ਮਰਕੁਸ ਮੁਤਾਬਕ ਖ਼ੁਸ਼ ਖ਼ਬਰੀ
13 ਜਦ ਯਿਸੂ ਮੰਦਰ ਵਿੱਚੋਂ ਬਾਹਰ ਜਾ ਰਿਹਾ ਸੀ, ਤਾਂ ਉਸ ਦੇ ਇਕ ਚੇਲੇ ਨੇ ਉਸ ਨੂੰ ਕਿਹਾ: “ਵਾਹ! ਗੁਰੂ ਜੀ, ਇਨ੍ਹਾਂ ਸ਼ਾਨਦਾਰ ਪੱਥਰਾਂ ਅਤੇ ਇਮਾਰਤਾਂ ਨੂੰ ਦੇਖ!”+ 2 ਪਰ ਯਿਸੂ ਨੇ ਉਸ ਨੂੰ ਕਿਹਾ: “ਕੀ ਤੂੰ ਇਨ੍ਹਾਂ ਸ਼ਾਨਦਾਰ ਇਮਾਰਤਾਂ ਨੂੰ ਦੇਖਦਾ ਹੈਂ? ਇੱਥੇ ਪੱਥਰ ʼਤੇ ਪੱਥਰ ਨਹੀਂ ਛੱਡਿਆ ਜਾਵੇਗਾ ਜਿਹੜਾ ਡੇਗਿਆ ਨਾ ਜਾਵੇ।”+
3 ਫਿਰ ਜਦ ਉਹ ਜ਼ੈਤੂਨ ਪਹਾੜ ਉੱਤੇ ਬੈਠਾ ਹੋਇਆ ਸੀ ਜਿੱਥੋਂ ਮੰਦਰ ਨਜ਼ਰ ਆ ਰਿਹਾ ਸੀ, ਤਾਂ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਆਸ ਇਕੱਲੇ ਉਸ ਕੋਲ ਆਏ ਅਤੇ ਉਸ ਨੂੰ ਪੁੱਛਣ ਲੱਗੇ: 4 “ਸਾਨੂੰ ਦੱਸ, ਇਹ ਘਟਨਾਵਾਂ ਕਦੋਂ ਵਾਪਰਨਗੀਆਂ ਅਤੇ ਉਸ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ ਜਦੋਂ ਇਹ ਸਭ ਕੁਝ ਖ਼ਤਮ ਹੋਣ ਵਾਲਾ ਹੋਵੇਗਾ?”+ 5 ਇਸ ਲਈ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਖ਼ਬਰਦਾਰ ਰਹੋ ਕਿ ਤੁਹਾਨੂੰ ਕੋਈ ਗੁਮਰਾਹ ਨਾ ਕਰੇ।+ 6 ਮੇਰੇ ਨਾਂ ʼਤੇ ਬਹੁਤ ਸਾਰੇ ਲੋਕ ਆਉਣਗੇ ਅਤੇ ਕਹਿਣਗੇ, ‘ਮੈਂ ਹੀ ਮਸੀਹ ਹਾਂ’ ਅਤੇ ਕਈਆਂ ਨੂੰ ਗੁਮਰਾਹ ਕਰਨਗੇ। 7 ਨਾਲੇ ਜਦ ਤੁਸੀਂ ਲੜਾਈਆਂ ਦਾ ਰੌਲ਼ਾ ਅਤੇ ਲੜਾਈਆਂ ਦੀਆਂ ਖ਼ਬਰਾਂ ਸੁਣੋਗੇ, ਤਾਂ ਘਬਰਾ ਨਾ ਜਾਣਾ; ਇਹ ਸਭ ਕੁਝ ਹੋਣਾ ਜ਼ਰੂਰੀ ਹੈ, ਪਰ ਅੰਤ ਹਾਲੇ ਨਹੀਂ ਆਵੇਗਾ।+
8 “ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ,+ ਥਾਂ-ਥਾਂ ਭੁਚਾਲ਼ ਆਉਣਗੇ ਤੇ ਕਾਲ਼ ਪੈਣਗੇ।+ ਇਹ ਸਭ ਕੁਝ ਪੀੜਾਂ* ਦੀ ਸ਼ੁਰੂਆਤ ਹੀ ਹੈ।+
