ਪਹਿਲਾ ਸਮੂਏਲ
15 ਫਿਰ ਸਮੂਏਲ ਨੇ ਸ਼ਾਊਲ ਨੂੰ ਕਿਹਾ: “ਯਹੋਵਾਹ ਨੇ ਮੈਨੂੰ ਭੇਜਿਆ ਸੀ ਕਿ ਮੈਂ ਤੈਨੂੰ ਉਸ ਦੀ ਪਰਜਾ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕਰਾਂ;+ ਹੁਣ ਤੂੰ ਯਹੋਵਾਹ ਦਾ ਸੰਦੇਸ਼ ਸੁਣ।+ 2 ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: ‘ਮੈਂ ਅਮਾਲੇਕੀਆਂ ਤੋਂ ਉਨ੍ਹਾਂ ਦੀ ਕੀਤੀ ਦਾ ਲੇਖਾ ਲਵਾਂਗਾ ਕਿਉਂਕਿ ਜਦ ਇਜ਼ਰਾਈਲੀ ਮਿਸਰ ਤੋਂ ਆ ਰਹੇ ਸਨ, ਤਾਂ ਅਮਾਲੇਕੀਆਂ ਨੇ ਰਾਹ ਵਿਚ ਉਨ੍ਹਾਂ ਦਾ ਵਿਰੋਧ ਕੀਤਾ ਸੀ।+ 3 ਹੁਣ ਜਾਹ ਅਤੇ ਅਮਾਲੇਕੀਆਂ ਨੂੰ ਵੱਢ ਸੁੱਟ+ ਅਤੇ ਉਨ੍ਹਾਂ ਨੂੰ ਅਤੇ ਜੋ ਕੁਝ ਉਨ੍ਹਾਂ ਦਾ ਹੈ ਉਹ ਸਭ ਨਾਸ਼ ਕਰ ਦੇ।+ ਤੂੰ ਉਨ੍ਹਾਂ ਨੂੰ ਜੀਉਂਦਾ ਨਾ ਛੱਡੀਂ;* ਤੂੰ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦੇਈਂ।+ ਚਾਹੇ ਆਦਮੀ ਹੋਵੇ ਜਾਂ ਔਰਤ, ਚਾਹੇ ਬੱਚਾ ਹੋਵੇ, ਇੱਥੋਂ ਤਕ ਕਿ ਦੁੱਧ ਚੁੰਘਦਾ ਬੱਚਾ ਵੀ, ਬਲਦ ਹੋਵੇ ਜਾਂ ਭੇਡ, ਊਠ ਹੋਵੇ ਜਾਂ ਗਧਾ, ਸਾਰਿਆਂ ਨੂੰ ਮਿਟਾ ਦੇਈਂ।’”+ 4 ਸ਼ਾਊਲ ਨੇ ਲੋਕਾਂ ਨੂੰ ਬੁਲਾਇਆ ਅਤੇ ਤਲਾਇਮ ਵਿਚ ਉਨ੍ਹਾਂ ਦੀ ਗਿਣਤੀ ਕੀਤੀ: ਉੱਥੇ 2,00,000 ਪੈਦਲ ਚੱਲਣ ਵਾਲੇ ਫ਼ੌਜੀ ਸਨ ਅਤੇ ਯਹੂਦਾਹ ਦੇ 10,000 ਆਦਮੀ ਸਨ।+
