ਪਹਿਲਾ ਸਮੂਏਲ
6 ਯਹੋਵਾਹ ਦਾ ਸੰਦੂਕ+ ਸੱਤ ਮਹੀਨਿਆਂ ਤੋਂ ਫਲਿਸਤੀਆਂ ਦੇ ਇਲਾਕੇ ਵਿਚ ਸੀ। 2 ਫਲਿਸਤੀਆਂ ਨੇ ਪੁਜਾਰੀਆਂ ਅਤੇ ਫਾਲ* ਪਾਉਣ ਵਾਲਿਆਂ+ ਨੂੰ ਬੁਲਾ ਕੇ ਪੁੱਛਿਆ: “ਅਸੀਂ ਯਹੋਵਾਹ ਦੇ ਸੰਦੂਕ ਦਾ ਕੀ ਕਰੀਏ? ਸਾਨੂੰ ਦੱਸੋ ਕਿ ਅਸੀਂ ਉਸ ਨੂੰ ਉਸ ਦੀ ਜਗ੍ਹਾ ਵਾਪਸ ਕਿਵੇਂ ਭੇਜੀਏ।” 3 ਉਨ੍ਹਾਂ ਨੇ ਜਵਾਬ ਦਿੱਤਾ: “ਜੇ ਤੁਸੀਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਸੰਦੂਕ ਵਾਪਸ ਭੇਜਣਾ ਹੈ, ਤਾਂ ਇਸ ਨੂੰ ਭੇਟ ਤੋਂ ਬਿਨਾਂ ਨਾ ਭੇਜਿਓ। ਤੁਸੀਂ ਇਜ਼ਰਾਈਲ ਦੇ ਪਰਮੇਸ਼ੁਰ ਨੂੰ ਇਸ ਦੇ ਨਾਲ ਦੋਸ਼-ਬਲ਼ੀ ਜ਼ਰੂਰ ਭੇਜਿਓ।+ ਤਾਂ ਹੀ ਤੁਸੀਂ ਠੀਕ ਹੋਵੋਗੇ ਅਤੇ ਤੁਸੀਂ ਜਾਣੋਗੇ ਕਿ ਉਸ ਨੇ ਆਪਣਾ ਹੱਥ ਤੁਹਾਨੂੰ ਸਜ਼ਾ ਦੇਣ ਤੋਂ ਕਿਉਂ ਨਹੀਂ ਰੋਕਿਆ।” 4 ਫਿਰ ਉਨ੍ਹਾਂ ਨੇ ਪੁੱਛਿਆ: “ਅਸੀਂ ਉਸ ਨੂੰ ਕਿਹੜੀ ਦੋਸ਼-ਬਲ਼ੀ ਭੇਜੀਏ?” ਉਨ੍ਹਾਂ ਨੇ ਜਵਾਬ ਦਿੱਤਾ: “ਫਲਿਸਤੀਆਂ ਦੇ ਹਾਕਮਾਂ ਦੀ ਗਿਣਤੀ+ ਅਨੁਸਾਰ ਸੋਨੇ ਦੇ ਪੰਜ ਬਵਾਸੀਰ ਦੇ ਮਹੁਕੇ ਅਤੇ ਸੋਨੇ ਦੇ ਪੰਜ ਚੂਹੇ ਭੇਜੋ ਕਿਉਂਕਿ ਤੁਹਾਡੇ ਸਾਰਿਆਂ ਉੱਤੇ ਅਤੇ ਤੁਹਾਡੇ ਹਾਕਮਾਂ ਉੱਤੇ ਇੱਕੋ ਜਿਹੀ ਆਫ਼ਤ ਆਈ ਹੈ। 5 ਤੁਸੀਂ ਆਪਣੇ ਬਵਾਸੀਰ ਦੇ ਮਹੁਕਿਆਂ ਅਤੇ ਉਨ੍ਹਾਂ ਚੂਹਿਆਂ ਦੀਆਂ ਮੂਰਤੀਆਂ ਬਣਾਇਓ+ ਜੋ ਤੁਹਾਡੇ ਦੇਸ਼ ਨੂੰ ਤਬਾਹ ਕਰ ਰਹੇ ਹਨ ਅਤੇ ਤੁਸੀਂ ਇਜ਼ਰਾਈਲ ਦੇ ਪਰਮੇਸ਼ੁਰ ਦਾ ਆਦਰ ਕਰੋ। ਸ਼ਾਇਦ ਉਹ ਤੁਹਾਨੂੰ, ਤੁਹਾਡੇ ਦੇਵਤੇ ਨੂੰ ਅਤੇ ਤੁਹਾਡੇ ਦੇਸ਼ ਨੂੰ ਸਜ਼ਾ ਦੇਣ ਤੋਂ ਆਪਣਾ ਹੱਥ ਰੋਕ ਲਵੇ।