ਜ਼ਬੂਰ
ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਸ਼ਮੀਨੀਥ* ਸੁਰ ਮੁਤਾਬਕ ਗਾਇਆ ਜਾਵੇ। ਦਾਊਦ ਦਾ ਜ਼ਬੂਰ।
12 ਹੇ ਯਹੋਵਾਹ, ਮੈਨੂੰ ਬਚਾ ਕਿਉਂਕਿ ਕੋਈ ਵਫ਼ਾਦਾਰ ਇਨਸਾਨ ਨਹੀਂ ਰਿਹਾ;
ਵਫ਼ਾਦਾਰ ਲੋਕ ਦੁਨੀਆਂ ਵਿੱਚੋਂ ਖ਼ਤਮ ਹੋ ਚੁੱਕੇ ਹਨ।
2 ਹਰ ਕੋਈ ਇਕ-ਦੂਜੇ ਨਾਲ ਝੂਠ ਬੋਲਦਾ ਹੈ;
ਉਹ ਆਪਣੇ ਬੁੱਲ੍ਹਾਂ ਨਾਲ ਚਾਪਲੂਸੀ ਕਰਦਾ ਹੈ ਅਤੇ ਉਸ ਦੇ ਦਿਲ ਵਿੱਚੋਂ ਖੋਟੀਆਂ ਗੱਲਾਂ ਨਿਕਲਦੀਆਂ ਹਨ।+
3 ਯਹੋਵਾਹ ਚਾਪਲੂਸੀ ਕਰਨ ਵਾਲੇ ਬੁੱਲ੍ਹਾਂ ਨੂੰ ਵੱਢ ਦੇਵੇਗਾ,
ਨਾਲੇ ਵੱਡੀਆਂ-ਵੱਡੀਆਂ ਫੜ੍ਹਾਂ ਮਾਰਨ ਵਾਲੀ ਜੀਭ ਨੂੰ।+
4 ਉਹ ਕਹਿੰਦੇ ਹਨ: “ਸਾਡੀ ਜ਼ਬਾਨ ਜਿੱਤੇਗੀ।
ਅਸੀਂ ਆਪਣੀ ਮਨ-ਮਰਜ਼ੀ ਮੁਤਾਬਕ ਆਪਣੀ ਜ਼ਬਾਨ ਵਰਤਦੇ ਹਾਂ;
ਕਿਸ ਦੀ ਹਿੰਮਤ ਕਿ ਉਹ ਸਾਡੇ ʼਤੇ ਹੁਕਮ ਚਲਾਵੇ?”+
5 “ਦੁਖੀਆਂ ਨੂੰ ਸਤਾਇਆ ਜਾਂਦਾ ਹੈ,
ਗ਼ਰੀਬ ਹਉਕੇ ਭਰਦੇ ਹਨ,+
ਇਸ ਲਈ ਮੈਂ ਕਾਰਵਾਈ ਕਰਨ ਲਈ ਉੱਠਾਂਗਾ,” ਯਹੋਵਾਹ ਕਹਿੰਦਾ ਹੈ।
“ਮੈਂ ਉਨ੍ਹਾਂ ਨੂੰ ਅਜਿਹੇ ਲੋਕਾਂ ਤੋਂ ਬਚਾਵਾਂਗਾ ਜੋ ਉਨ੍ਹਾਂ ਨੂੰ ਤੁੱਛ ਸਮਝਦੇ ਹਨ।”
6 ਯਹੋਵਾਹ ਦੀਆਂ ਗੱਲਾਂ ਸ਼ੁੱਧ ਹਨ;+
ਇਹ ਉਸ ਚਾਂਦੀ ਵਾਂਗ ਹਨ ਜਿਸ ਨੂੰ ਭੱਠੀ* ਵਿਚ ਤਾਇਆ ਗਿਆ ਹੈ
ਅਤੇ ਸੱਤ ਵਾਰ ਨਿਖਾਰ ਕੇ ਸ਼ੁੱਧ ਕੀਤਾ ਗਿਆ ਹੈ।
7 ਹੇ ਯਹੋਵਾਹ, ਤੂੰ ਉਨ੍ਹਾਂ ਦੀ ਹਿਫਾਜ਼ਤ ਕਰੇਂਗਾ;+
ਤੂੰ ਉਨ੍ਹਾਂ ਵਿੱਚੋਂ ਹਰੇਕ ਨੂੰ ਇਸ ਪੀੜ੍ਹੀ ਤੋਂ ਸਦਾ ਬਚਾ ਕੇ ਰੱਖੇਂਗਾ।
8 ਦੁਸ਼ਟ ਲੋਕ ਸ਼ਰੇਆਮ ਘੁੰਮਦੇ ਹਨ
ਕਿਉਂਕਿ ਮਨੁੱਖ ਦੇ ਪੁੱਤਰ ਬੁਰਾਈ ਦਾ ਝੰਡਾ ਲਹਿਰਾਉਂਦੇ ਹਨ।+