ਰੂਥ
4 ਫਿਰ ਬੋਅਜ਼ ਸ਼ਹਿਰ ਦੇ ਦਰਵਾਜ਼ੇ+ ʼਤੇ ਗਿਆ ਅਤੇ ਉੱਥੇ ਬੈਠ ਗਿਆ। ਅਤੇ ਦੇਖੋ! ਉਹ ਰਿਸ਼ਤੇਦਾਰ* ਉੱਧਰੋਂ ਦੀ ਲੰਘ ਰਿਹਾ ਸੀ ਜਿਸ ਬਾਰੇ ਬੋਅਜ਼ ਨੇ ਰੂਥ ਨੂੰ ਦੱਸਿਆ ਸੀ।+ ਉਸ ਆਦਮੀ* ਨੂੰ ਬੋਅਜ਼ ਨੇ ਕਿਹਾ: “ਇੱਥੇ ਆ ਕੇ ਬੈਠ ਜਾ।” ਅਤੇ ਉਹ ਆਦਮੀ ਬੈਠ ਗਿਆ। 2 ਫਿਰ ਬੋਅਜ਼ ਨੇ ਸ਼ਹਿਰ ਦੇ ਦਸ ਬਜ਼ੁਰਗਾਂ+ ਨੂੰ ਸੱਦਿਆ ਅਤੇ ਕਿਹਾ: “ਇੱਥੇ ਬੈਠ ਜਾਓ।” ਉਹ ਸਾਰੇ ਉੱਥੇ ਬੈਠ ਗਏ।
3 ਬੋਅਜ਼ ਨੇ ਉਸ ਰਿਸ਼ਤੇਦਾਰ+ ਨੂੰ ਕਿਹਾ: “ਨਾਓਮੀ ਮੋਆਬ ਦੇਸ਼ ਤੋਂ ਮੁੜ ਆਈ ਹੈ+ ਅਤੇ ਉਸ ਨੂੰ ਮਜਬੂਰ ਹੋ ਕੇ ਜ਼ਮੀਨ ਵੇਚਣੀ ਪੈ ਰਹੀ ਹੈ ਜੋ ਸਾਡੇ ਭਰਾ ਅਲੀਮਲਕ+ ਦੀ ਹੈ। 4 ਇਸ ਲਈ ਮੈਂ ਸੋਚਿਆ ਕਿ ਮੈਂ ਇਸ ਬਾਰੇ ਤੇਰੇ ਨਾਲ ਗੱਲ ਕਰ ਲਵਾਂ, ‘ਤੂੰ ਸ਼ਹਿਰ ਦੇ ਲੋਕਾਂ ਅਤੇ ਬਜ਼ੁਰਗਾਂ ਦੇ ਸਾਮ੍ਹਣੇ ਇਸ ਨੂੰ ਛੁਡਾ ਲੈ।+ ਜੇ ਤੂੰ ਜ਼ਮੀਨ ਛੁਡਾਉਣੀ ਚਾਹੁੰਦਾ ਹੈਂ, ਤਾਂ ਛੁਡਾ ਲੈ। ਜੇ ਤੂੰ ਨਹੀਂ ਚਾਹੁੰਦਾਂ, ਤਾਂ ਮੈਨੂੰ ਦੱਸ। ਇਸ ਨੂੰ ਛੁਡਾਉਣ ਦਾ ਹੱਕ ਪਹਿਲਾਂ ਤੇਰਾ ਹੈ ਅਤੇ ਬਾਅਦ ਵਿਚ ਮੇਰਾ।’” ਉਸ ਨੇ ਕਿਹਾ: “ਮੈਂ ਛੁਡਾਉਣੀ ਚਾਹੁੰਦਾ ਹਾਂ।”