+ 6 ਤੁਸੀਂ ਕਿਉਂ ਆਪਣਾ ਦਿਲ ਕਠੋਰ ਕਰ ਰਹੇ ਹੋ ਜਿਵੇਂ ਮਿਸਰੀਆਂ ਅਤੇ ਫ਼ਿਰਊਨ ਨੇ ਆਪਣੇ ਦਿਲ ਕਠੋਰ ਕੀਤੇ ਸਨ?+ ਜਦ ਪਰਮੇਸ਼ੁਰ ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਇਆ,+ ਤਾਂ ਉਨ੍ਹਾਂ ਨੂੰ ਇਜ਼ਰਾਈਲੀਆਂ ਨੂੰ ਭੇਜਣਾ ਹੀ ਪਿਆ ਅਤੇ ਉਹ ਉੱਥੋਂ ਚਲੇ ਗਏ।+ 7 ਹੁਣ ਇਕ ਨਵਾਂ ਗੱਡਾ ਬਣਾਓ ਅਤੇ ਦੋ ਗਾਂਵਾਂ ਲਓ ਜਿਨ੍ਹਾਂ ਦੇ ਵੱਛੇ ਹੋਣ ਅਤੇ ਜੋ ਕਦੇ ਵੀ ਜੂਲੇ ਹੇਠ ਨਾ ਜੋਤੀਆਂ ਗਈਆਂ ਹੋਣ। ਫਿਰ ਉਨ੍ਹਾਂ ਗਾਂਵਾਂ ਨੂੰ ਗੱਡੇ ਨਾਲ ਜੋੜੋ, ਪਰ ਉਨ੍ਹਾਂ ਦੇ ਵੱਛਿਆਂ ਨੂੰ ਉਨ੍ਹਾਂ ਤੋਂ ਦੂਰ ਵਾਪਸ ਘਰ ਭੇਜ ਦਿਓ। 8 ਫਿਰ ਯਹੋਵਾਹ ਦਾ ਸੰਦੂਕ ਲੈ ਕੇ ਉਸ ਨੂੰ ਗੱਡੇ ਉੱਤੇ ਰੱਖ ਦਿਓ ਅਤੇ ਸੋਨੇ ਦੀਆਂ ਜਿਹੜੀਆਂ ਚੀਜ਼ਾਂ ਤੁਸੀਂ ਦੋਸ਼-ਬਲ਼ੀ ਵਜੋਂ ਭੇਜਣੀਆਂ ਹਨ, ਉਨ੍ਹਾਂ ਨੂੰ ਇਕ ਬਕਸੇ ਵਿਚ ਪਾ ਕੇ ਸੰਦੂਕ ਦੇ ਕੋਲ ਰੱਖ ਦਿਓ।+ ਫਿਰ ਉਸ ਨੂੰ ਉਸ ਦੇ ਰਾਹ ਤੋਰ ਦਿਓ 9 ਅਤੇ ਦੇਖੋ: ਜੇ ਗੱਡਾ ਬੈਤ-ਸ਼ਮਸ਼+ ਨੂੰ ਜਾਂਦੇ ਰਾਹ ʼਤੇ ਆਪਣੇ ਇਲਾਕੇ ਵੱਲ ਜਾਵੇ, ਤਾਂ ਸਮਝ ਲੈਣਾ ਕਿ ਇਜ਼ਰਾਈਲ ਦੇ ਪਰਮੇਸ਼ੁਰ ਨੇ ਹੀ ਸਾਡਾ ਇੰਨਾ ਬੁਰਾ ਹਾਲ ਕੀਤਾ। ਜੇ ਨਹੀਂ, ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਉਸ ਨੇ ਸਾਡੇ ਖ਼ਿਲਾਫ਼ ਹੱਥ ਨਹੀਂ ਚੁੱਕਿਆ ਸੀ; ਇਹ ਬੱਸ ਇਕ ਇਤਫ਼ਾਕ ਸੀ।”
