ਯਿਰਮਿਯਾਹ
11 ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਹੇ ਲੋਕੋ, ਤੁਸੀਂ ਇਸ ਇਕਰਾਰ ਦੀਆਂ ਗੱਲਾਂ ਸੁਣੋ!
“ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਵਾਸੀਆਂ ਨਾਲ ਗੱਲ ਕਰ* 3 ਅਤੇ ਉਨ੍ਹਾਂ ਨੂੰ ਕਹਿ, ‘ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਕਹਿੰਦਾ ਹੈ: “ਸਰਾਪੀ ਹੈ ਉਹ ਇਨਸਾਨ ਜਿਹੜਾ ਇਸ ਇਕਰਾਰ ਦੀਆਂ ਗੱਲਾਂ ਦੀ ਪਾਲਣਾ ਨਹੀਂ ਕਰਦਾ।+ 4 ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਇਸ ਇਕਰਾਰ ਦੀ ਪਾਲਣਾ ਕਰਨ ਦਾ ਹੁਕਮ ਉਸ ਦਿਨ ਦਿੱਤਾ ਸੀ ਜਿਸ ਦਿਨ ਮੈਂ ਉਨ੍ਹਾਂ ਨੂੰ ਬਲ਼ਦੀ ਹੋਈ ਭੱਠੀ ਯਾਨੀ ਮਿਸਰ ਵਿੱਚੋਂ ਕੱਢ ਲਿਆਇਆ ਸੀ+ ਅਤੇ ਉਨ੍ਹਾਂ ਨੂੰ ਕਿਹਾ ਸੀ: ‘ਤੁਸੀਂ ਮੇਰਾ ਕਹਿਣਾ ਮੰਨੋ ਅਤੇ ਉਹ ਸਾਰੇ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਤੁਸੀਂ ਮੇਰੇ ਲੋਕ ਹੋਵੋਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।+ 5 ਇਸ ਤਰ੍ਹਾਂ ਮੈਂ ਤੁਹਾਡੇ ਪਿਉ-ਦਾਦਿਆਂ ਨਾਲ ਖਾਧੀ ਸਹੁੰ ਪੂਰੀ ਕਰਾਂਗਾ ਕਿ ਮੈਂ ਉਨ੍ਹਾਂ ਨੂੰ ਉਹ ਦੇਸ਼ ਦਿਆਂਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹਨ,+ ਜਿਵੇਂ ਤੁਸੀਂ ਅੱਜ ਇੱਥੇ ਰਹਿ ਰਹੇ ਹੋ।’”’”
ਮੈਂ ਜਵਾਬ ਦਿੱਤਾ: “ਹੇ ਯਹੋਵਾਹ, ਆਮੀਨ।”*
6 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿਚ ਇਨ੍ਹਾਂ ਸਾਰੀਆਂ ਗੱਲਾਂ ਦਾ ਐਲਾਨ ਕਰ: ‘ਇਸ ਇਕਰਾਰ ਦੀਆਂ ਗੱਲਾਂ ਸੁਣੋ ਅਤੇ ਇਨ੍ਹਾਂ ਦੀ ਪਾਲਣਾ ਕਰੋ। 7 ਜਿਸ ਦਿਨ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਸੀ, ਉਸ ਦਿਨ ਤੋਂ ਲੈ ਕੇ ਹੁਣ ਤਕ ਮੈਂ ਉਨ੍ਹਾਂ ਨੂੰ ਵਾਰ-ਵਾਰ* ਇਹ ਸਮਝਾਉਂਦਾ ਆਇਆ ਹਾਂ: “ਮੇਰਾ ਕਹਿਣਾ ਮੰਨੋ।”