੀ ʼਤੇ ਹੋਮ-ਬਲ਼ੀਆਂ ਚੜ੍ਹਾਈਆਂ ਜਾ ਸਕਣ, ਠੀਕ ਜਿਵੇਂ ਰਾਜਾ ਯੋਸੀਯਾਹ ਨੇ ਹੁਕਮ ਦਿੱਤਾ ਸੀ।+
17 ਉੱਥੇ ਹਾਜ਼ਰ ਇਜ਼ਰਾਈਲੀਆਂ ਨੇ ਉਸ ਵੇਲੇ ਪਸਾਹ ਮਨਾਇਆ ਤੇ ਫਿਰ ਸੱਤ ਦਿਨ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਇਆ।+ 18 ਸਮੂਏਲ ਨਬੀ ਦੇ ਦਿਨਾਂ ਤੋਂ ਲੈ ਕੇ ਉਸ ਦਿਨ ਤਕ ਇਜ਼ਰਾਈਲ ਵਿਚ ਇਸ ਤਰ੍ਹਾਂ ਦਾ ਪਸਾਹ ਕਦੇ ਨਹੀਂ ਮਨਾਇਆ ਗਿਆ ਸੀ; ਨਾ ਹੀ ਇਜ਼ਰਾਈਲ ਦੇ ਕਿਸੇ ਹੋਰ ਰਾਜੇ ਨੇ ਇਸ ਤਰ੍ਹਾਂ ਦਾ ਪਸਾਹ ਮਨਾਇਆ ਜਿਵੇਂ ਯੋਸੀਯਾਹ,+ ਪੁਜਾਰੀਆਂ, ਲੇਵੀਆਂ, ਉੱਥੇ ਹਾਜ਼ਰ ਯਹੂਦਾਹ ਤੇ ਇਜ਼ਰਾਈਲ ਦੇ ਸਾਰੇ ਲੋਕਾਂ ਨੇ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਮਨਾਇਆ ਸੀ। 19 ਇਹ ਪਸਾਹ ਯੋਸੀਯਾਹ ਦੇ ਰਾਜ ਦੇ 18ਵੇਂ ਸਾਲ ਵਿਚ ਮਨਾਇਆ ਗਿਆ।
20 ਇਹ ਸਭ ਕੁਝ ਹੋਣ ਤੋਂ ਬਾਅਦ, ਜਦੋਂ ਯੋਸੀਯਾਹ ਮੰਦਰ* ਨੂੰ ਤਿਆਰ ਕਰ ਚੁੱਕਾ ਸੀ, ਮਿਸਰ ਦਾ ਰਾਜਾ ਨਕੋਹ+ ਯੁੱਧ ਕਰਨ ਫ਼ਰਾਤ ਦਰਿਆ ਕੋਲ ਕਰਕਮਿਸ਼ ਆਇਆ। ਫਿਰ ਯੋਸੀਯਾਹ ਉਸ ਦਾ ਸਾਮ੍ਹਣਾ ਕਰਨ ਨਿਕਲਿਆ।+ 21 ਤਦ ਉਸ ਨੇ ਸੰਦੇਸ਼ ਦੇਣ ਵਾਲਿਆਂ ਨੂੰ ਉਸ ਕੋਲ ਇਹ ਕਹਿ ਕੇ ਘੱਲਿਆ: “ਹੇ ਯਹੂਦਾਹ ਦੇ ਰਾਜੇ, ਤੇਰਾ ਇਸ ਨਾਲ ਕੀ ਲੈਣਾ-ਦੇਣਾ? ਅੱਜ ਮੈਂ ਤੇਰੇ ਖ਼ਿਲਾਫ਼ ਨਹੀਂ ਆ ਰਿਹਾ, ਸਗੋਂ ਮੇਰਾ ਯੁੱਧ ਕਿਸੇ ਹੋਰ ਘਰਾਣੇ ਨਾਲ ਹੈ ਅਤੇ ਪਰਮੇਸ਼ੁਰ ਨੇ ਮੈਨੂੰ ਕਿਹਾ ਹੈ ਕਿ ਮੈਂ ਛੇਤੀ ਜਾਵਾਂ। ਤੇਰੀ ਭਲਾਈ ਇਸੇ ਵਿਚ ਹੈ ਕਿ ਤੂੰ ਪਰਮੇਸ਼ੁਰ ਦਾ ਵਿਰੋਧ ਨਾ ਕਰ ਕਿਉਂਕਿ ਉਹ ਮੇਰੇ ਨਾਲ ਹੈ, ਨਹੀਂ ਤਾਂ ਉਹ ਤੈਨੂੰ ਬਰਬਾਦ ਕਰ ਦੇਵੇਗਾ।” 