+ 5 ਫਿਰ ਬੋਅਜ਼ ਨੇ ਕਿਹਾ: “ਯਾਦ ਰੱਖ ਕਿ ਇਹ ਜ਼ਮੀਨ ਸਿਰਫ਼ ਨਾਓਮੀ ਦੀ ਹੀ ਨਹੀਂ, ਸਗੋਂ ਉਸ ਦੇ ਮਰ ਚੁੱਕੇ ਪੁੱਤਰ ਦੀ ਵਿਧਵਾ ਮੋਆਬਣ ਰੂਥ ਦੀ ਵੀ ਹੈ। ਇਸ ਲਈ ਤੈਨੂੰ ਉਨ੍ਹਾਂ ਦੋਹਾਂ ਤੋਂ ਜ਼ਮੀਨ ਛੁਡਾਉਣੀ ਪਵੇਗੀ। ਇਸ ਤਰ੍ਹਾਂ ਮਰ ਚੁੱਕੇ ਆਦਮੀ ਦੀ ਵਿਰਾਸਤ ਉਸੇ ਦੇ ਨਾਂ ਹੀ ਰਹੇਗੀ।”+ 6 ਇਹ ਸੁਣ ਕੇ ਉਸ ਰਿਸ਼ਤੇਦਾਰ ਨੇ ਕਿਹਾ: “ਮੈਂ ਇਸ ਨੂੰ ਛੁਡਾ ਨਹੀਂ ਸਕਦਾ, ਕਿਤੇ ਮੇਰਾ ਆਪਣਾ ਹੀ ਨੁਕਸਾਨ ਨਾ ਹੋ ਜਾਵੇ। ਤੂੰ ਇਸ ਨੂੰ ਛੁਡਾ ਲੈ। ਮੈਂ ਆਪਣਾ ਹੱਕ ਛੱਡ ਦਿੰਦਾ ਹਾਂ ਕਿਉਂਕਿ ਮੈਂ ਇਹ ਜ਼ਮੀਨ ਛੁਡਾ ਨਹੀਂ ਸਕਦਾ।”
7 ਉਨ੍ਹਾਂ ਪੁਰਾਣੇ ਸਮਿਆਂ ਵਿਚ ਇਜ਼ਰਾਈਲ ਵਿਚ ਛੁਡਾਉਣ ਦੇ ਹੱਕ ਅਤੇ ਜਾਇਦਾਦ ਕਿਸੇ ਹੋਰ ਦੇ ਨਾਂ ਕਰਨ ਲਈ ਇਹ ਰਿਵਾਜ ਹੁੰਦਾ ਸੀ: ਇਕ ਆਦਮੀ ਨੂੰ ਆਪਣੀ ਜੁੱਤੀ ਲਾਹ ਕੇ+ ਦੂਜੀ ਧਿਰ ਨੂੰ ਦੇਣੀ ਪੈਂਦੀ ਸੀ ਅਤੇ ਇਸ ਤਰ੍ਹਾਂ ਇਜ਼ਰਾਈਲ ਵਿਚ ਕਿਸੇ ਇਕਰਾਰ ਨੂੰ ਪੱਕਾ ਕੀਤਾ ਜਾਂਦਾ ਸੀ। 8 ਇਸ ਲਈ ਜਦੋਂ ਉਸ ਰਿਸ਼ਤੇਦਾਰ ਨੇ ਬੋਅਜ਼ ਨੂੰ ਕਿਹਾ, “ਤੂੰ ਛੁਡਾ ਲੈ,” ਤਾਂ ਉਸ ਨੇ ਆਪਣੀ ਜੁੱਤੀ ਲਾਹ ਦਿੱਤੀ। 9 ਫਿਰ ਬੋਅਜ਼ ਨੇ ਬਜ਼ੁਰਗਾਂ ਅਤੇ ਸਾਰੇ ਲੋਕਾਂ ਨੂੰ ਕਿਹਾ: “ਅੱਜ ਤੁਸੀਂ ਇਸ ਗੱਲ ਦੇ ਗਵਾਹ ਹੋ+ ਕਿ ਮੈਂ ਨਾਓਮੀ ਤੋਂ ਉਹ ਸਭ ਕੁਝ ਖ਼ਰੀਦ ਰਿਹਾ ਹਾਂ ਜੋ ਅਲੀਮਲਕ, ਕਿਲਓਨ ਅਤੇ ਮਹਿਲੋਨ ਦਾ ਸੀ। 