5 ਸ਼ਾਊਲ ਅੱਗੇ ਵਧਦਾ ਹੋਇਆ ਅਮਾਲੇਕ ਸ਼ਹਿਰ ਤਕ ਗਿਆ ਅਤੇ ਵਾਦੀ ਦੇ ਕੋਲ ਘਾਤ ਲਾ ਕੇ ਬੈਠ ਗਿਆ। 6 ਫਿਰ ਸ਼ਾਊਲ ਨੇ ਕੇਨੀਆਂ+ ਨੂੰ ਕਿਹਾ: “ਜਾਓ, ਅਮਾਲੇਕੀਆਂ ਦੇ ਵਿਚਕਾਰੋਂ ਨਿਕਲ ਜਾਓ ਤਾਂਕਿ ਮੈਂ ਉਨ੍ਹਾਂ ਦੇ ਨਾਲ-ਨਾਲ ਤੁਹਾਡਾ ਵੀ ਸਫ਼ਾਇਆ ਨਾ ਕਰ ਦਿਆਂ।+ ਕਿਉਂਕਿ ਤੁਸੀਂ ਇਜ਼ਰਾਈਲ ਦੇ ਸਾਰੇ ਲੋਕਾਂ ਲਈ ਉਸ ਸਮੇਂ ਅਟੱਲ ਪਿਆਰ ਦਿਖਾਇਆ ਸੀ+ ਜਦ ਉਹ ਮਿਸਰ ਤੋਂ ਆਏ ਸਨ।” ਇਸ ਲਈ ਕੇਨੀ ਅਮਾਲੇਕੀਆਂ ਦੇ ਵਿਚਕਾਰੋਂ ਨਿਕਲ ਗਏ। 7 ਉਸ ਤੋਂ ਬਾਅਦ ਸ਼ਾਊਲ ਨੇ ਹਵੀਲਾਹ+ ਤੋਂ ਲੈ ਕੇ ਮਿਸਰ ਦੇ ਨੇੜੇ ਪੈਂਦੇ ਸ਼ੂਰ+ ਤਕ ਅਮਾਲੇਕੀਆਂ+ ਨੂੰ ਮਾਰ ਸੁੱਟਿਆ। 8 ਉਸ ਨੇ ਅਮਾਲੇਕ ਦੇ ਰਾਜੇ ਅਗਾਗ+ ਨੂੰ ਜੀਉਂਦਾ ਫੜ ਲਿਆ, ਪਰ ਬਾਕੀ ਸਾਰੇ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ।+ 9 ਸ਼ਾਊਲ ਅਤੇ ਲੋਕਾਂ ਨੇ ਅਗਾਗ ਨੂੰ ਅਤੇ ਵਧੀਆ ਤੋਂ ਵਧੀਆ ਭੇਡਾਂ-ਬੱਕਰੀਆਂ, ਡੰਗਰਾਂ, ਮੋਟੇ ਜਾਨਵਰਾਂ, ਭੇਡੂਆਂ ਅਤੇ ਸਾਰੀਆਂ ਚੰਗੀਆਂ ਚੀਜ਼ਾਂ ਨੂੰ ਬਚਾਈ ਰੱਖਿਆ।*+ ਉਹ ਉਨ੍ਹਾਂ ਨੂੰ ਨਾਸ਼ ਨਹੀਂ ਸੀ ਕਰਨਾ ਚਾਹੁੰਦੇ। ਪਰ ਜਿਹੜੀਆਂ ਚੀਜ਼ਾਂ ਬੇਕਾਰ ਸਨ ਅਤੇ ਉਨ੍ਹਾਂ ਨੂੰ ਨਹੀਂ ਚਾਹੀਦੀਆਂ ਸਨ, ਉਹ ਸਾਰੀਆਂ ਉਨ੍ਹਾਂ ਨੇ ਨਾਸ਼ ਕਰ ਦਿੱਤੀਆਂ।
10 ਫਿਰ ਯਹੋਵਾਹ ਦਾ ਸੰਦੇਸ਼ ਸਮੂਏਲ ਨੂੰ ਆਇਆ: 11 “ਮੈਨੂੰ ਅਫ਼ਸੋਸ ਹੈ* ਕਿ ਮੈਂ ਸ਼ਾਊਲ ਨੂੰ ਰਾਜਾ ਬਣਾਇਆ ਕਿਉਂਕਿ ਉਸ ਨੇ ਮੇਰੇ ਪਿੱਛੇ ਚੱਲਣਾ ਛੱਡ ਦਿੱਤਾ ਹੈ ਅਤੇ ਮੈਂ ਜੋ ਉਸ ਨੂੰ ਕਰਨ ਲਈ ਕਿਹਾ ਸੀ ਉਸ ਨੇ ਨਹੀਂ ਕੀਤਾ।”