+ 8 ਪਰ ਉਨ੍ਹਾਂ ਨੇ ਮੇਰੀ ਇਕ ਨਹੀਂ ਸੁਣੀ ਅਤੇ ਨਾ ਹੀ ਮੇਰੀ ਗੱਲ ਵੱਲ ਕੰਨ ਲਾਇਆ, ਸਗੋਂ ਹਰ ਕੋਈ ਢੀਠ ਹੋ ਕੇ ਆਪਣੇ ਦਿਲ ਦੀ ਦੁਸ਼ਟ ਇੱਛਾ ਅਨੁਸਾਰ ਚੱਲਦਾ ਰਿਹਾ।+ ਇਸ ਕਰਕੇ ਮੈਂ ਉਨ੍ਹਾਂ ਨੂੰ ਇਸ ਇਕਰਾਰ ਵਿਚ ਲਿਖੀਆਂ ਗੱਲਾਂ ਅਨੁਸਾਰ ਸਜ਼ਾ ਦਿੱਤੀ। ਮੈਂ ਉਨ੍ਹਾਂ ਨੂੰ ਇਸ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਸੀ, ਪਰ ਉਨ੍ਹਾਂ ਨੇ ਇਸ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ।’”
9 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਯਹੂਦਾਹ ਦੇ ਲੋਕਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਮੇਰੇ ਖ਼ਿਲਾਫ਼ ਸਾਜ਼ਸ਼ ਘੜੀ ਹੈ। 10 ਇਹ ਲੋਕ ਵੀ ਉਹੀ ਗ਼ਲਤੀਆਂ ਕਰਦੇ ਹਨ ਜੋ ਇਨ੍ਹਾਂ ਦੇ ਪਿਉ-ਦਾਦੇ ਸ਼ੁਰੂ ਤੋਂ ਕਰਦੇ ਆਏ ਹਨ ਜਿਨ੍ਹਾਂ ਨੇ ਮੇਰਾ ਕਹਿਣਾ ਮੰਨਣ ਤੋਂ ਇਨਕਾਰ ਕੀਤਾ ਸੀ।+ ਇਨ੍ਹਾਂ ਲੋਕਾਂ ਨੇ ਵੀ ਦੂਜੇ ਦੇਵਤਿਆਂ ਦੇ ਪਿੱਛੇ ਲੱਗ ਕੇ ਉਨ੍ਹਾਂ ਦੀ ਭਗਤੀ ਕੀਤੀ ਹੈ।+ ਇਜ਼ਰਾਈਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਨੇ ਮੇਰੇ ਇਕਰਾਰ ਨੂੰ ਤੋੜਿਆ ਹੈ ਜੋ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਕੀਤਾ ਸੀ।+ 11 ਇਸ ਲਈ ਯਹੋਵਾਹ ਕਹਿੰਦਾ ਹੈ: ‘ਮੈਂ ਉਨ੍ਹਾਂ ʼਤੇ ਬਿਪਤਾ ਲਿਆ ਰਿਹਾ ਹਾਂ+ ਜਿਸ ਤੋਂ ਉਹ ਬਚ ਨਹੀਂ ਸਕਣਗੇ। ਜਦ ਉਹ ਮੈਨੂੰ ਮਦਦ ਲਈ ਪੁਕਾਰਨਗੇ, ਤਾਂ ਮੈਂ ਉਨ੍ਹਾਂ ਦੀ ਨਹੀਂ ਸੁਣਾਂਗਾ।