ਯਿਰਮਿਯਾਹ
39 ਯਹੂਦਾਹ ਦੇ ਰਾਜੇ ਸਿਦਕੀਯਾਹ ਦੇ ਰਾਜ ਦੇ ਨੌਵੇਂ ਸਾਲ ਦੇ ਦਸਵੇਂ ਮਹੀਨੇ ਵਿਚ ਬਾਬਲ ਦਾ ਰਾਜਾ ਨਬੂਕਦਨੱਸਰ* ਆਪਣੀ ਸਾਰੀ ਫ਼ੌਜ ਲੈ ਕੇ ਯਰੂਸ਼ਲਮ ਆਇਆ ਅਤੇ ਇਸ ਦੀ ਘੇਰਾਬੰਦੀ ਕੀਤੀ।+
2 ਸਿਦਕੀਯਾਹ ਦੇ ਰਾਜ ਦੇ 11ਵੇਂ ਸਾਲ ਦੇ ਚੌਥੇ ਮਹੀਨੇ ਦੀ 9 ਤਾਰੀਖ਼ ਨੂੰ ਉਨ੍ਹਾਂ ਨੇ ਸ਼ਹਿਰ ਦੀ ਕੰਧ ਵਿਚ ਪਾੜ ਪਾ ਦਿੱਤਾ।+ 3 ਅਤੇ ਬਾਬਲ ਦੇ ਰਾਜੇ ਦੇ ਸਾਰੇ ਹਾਕਮ ਯਰੂਸ਼ਲਮ ਵਿਚ ਦਾਖ਼ਲ ਹੋਏ ਅਤੇ ਉੱਥੇ ਉਹ “ਵਿਚਕਾਰਲੇ ਫਾਟਕ” ਕੋਲ ਬੈਠ ਗਏ।+ ਇਹ ਹਾਕਮ ਸਨ: ਨੇਰਗਲ-ਸ਼ਰਾਸਰ ਜੋ ਸਮਗਰ* ਸੀ, ਨਬੋ-ਸਰਸਕੀਮ ਜੋ ਰਬਸਾਰੀਸ ਸੀ,* ਨੇਰਗਲ-ਸ਼ਰਾਸਰ ਜੋ ਰਬਮਾਗ* ਸੀ ਅਤੇ ਬਾਬਲ ਦੇ ਰਾਜੇ ਦੇ ਬਾਕੀ ਸਾਰੇ ਹਾਕਮ।
4 ਜਦੋਂ ਯਹੂਦਾਹ ਦੇ ਰਾਜੇ ਸਿਦਕੀਯਾਹ ਅਤੇ ਸਾਰੇ ਫ਼ੌਜੀਆਂ ਨੇ ਉਨ੍ਹਾਂ ਨੂੰ ਦੇਖਿਆ, ਤਾਂ ਉਹ ਭੱਜ ਗਏ।+ ਉਹ ਰਾਤ ਨੂੰ ਰਾਜੇ ਦੇ ਬਾਗ਼ ਨੇੜੇ ਦੋ ਕੰਧਾਂ ਵਿਚਕਾਰ ਲੱਗੇ ਦਰਵਾਜ਼ੇ ਥਾਣੀਂ ਸ਼ਹਿਰ ਵਿੱਚੋਂ ਨਿਕਲ ਗਏ ਅਤੇ ਅਰਾਬਾਹ ਦੇ ਰਾਹ ਪੈ ਗਏ।+ 5 ਪਰ ਕਸਦੀ ਫ਼ੌਜ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੇ ਯਰੀਹੋ ਦੀ ਉਜਾੜ ਵਿਚ ਸਿਦਕੀਯਾਹ ਨੂੰ ਫੜ ਲਿਆ।+ ਉਹ ਉਸ ਨੂੰ ਹਮਾਥ ਦੇਸ਼+ ਦੇ ਰਿਬਲਾਹ ਸ਼ਹਿਰ+ ਵਿਚ ਬਾਬਲ ਦੇ ਰਾਜੇ ਨਬੂਕਦਨੱਸਰ* ਕੋਲ ਲੈ ਆਏ ਜਿੱਥੇ ਰਾਜੇ ਨੇ ਉਸ ਨੂੰ ਸਜ਼ਾ ਸੁਣਾਈ। 