10 ਉਨ੍ਹਾਂ ਆਦਮੀਆਂ ਨੇ ਉਸੇ ਤਰ੍ਹਾਂ ਕੀਤਾ। ਉਨ੍ਹਾਂ ਨੇ ਦੋ ਗਾਂਵਾਂ ਲਈਆਂ ਜਿਨ੍ਹਾਂ ਦੇ ਵੱਛੇ ਸਨ ਅਤੇ ਉਨ੍ਹਾਂ ਨੂੰ ਗੱਡੇ ਨਾਲ ਜੋੜ ਦਿੱਤਾ ਅਤੇ ਵੱਛਿਆਂ ਨੂੰ ਘਰ ਦੇ ਵਾੜੇ ਵਿਚ ਰੱਖ ਦਿੱਤਾ। 11 ਫਿਰ ਉਨ੍ਹਾਂ ਨੇ ਯਹੋਵਾਹ ਦਾ ਸੰਦੂਕ ਅਤੇ ਉਹ ਬਕਸਾ ਗੱਡੇ ਉੱਤੇ ਰੱਖ ਦਿੱਤਾ ਜਿਸ ਵਿਚ ਸੋਨੇ ਦੇ ਚੂਹੇ ਅਤੇ ਬਵਾਸੀਰ ਦੇ ਮਹੁਕਿਆਂ ਦੀਆਂ ਮੂਰਤੀਆਂ ਸਨ। 12 ਅਤੇ ਉਹ ਗਾਂਵਾਂ ਸਿੱਧਾ ਬੈਤ-ਸ਼ਮਸ਼ ਨੂੰ ਜਾਂਦੇ ਰਾਹ ʼਤੇ ਤੁਰ ਪਈਆਂ।+ ਉਹ ਇੱਕੋ ਰਾਹ ʼਤੇ ਤੁਰੀਆਂ ਗਈਆਂ ਅਤੇ ਤੁਰਦੇ-ਤੁਰਦੇ ਅੜਿੰਗਦੀਆਂ ਸਨ; ਉਹ ਨਾ ਸੱਜੇ ਮੁੜੀਆਂ, ਨਾ ਖੱਬੇ। ਫਲਿਸਤੀਆਂ ਦੇ ਹਾਕਮ ਉਨ੍ਹਾਂ ਦੇ ਪਿੱਛੇ-ਪਿੱਛੇ ਬੈਤ-ਸ਼ਮਸ਼ ਦੀ ਸਰਹੱਦ ਤਕ ਤੁਰਦੇ ਗਏ। 13 ਬੈਤ-ਸ਼ਮਸ਼ ਦੇ ਲੋਕ ਮੈਦਾਨੀ ਇਲਾਕੇ* ਵਿਚ ਕਣਕ ਵੱਢ ਰਹੇ ਸਨ। ਜਦ ਉਨ੍ਹਾਂ ਨੇ ਨਜ਼ਰਾਂ ਚੁੱਕੀਆਂ ਅਤੇ ਸੰਦੂਕ ਨੂੰ ਦੇਖਿਆ, ਤਾਂ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। 14 ਗੱਡਾ ਬੈਤ-ਸ਼ਮਸ਼ੀ ਯਹੋਸ਼ੁਆ ਦੇ ਖੇਤ ਵਿਚ ਆ ਗਿਆ ਅਤੇ ਉੱਥੇ ਇਕ ਵੱਡੇ ਸਾਰੇ ਪੱਥਰ ਕੋਲ ਰੁਕ ਗਿਆ। ਉਨ੍ਹਾਂ ਨੇ ਗੱਡੇ ਦੀਆਂ ਲੱਕੜਾਂ ਚੀਰੀਆਂ ਅਤੇ ਗਾਂਵਾਂ+ ਨੂੰ ਹੋਮ-ਬਲ਼ੀ ਵਜੋਂ ਯਹੋਵਾਹ ਅੱਗੇ ਚੜ੍ਹਾ ਦਿੱਤਾ।
15 ਲੇਵੀਆਂ+ ਨੇ ਯਹੋਵਾਹ ਦਾ ਸੰਦੂਕ ਅਤੇ ਉਸ ਦੇ ਨਾਲ ਪਿਆ ਬਕਸਾ ਉਤਾਰਿਆ ਜਿਸ ਵਿਚ ਸੋਨੇ ਦੀਆਂ ਚੀਜ਼ਾਂ ਸਨ ਅਤੇ ਉਨ੍ਹਾਂ ਨੂੰ ਉਸ ਵੱਡੇ ਸਾਰੇ ਪੱਥਰ ਉੱਤੇ ਰੱਖ ਦਿੱਤਾ। ਬੈਤ-ਸ਼ਮਸ਼+ ਦੇ ਆਦਮੀਆਂ ਨੇ ਉਸ ਦਿਨ ਯਹੋਵਾਹ ਅੱਗੇ ਹੋਮ-ਬਲ਼ੀਆਂ ਅਤੇ ਬਲੀਦਾਨ ਚੜ੍ਹਾਏ।