9 “ਤੁਸੀਂ ਖ਼ਬਰਦਾਰ ਰਹੋ; ਮੇਰੇ ਚੇਲੇ ਹੋਣ ਕਰਕੇ ਲੋਕ ਤੁਹਾਨੂੰ ਅਦਾਲਤਾਂ ਵਿਚ ਘੜੀਸਣਗੇ+ ਅਤੇ ਸਭਾ ਘਰਾਂ ਵਿਚ ਕੁੱਟਣਗੇ+ ਅਤੇ ਸਰਕਾਰੀ ਅਧਿਕਾਰੀਆਂ ਤੇ ਰਾਜਿਆਂ ਸਾਮ੍ਹਣੇ ਪੇਸ਼ ਕਰਨਗੇ ਜਿੱਥੇ ਤੁਹਾਨੂੰ ਗਵਾਹੀ ਦੇਣ ਦਾ ਮੌਕਾ ਮਿਲੇਗਾ।+ 10 ਨਾਲੇ ਇਹ ਵੀ ਜ਼ਰੂਰੀ ਹੈ ਕਿ ਪਹਿਲਾਂ ਸਾਰੀਆਂ ਕੌਮਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇ।+ 11 ਪਰ ਜਦ ਉਹ ਤੁਹਾਨੂੰ ਅਦਾਲਤਾਂ ਵਿਚ ਲਿਆਉਣ, ਤਾਂ ਤੁਸੀਂ ਪਹਿਲਾਂ ਤੋਂ ਹੀ ਚਿੰਤਾ ਨਾ ਕਰਨੀ ਕਿ ਤੁਸੀਂ ਕੀ ਕਹੋਗੇ; ਤੁਸੀਂ ਉਹੀ ਕਹਿਣਾ ਜੋ ਤੁਹਾਨੂੰ ਉਸੇ ਵੇਲੇ ਦੱਸਿਆ ਜਾਵੇਗਾ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ, ਸਗੋਂ ਪਵਿੱਤਰ ਸ਼ਕਤੀ ਹੋਵੇਗੀ।+ 12 ਇਸ ਤੋਂ ਇਲਾਵਾ, ਭਰਾ ਭਰਾ ਨੂੰ ਅਤੇ ਪਿਤਾ ਬੱਚੇ ਨੂੰ ਮਰਵਾਉਣ ਲਈ ਫੜਵਾਏਗਾ ਅਤੇ ਬੱਚੇ ਆਪਣੇ ਮਾਪਿਆਂ ਦੇ ਖ਼ਿਲਾਫ਼ ਹੋ ਜਾਣਗੇ ਤੇ ਉਨ੍ਹਾਂ ਨੂੰ ਮਰਵਾਉਣਗੇ।+ 13 ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਲੋਕਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।+ ਪਰ ਜਿਹੜਾ ਇਨਸਾਨ ਅੰਤ ਤਕ ਧੀਰਜ ਨਾਲ ਸਹਿੰਦਾ ਰਹੇਗਾ,+ ਉਹੀ ਬਚਾਇਆ ਜਾਵੇਗਾ।+
14 “ਪਰ ਜਦ ਤੁਸੀਂ ਤਬਾਹੀ ਮਚਾਉਣ ਵਾਲੀ ਘਿਣਾਉਣੀ ਚੀਜ਼ ਨੂੰ ਉਸ ਥਾਂ ਖੜ੍ਹੀ ਦੇਖੋਗੇ+ ਜਿੱਥੇ ਉਸ ਨੂੰ ਨਹੀਂ ਖੜ੍ਹਨਾ ਚਾਹੀਦਾ (ਇਸ ਬਿਰਤਾਂਤ ਨੂੰ ਪੜ੍ਹਨ ਵਾਲਾ ਸਮਝ ਤੋਂ ਕੰਮ ਲਵੇ), ਤਾਂ ਜਿਹੜੇ ਯਹੂਦਿਯਾ ਵਿਚ ਹੋਣ, ਉਹ ਪਹਾੜਾਂ ਨੂੰ ਭੱਜਣਾ ਸ਼ੁਰੂ ਕਰ ਦੇਣ।+ 15 ਜਿਹੜਾ ਆਦਮੀ ਕੋਠੇ ʼਤੇ ਹੋਵੇ, ਉਹ ਹੇਠਾਂ ਨਾ ਆਵੇ ਅਤੇ ਨਾ ਕੋਈ ਚੀਜ਼ ਲੈਣ ਘਰ ਦੇ ਅੰਦਰ ਜਾਵੇ 16 ਅਤੇ ਜਿਹੜਾ ਆਦਮੀ ਖੇਤ ਵਿਚ ਹੋਵੇ, ਉਹ ਘਰੋਂ ਆਪਣੀਆਂ ਚੀਜ਼ਾਂ ਅਤੇ ਆਪਣਾ ਚੋਗਾ ਲੈਣ ਵਾਪਸ ਨਾ ਜਾਵੇ। 17 ਇਹ ਸਮਾਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਂਦੀਆਂ ਔਰਤਾਂ ਲਈ ਬਹੁਤ ਔਖਾ ਹੋਵੇਗਾ!