+ ਸਮੂਏਲ ਬਹੁਤ ਨਿਰਾਸ਼ ਹੋਇਆ ਅਤੇ ਸਾਰੀ ਰਾਤ ਯਹੋਵਾਹ ਅੱਗੇ ਤਰਲੇ ਕਰਦਾ ਰਿਹਾ।+ 12 ਜਦ ਸਮੂਏਲ ਸ਼ਾਊਲ ਨੂੰ ਮਿਲਣ ਲਈ ਤੜਕੇ ਉੱਠਿਆ, ਤਾਂ ਸਮੂਏਲ ਨੂੰ ਦੱਸਿਆ ਗਿਆ: “ਸ਼ਾਊਲ ਕਰਮਲ+ ਨੂੰ ਗਿਆ ਸੀ ਅਤੇ ਉੱਥੇ ਉਸ ਨੇ ਆਪਣੀ ਯਾਦਗਾਰ ਦੇ ਤੌਰ ਤੇ ਇਕ ਥੰਮ੍ਹ ਖੜ੍ਹਾ ਕੀਤਾ।+ ਫਿਰ ਉਹ ਮੁੜ ਕੇ ਗਿਲਗਾਲ ਚਲਾ ਗਿਆ।” 13 ਅਖ਼ੀਰ ਜਦ ਸਮੂਏਲ ਸ਼ਾਊਲ ਕੋਲ ਆਇਆ, ਤਾਂ ਸ਼ਾਊਲ ਨੇ ਉਸ ਨੂੰ ਕਿਹਾ: “ਯਹੋਵਾਹ ਤੈਨੂੰ ਬਰਕਤ ਦੇਵੇ। ਯਹੋਵਾਹ ਨੇ ਮੈਨੂੰ ਜੋ ਕਰਨ ਲਈ ਕਿਹਾ ਸੀ, ਮੈਂ ਉਸੇ ਤਰ੍ਹਾਂ ਕੀਤਾ।” 14 ਪਰ ਸਮੂਏਲ ਨੇ ਉਸ ਨੂੰ ਪੁੱਛਿਆ: “ਤਾਂ ਫਿਰ, ਇਹ ਭੇਡਾਂ-ਬੱਕਰੀਆਂ ਦੀ ਮੈਂ-ਮੈਂ ਅਤੇ ਡੰਗਰਾਂ ਦੇ ਅੜਿੰਗਣ ਦੀ ਆਵਾਜ਼ ਜੋ ਮੈਂ ਸੁਣ ਰਿਹਾ ਹਾਂ, ਉਹ ਕਿੱਥੋਂ ਆ ਰਹੀ ਹੈ?”+ 15 ਇਹ ਸੁਣ ਕੇ ਸ਼ਾਊਲ ਨੇ ਜਵਾਬ ਦਿੱਤਾ: “ਇਹ ਅਮਾਲੇਕੀਆਂ ਤੋਂ ਲਿਆਂਦੇ ਸਨ ਕਿਉਂਕਿ ਲੋਕਾਂ ਨੇ ਵਧੀਆ ਤੋਂ ਵਧੀਆ ਭੇਡਾਂ-ਬੱਕਰੀਆਂ ਅਤੇ ਡੰਗਰਾਂ ਨੂੰ ਬਚਾਈ ਰੱਖਿਆ* ਤਾਂਕਿ ਤੇਰੇ ਪਰਮੇਸ਼ੁਰ ਯਹੋਵਾਹ ਅੱਗੇ ਉਨ੍ਹਾਂ ਦੀ ਬਲ਼ੀ ਚੜ੍ਹਾਈ ਜਾ ਸਕੇ; ਪਰ ਜੋ ਬਾਕੀ ਰਹਿ ਗਿਆ, ਉਸ ਨੂੰ ਅਸੀਂ ਨਾਸ਼ ਕਰ ਦਿੱਤਾ।” 16 ਇਹ ਸੁਣ ਕੇ ਸਮੂਏਲ ਨੇ ਸ਼ਾਊਲ ਨੂੰ ਕਿਹਾ: “ਬੱਸ! ਹੁਣ ਤੂੰ ਸੁਣ ਕਿ ਯਹੋਵਾਹ ਨੇ ਕੱਲ੍ਹ ਰਾਤ ਮੈਨੂੰ ਕੀ ਦੱਸਿਆ।”+ ਸ਼ਾਊਲ ਨੇ ਉਸ ਨੂੰ ਕਿਹਾ: “ਹਾਂ, ਦੱਸ!”
