ਮਲਾਕੀ
1 ਇਕ ਗੰਭੀਰ ਸੰਦੇਸ਼:
ਮਲਾਕੀ* ਦੇ ਜ਼ਰੀਏ ਇਜ਼ਰਾਈਲ ਲਈ ਯਹੋਵਾਹ ਦਾ ਬਚਨ:
2 “ਮੈਂ ਤੁਹਾਨੂੰ ਪਿਆਰ ਕੀਤਾ,”+ ਯਹੋਵਾਹ ਕਹਿੰਦਾ ਹੈ।
ਪਰ ਤੁਸੀਂ ਕਹਿੰਦੇ ਹੋ: “ਤੂੰ ਸਾਨੂੰ ਕਿਵੇਂ ਪਿਆਰ ਕੀਤਾ?”
ਯਹੋਵਾਹ ਕਹਿੰਦਾ ਹੈ: “ਕੀ ਏਸਾਓ ਅਤੇ ਯਾਕੂਬ ਭਰਾ ਨਹੀਂ ਸਨ?+ ਪਰ ਮੈਂ ਯਾਕੂਬ ਨਾਲ ਪਿਆਰ ਕੀਤਾ 3 ਅਤੇ ਏਸਾਓ ਨਾਲ ਨਫ਼ਰਤ।+ ਮੈਂ ਉਸ ਦੇ ਪਹਾੜਾਂ ਨੂੰ ਉਜਾੜ ਦਿੱਤਾ+ ਅਤੇ ਉਸ ਦੀ ਵਿਰਾਸਤ ਉਜਾੜ ਦੇ ਗਿੱਦੜਾਂ ਨੂੰ ਰਹਿਣ ਲਈ ਦੇ ਦਿੱਤੀ।”+
4 “ਅਦੋਮ ਕਹਿੰਦਾ ਹੈ, ‘ਭਾਵੇਂ ਸਾਨੂੰ ਤਬਾਹ ਕਰ ਦਿੱਤਾ ਗਿਆ, ਪਰ ਅਸੀਂ ਵਾਪਸ ਆ ਕੇ ਫਿਰ ਤੋਂ ਖੰਡਰਾਂ ਨੂੰ ਉਸਾਰਾਂਗੇ।’ ਪਰ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਉਹ ਬਣਾਉਣਗੇ, ਪਰ ਮੈਂ ਢਾਹ ਦਿਆਂਗਾ ਅਤੇ ਉਹ “ਦੁਸ਼ਟਤਾ ਦਾ ਇਲਾਕਾ” ਕਹਾਉਣਗੇ ਅਤੇ ਉਹ “ਯਹੋਵਾਹ ਦੁਆਰਾ ਹਮੇਸ਼ਾ ਲਈ ਅਪਰਾਧੀ ਠਹਿਰਾਏ ਗਏ ਲੋਕਾਂ” ਵਜੋਂ ਜਾਣੇ ਜਾਣਗੇ।+ 5 ਤੁਹਾਡੀਆਂ ਅੱਖਾਂ ਇਹ ਦੇਖਣਗੀਆਂ ਅਤੇ ਤੁਸੀਂ ਕਹੋਗੇ: “ਪੂਰੇ ਇਜ਼ਰਾਈਲ ਵਿਚ ਯਹੋਵਾਹ ਦੀ ਵਡਿਆਈ ਹੋਵੇ।”’”
6 “‘ਪੁੱਤਰ ਆਪਣੇ ਪਿਤਾ ਦਾ ਆਦਰ ਕਰਦਾ ਹੈ+ ਅਤੇ ਨੌਕਰ ਆਪਣੇ ਮਾਲਕ ਦਾ। ਜੇ ਮੈਂ ਪਿਤਾ ਹਾਂ,+ ਤਾਂ ਮੇਰਾ ਆਦਰ ਕਿਉਂ ਨਹੀਂ ਕੀਤਾ ਜਾਂਦਾ?+ ਅਤੇ ਜੇ ਮੈਂ ਮਾਲਕ* ਹਾਂ, ਤਾਂ ਮੇਰਾ ਡਰ* ਕਿਉਂ ਨਹੀਂ ਹੈ?’ ਸੈਨਾਵਾਂ ਦਾ ਯਹੋਵਾਹ ਤੁਹਾਨੂੰ ਪੁਜਾਰੀਆਂ ਨੂੰ ਪੁੱਛਦਾ ਹੈ ਜੋ ਮੇਰੇ ਨਾਂ ਦਾ ਨਿਰਾਦਰ ਕਰਦੇ ਹਨ।+
“‘ਪਰ ਤੁਸੀਂ ਕਹਿੰਦੇ ਹੋ: “ਅਸੀਂ ਤੇਰੇ ਨਾਂ ਦਾ ਨਿਰਾਦਰ ਕਿਵੇਂ ਕੀਤਾ?”’