+ 18 ਪ੍ਰਾਰਥਨਾ ਕਰਦੇ ਰਹੋ ਕਿ ਤੁਹਾਨੂੰ ਸਿਆਲ਼ ਵਿਚ ਨਾ ਭੱਜਣਾ ਪਵੇ 19 ਕਿਉਂਕਿ ਉਹ ਦਿਨ ਕਸ਼ਟ ਦੇ ਦਿਨ ਹੋਣਗੇ।+ ਅਜਿਹਾ ਕਸ਼ਟ ਪਰਮੇਸ਼ੁਰ ਦੁਆਰਾ ਰਚੀ ਸ੍ਰਿਸ਼ਟੀ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤਕ ਨਾ ਕਦੇ ਆਇਆ ਹੈ ਅਤੇ ਨਾ ਦੁਬਾਰਾ ਕਦੇ ਆਵੇਗਾ।+ 20 ਜੇ ਯਹੋਵਾਹ* ਇਨ੍ਹਾਂ ਦਿਨਾਂ ਨੂੰ ਨਹੀਂ ਘਟਾਵੇਗਾ, ਤਾਂ ਕੋਈ* ਵੀ ਨਹੀਂ ਬਚੇਗਾ। ਪਰ ਚੁਣੇ ਹੋਏ ਲੋਕਾਂ ਦੀ ਖ਼ਾਤਰ ਜਿਨ੍ਹਾਂ ਨੂੰ ਉਸ ਨੇ ਚੁਣਿਆ ਹੈ, ਉਹ ਇਹ ਦਿਨ ਘਟਾਵੇਗਾ।+
21 “ਫਿਰ ਜੇ ਕੋਈ ਤੁਹਾਨੂੰ ਕਹੇ, ‘ਦੇਖੋ! ਮਸੀਹ ਇੱਥੇ ਹੈ’ ਜਾਂ ‘ਦੇਖੋ! ਮਸੀਹ ਉੱਥੇ ਹੈ,’ ਤਾਂ ਉਨ੍ਹਾਂ ਦੀ ਗੱਲ ਦਾ ਯਕੀਨ ਨਾ ਕਰਿਓ।+ 22 ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਆਉਣਗੇ+ ਜਿਹੜੇ ਨਿਸ਼ਾਨੀਆਂ ਤੇ ਕਰਾਮਾਤਾਂ ਦਿਖਾ ਕੇ ਚੁਣੇ ਹੋਇਆਂ ਨੂੰ ਵੀ ਗੁਮਰਾਹ ਕਰਨ ਦੀ ਕੋਸ਼ਿਸ਼ ਕਰਨਗੇ। 23 ਇਸ ਲਈ, ਤੁਸੀਂ ਖ਼ਬਰਦਾਰ ਰਹੋ।+ ਮੈਂ ਇਹ ਸਾਰੀਆਂ ਗੱਲਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀਆਂ ਹਨ।
24 “ਪਰ ਉਨ੍ਹਾਂ ਦਿਨਾਂ ਵਿਚ, ਇਸ ਕਸ਼ਟ ਤੋਂ ਬਾਅਦ, ਸੂਰਜ ਹਨੇਰਾ ਹੋ ਜਾਵੇਗਾ, ਚੰਦ ਆਪਣੀ ਰੌਸ਼ਨੀ ਨਾ ਦੇਵੇਗਾ,+ 25 ਤਾਰੇ ਆਕਾਸ਼ੋਂ ਹੇਠਾਂ ਡਿਗ ਪੈਣਗੇ ਅਤੇ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। 26 ਫਿਰ ਉਹ ਮਨੁੱਖ ਦੇ ਪੁੱਤਰ+ ਨੂੰ ਬੱਦਲਾਂ ਵਿਚ ਬੇਅੰਤ ਸ਼ਕਤੀ ਅਤੇ ਮਹਿਮਾ ਨਾਲ ਆਉਂਦਾ ਦੇਖਣਗੇ।+ 27 ਫਿਰ ਉਹ ਦੂਤਾਂ ਨੂੰ ਘੱਲ ਕੇ ਧਰਤੀ ਤੋਂ ਲੈ ਕੇ ਆਕਾਸ਼ ਤਕ ਚੌਹਾਂ ਪਾਸਿਆਂ ਤੋਂ ਆਪਣੇ ਚੁਣੇ ਹੋਏ ਲੋਕਾਂ ਨੂੰ ਇਕੱਠਾ ਕਰੇਗਾ।+