17 ਸਮੂਏਲ ਨੇ ਅੱਗੇ ਕਿਹਾ: “ਜਦ ਤੈਨੂੰ ਇਜ਼ਰਾਈਲ ਦੇ ਗੋਤਾਂ ਦਾ ਮੁਖੀ ਬਣਾਇਆ ਗਿਆ ਸੀ ਅਤੇ ਯਹੋਵਾਹ ਨੇ ਤੈਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ ਕੀਤਾ ਸੀ,+ ਉਸ ਵੇਲੇ ਕੀ ਤੂੰ ਆਪਣੇ ਆਪ ਨੂੰ ਮਾਮੂਲੀ ਜਿਹਾ ਨਹੀਂ ਸਮਝਦਾ ਸੀ?+ 18 ਬਾਅਦ ਵਿਚ ਯਹੋਵਾਹ ਨੇ ਤੈਨੂੰ ਇਕ ਖ਼ਾਸ ਕੰਮ ਸੌਂਪਿਆ ਅਤੇ ਕਿਹਾ, ‘ਜਾਹ, ਅਤੇ ਪਾਪੀ ਅਮਾਲੇਕੀਆਂ ਨੂੰ ਮਾਰ ਮੁਕਾ।+ ਤੂੰ ਉਨ੍ਹਾਂ ਨਾਲ ਤਦ ਤਕ ਲੜਦਾ ਰਹੀਂ ਜਦ ਤਕ ਤੂੰ ਉਨ੍ਹਾਂ ਨੂੰ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਦਿੰਦਾ।’+ 19 ਤਾਂ ਫਿਰ, ਤੂੰ ਯਹੋਵਾਹ ਦੀ ਆਵਾਜ਼ ਕਿਉਂ ਨਹੀਂ ਸੁਣੀ? ਇਸ ਦੀ ਬਜਾਇ, ਤੂੰ ਲੁੱਟ ਦੇ ਮਾਲ ਉੱਤੇ ਟੁੱਟ ਪਿਆ+ ਅਤੇ ਉਹ ਕੰਮ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ!”