7 “‘ਮੇਰੀ ਵੇਦੀ ʼਤੇ ਅਸ਼ੁੱਧ ਭੋਜਨ* ਚੜ੍ਹਾ ਕੇ।’
“‘ਫਿਰ ਤੁਸੀਂ ਕਹਿੰਦੇ ਹੋ: “ਅਸੀਂ ਤੈਨੂੰ ਅਸ਼ੁੱਧ ਕਿਵੇਂ ਕੀਤਾ?”’
“‘ਇਹ ਕਹਿ ਕੇ: “ਯਹੋਵਾਹ ਦਾ ਮੇਜ਼*+ ਤਾਂ ਘਿਣਾਉਣਾ ਹੈ।” 8 ਅੰਨ੍ਹੇ ਜਾਨਵਰ ਦੀ ਬਲ਼ੀ ਚੜ੍ਹਾ ਕੇ ਤੁਸੀਂ ਕਹਿੰਦੇ ਹੋ: “ਇਹ ਦੇ ਵਿਚ ਕੀ ਬੁਰਾਈ!” ਅਤੇ ਲੰਗੜੇ ਜਾਂ ਬੀਮਾਰ ਜਾਨਵਰ ਦੀ ਬਲ਼ੀ ਚੜ੍ਹਾ ਕੇ ਤੁਸੀਂ ਕਹਿੰਦੇ ਹੋ: “ਇਹ ਦੇ ਵਿਚ ਕੀ ਬੁਰਾਈ!”’”+
“ਜ਼ਰਾ ਆਪਣੇ ਰਾਜਪਾਲ ਨੂੰ ਇਹ ਪੇਸ਼ ਕਰ ਕੇ ਦੇਖੋ। ਕੀ ਉਹ ਤੁਹਾਡੇ ਤੋਂ ਖ਼ੁਸ਼ ਹੋਵੇਗਾ ਜਾਂ ਕੀ ਉਹ ਤੁਹਾਡੇ ʼਤੇ ਮਿਹਰ ਕਰੇਗਾ?” ਸੈਨਾਵਾਂ ਦਾ ਯਹੋਵਾਹ ਪੁੱਛਦਾ ਹੈ।
9 “ਹੁਣ ਤੁਸੀਂ ਪਰਮੇਸ਼ੁਰ ਨੂੰ ਬੇਨਤੀ ਕਰੋ ਕਿ ਉਹ ਸਾਡੇ ʼਤੇ ਮਿਹਰ ਕਰੇ। ਕੀ ਤੁਹਾਡੇ ਹੱਥੋਂ ਅਜਿਹੇ ਚੜ੍ਹਾਵੇ ਲੈ ਕੇ ਉਹ ਤੁਹਾਡੇ ʼਤੇ ਮਿਹਰ ਕਰੇਗਾ?” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
10 “ਤੁਹਾਡੇ ਵਿੱਚੋਂ ਕੌਣ ਆਪਣੀ ਇੱਛਾ ਨਾਲ ਮੰਦਰ ਦੇ ਦਰਵਾਜ਼ੇ ਬੰਦ ਕਰਦਾ ਹੈ?+ ਤੁਸੀਂ ਤਾਂ ਪੈਸੇ ਲਏ ਬਿਨਾਂ ਮੇਰੀ ਵੇਦੀ ਵਿਚ ਅੱਗ ਤਕ ਨਹੀਂ ਬਾਲ਼ਦੇ।+ ਮੈਂ ਤੁਹਾਡੇ ਤੋਂ ਖ਼ੁਸ਼ ਨਹੀਂ ਹਾਂ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਮੈਨੂੰ ਤੁਹਾਡੇ ਹੱਥੋਂ ਚੜ੍ਹਾਵੇ ਲੈ ਕੇ ਕੋਈ ਖ਼ੁਸ਼ੀ ਨਹੀਂ ਹੁੰਦੀ।”+