+ 12 ਫਿਰ ਯਹੂਦਾਹ ਦੇ ਸ਼ਹਿਰ ਅਤੇ ਯਰੂਸ਼ਲਮ ਦੇ ਵਾਸੀ ਉਨ੍ਹਾਂ ਦੇਵਤਿਆਂ ਕੋਲ ਜਾਣਗੇ ਜਿਨ੍ਹਾਂ ਨੂੰ ਉਹ ਬਲ਼ੀਆਂ ਚੜ੍ਹਾਉਂਦੇ ਹਨ। ਉਹ ਉਨ੍ਹਾਂ ਅੱਗੇ ਮਦਦ ਲਈ ਦੁਹਾਈ ਦੇਣਗੇ,+ ਪਰ ਉਹ ਦੇਵਤੇ ਉਨ੍ਹਾਂ ਨੂੰ ਕਿਸੇ ਵੀ ਹਾਲ ਵਿਚ ਬਿਪਤਾ ਤੋਂ ਬਚਾ ਨਹੀਂ ਸਕਣਗੇ। 13 ਹੇ ਯਹੂਦਾਹ, ਜਿੰਨੇ ਤੇਰੇ ਸ਼ਹਿਰ ਉੱਨੇ ਤੇਰੇ ਦੇਵਤੇ। ਤੂੰ ਇਸ ਸ਼ਰਮਨਾਕ ਚੀਜ਼* ਯਾਨੀ ਬਆਲ ਅੱਗੇ ਬਲ਼ੀਆਂ ਚੜ੍ਹਾਉਣ ਲਈ ਇੰਨੀਆਂ ਵੇਦੀਆਂ ਬਣਾਈਆਂ ਹਨ ਜਿੰਨੀਆਂ ਯਰੂਸ਼ਲਮ ਵਿਚ ਗਲੀਆਂ ਹਨ।’+
14 “ਤੂੰ* ਇਨ੍ਹਾਂ ਲੋਕਾਂ ਲਈ ਪ੍ਰਾਰਥਨਾ ਨਾ ਕਰ। ਤੂੰ ਇਨ੍ਹਾਂ ਦੀ ਖ਼ਾਤਰ ਫ਼ਰਿਆਦ ਜਾਂ ਪ੍ਰਾਰਥਨਾ ਨਾ ਕਰ+ ਕਿਉਂਕਿ ਬਿਪਤਾ ਦੇ ਵੇਲੇ ਜਦ ਉਹ ਮੈਨੂੰ ਪੁਕਾਰਨਗੇ, ਤਾਂ ਮੈਂ ਉਨ੍ਹਾਂ ਦੀ ਨਹੀਂ ਸੁਣਾਂਗਾ।
15 ਮੇਰੇ ਪਿਆਰੇ ਲੋਕਾਂ ਨੂੰ ਮੇਰੇ ਘਰ ਵਿਚ ਆਉਣ ਦਾ ਕੀ ਹੱਕ ਹੈ
ਜਦ ਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਸਾਜ਼ਸ਼ਾਂ ਨੂੰ ਅੰਜਾਮ ਦਿੰਦੇ ਹਨ?
ਕੀ ਬਲ਼ੀਆਂ ਦੇ ਪਵਿੱਤਰ ਮਾਸ* ਨਾਲ ਉਹ ਉਸ ਬਿਪਤਾ ਨੂੰ ਟਾਲ਼ ਸਕਣਗੇ ਜੋ ਤੇਰੇ ਉੱਤੇ ਆਵੇਗੀ?
ਕੀ ਤੂੰ* ਉਸ ਵੇਲੇ ਖ਼ੁਸ਼ੀਆਂ ਮਨਾਵੇਂਗਾ?
16 ਇਕ ਸਮੇਂ ਤੇ ਯਹੋਵਾਹ ਨੇ ਤੈਨੂੰ ਜ਼ੈਤੂਨ ਦਾ ਦਰਖ਼ਤ ਕਿਹਾ ਸੀ
ਜੋ ਸੋਹਣਾ, ਹਰਿਆ-ਭਰਿਆ ਅਤੇ ਵਧੀਆ-ਵਧੀਆ ਫਲਾਂ ਨਾਲ ਲੱਦਿਆ ਹੋਇਆ ਸੀ।
ਪਰ ਇਕ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ ਅਤੇ ਪਰਮੇਸ਼ੁਰ ਨੇ ਇਸ ਦਰਖ਼ਤ ਨੂੰ ਅੱਗ ਲਾ ਦਿੱਤੀ
ਅਤੇ ਉਨ੍ਹਾਂ ਨੇ ਇਸ ਦੀਆਂ ਟਾਹਣੀਆਂ ਤੋੜ ਦਿੱਤੀਆਂ।
17 “ਸੈਨਾਵਾਂ ਦਾ ਯਹੋਵਾਹ, ਜਿਸ ਨੇ ਤੈਨੂੰ ਲਾਇਆ ਸੀ,+ ਨੇ ਐਲਾਨ ਕੀਤਾ ਹੈ ਕਿ ਤੇਰੇ ਉੱਤੇ ਬਿਪਤਾ ਟੁੱਟ ਪਵੇਗੀ ਕਿਉਂਕਿ ਇਜ਼ਰਾਈਲ ਦੇ ਘਰਾਣੇ ਤੇ ਯਹੂਦਾਹ ਦੇ ਘਰਾਣੇ ਨੇ ਬੁਰੇ ਕੰਮ ਕੀਤੇ ਹਨ ਅਤੇ ਬਆਲ ਦੇਵਤੇ ਨੂੰ ਬਲ਼ੀਆਂ ਚੜ੍ਹਾ ਕੇ ਮੇਰਾ ਗੁੱਸਾ ਭੜਕਾਇਆ ਹੈ।”+
