ਅੱਯੂਬ
4 ਫਿਰ ਅਲੀਫਾਜ਼+ ਤੇਮਾਨੀ ਨੇ ਜਵਾਬ ਦਿੱਤਾ:
2 “ਜੇ ਕੋਈ ਤੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੇ, ਤਾਂ ਕੀ ਤੂੰ ਬੇਸਬਰਾ ਹੋ ਜਾਵੇਂਗਾ?
ਕਿਉਂਕਿ ਕੌਣ ਹੈ ਜੋ ਆਪਣੇ ਆਪ ਨੂੰ ਬੋਲਣ ਤੋਂ ਰੋਕ ਸਕਦਾ?
3 ਇਹ ਸੱਚ ਹੈ ਕਿ ਤੂੰ ਕਈਆਂ ਨੂੰ ਸੁਧਾਰਿਆ,
ਤੂੰ ਕਮਜ਼ੋਰ ਹੱਥਾਂ ਨੂੰ ਤਕੜਾ ਕਰਦਾ ਸੀ।
4 ਤੇਰੀਆਂ ਗੱਲਾਂ ਲੜਖੜਾਉਣ ਵਾਲਿਆਂ ਨੂੰ ਖੜ੍ਹਾ ਕਰਦੀਆਂ ਸਨ,
ਤੂੰ ਕੰਬਦੇ ਗੋਡਿਆਂ ਵਾਲਿਆਂ ਨੂੰ ਤਕੜਾ ਕਰਦਾ ਸੀ।
5 ਪਰ ਹੁਣ ਜਦ ਇਹ ਖ਼ੁਦ ਤੇਰੇ ਨਾਲ ਹੋਇਆ, ਤਾਂ ਤੂੰ ਬੇਚੈਨ ਹੋ ਉੱਠਿਆ;*
ਇਸ ਨੇ ਤੈਨੂੰ ਛੋਹਿਆ ਤੇ ਤੂੰ ਘਬਰਾ ਗਿਆ।
6 ਕੀ ਪਰਮੇਸ਼ੁਰ ਲਈ ਸ਼ਰਧਾ ਰੱਖਣ ਕਰਕੇ ਤੈਨੂੰ ਭਰੋਸਾ ਨਹੀਂ?
ਕੀ ਵਫ਼ਾਦਾਰੀ* ਨਾਲ ਚੱਲਣ ਕਰਕੇ+ ਤੈਨੂੰ ਕੋਈ ਉਮੀਦ ਨਹੀਂ?
7 ਯਾਦ ਰੱਖ: ਕਿਹੜਾ ਬੇਕਸੂਰ ਇਨਸਾਨ ਕਦੇ ਤਬਾਹ ਹੋਇਆ?
ਕਦੋਂ ਕੋਈ ਨੇਕ ਇਨਸਾਨ ਬਰਬਾਦ ਹੋਇਆ?
8 ਮੈਂ ਦੇਖਿਆ ਹੈ ਕਿ ਬੁਰਾਈ ਦੀ ਵਾਹੀ ਕਰਨ ਵਾਲੇ*
ਅਤੇ ਮੁਸੀਬਤ ਬੀਜਣ ਵਾਲੇ ਉਹੀ ਕੁਝ ਵੱਢਦੇ ਹਨ।
9 ਪਰਮੇਸ਼ੁਰ ਦੇ ਸਾਹ ਨਾਲ ਉਹ ਮਿਟ ਜਾਂਦੇ ਹਨ
ਅਤੇ ਉਸ ਦੇ ਕ੍ਰੋਧ ਦੇ ਬੁੱਲੇ ਨਾਲ ਉਹ ਮੁੱਕ ਜਾਂਦੇ ਹਨ।
10 ਸ਼ੇਰ ਗਰਜਦਾ ਹੈ ਤੇ ਜਵਾਨ ਸ਼ੇਰ ਗੁਰਰਾਉਂਦਾ ਹੈ,
ਪਰ ਤਾਕਤਵਰ ਸ਼ੇਰਾਂ ਦੇ ਦੰਦ ਵੀ ਭੰਨ ਦਿੱਤੇ ਜਾਂਦੇ ਹਨ।
11 ਸ਼ਿਕਾਰ ਦੀ ਥੁੜੋਂ ਸ਼ੇਰ ਮਰ ਜਾਂਦਾ ਹੈ