11 “ਪੂਰਬ ਤੋਂ ਲੈ ਕੇ ਪੱਛਮ ਤਕ ਕੌਮਾਂ ਵਿਚ ਮੇਰੇ ਨਾਂ ਦਾ ਆਦਰ ਕੀਤਾ ਜਾਵੇਗਾ।+ ਹਰ ਜਗ੍ਹਾ ਮੇਰੇ ਨਾਂ ʼਤੇ ਵੇਦੀ ਤੋਂ ਬਲ਼ੀਆਂ ਦਾ ਧੂੰਆਂ ਉੱਠੇਗਾ ਅਤੇ ਸ਼ੁੱਧ ਚੜ੍ਹਾਵੇ ਚੜ੍ਹਾਏ ਜਾਣਗੇ ਕਿਉਂਕਿ ਕੌਮਾਂ ਵਿਚ ਮੇਰੇ ਨਾਂ ਦਾ ਆਦਰ ਕੀਤਾ ਜਾਵੇਗਾ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
12 “ਪਰ ਤੁਸੀਂ ਇਹ ਕਹਿ ਕੇ ਇਸ ਨੂੰ* ਭ੍ਰਿਸ਼ਟ ਕਰਦੇ ਹੋ,+ ‘ਯਹੋਵਾਹ ਦਾ ਮੇਜ਼ ਤਾਂ ਅਸ਼ੁੱਧ ਹੈ ਅਤੇ ਇਸ ʼਤੇ ਚੜ੍ਹਾਇਆ ਚੜ੍ਹਾਵਾ, ਹਾਂ, ਇਸ ਦਾ ਭੋਜਨ ਘਿਣਾਉਣਾ ਹੈ।’+ 13 ਤੁਸੀਂ ਇਹ ਵੀ ਕਹਿੰਦੇ ਹੋ, ‘ਅਸੀਂ ਅੱਕ ਗਏ ਹਾਂ!’ ਅਤੇ ਤੁਸੀਂ ਘਿਰਣਾ ਨਾਲ ਇਸ ʼਤੇ ਨੱਕ-ਬੁੱਲ੍ਹ ਵੱਟਦੇ ਹੋ,” ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ। “ਤੁਸੀਂ ਚੋਰੀ ਕੀਤੇ ਹੋਏ, ਲੰਗੜੇ ਅਤੇ ਬੀਮਾਰ ਜਾਨਵਰ ਲਿਆਉਂਦੇ ਹੋ। ਹਾਂ, ਤੁਸੀਂ ਅਜਿਹੇ ਨਿਕੰਮੇ ਚੜ੍ਹਾਵੇ ਮੈਨੂੰ ਚੜ੍ਹਾਉਂਦੇ ਹੋ! ਭਲਾ ਮੈਂ ਤੁਹਾਡੇ ਹੱਥੋਂ ਇਹ ਕਬੂਲ ਕਰਾਂਗਾ?”+ ਯਹੋਵਾਹ ਕਹਿੰਦਾ ਹੈ।
14 “ਸਰਾਪਿਆ ਹੈ ਉਹ ਧੋਖੇਬਾਜ਼ ਜਿਸ ਦੇ ਝੁੰਡ ਵਿਚ ਬੇਦਾਗ਼ ਨਰ ਜਾਨਵਰ ਤਾਂ ਹੈ, ਪਰ ਉਹ ਸੁੱਖਣਾ ਸੁੱਖ ਕੇ ਯਹੋਵਾਹ ਨੂੰ ਨੁਕਸ ਵਾਲਾ ਜਾਨਵਰ ਚੜ੍ਹਾਉਂਦਾ ਹੈ। ਪਰ ਮੈਂ ਤਾਂ ਮਹਾਨ ਰਾਜਾ ਹਾਂ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, “ਅਤੇ ਕੌਮਾਂ ਮੇਰੇ ਨਾਂ ਲਈ ਸ਼ਰਧਾ ਰੱਖਣਗੀਆਂ।”+