20 ਪਰ ਸ਼ਾਊਲ ਨੇ ਸਮੂਏਲ ਨੂੰ ਕਿਹਾ: “ਮੈਂ ਯਹੋਵਾਹ ਦੀ ਆਵਾਜ਼ ਸੁਣੀ ਤਾਂ ਹੈ! ਮੈਂ ਉਹ ਕੰਮ ਕਰਨ ਗਿਆ ਜੋ ਯਹੋਵਾਹ ਨੇ ਮੈਨੂੰ ਕਰਨ ਲਈ ਭੇਜਿਆ ਸੀ ਅਤੇ ਮੈਂ ਅਮਾਲੇਕ ਦੇ ਰਾਜੇ ਅਗਾਗ ਨੂੰ ਫੜ ਕੇ ਲਿਆਇਆ ਹਾਂ ਤੇ ਮੈਂ ਅਮਾਲੇਕੀਆਂ ਨੂੰ ਨਾਸ਼ ਕੀਤਾ।+ 21 ਪਰ ਲੋਕਾਂ ਨੇ ਨਾਸ਼ ਕੀਤੇ ਜਾਣ ਵਾਲੇ ਲੁੱਟ ਦੇ ਮਾਲ ਵਿੱਚੋਂ ਵਧੀਆ ਤੋਂ ਵਧੀਆ ਭੇਡਾਂ ਅਤੇ ਡੰਗਰਾਂ ਨੂੰ ਬਚਾ ਕੇ ਰੱਖ ਲਿਆ ਤਾਂਕਿ ਤੇਰੇ ਪਰਮੇਸ਼ੁਰ ਯਹੋਵਾਹ ਅੱਗੇ ਗਿਲਗਾਲ ਵਿਚ ਉਨ੍ਹਾਂ ਦੀ ਬਲ਼ੀ ਚੜ੍ਹਾਈ ਜਾ ਸਕੇ।”+
22 ਫਿਰ ਸਮੂਏਲ ਨੇ ਕਿਹਾ: “ਕੀ ਯਹੋਵਾਹ ਹੋਮ-ਬਲ਼ੀਆਂ ਅਤੇ ਬਲੀਦਾਨਾਂ ਤੋਂ ਜ਼ਿਆਦਾ ਖ਼ੁਸ਼ ਹੁੰਦਾ ਹੈ+ ਜਾਂ ਇਸ ਗੱਲੋਂ ਕਿ ਯਹੋਵਾਹ ਦੀ ਆਵਾਜ਼ ਸੁਣੀ ਜਾਵੇ? ਦੇਖ! ਕਹਿਣਾ ਮੰਨਣਾ ਬਲ਼ੀ ਚੜ੍ਹਾਉਣ ਨਾਲੋਂ ਅਤੇ ਧਿਆਨ ਨਾਲ ਸੁਣਨਾ ਭੇਡੂਆਂ ਦੀ ਚਰਬੀ+ ਨਾਲੋਂ ਜ਼ਿਆਦਾ ਚੰਗਾ ਹੈ;+ 23 ਕਿਉਂਕਿ ਬਗਾਵਤ ਕਰਨੀ+ ਉੱਨਾ ਹੀ ਵੱਡਾ ਪਾਪ ਹੈ ਜਿੰਨਾ ਫਾਲ* ਪਾਉਣਾ,+ ਨਾਲੇ ਗੁਸਤਾਖ਼ੀ ਕਰਨੀ ਜਾਦੂ-ਟੂਣਾ ਕਰਨ ਅਤੇ ਮੂਰਤੀ-ਪੂਜਾ* ਕਰਨ ਦੇ ਬਰਾਬਰ ਹੈ। ਤੂੰ ਯਹੋਵਾਹ ਦਾ ਬਚਨ ਠੁਕਰਾਇਆ ਹੈ,+ ਇਸੇ ਲਈ ਉਸ ਨੇ ਤੈਨੂੰ ਰਾਜੇ ਦੇ ਤੌਰ ਤੇ ਠੁਕਰਾ ਦਿੱਤਾ ਹੈ।”+