22 ਪਰ ਯੋਸੀਯਾਹ ਉਸ ਦੇ ਅੱਗਿਓਂ ਨਾ ਹਟਿਆ, ਸਗੋਂ ਉਸ ਨਾਲ ਲੜਨ ਲਈ ਉਸ ਨੇ ਭੇਸ ਬਦਲਿਆ।+ ਉਸ ਨੇ ਨਕੋਹ ਦੀ ਉਹ ਗੱਲ ਨਹੀਂ ਮੰਨੀ ਜੋ ਪਰਮੇਸ਼ੁਰ ਦੇ ਮੂੰਹੋਂ ਨਿਕਲੀ ਸੀ। ਇਸ ਲਈ ਉਹ ਮਗਿੱਦੋ ਦੇ ਮੈਦਾਨ ਵਿਚ ਯੁੱਧ ਕਰਨ ਗਿਆ।+
23 ਫਿਰ ਤੀਰਅੰਦਾਜ਼ਾਂ ਨੇ ਰਾਜਾ ਯੋਸੀਯਾਹ ʼਤੇ ਤੀਰਾਂ ਨਾਲ ਵਾਰ ਕੀਤਾ ਅਤੇ ਰਾਜੇ ਨੇ ਆਪਣੇ ਸੇਵਕਾਂ ਨੂੰ ਕਿਹਾ: “ਮੈਨੂੰ ਇੱਥੋਂ ਲੈ ਚੱਲੋ, ਮੈਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹਾਂ।” 24 ਇਸ ਲਈ ਉਸ ਦੇ ਸੇਵਕਾਂ ਨੇ ਉਸ ਨੂੰ ਰਥ ਵਿੱਚੋਂ ਲਿਜਾ ਕੇ ਉਸ ਦੇ ਦੂਸਰੇ ਰਥ ਵਿਚ ਬਿਠਾਇਆ ਤੇ ਯਰੂਸ਼ਲਮ ਲੈ ਆਏ। ਇਸ ਤਰ੍ਹਾਂ ਉਸ ਦੀ ਮੌਤ ਹੋ ਗਈ ਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਦੀ ਕਬਰ ਵਿਚ ਦਫ਼ਨਾ ਦਿੱਤਾ ਗਿਆ।+ ਪੂਰੇ ਯਹੂਦਾਹ ਅਤੇ ਯਰੂਸ਼ਲਮ ਨੇ ਉਸ ਲਈ ਸੋਗ ਮਨਾਇਆ। 25 ਯਿਰਮਿਯਾਹ+ ਨੇ ਯੋਸੀਯਾਹ ਲਈ ਵੈਣ ਪਾਏ ਅਤੇ ਸਾਰੇ ਗਾਇਕ ਤੇ ਗਾਇਕਾਵਾਂ+ ਅੱਜ ਤਕ ਯੋਸੀਯਾਹ ਲਈ ਵਿਰਲਾਪ ਦੇ ਗੀਤ* ਗਾਉਂਦੇ ਹਨ; ਅਤੇ ਫ਼ੈਸਲਾ ਕੀਤਾ ਗਿਆ ਕਿ ਇਹ ਗੀਤ ਇਜ਼ਰਾਈਲ ਵਿਚ ਗਾਏ ਜਾਣ ਅਤੇ ਇਹ ਵਿਰਲਾਪ ਦੇ ਗੀਤਾਂ ਵਿਚ ਲਿਖੇ ਗਏ ਹਨ।
26 ਯੋਸੀਯਾਹ ਦੀ ਬਾਕੀ ਕਹਾਣੀ, ਉਸ ਨੇ ਯਹੋਵਾਹ ਦੇ ਕਾਨੂੰਨ* ਵਿਚ ਲਿਖੀਆਂ ਗੱਲਾਂ ਨੂੰ ਮੰਨਦੇ ਹੋਏ ਅਟੱਲ ਪਿਆਰ ਦੇ ਜੋ ਕੰਮ ਕੀਤੇ 27 ਅਤੇ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਉਸ ਨੇ ਜੋ ਕੁਝ ਕੀਤਾ, ਉਸ ਬਾਰੇ ਇਜ਼ਰਾਈਲ ਅਤੇ ਯਹੂਦਾਹ ਦੇ ਰਾਜਿਆਂ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+