16 ਜਦ ਫਲਿਸਤੀਆਂ ਦੇ ਪੰਜ ਹਾਕਮਾਂ ਨੇ ਇਹ ਦੇਖਿਆ, ਤਾਂ ਉਹ ਉਸੇ ਦਿਨ ਅਕਰੋਨ ਵਾਪਸ ਚਲੇ ਗਏ। 17 ਫਲਿਸਤੀਆਂ ਨੇ ਦੋਸ਼-ਬਲ਼ੀ ਵਜੋਂ ਯਹੋਵਾਹ ਲਈ ਬਵਾਸੀਰ ਦੇ ਮਹੁਕਿਆਂ ਦੀਆਂ ਸੋਨੇ ਦੀਆਂ ਮੂਰਤਾਂ ਭੇਜੀਆਂ:+ ਇਕ ਅਸ਼ਦੋਦ+ ਵੱਲੋਂ, ਇਕ ਗਾਜ਼ਾ ਵੱਲੋਂ, ਇਕ ਅਸ਼ਕਲੋਨ ਵੱਲੋਂ, ਇਕ ਗਥ+ ਵੱਲੋਂ ਅਤੇ ਇਕ ਅਕਰੋਨ+ ਵੱਲੋਂ। 18 ਨਾਲੇ ਸੋਨੇ ਦੇ ਚੂਹਿਆਂ ਦੀ ਗਿਣਤੀ ਉਨ੍ਹਾਂ ਸਾਰੇ ਸ਼ਹਿਰਾਂ ਯਾਨੀ ਕਿਲੇਬੰਦ ਸ਼ਹਿਰਾਂ ਅਤੇ ਬਿਨਾਂ ਕੰਧਾਂ ਵਾਲੇ ਪਿੰਡਾਂ ਜਿੰਨੀ ਸੀ ਜੋ ਫਲਿਸਤੀਆਂ ਦੇ ਪੰਜ ਹਾਕਮਾਂ ਅਧੀਨ ਸਨ।
ਅਤੇ ਉਹ ਵੱਡਾ ਸਾਰਾ ਪੱਥਰ ਜਿਸ ਉੱਤੇ ਉਨ੍ਹਾਂ ਨੇ ਯਹੋਵਾਹ ਦਾ ਸੰਦੂਕ ਰੱਖਿਆ ਸੀ, ਅੱਜ ਦੇ ਦਿਨ ਤਕ ਬੈਤ-ਸ਼ਮਸ਼ੀ ਯਹੋਸ਼ੁਆ ਦੇ ਖੇਤ ਵਿਚ ਗਵਾਹੀ ਵਜੋਂ ਪਿਆ ਹੈ। 19 ਪਰ ਪਰਮੇਸ਼ੁਰ ਨੇ ਬੈਤ-ਸ਼ਮਸ਼ ਦੇ ਆਦਮੀਆਂ ਨੂੰ ਮਾਰ ਸੁੱਟਿਆ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਨੂੰ ਦੇਖਿਆ ਸੀ। ਉਸ ਨੇ 50,070 ਲੋਕਾਂ* ਨੂੰ ਮਾਰ ਸੁੱਟਿਆ ਅਤੇ ਲੋਕ ਸੋਗ ਮਨਾਉਣ ਲੱਗੇ ਕਿਉਂਕਿ ਯਹੋਵਾਹ ਨੇ ਬਹੁਤ ਸਾਰੇ ਲੋਕਾਂ ਨੂੰ ਮਾਰ ਮੁਕਾਇਆ ਸੀ।+ 20 ਇਸ ਲਈ ਬੈਤ-ਸ਼ਮਸ਼ ਦੇ ਆਦਮੀਆਂ ਨੇ ਪੁੱਛਿਆ: “ਇਸ ਪਵਿੱਤਰ ਪਰਮੇਸ਼ੁਰ ਯਹੋਵਾਹ ਅੱਗੇ ਕੌਣ ਖੜ੍ਹਾ ਰਹਿ ਸਕਦਾ ਹੈ+ ਅਤੇ ਇਹ ਸਾਡੇ ਕੋਲੋਂ ਕਿਸੇ ਹੋਰ ਵੱਲ ਕਿਉਂ ਨਹੀਂ ਚਲਾ ਜਾਂਦਾ?”+ 21 ਫਿਰ ਉਨ੍ਹਾਂ ਨੇ ਕਿਰਯਥ-ਯਾਰੀਮ+ ਦੇ ਵਾਸੀਆਂ ਕੋਲ ਸੰਦੇਸ਼ ਦੇਣ ਵਾਲਿਆਂ ਨੂੰ ਇਹ ਕਹਿਣ ਲਈ ਭੇਜਿਆ: “ਫਲਿਸਤੀਆਂ ਨੇ ਯਹੋਵਾਹ ਦਾ ਸੰਦੂਕ ਮੋੜ ਦਿੱਤਾ ਹੈ। ਆ ਕੇ ਲੈ ਜਾਓ।”+