10 ਮੈਂ ਮਹਿਲੋਨ ਦੀ ਵਿਧਵਾ ਮੋਆਬਣ ਰੂਥ ਨੂੰ ਆਪਣੀ ਪਤਨੀ ਬਣਾ ਰਿਹਾ ਹਾਂ ਤਾਂਕਿ ਉਸ ਮਰ ਚੁੱਕੇ ਆਦਮੀ ਦੀ ਵਿਰਾਸਤ ਉਸ ਦੇ ਨਾਂ ਹੀ ਰਹੇ+ ਅਤੇ ਉਸ ਦੇ ਭਰਾਵਾਂ ਅਤੇ ਸ਼ਹਿਰ ਦੇ ਲੋਕਾਂ ਵਿੱਚੋਂ ਉਸ ਦਾ ਨਾਂ ਮਿਟ ਨਾ ਜਾਵੇ। ਤੁਸੀਂ ਅੱਜ ਇਸ ਗੱਲ ਦੇ ਗਵਾਹ ਹੋ।”+
11 ਇਹ ਸੁਣ ਕੇ ਸ਼ਹਿਰ ਦੇ ਦਰਵਾਜ਼ੇ ਕੋਲ ਮੌਜੂਦ ਸਾਰੇ ਲੋਕਾਂ ਅਤੇ ਬਜ਼ੁਰਗਾਂ ਨੇ ਕਿਹਾ: “ਹਾਂ ਅਸੀਂ ਗਵਾਹ ਹਾਂ! ਯਹੋਵਾਹ ਤੇਰੀ ਪਤਨੀ ਨੂੰ ਬਰਕਤ ਦੇਵੇ ਜੋ ਤੇਰੇ ਘਰ ਆਏਗੀ ਅਤੇ ਉਹ ਰਾਕੇਲ ਅਤੇ ਲੇਆਹ ਵਰਗੀ ਹੋਵੇ ਜਿਨ੍ਹਾਂ ਤੋਂ ਇਜ਼ਰਾਈਲ ਕੌਮ ਪੈਦਾ ਹੋਈ।+ ਤੂੰ ਅਫਰਾਥਾਹ+ ਵਿਚ ਖ਼ੁਸ਼ਹਾਲ ਹੋਵੇਂ ਅਤੇ ਬੈਤਲਹਮ+ ਵਿਚ ਤੇਰੀ ਨੇਕਨਾਮੀ ਹੋਵੇ।* 12 ਯਹੋਵਾਹ ਦੀ ਮਿਹਰ ਨਾਲ ਇਸ ਔਰਤ ਦੀ ਕੁੱਖੋਂ ਜੋ ਬੱਚਾ ਪੈਦਾ ਹੋਵੇਗਾ,+ ਉਸ ਰਾਹੀਂ ਤੇਰਾ ਪਰਿਵਾਰ ਤਾਮਾਰ ਅਤੇ ਯਹੂਦਾਹ ਦੇ ਮੁੰਡੇ ਪਰਸ ਦੇ ਪਰਿਵਾਰ ਵਰਗਾ ਬਣੇ।”+
13 ਫਿਰ ਬੋਅਜ਼ ਨੇ ਰੂਥ ਨੂੰ ਆਪਣੀ ਪਤਨੀ ਬਣਾ ਲਿਆ। ਉਸ ਨੇ ਉਸ ਨਾਲ ਸੰਬੰਧ ਕਾਇਮ ਕੀਤੇ ਅਤੇ ਯਹੋਵਾਹ ਦੀ ਮਿਹਰ ਨਾਲ ਉਹ ਗਰਭਵਤੀ ਹੋਈ ਅਤੇ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ। 