18 ਹੇ ਯਹੋਵਾਹ, ਤੂੰ ਮੈਨੂੰ ਦੱਸਿਆ ਜਿਸ ਕਰਕੇ ਮੈਨੂੰ ਪਤਾ ਲੱਗਾ;
ਤੂੰ ਉਸ ਵੇਲੇ ਮੈਨੂੰ ਉਨ੍ਹਾਂ ਦੇ ਕੰਮ ਦਿਖਾਏ।
19 ਮੈਂ ਇਕ ਸ਼ਾਂਤ ਲੇਲੇ ਵਾਂਗ ਸੀ ਜਿਸ ਨੂੰ ਵੱਢਣ ਲਈ ਲਿਆਂਦਾ ਜਾ ਰਿਹਾ ਸੀ।
ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਖ਼ਿਲਾਫ਼ ਸਾਜ਼ਸ਼ਾਂ ਘੜ ਰਹੇ ਸਨ:+
“ਆਓ ਆਪਾਂ ਦਰਖ਼ਤ ਨੂੰ ਫਲਾਂ ਸਣੇ ਨਾਸ਼ ਕਰ ਦੇਈਏ,
ਆਓ ਆਪਾਂ ਉਸ ਨੂੰ ਜੀਉਂਦਿਆਂ ਦੇ ਦੇਸ਼ ਵਿੱਚੋਂ ਮਿਟਾ ਦੇਈਏ
ਤਾਂਕਿ ਉਸ ਦਾ ਨਾਂ ਦੁਬਾਰਾ ਕਦੇ ਯਾਦ ਨਾ ਕੀਤਾ ਜਾਵੇ।”
20 ਸੈਨਾਵਾਂ ਦਾ ਯਹੋਵਾਹ ਆਪਣੇ ਧਰਮੀ ਅਸੂਲਾਂ ਮੁਤਾਬਕ ਨਿਆਂ ਕਰਦਾ ਹੈ;
ਹੇ ਪਰਮੇਸ਼ੁਰ, ਜਦ ਤੂੰ ਉਨ੍ਹਾਂ ਤੋਂ ਬਦਲਾ ਲਵੇਂਗਾ, ਤਾਂ ਮੈਨੂੰ ਦੇਖਣ ਦਾ ਮੌਕਾ ਦੇਈਂ
ਕਿਉਂਕਿ ਮੈਂ ਆਪਣਾ ਮੁਕੱਦਮਾ ਤੈਨੂੰ ਸੌਂਪ ਦਿੱਤਾ ਹੈ।
21 ਇਸ ਲਈ ਜਿਹੜੇ ਅਨਾਥੋਥ+ ਦੇ ਆਦਮੀ ਮੇਰੇ ਖ਼ੂਨ ਦੇ ਪਿਆਸੇ ਹਨ ਅਤੇ ਇਹ ਕਹਿੰਦੇ ਹਨ: “ਤੂੰ ਯਹੋਵਾਹ ਦੇ ਨਾਂ ʼਤੇ ਭਵਿੱਖਬਾਣੀ ਨਾ ਕਰ,+ ਨਹੀਂ ਤਾਂ ਤੂੰ ਸਾਡੇ ਹੱਥੋਂ ਮਾਰਿਆ ਜਾਵੇਂਗਾ,” ਉਨ੍ਹਾਂ ਖ਼ਿਲਾਫ਼ ਮੈਨੂੰ ਯਹੋਵਾਹ ਦਾ ਸੰਦੇਸ਼ ਮਿਲਿਆ ਹੈ। 22 ਉਨ੍ਹਾਂ ਬਾਰੇ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ: “ਮੈਂ ਉਨ੍ਹਾਂ ਲੋਕਾਂ ਤੋਂ ਲੇਖਾ ਲੈਣ ਵਾਲਾ ਹਾਂ। ਉਨ੍ਹਾਂ ਦੇ ਜਵਾਨ ਤਲਵਾਰ ਨਾਲ ਮਾਰੇ ਜਾਣਗੇ+ ਅਤੇ ਉਨ੍ਹਾਂ ਦੇ ਧੀਆਂ-ਪੁੱਤਰ ਕਾਲ਼ ਨਾਲ ਮਰਨਗੇ।+ 23 ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਬਚੇਗਾ ਕਿਉਂਕਿ ਮੈਂ ਜਿਸ ਸਾਲ ਅਨਾਥੋਥ+ ਦੇ ਲੋਕਾਂ ਤੋਂ ਲੇਖਾ ਲਵਾਂਗਾ, ਮੈਂ ਉਸ ਸਾਲ ਉਨ੍ਹਾਂ ʼਤੇ ਬਿਪਤਾ ਲਿਆਵਾਂਗਾ।”