28 “ਅੰਜੀਰ ਦੇ ਦਰਖ਼ਤ ਦੀ ਮਿਸਾਲ ਤੋਂ ਸਿੱਖੋ: ਜਦ ਉਸ ਦੀ ਟਾਹਣੀ ਨਰਮ ਹੋ ਜਾਂਦੀ ਹੈ ਅਤੇ ਪੱਤੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ, ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਗਰਮੀਆਂ ਦਾ ਮੌਸਮ ਆਉਣ ਵਾਲਾ ਹੈ।+ 29 ਇਸੇ ਤਰ੍ਹਾਂ, ਜਦ ਤੁਸੀਂ ਇਹ ਗੱਲਾਂ ਹੁੰਦੀਆਂ ਦੇਖੋ, ਤਾਂ ਸਮਝ ਜਾਣਾ ਕਿ ਮਨੁੱਖ ਦਾ ਪੁੱਤਰ ਲਾਗੇ ਆ ਗਿਆ ਹੈ, ਸਗੋਂ ਉਹ ਦਰਵਾਜ਼ੇ ʼਤੇ ਹੈ।+ 30 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਸ ਪੀੜ੍ਹੀ ਦੇ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਇਹ ਸਾਰੀਆਂ ਘਟਨਾਵਾਂ ਜ਼ਰੂਰ ਵਾਪਰਨਗੀਆਂ।+ 31 ਆਸਮਾਨ ਅਤੇ ਧਰਤੀ ਮਿਟ ਜਾਣਗੇ,+ ਪਰ ਮੇਰੇ ਸ਼ਬਦ ਕਦੇ ਨਹੀਂ ਮਿਟਣਗੇ!+
32 “ਉਸ ਦਿਨ ਜਾਂ ਉਸ ਘੜੀ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗੀ ਦੂਤ, ਨਾ ਪੁੱਤਰ, ਪਰ ਸਿਰਫ਼ ਪਿਤਾ ਜਾਣਦਾ ਹੈ।+ 33 ਖ਼ਬਰਦਾਰ ਰਹੋ, ਜਾਗਦੇ ਰਹੋ+ ਕਿਉਂਕਿ ਤੁਸੀਂ ਪਰਮੇਸ਼ੁਰ ਦੇ ਮਿਥੇ ਹੋਏ ਸਮੇਂ ਨੂੰ ਨਹੀਂ ਜਾਣਦੇ।+ 34 ਇਹ ਉਸ ਆਦਮੀ ਵਾਂਗ ਹੈ ਜੋ ਪਰਦੇਸ ਜਾਣ ਲੱਗਿਆਂ ਆਪਣੇ ਘਰ-ਬਾਰ ਦੀ ਦੇਖ-ਭਾਲ ਕਰਨ ਦਾ ਅਧਿਕਾਰ ਆਪਣੇ ਨੌਕਰਾਂ ਨੂੰ ਦਿੰਦਾ ਹੈ,+ ਹਰੇਕ ਨੂੰ ਕੰਮ ਸੌਂਪਦਾ ਹੈ ਅਤੇ ਚੌਕੀਦਾਰ ਨੂੰ ਖ਼ਬਰਦਾਰ ਰਹਿਣ ਦਾ ਹੁਕਮ ਦਿੰਦਾ ਹੈ।+ 35 ਇਸ ਲਈ ਖ਼ਬਰਦਾਰ ਰਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਘਰ ਦਾ ਮਾਲਕ ਕਦੋਂ ਵਾਪਸ ਆਵੇਗਾ,+ ਸ਼ਾਮ ਨੂੰ ਜਾਂ ਅੱਧੀ ਰਾਤ ਨੂੰ ਜਾਂ ਕੁੱਕੜ ਦੇ ਬਾਂਗ ਦੇਣ ਵੇਲੇ* ਜਾਂ ਤੜਕੇ,+ 36 ਇਸ ਕਰਕੇ, ਜਦ ਉਹ ਅਚਾਨਕ ਆਵੇ, ਤਾਂ ਉਹ ਤੁਹਾਨੂੰ ਸੁੱਤੇ ਹੋਏ ਨਾ ਪਾਵੇ।+ 37 ਪਰ ਮੈਂ ਤੁਹਾਨੂੰ ਜੋ ਕਹਿੰਦਾ ਹਾਂ, ਉਹ ਸਾਰਿਆਂ ਨੂੰ ਕਹਿੰਦਾ ਹਾਂ: ਖ਼ਬਰਦਾਰ ਰਹੋ।”+