14 ਫਿਰ ਔਰਤਾਂ ਨੇ ਨਾਓਮੀ ਨੂੰ ਕਿਹਾ: “ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਅੱਜ ਤੈਨੂੰ ਇਕ ਛੁਡਾਉਣ ਵਾਲਾ ਦਿੱਤਾ ਹੈ। ਪੂਰੇ ਇਜ਼ਰਾਈਲ ਵਿਚ ਇਸ ਬੱਚੇ ਦਾ ਨਾਂ ਹੋਵੇ। 15 ਇਸ* ਨੇ ਤੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਅਤੇ ਇਹ ਤੇਰੇ ਬੁਢਾਪੇ ਦਾ ਸਹਾਰਾ ਬਣੇਗਾ ਕਿਉਂਕਿ ਇਹ ਤੇਰੀ ਨੂੰਹ ਦੀ ਕੁੱਖੋਂ ਪੈਦਾ ਹੋਇਆ ਹੈ ਜੋ ਤੈਨੂੰ ਪਿਆਰ ਕਰਦੀ ਹੈ+ ਅਤੇ ਤੇਰੇ ਲਈ ਸੱਤਾਂ ਪੁੱਤਰਾਂ ਤੋਂ ਵੀ ਕਿਤੇ ਵਧ ਕੇ ਹੈ।” 16 ਨਾਓਮੀ ਨੇ ਬੱਚੇ ਨੂੰ ਬਾਹਾਂ ਵਿਚ ਲਿਆ ਅਤੇ ਉਸ ਦੀ ਪਰਵਰਿਸ਼ ਕਰਨ ਦੀ ਜ਼ਿੰਮੇਵਾਰੀ ਲਈ। 17 ਫਿਰ ਗੁਆਂਢਣਾਂ ਨੇ ਬੱਚੇ ਦਾ ਨਾਂ ਰੱਖਿਆ। ਉਨ੍ਹਾਂ ਨੇ ਕਿਹਾ: “ਨਾਓਮੀ ਦੇ ਮੁੰਡਾ ਹੋਇਆ ਹੈ” ਅਤੇ ਉਨ੍ਹਾਂ ਨੇ ਉਸ ਦਾ ਨਾਂ ਓਬੇਦ ਰੱਖਿਆ।+ ਓਬੇਦ ਦਾ ਪੁੱਤਰ ਯੱਸੀ+ ਸੀ ਅਤੇ ਯੱਸੀ ਦਾ ਪੁੱਤਰ ਦਾਊਦ ਸੀ।
18 ਇਹ ਪਰਸ ਦੀ ਵੰਸ਼ਾਵਲੀ ਹੈ:+ ਪਰਸ ਤੋਂ ਹਸਰੋਨ ਪੈਦਾ ਹੋਇਆ;+ 19 ਹਸਰੋਨ ਤੋਂ ਰਾਮ ਪੈਦਾ ਹੋਇਆ; ਰਾਮ ਤੋਂ ਅਮੀਨਾਦਾਬ ਪੈਦਾ ਹੋਇਆ;+ 20 ਅਮੀਨਾਦਾਬ+ ਤੋਂ ਨਹਸ਼ੋਨ ਪੈਦਾ ਹੋਇਆ; ਨਹਸ਼ੋਨ ਤੋਂ ਸਲਮੋਨ ਪੈਦਾ ਹੋਇਆ; 21 ਸਲਮੋਨ ਤੋਂ ਬੋਅਜ਼ ਪੈਦਾ ਹੋਇਆ; ਬੋਅਜ਼ ਤੋਂ ਓਬੇਦ ਪੈਦਾ ਹੋਇਆ; 22 ਓਬੇਦ ਤੋਂ ਯੱਸੀ ਪੈਦਾ ਹੋਇਆ+ ਅਤੇ ਯੱਸੀ ਤੋਂ ਦਾਊਦ ਪੈਦਾ ਹੋਇਆ।+