6 ਰਿਬਲਾਹ ਵਿਚ ਬਾਬਲ ਦੇ ਰਾਜੇ ਨੇ ਸਿਦਕੀਯਾਹ ਦੇ ਪੁੱਤਰਾਂ ਨੂੰ ਉਸ ਦੀਆਂ ਅੱਖਾਂ ਸਾਮ੍ਹਣੇ ਵਢਵਾ ਦਿੱਤਾ। ਨਾਲੇ ਬਾਬਲ ਦੇ ਰਾਜੇ ਨੇ ਯਹੂਦਾਹ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਵੀ ਵਢਵਾ ਦਿੱਤਾ।+ 7 ਫਿਰ ਉਸ ਨੇ ਸਿਦਕੀਯਾਹ ਨੂੰ ਅੰਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਹ ਉਸ ਨੂੰ ਤਾਂਬੇ ਦੀਆਂ ਬੇੜੀਆਂ ਨਾਲ ਜਕੜ ਕੇ ਬਾਬਲ ਲੈ ਗਿਆ।+
8 ਫਿਰ ਕਸਦੀਆਂ ਨੇ ਰਾਜੇ ਦਾ ਮਹਿਲ ਅਤੇ ਲੋਕਾਂ ਦੇ ਘਰ ਅੱਗ ਨਾਲ ਸਾੜ ਦਿੱਤੇ+ ਅਤੇ ਯਰੂਸ਼ਲਮ ਦੀਆਂ ਕੰਧਾਂ ਢਾਹ ਦਿੱਤੀਆਂ।+ 9 ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ+ ਸ਼ਹਿਰ ਵਿਚ ਬਚੇ ਲੋਕਾਂ ਅਤੇ ਕਸਦੀਆਂ ਨਾਲ ਰਲ਼ੇ ਲੋਕਾਂ ਅਤੇ ਹੋਰ ਲੋਕਾਂ ਨੂੰ ਬੰਦੀ ਬਣਾ ਕੇ ਬਾਬਲ ਲੈ ਗਿਆ।
10 ਪਰ ਪਹਿਰੇਦਾਰਾਂ ਦਾ ਮੁਖੀ ਨਬੂਜ਼ਰਦਾਨ ਯਹੂਦਾਹ ਵਿਚ ਕੁਝ ਸਭ ਤੋਂ ਗ਼ਰੀਬ ਲੋਕਾਂ ਨੂੰ ਛੱਡ ਗਿਆ ਜਿਨ੍ਹਾਂ ਕੋਲ ਕੁਝ ਵੀ ਨਹੀਂ ਸੀ। ਉਸ ਦਿਨ ਉਸ ਨੇ ਉਨ੍ਹਾਂ ਨੂੰ ਅੰਗੂਰਾਂ ਦੇ ਬਾਗ਼ਾਂ ਅਤੇ ਖੇਤਾਂ ਵਿਚ ਕੰਮ* ʼਤੇ ਲਾਇਆ।+
11 ਬਾਬਲ ਦੇ ਰਾਜੇ ਨਬੂਕਦਨੱਸਰ* ਨੇ ਪਹਿਰੇਦਾਰਾਂ ਦੇ ਮੁਖੀ ਨਬੂਜ਼ਰਦਾਨ ਨੂੰ ਯਿਰਮਿਯਾਹ ਬਾਰੇ ਇਹ ਹੁਕਮ ਦਿੱਤੇ: 12 “ਜਾ ਕੇ ਉਸ ਨੂੰ ਲੈ ਆ ਅਤੇ ਉਸ ਦੀ ਦੇਖ-ਭਾਲ ਕਰ; ਉਸ ਨਾਲ ਕੁਝ ਬੁਰਾ ਨਾ ਕਰੀਂ; ਉਹ ਤੇਰੇ ਤੋਂ ਜੋ ਮੰਗੇ, ਉਸ ਨੂੰ ਦੇ ਦੇਈਂ।”+