24 ਫਿਰ ਸ਼ਾਊਲ ਨੇ ਸਮੂਏਲ ਨੂੰ ਕਿਹਾ: “ਮੈਂ ਪਾਪ ਕੀਤਾ ਹੈ ਕਿਉਂਕਿ ਮੈਂ ਯਹੋਵਾਹ ਦੇ ਹੁਕਮ ਦੀ ਅਤੇ ਤੇਰੀਆਂ ਗੱਲਾਂ ਦੀ ਉਲੰਘਣਾ ਕੀਤੀ। ਮੈਂ ਲੋਕਾਂ ਤੋਂ ਡਰ ਗਿਆ ਅਤੇ ਉਨ੍ਹਾਂ ਦੀ ਗੱਲ ਮੰਨ ਲਈ। 25 ਹੁਣ ਕਿਰਪਾ ਕਰ ਕੇ ਮੇਰਾ ਪਾਪ ਮਾਫ਼ ਕਰ ਦੇ ਅਤੇ ਮੇਰੇ ਨਾਲ ਮੁੜ ਚੱਲ ਤਾਂਕਿ ਮੈਂ ਯਹੋਵਾਹ ਅੱਗੇ ਮੱਥਾ ਟੇਕਾਂ।”+ 26 ਪਰ ਸਮੂਏਲ ਨੇ ਸ਼ਾਊਲ ਨੂੰ ਕਿਹਾ: “ਮੈਂ ਤੇਰੇ ਨਾਲ ਨਹੀਂ ਮੁੜਾਂਗਾ ਕਿਉਂਕਿ ਤੂੰ ਯਹੋਵਾਹ ਦਾ ਬਚਨ ਠੁਕਰਾਇਆ ਹੈ ਅਤੇ ਯਹੋਵਾਹ ਨੇ ਤੈਨੂੰ ਠੁਕਰਾ ਦਿੱਤਾ ਹੈ। ਤੂੰ ਹੁਣ ਤੋਂ ਇਜ਼ਰਾਈਲ ਦਾ ਰਾਜਾ ਨਹੀਂ ਰਹੇਂਗਾ।”+ 27 ਜਿਉਂ ਹੀ ਸਮੂਏਲ ਉੱਥੋਂ ਜਾਣ ਲਈ ਮੁੜਿਆ, ਤਾਂ ਸ਼ਾਊਲ ਨੇ ਉਸ ਦੇ ਬਿਨਾਂ ਬਾਹਾਂ ਵਾਲੇ ਚੋਗੇ ਦਾ ਸਿਰਾ ਫੜ ਲਿਆ, ਪਰ ਚੋਗਾ ਪਾਟ ਗਿਆ। 28 ਇਹ ਦੇਖ ਕੇ ਸਮੂਏਲ ਨੇ ਉਸ ਨੂੰ ਕਿਹਾ: “ਅੱਜ ਯਹੋਵਾਹ ਨੇ ਤੇਰੇ ਤੋਂ ਇਜ਼ਰਾਈਲ ਦਾ ਸ਼ਾਹੀ ਰਾਜ ਪਾੜ ਕੇ ਅਲੱਗ ਕਰ ਦਿੱਤਾ ਹੈ ਅਤੇ ਉਹ ਇਹ ਰਾਜ ਕਿਸੇ ਹੋਰ ਨੂੰ ਦੇ ਦੇਵੇਗਾ ਜੋ ਤੇਰੇ ਨਾਲੋਂ ਚੰਗਾ ਹੈ।+ 29 ਨਾਲੇ ਇਜ਼ਰਾਈਲ ਦਾ ਅੱਤ ਮਹਾਨ ਪਰਮੇਸ਼ੁਰ+ ਝੂਠਾ ਸਾਬਤ ਨਹੀਂ ਹੋਵੇਗਾ+ ਜਾਂ ਆਪਣਾ ਮਨ ਨਹੀਂ ਬਦਲੇਗਾ* ਕਿਉਂਕਿ ਉਹ ਕੋਈ ਇਨਸਾਨ ਨਹੀਂ ਕਿ ਆਪਣਾ ਮਨ ਬਦਲ ਲਵੇ।”*+
