ਯੂਹੰਨਾ ਦੀ ਪਹਿਲੀ ਚਿੱਠੀ
1 ਅਸੀਂ ਤੁਹਾਨੂੰ ਉਸ ਬਾਰੇ ਲਿਖ ਰਹੇ ਹਾਂ ਜਿਹੜਾ ਸ਼ੁਰੂ ਤੋਂ ਸੀ, ਜਿਸ ਦੀਆਂ ਗੱਲਾਂ ਅਸੀਂ ਸੁਣੀਆਂ, ਜਿਸ ਨੂੰ ਅਸੀਂ ਆਪਣੀ ਅੱਖੀਂ ਦੇਖਿਆ ਅਤੇ ਆਪਣੇ ਹੱਥਾਂ ਨਾਲ ਛੂਹਿਆ, ਜਿਸ ਵੱਲ ਅਸੀਂ ਧਿਆਨ ਦਿੱਤਾ ਅਤੇ ਜਿਸ ਨੇ ਜ਼ਿੰਦਗੀ ਦਾ ਸੰਦੇਸ਼ ਦਿੱਤਾ+ 2 (ਜੀ ਹਾਂ, ਹਮੇਸ਼ਾ ਦੀ ਜ਼ਿੰਦਗੀ ਸਾਡੇ ʼਤੇ ਜ਼ਾਹਰ ਕੀਤੀ ਗਈ ਅਤੇ ਅਸੀਂ ਇਸ ਨੂੰ ਦੇਖਿਆ ਹੈ ਅਤੇ ਹੁਣ ਇਸ ਬਾਰੇ ਤੁਹਾਨੂੰ ਗਵਾਹੀ ਦਿੰਦੇ ਹਾਂ।+ ਇਹ ਹਮੇਸ਼ਾ ਦੀ ਜ਼ਿੰਦਗੀ+ ਪਿਤਾ ਤੋਂ ਮਿਲਦੀ ਹੈ ਅਤੇ ਇਹ ਸਾਡੇ ʼਤੇ ਜ਼ਾਹਰ ਕੀਤੀ ਗਈ)। 3 ਅਸੀਂ ਜੋ ਦੇਖਿਆ ਅਤੇ ਸੁਣਿਆ, ਉਹੀ ਤੁਹਾਨੂੰ ਵੀ ਦੱਸ ਰਹੇ ਹਾਂ+ ਤਾਂਕਿ ਸਾਡੇ ਅਤੇ ਤੁਹਾਡੇ ਵਿਚ ਸਾਂਝ* ਹੋਵੇ। ਸਾਡੀ ਇਹ ਸਾਂਝ ਪਿਤਾ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਨਾਲ ਹੈ।+ 4 ਅਸੀਂ ਇਹ ਗੱਲਾਂ ਤੁਹਾਨੂੰ ਇਸ ਲਈ ਲਿਖ ਰਹੇ ਹਾਂ ਤਾਂਕਿ ਸਾਨੂੰ ਬੇਹੱਦ ਖ਼ੁਸ਼ੀ ਮਿਲੇ।
5 ਅਸੀਂ ਯਿਸੂ ਤੋਂ ਇਹ ਸੰਦੇਸ਼ ਸੁਣਿਆ ਅਤੇ ਇਹ ਸੰਦੇਸ਼ ਅਸੀਂ ਤੁਹਾਨੂੰ ਸੁਣਾ ਰਹੇ ਹਾਂ: ਪਰਮੇਸ਼ੁਰ ਚਾਨਣ ਹੈ+ ਅਤੇ ਉਸ ਵਿਚ ਬਿਲਕੁਲ ਹਨੇਰਾ ਨਹੀਂ ਹੈ। 6 ਜੇ ਅਸੀਂ ਇਹ ਕਹਿੰਦੇ ਹਾਂ: “ਸਾਡੀ ਸਾਂਝ ਉਸ ਨਾਲ ਹੈ,” ਪਰ ਹਨੇਰੇ ਵਿਚ ਚੱਲਦੇ ਰਹਿੰਦੇ ਹਾਂ, ਤਾਂ ਅਸੀਂ ਝੂਠੇ ਹਾਂ ਅਤੇ ਸੱਚਾਈ ʼਤੇ ਨਹੀਂ ਚੱਲਦੇ।+ 7 ਪਰ ਜੇ ਅਸੀਂ ਚਾਨਣ ਵਿਚ ਚੱਲਦੇ ਹਾਂ, ਜਿਵੇਂ ਪਰਮੇਸ਼ੁਰ ਆਪ ਚਾਨਣ ਵਿਚ ਹੈ, ਤਾਂ ਸਾਡੇ ਅਤੇ ਬਾਕੀ ਮਸੀਹੀਆਂ ਵਿਚ ਸਾਂਝ ਹੈ ਅਤੇ ਉਸ ਦੇ ਪੁੱਤਰ ਯਿਸੂ ਦਾ ਖ਼ੂਨ ਸਾਡੇ ਸਾਰੇ ਪਾਪਾਂ ਨੂੰ ਧੋ ਦਿੰਦਾ ਹੈ।+
8 ਜੇ ਅਸੀਂ ਕਹਿੰਦੇ ਹਾਂ, “ਸਾਡੇ ਵਿਚ ਪਾਪ ਨਹੀਂ ਹੈ,” ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ+ ਅਤੇ ਸਾਡੇ ਵਿਚ ਸੱਚਾਈ ਨਹੀਂ ਹੈ। 9 ਪਰਮੇਸ਼ੁਰ ਵਫ਼ਾਦਾਰ ਅਤੇ ਨਿਆਂ-ਪਸੰਦ ਹੈ, ਇਸ ਲਈ ਜੇ ਅਸੀਂ ਆਪਣੇ ਪਾਪਾਂ ਨੂੰ ਕਬੂਲ ਕਰਦੇ ਹਾਂ, ਤਾਂ ਉਹ ਸਾਡੇ ਪਾਪ ਮਾਫ਼ ਕਰ ਦੇਵੇਗਾ ਅਤੇ ਸਾਨੂੰ ਸਾਰੀ ਬੁਰਾਈ ਤੋਂ ਸ਼ੁੱਧ ਕਰ ਦੇਵੇਗਾ।+ 10 ਪਰ ਜੇ ਅਸੀਂ ਕਹਿੰਦੇ ਹਾਂ, “ਅਸੀਂ ਕੋਈ ਪਾਪ ਨਹੀਂ ਕੀਤਾ,” ਤਾਂ ਅਸੀਂ ਪਰਮੇਸ਼ੁਰ ਨੂੰ ਝੂਠਾ ਠਹਿਰਾਉਂਦੇ ਹਾਂ ਅਤੇ ਉਸ ਦਾ ਬਚਨ ਸਾਡੇ ਦਿਲਾਂ ਵਿਚ ਨਹੀਂ ਹੈ।