ਦੂਜਾ ਸਮੂਏਲ
24 ਇਕ ਵਾਰ ਫਿਰ ਯਹੋਵਾਹ ਦਾ ਗੁੱਸਾ ਇਜ਼ਰਾਈਲ ਉੱਤੇ ਭੜਕ ਉੱਠਿਆ+ ਜਦੋਂ ਕਿਸੇ ਨੇ ਦਾਊਦ ਨੂੰ ਉਨ੍ਹਾਂ ਖ਼ਿਲਾਫ਼ ਉਕਸਾ ਕੇ ਕਿਹਾ: “ਜਾਹ, ਇਜ਼ਰਾਈਲ ਅਤੇ ਯਹੂਦਾਹ ਦੀ ਗਿਣਤੀ ਕਰ।”+ 2 ਇਸ ਲਈ ਰਾਜੇ ਨੇ ਫ਼ੌਜ ਦੇ ਸੈਨਾਪਤੀ ਯੋਆਬ+ ਨੂੰ, ਜੋ ਉਸ ਦੇ ਨਾਲ ਸੀ, ਕਿਹਾ: “ਦਾਨ ਤੋਂ ਲੈ ਕੇ ਬਏਰ-ਸ਼ਬਾ+ ਤਕ ਇਜ਼ਰਾਈਲ ਦੇ ਸਾਰੇ ਗੋਤਾਂ ਵਿਚ ਜਾਹ ਅਤੇ ਲੋਕਾਂ ਦੇ ਨਾਂ ਦਰਜ ਕਰ ਤਾਂਕਿ ਮੈਨੂੰ ਲੋਕਾਂ ਦੀ ਗਿਣਤੀ ਪਤਾ ਲੱਗੇ।” 3 ਇਹ ਸੁਣ ਕੇ ਯੋਆਬ ਨੇ ਰਾਜੇ ਨੂੰ ਕਿਹਾ: “ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਤੇਰਾ ਪਰਮੇਸ਼ੁਰ ਯਹੋਵਾਹ ਲੋਕਾਂ ਦੀ ਗਿਣਤੀ 100 ਗੁਣਾ ਵਧਾਵੇ ਅਤੇ ਤੂੰ ਆਪਣੀ ਅੱਖੀਂ ਇਹ ਹੁੰਦਾ ਦੇਖੇ। ਪਰ ਮੇਰਾ ਮਹਾਰਾਜ ਇਹ ਕੰਮ ਕਿਉਂ ਕਰਨਾ ਚਾਹੁੰਦਾ ਹੈ?”
4 ਪਰ ਯੋਆਬ ਅਤੇ ਫ਼ੌਜ ਦੇ ਮੁਖੀਆਂ ਨੂੰ ਰਾਜੇ ਦੀ ਗੱਲ ਅੱਗੇ ਝੁਕਣਾ ਪਿਆ। ਇਸ ਲਈ ਯੋਆਬ ਅਤੇ ਫ਼ੌਜ ਦੇ ਮੁਖੀ ਇਜ਼ਰਾਈਲ ਦੇ ਲੋਕਾਂ ਦੇ ਨਾਂ ਦਰਜ ਕਰਨ ਲਈ ਰਾਜੇ ਅੱਗਿਓਂ ਚਲੇ ਗਏ।+ 5 ਉਨ੍ਹਾਂ ਨੇ ਯਰਦਨ ਪਾਰ ਕਰ ਕੇ ਅਰੋਏਰ+ ਵਿਚ ਡੇਰਾ ਲਾਇਆ ਜੋ ਵਾਦੀ ਦੇ ਵਿਚਕਾਰ ਸ਼ਹਿਰ ਦੇ ਸੱਜੇ ਪਾਸੇ* ਸੀ। ਫਿਰ ਉਹ ਗਾਦੀਆਂ ਦੇ ਇਲਾਕੇ ਵੱਲ ਅਤੇ ਉਸ ਤੋਂ ਬਾਅਦ ਯਾਜ਼ੇਰ+ ਚਲੇ ਗਏ। 6 ਇਸ ਤੋਂ ਬਾਅਦ ਉਹ ਗਿਲਆਦ+ ਅਤੇ ਤਹਤੀਮ-ਹਾਦਸ਼ੀ ਦੇ ਇਲਾਕੇ ਵਿਚ ਗਏ ਅਤੇ ਫਿਰ ਦਾਨ-ਯਾਨ ਤੋਂ ਹੁੰਦੇ ਹੋਏ ਸੀਦੋਨ+ ਨੂੰ ਗਏ। 7 ਬਾਅਦ ਵਿਚ ਉਹ ਸੋਰ ਦੇ ਕਿਲੇ+ ਨੂੰ ਗਏ ਅਤੇ ਫਿਰ ਹਿੱਵੀਆਂ+ ਅਤੇ ਕਨਾਨੀਆਂ ਦੇ ਸਾਰੇ ਸ਼ਹਿਰਾਂ ਨੂੰ ਗਏ ਅਤੇ ਅਖ਼ੀਰ ਉਹ ਬਏਰ-ਸ਼ਬਾ+ ਪਹੁੰਚੇ ਜੋ ਯਹੂਦਾਹ ਦੇ ਨੇਗੇਬ+ ਵਿਚ ਸੀ। 