13 ਇਸ ਲਈ ਪਹਿਰੇਦਾਰਾਂ ਦੇ ਮੁਖੀ ਨਬੂਜ਼ਰਦਾਨ, ਨਬੂਸ਼ਾਜ਼ਬਾਨ ਜੋ ਰਬਸਾਰੀਸ* ਸੀ, ਨੇਰਗਲ-ਸ਼ਰਾਸਰ ਜੋ ਰਬਮਾਗ* ਸੀ ਅਤੇ ਬਾਬਲ ਦੇ ਰਾਜੇ ਦੇ ਹੋਰ ਉੱਚ ਅਧਿਕਾਰੀਆਂ ਨੇ ਆਦਮੀ ਘੱਲ ਕੇ 14 ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵਿਹੜੇ ਵਿੱਚੋਂ ਆਜ਼ਾਦ ਕੀਤਾ+ ਅਤੇ ਉਸ ਨੂੰ ਸ਼ਾਫਾਨ ਦੇ ਪੋਤੇ,+ ਅਹੀਕਾਮ ਦੇ ਪੁੱਤਰ+ ਗਦਲਯਾਹ+ ਦੇ ਹਵਾਲੇ ਕਰ ਦਿੱਤਾ ਤਾਂਕਿ ਉਹ ਉਸ ਨੂੰ ਆਪਣੇ ਘਰ ਲੈ ਜਾਵੇ। ਇਸ ਲਈ ਯਿਰਮਿਯਾਹ ਲੋਕਾਂ ਵਿਚ ਰਹਿਣ ਲੱਗ ਪਿਆ।
15 ਜਦੋਂ ਯਿਰਮਿਯਾਹ ਨੂੰ ਪਹਿਰੇਦਾਰਾਂ ਦੇ ਵਿਹੜੇ ਵਿਚ ਹਿਰਾਸਤ ਵਿਚ ਰੱਖਿਆ ਗਿਆ ਸੀ,+ ਤਾਂ ਉਸ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ ਸੀ: 16 “ਜਾਹ ਅਤੇ ਇਥੋਪੀਆਈ ਅਬਦ-ਮਲਕ+ ਨੂੰ ਦੱਸ, ‘ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਮੈਂ ਕਿਹਾ ਸੀ ਕਿ ਮੈਂ ਇਸ ਸ਼ਹਿਰ ਦਾ ਭਲਾ ਨਹੀਂ ਕਰਾਂਗਾ, ਸਗੋਂ ਇਸ ਉੱਤੇ ਬਿਪਤਾ ਲਿਆਵਾਂਗਾ। ਮੈਂ ਆਪਣੀ ਗੱਲ ਪੂਰੀ ਕਰਨ ਜਾ ਰਿਹਾ ਹਾਂ ਅਤੇ ਤੂੰ ਉਸ ਦਿਨ ਇਹ ਗੱਲ ਪੂਰੀ ਹੁੰਦੀ ਦੇਖੇਂਗਾ।”’
17 “‘ਪਰ ਮੈਂ ਤੈਨੂੰ ਉਸ ਦਿਨ ਬਚਾਵਾਂਗਾ ਅਤੇ ਉਨ੍ਹਾਂ ਆਦਮੀਆਂ ਦੇ ਹਵਾਲੇ ਨਹੀਂ ਕਰਾਂਗਾ ਜਿਨ੍ਹਾਂ ਤੋਂ ਤੂੰ ਡਰਦਾ ਹੈਂ,’ ਯਹੋਵਾਹ ਕਹਿੰਦਾ ਹੈ।
18 “‘ਮੈਂ ਜ਼ਰੂਰ ਤੇਰੀ ਰੱਖਿਆ ਕਰਾਂਗਾ ਅਤੇ ਤੂੰ ਤਲਵਾਰ ਨਾਲ ਨਹੀਂ ਮਰੇਂਗਾ। ਤੇਰੀ ਜਾਨ ਸਲਾਮਤ ਰਹੇਗੀ*+ ਕਿਉਂਕਿ ਤੂੰ ਮੇਰੇ ʼਤੇ ਭਰੋਸਾ ਕੀਤਾ ਹੈ,’+ ਯਹੋਵਾਹ ਕਹਿੰਦਾ ਹੈ।”