30 ਇਹ ਸੁਣ ਕੇ ਉਸ ਨੇ ਕਿਹਾ: “ਮੈਂ ਪਾਪ ਕੀਤਾ ਹੈ। ਪਰ ਕਿਰਪਾ ਕਰ ਕੇ ਮੇਰੀ ਪਰਜਾ ਦੇ ਬਜ਼ੁਰਗਾਂ ਸਾਮ੍ਹਣੇ ਅਤੇ ਇਜ਼ਰਾਈਲ ਦੇ ਸਾਮ੍ਹਣੇ ਮੇਰਾ ਮਾਣ ਰੱਖ ਲੈ। ਮੇਰੇ ਨਾਲ ਮੁੜ ਚੱਲ ਅਤੇ ਮੈਂ ਤੇਰੇ ਪਰਮੇਸ਼ੁਰ ਯਹੋਵਾਹ ਅੱਗੇ ਮੱਥਾ ਟੇਕਾਂਗਾ।”+ 31 ਇਸ ਲਈ ਸਮੂਏਲ ਸ਼ਾਊਲ ਦੇ ਨਾਲ ਮੁੜ ਗਿਆ ਅਤੇ ਸ਼ਾਊਲ ਨੇ ਯਹੋਵਾਹ ਅੱਗੇ ਮੱਥਾ ਟੇਕਿਆ। 32 ਸਮੂਏਲ ਨੇ ਕਿਹਾ: “ਅਮਾਲੇਕ ਦੇ ਰਾਜੇ ਅਗਾਗ ਨੂੰ ਮੇਰੇ ਕੋਲ ਲੈ ਕੇ ਆਓ।” ਫਿਰ ਅਗਾਗ ਝਿਜਕਦਾ ਹੋਇਆ* ਉਸ ਕੋਲ ਗਿਆ, ਪਰ ਫਿਰ ਅਗਾਗ ਨੇ ਸੋਚਿਆ: ‘ਹੁਣ ਤਕ ਤਾਂ ਮੌਤ ਦਾ ਖ਼ਤਰਾ* ਟਲ ਚੁੱਕਾ ਹੈ।’ 33 ਪਰ ਸਮੂਏਲ ਨੇ ਕਿਹਾ: “ਜਿਵੇਂ ਤੇਰੀ ਤਲਵਾਰ ਨੇ ਬੱਚਿਆਂ ਨੂੰ ਮਾਰ ਕੇ ਔਰਤਾਂ ਨੂੰ ਬੇਔਲਾਦ ਕੀਤਾ ਹੈ, ਉਸੇ ਤਰ੍ਹਾਂ ਤੇਰੀ ਮਾਂ ਵੀ ਬੇਔਲਾਦ ਹੋਵੇਗੀ।” ਇਹ ਕਹਿ ਕੇ ਸਮੂਏਲ ਨੇ ਗਿਲਗਾਲ ਵਿਚ ਯਹੋਵਾਹ ਅੱਗੇ ਅਗਾਗ ਦੇ ਟੁਕੜੇ-ਟੁਕੜੇ ਕਰ ਦਿੱਤੇ।+
34 ਫਿਰ ਸਮੂਏਲ ਰਾਮਾਹ ਚਲਾ ਗਿਆ ਅਤੇ ਸ਼ਾਊਲ ਗਿਬਆਹ ਵਿਚ ਆਪਣੇ ਘਰ ਚਲਾ ਗਿਆ। 35 ਸਮੂਏਲ ਨੇ ਮਰਦੇ ਦਮ ਤਕ ਸ਼ਾਊਲ ਦਾ ਮੂੰਹ ਨਹੀਂ ਦੇਖਿਆ ਕਿਉਂਕਿ ਉਹ ਸ਼ਾਊਲ ਕਰਕੇ ਸੋਗ ਵਿਚ ਡੁੱਬ ਗਿਆ ਸੀ।+ ਅਤੇ ਯਹੋਵਾਹ ਨੂੰ ਅਫ਼ਸੋਸ ਹੋਇਆ ਕਿ ਉਸ ਨੇ ਸ਼ਾਊਲ ਨੂੰ ਇਜ਼ਰਾਈਲ ਦਾ ਰਾਜਾ ਬਣਾਇਆ ਸੀ।+