8 ਇਸ ਤਰ੍ਹਾਂ ਉਹ ਸਾਰੇ ਦੇਸ਼ ਵਿਚ ਗਏ ਅਤੇ ਨੌਂ ਮਹੀਨਿਆਂ ਤੇ 20 ਦਿਨਾਂ ਬਾਅਦ ਯਰੂਸ਼ਲਮ ਮੁੜ ਆਏ। 9 ਫਿਰ ਯੋਆਬ ਨੇ ਰਾਜੇ ਨੂੰ ਉਨ੍ਹਾਂ ਲੋਕਾਂ ਦੀ ਗਿਣਤੀ ਦੱਸੀ ਜਿਨ੍ਹਾਂ ਦੇ ਨਾਂ ਦਰਜ ਕੀਤੇ ਗਏ ਸਨ। ਤਲਵਾਰਾਂ ਨਾਲ ਲੈਸ ਇਜ਼ਰਾਈਲੀ ਯੋਧਿਆਂ ਦੀ ਗਿਣਤੀ 8,00,000 ਸੀ ਅਤੇ ਯਹੂਦਾਹ ਦੇ ਆਦਮੀਆਂ ਦੀ 5,00,000 ਸੀ।+
10 ਪਰ ਜਦ ਦਾਊਦ ਨੇ ਲੋਕਾਂ ਦੀ ਗਿਣਤੀ ਕਰ ਲਈ, ਤਾਂ ਉਸ ਦੀ ਜ਼ਮੀਰ* ਉਸ ਨੂੰ ਲਾਹਨਤਾਂ ਪਾਉਣ ਲੱਗੀ।+ ਫਿਰ ਦਾਊਦ ਨੇ ਯਹੋਵਾਹ ਨੂੰ ਕਿਹਾ: “ਮੈਂ ਇਹ ਕੰਮ ਕਰ ਕੇ ਵੱਡਾ ਪਾਪ ਕੀਤਾ ਹੈ।+ ਹੁਣ ਹੇ ਯਹੋਵਾਹ, ਕਿਰਪਾ ਕਰ ਕੇ ਆਪਣੇ ਸੇਵਕ ਦੀ ਗ਼ਲਤੀ ਮਾਫ਼ ਕਰ ਦੇ+ ਕਿਉਂਕਿ ਮੈਂ ਬਹੁਤ ਵੱਡੀ ਮੂਰਖਤਾ ਕੀਤੀ ਹੈ।”+ 11 ਜਦ ਦਾਊਦ ਸਵੇਰੇ ਜਲਦੀ ਉੱਠਿਆ, ਤਾਂ ਗਾਦ+ ਨਬੀ ਯਾਨੀ ਦਾਊਦ ਦੇ ਦਰਸ਼ੀ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 12 “ਜਾਹ ਅਤੇ ਦਾਊਦ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਤਿੰਨ ਬਿਪਤਾਵਾਂ ਦੱਸਦਾ ਹਾਂ। ਇਨ੍ਹਾਂ ਵਿੱਚੋਂ ਇਕ ਚੁਣ ਲੈ ਤੇ ਮੈਂ ਉਹੀ ਤੇਰੇ ʼਤੇ ਲਿਆਵਾਂਗਾ।”’”+ 13 ਇਸ ਲਈ ਗਾਦ ਨੇ ਦਾਊਦ ਕੋਲ ਜਾ ਕੇ ਕਿਹਾ: “ਕੀ ਤੇਰੇ ਦੇਸ਼ ਵਿਚ ਸੱਤ ਸਾਲਾਂ ਲਈ ਕਾਲ਼ ਪਵੇ?+ ਜਾਂ ਕੀ ਤੈਨੂੰ ਤਿੰਨ ਮਹੀਨਿਆਂ ਲਈ ਆਪਣੇ ਦੁਸ਼ਮਣਾਂ ਤੋਂ ਭੱਜਣਾ ਪਵੇ ਜੋ ਤੇਰਾ ਪਿੱਛਾ ਕਰ ਰਹੇ ਹੋਣਗੇ?+ ਜਾਂ ਕੀ ਤੇਰੇ ਦੇਸ਼ ਉੱਤੇ ਤਿੰਨ ਦਿਨਾਂ ਲਈ ਮਹਾਂਮਾਰੀ ਆਵੇ?+ ਹੁਣ ਧਿਆਨ ਨਾਲ ਸੋਚ ਕੇ ਦੱਸ ਕਿ ਮੈਂ ਆਪਣੇ ਭੇਜਣ ਵਾਲੇ ਨੂੰ ਕੀ ਜਵਾਬ ਦਿਆਂ।” 