ਅਤੇ ਸ਼ੇਰ ਦੇ ਬੱਚੇ ਖਿੰਡ-ਪੁੰਡ ਜਾਂਦੇ ਹਨ।
12 ਜ਼ਰਾ ਸੁਣ, ਇਕ ਗੱਲ ਚੋਰੀ-ਛਿਪੇ ਮੇਰੇ ਕੋਲ ਪਹੁੰਚਾਈ ਗਈ,
ਉਸ ਦੀ ਭਿਣਕ ਮੇਰੇ ਕੰਨਾਂ ਵਿਚ ਪਈ।
13 ਰਾਤ ਦੇ ਦਰਸ਼ਣਾਂ ਦੇ ਬੇਚੈਨੀ ਭਰੇ ਖ਼ਿਆਲਾਂ ਵਿਚ,
ਜਦ ਇਨਸਾਨਾਂ ʼਤੇ ਗੂੜ੍ਹੀ ਨੀਂਦ ਛਾਈ ਹੁੰਦੀ ਹੈ,
14 ਮੈਂ ਖ਼ੌਫ਼ ਨਾਲ ਬੁਰੀ ਤਰ੍ਹਾਂ ਕੰਬ ਗਿਆ
ਅਤੇ ਮੇਰੀਆਂ ਸਾਰੀਆਂ ਹੱਡੀਆਂ ਹਿਲ ਗਈਆਂ।
16 ਫਿਰ ਉਹ ਖੜ੍ਹ ਗਈ,
ਪਰ ਮੈਂ ਉਸ ਦੀ ਸ਼ਕਲ ਨਾ ਪਛਾਣ ਸਕਿਆ,
ਇਕ ਆਕਾਰ ਜਿਹਾ ਮੇਰੀਆਂ ਅੱਖਾਂ ਦੇ ਸਾਮ੍ਹਣੇ ਸੀ,
ਖ਼ਾਮੋਸ਼ੀ ਛਾਈ ਹੋਈ ਸੀ ਤੇ ਫਿਰ ਮੈਂ ਇਕ ਆਵਾਜ਼ ਸੁਣੀ:
17 ‘ਕੀ ਮਰਨਹਾਰ ਇਨਸਾਨ ਪਰਮੇਸ਼ੁਰ ਨਾਲੋਂ ਜ਼ਿਆਦਾ ਧਰਮੀ ਹੋ ਸਕਦਾ?
ਕੀ ਇਕ ਇਨਸਾਨ ਆਪਣੇ ਬਣਾਉਣ ਵਾਲੇ ਨਾਲੋਂ ਜ਼ਿਆਦਾ ਪਵਿੱਤਰ ਹੋ ਸਕਦਾ?’
19 ਮਿੱਟੀ ਦੇ ਘਰਾਂ ਵਿਚ ਰਹਿਣ ਵਾਲਿਆਂ ਦੀ ਤਾਂ ਗੱਲ ਹੀ ਛੱਡ ਦਿਓ
ਜਿਨ੍ਹਾਂ ਦੀ ਨੀਂਹ ਧੂੜ ਵਿਚ ਰੱਖੀ ਗਈ ਹੈ,+
ਜਿਨ੍ਹਾਂ ਨੂੰ ਕਿਸੇ ਕੀੜੇ ਵਾਂਗ ਸੌਖਿਆਂ ਹੀ ਕੁਚਲਿਆ ਜਾ ਸਕਦਾ ਹੈ!
20 ਸਵੇਰ ਤੋਂ ਸ਼ਾਮ ਤਕ ਉਹ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੇ ਹਨ
ਉਹ ਹਮੇਸ਼ਾ ਲਈ ਮਿਟ ਜਾਂਦੇ ਤੇ ਕੋਈ ਧਿਆਨ ਵੀ ਨਹੀਂ ਦਿੰਦਾ।
21 ਕੀ ਉਹ ਉਸ ਤੰਬੂ ਵਰਗੇ ਨਹੀਂ ਹਨ ਜਿਸ ਦੀ ਰੱਸੀ ਖੋਲ੍ਹ ਦਿੱਤੀ ਗਈ ਹੋਵੇ?
ਉਹ ਬੁੱਧ ਤੋਂ ਬਿਨਾਂ ਹੀ ਮਰ ਜਾਂਦੇ ਹਨ।