14 ਇਸ ਲਈ ਦਾਊਦ ਨੇ ਗਾਦ ਨੂੰ ਕਿਹਾ: “ਮੈਂ ਬੜਾ ਦੁਖੀ ਹਾਂ। ਕਿਰਪਾ ਕਰ ਕੇ ਸਾਨੂੰ ਯਹੋਵਾਹ ਦੇ ਹੱਥ ਵਿਚ ਪੈ ਲੈਣ ਦੇ+ ਕਿਉਂਕਿ ਉਹ ਬੜਾ ਦਇਆਵਾਨ ਹੈ;+ ਪਰ ਮੈਨੂੰ ਇਨਸਾਨ ਦੇ ਹੱਥ ਵਿਚ ਨਾ ਪੈਣ ਦੇ।”+
15 ਫਿਰ ਯਹੋਵਾਹ ਨੇ ਸਵੇਰ ਤੋਂ ਲੈ ਕੇ ਤੈਅ ਕੀਤੇ ਸਮੇਂ ਤਕ ਇਜ਼ਰਾਈਲ ʼਤੇ ਮਹਾਂਮਾਰੀ ਘੱਲੀ+ ਜਿਸ ਕਰਕੇ ਦਾਨ ਤੋਂ ਲੈ ਕੇ ਬਏਰ-ਸ਼ਬਾ+ ਤਕ 70,000 ਲੋਕ ਮਾਰੇ ਗਏ।+ 16 ਜਦੋਂ ਦੂਤ ਨੇ ਯਰੂਸ਼ਲਮ ਦਾ ਨਾਸ਼ ਕਰਨ ਲਈ ਆਪਣਾ ਹੱਥ ਵਧਾਇਆ, ਤਾਂ ਯਹੋਵਾਹ ਨੂੰ ਇਸ ਬਿਪਤਾ ਕਰਕੇ ਅਫ਼ਸੋਸ* ਹੋਇਆ+ ਅਤੇ ਉਸ ਨੇ ਲੋਕਾਂ ʼਤੇ ਬਿਪਤਾ ਲਿਆਉਣ ਵਾਲੇ ਦੂਤ ਨੂੰ ਕਿਹਾ: “ਬੱਸ ਬਹੁਤ ਹੋ ਗਿਆ! ਹੁਣ ਆਪਣਾ ਹੱਥ ਰੋਕ ਲੈ।” ਉਸ ਸਮੇਂ ਯਹੋਵਾਹ ਦਾ ਦੂਤ ਯਬੂਸੀ+ ਅਰਵਨਾਹ ਦੇ ਪਿੜ*+ ਦੇ ਲਾਗੇ ਸੀ।
17 ਜਦ ਦਾਊਦ ਨੇ ਉਸ ਦੂਤ ਨੂੰ ਦੇਖਿਆ ਜੋ ਲੋਕਾਂ ਨੂੰ ਮਾਰ ਰਿਹਾ ਸੀ, ਤਾਂ ਉਸ ਨੇ ਯਹੋਵਾਹ ਨੂੰ ਕਿਹਾ: “ਪਾਪ ਤਾਂ ਮੈਂ ਕੀਤਾ ਹੈ, ਗ਼ਲਤੀ ਮੇਰੀ ਹੈ; ਪਰ ਇਨ੍ਹਾਂ ਭੇਡਾਂ+ ਦਾ ਕੀ ਕਸੂਰ ਹੈ? ਕਿਰਪਾ ਕਰ ਕੇ ਆਪਣਾ ਹੱਥ ਮੇਰੇ ਅਤੇ ਮੇਰੇ ਪਿਤਾ ਦੇ ਘਰਾਣੇ ਖ਼ਿਲਾਫ਼ ਉਠਾ।”+
18 ਇਸ ਕਰਕੇ ਉਸ ਦਿਨ ਗਾਦ ਦਾਊਦ ਕੋਲ ਗਿਆ ਅਤੇ ਉਸ ਨੂੰ ਕਿਹਾ: “ਉਤਾਂਹ ਜਾਹ ਅਤੇ ਯਹੋਵਾਹ ਲਈ ਯਬੂਸੀ ਅਰਵਨਾਹ ਦੇ ਪਿੜ ਵਿਚ ਇਕ ਵੇਦੀ ਬਣਾ।”+ 19 ਦਾਊਦ ਗਾਦ ਦੀ ਗੱਲ ਮੰਨ ਕੇ ਉਤਾਂਹ ਗਿਆ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ। 20 ਜਦ ਅਰਵਨਾਹ ਨੇ ਹੇਠਾਂ ਦੇਖਿਆ ਕਿ ਰਾਜਾ ਅਤੇ ਉਸ ਦੇ ਸੇਵਕ ਉਸ ਵੱਲ ਆ ਰਹੇ ਸਨ, ਤਾਂ ਅਰਵਨਾਹ ਉਸੇ ਵੇਲੇ ਗਿਆ ਅਤੇ ਰਾਜੇ ਅੱਗੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ। 21 ਅਰਵਨਾਹ ਨੇ ਪੁੱਛਿਆ: “ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਤੂੰ ਆਪਣੇ ਸੇਵਕ ਕੋਲ ਕਿਉਂ ਆਇਆ ਹੈਂ?” ਦਾਊਦ ਨੇ ਜਵਾਬ ਦਿੱਤਾ: “ਮੈਂ ਯਹੋਵਾਹ ਵਾਸਤੇ ਇਕ ਵੇਦੀ ਬਣਾਉਣ ਲਈ ਤੇਰੇ ਕੋਲੋਂ ਪਿੜ ਖ਼ਰੀਦਣ ਆਇਆ ਹਾਂ ਤਾਂਕਿ ਲੋਕਾਂ ਉੱਤੇ ਆਈ ਮਹਾਂਮਾਰੀ ਰੁਕ ਜਾਵੇ।”+ 22 ਅਰਵਨਾਹ ਨੇ ਦਾਊਦ ਨੂੰ ਕਿਹਾ: “ਮੇਰਾ ਪ੍ਰਭੂ ਅਤੇ ਮਹਾਰਾਜ ਪਿੜ ਨੂੰ ਲੈ ਲਵੇ ਅਤੇ ਜੋ ਉਸ ਨੂੰ ਚੰਗਾ ਲੱਗੇ,* ਉਸ ਦੀ ਭੇਟ ਚੜ੍ਹਾ ਲਵੇ। ਆਹ ਰਹੇ ਹੋਮ-ਬਲ਼ੀ ਲਈ ਪਸ਼ੂ ਅਤੇ ਬਾਲ਼ਣ ਵਾਸਤੇ ਫਲ੍ਹਾ* ਤੇ ਪਸ਼ੂਆਂ ਦਾ ਜੂਲਾ। 23 ਹੇ ਮਹਾਰਾਜ, ਮੈਂ ਅਰਵਨਾਹ, ਰਾਜੇ ਨੂੰ ਇਹ ਸਭ ਕੁਝ ਦਿੰਦਾ ਹਾਂ।” ਫਿਰ ਅਰਵਨਾਹ ਨੇ ਰਾਜੇ ਨੂੰ ਕਿਹਾ: “ਤੇਰਾ ਪਰਮੇਸ਼ੁਰ ਯਹੋਵਾਹ ਤੇਰੇ ʼਤੇ ਮਿਹਰ ਕਰੇ।”
24 ਪਰ ਰਾਜੇ ਨੇ ਅਰਵਨਾਹ ਨੂੰ ਕਿਹਾ: “ਨਹੀਂ, ਮੈਂ ਇਹ ਸਭ ਮੁੱਲ ਲਵਾਂਗਾ। ਮੈਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਉਹ ਹੋਮ-ਬਲ਼ੀਆਂ ਨਹੀਂ ਚੜ੍ਹਾਵਾਂਗਾ ਜਿਨ੍ਹਾਂ ਦੀ ਮੈਨੂੰ ਕੋਈ ਕੀਮਤ ਨਹੀਂ ਚੁਕਾਉਣੀ ਪਈ।” ਇਸ ਲਈ ਦਾਊਦ ਨੇ 50 ਸ਼ੇਕੇਲ* ਚਾਂਦੀ ਦੇ ਕੇ ਪਿੜ ਅਤੇ ਪਸ਼ੂ ਖ਼ਰੀਦ ਲਏ।+ 25 ਅਤੇ ਦਾਊਦ ਨੇ ਉੱਥੇ ਯਹੋਵਾਹ ਲਈ ਇਕ ਵੇਦੀ ਬਣਾਈ+ ਅਤੇ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ। ਫਿਰ ਯਹੋਵਾਹ ਨੇ ਦੇਸ਼ ਲਈ ਕੀਤੀ ਦੁਹਾਈ ਨੂੰ ਸੁਣ ਲਿਆ+ ਅਤੇ ਇਜ਼ਰਾਈਲ ਉੱਤੇ ਆਈ ਮਹਾਂਮਾਰੀ ਰੁਕ ਗਈ।