ਕੁਰਿੰਥੀਆਂ ਨੂੰ ਪਹਿਲੀ ਚਿੱਠੀ
1 ਮੈਂ ਪੌਲੁਸ ਜਿਸ ਨੂੰ ਪਰਮੇਸ਼ੁਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਬਣਨ ਲਈ ਸੱਦਿਆ ਗਿਆ ਹੈ,+ ਸਾਡੇ ਭਰਾ ਸੋਸਥਨੇਸ ਨਾਲ ਮਿਲ ਕੇ 2 ਕੁਰਿੰਥੁਸ ਵਿਚ ਪਰਮੇਸ਼ੁਰ ਦੀ ਮੰਡਲੀ+ ਨੂੰ ਯਾਨੀ ਤੁਹਾਨੂੰ ਚਿੱਠੀ ਲਿਖ ਰਿਹਾ ਹਾਂ। ਤੁਹਾਨੂੰ ਮਸੀਹ ਯਿਸੂ ਦੇ ਚੇਲਿਆਂ ਦੇ ਤੌਰ ਤੇ ਪਵਿੱਤਰ ਕੀਤਾ ਗਿਆ ਹੈ+ ਅਤੇ ਪਵਿੱਤਰ ਸੇਵਕ ਬਣਨ ਲਈ ਸੱਦਿਆ ਗਿਆ ਹੈ। ਨਾਲੇ ਮੈਂ ਉਨ੍ਹਾਂ ਸਾਰਿਆਂ ਨੂੰ ਵੀ ਇਹ ਚਿੱਠੀ ਲਿਖ ਰਿਹਾ ਹਾਂ ਜਿਹੜੇ ਹਰ ਜਗ੍ਹਾ ਸਾਡੇ ਸਾਰਿਆਂ ਦੇ ਪ੍ਰਭੂ ਯਿਸੂ ਮਸੀਹ ਦਾ ਨਾਂ ਲੈਂਦੇ ਹਨ:+
3 ਸਾਡਾ ਪਿਤਾ ਪਰਮੇਸ਼ੁਰ ਅਤੇ ਪ੍ਰਭੂ ਯਿਸੂ ਮਸੀਹ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ਣ।
4 ਮੈਂ ਹਮੇਸ਼ਾ ਤੁਹਾਡੇ ਲਈ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਉਸ ਨੇ ਮਸੀਹ ਯਿਸੂ ਦੇ ਰਾਹੀਂ ਤੁਹਾਡੇ ਉੱਤੇ ਅਪਾਰ ਕਿਰਪਾ ਕੀਤੀ ਹੈ 5 ਕਿਉਂਕਿ ਮਸੀਹ ਨਾਲ ਏਕਤਾ ਵਿਚ ਬੱਝੇ ਹੋਣ ਕਰਕੇ ਤੁਹਾਨੂੰ ਸਭ ਕੁਝ ਦਿੱਤਾ ਗਿਆ ਹੈ ਯਾਨੀ ਤੁਹਾਨੂੰ ਪਰਮੇਸ਼ੁਰ ਦੇ ਬਚਨ ਦਾ ਐਲਾਨ ਕਰਨ ਦੀ ਪੂਰੀ ਕਾਬਲੀਅਤ ਬਖ਼ਸ਼ੀ ਗਈ ਹੈ ਅਤੇ ਉਸ ਦੇ ਬਚਨ ਦਾ ਪੂਰਾ ਗਿਆਨ ਦਿੱਤਾ ਗਿਆ ਹੈ,+ 6 ਠੀਕ ਜਿਵੇਂ ਮਸੀਹ ਬਾਰੇ ਗਵਾਹੀ+ ਸੁਣ ਕੇ ਤੁਸੀਂ ਮਜ਼ਬੂਤ ਹੋਏ ਹੋ 7 ਜਿਸ ਕਰਕੇ ਤੁਹਾਡੇ ਕੋਲ ਕਿਸੇ ਵੀ ਵਰਦਾਨ ਦੀ ਘਾਟ ਨਹੀਂ ਹੈ ਅਤੇ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪ੍ਰਗਟ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹੋ।+ 8 ਨਾਲੇ ਪਰਮੇਸ਼ੁਰ ਅੰਤ ਤਕ ਤੁਹਾਨੂੰ ਮਜ਼ਬੂਤ ਕਰਦਾ ਰਹੇਗਾ ਤਾਂਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ ਕੋਈ ਵੀ ਤੁਹਾਡੇ ਉੱਤੇ ਕਿਸੇ ਕਾਰਨ ਦੋਸ਼ ਨਾ ਲਾ ਸਕੇ।+ 9 ਪਰਮੇਸ਼ੁਰ ਵਫ਼ਾਦਾਰ ਹੈ+ ਜਿਸ ਨੇ ਤੁਹਾਨੂੰ ਆਪਣੇ ਪੁੱਤਰ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਨਾਲ ਹਿੱਸੇਦਾਰ ਬਣਨ ਲਈ ਸੱਦਿਆ ਹੈ।
10 ਭਰਾਵੋ, ਮੈਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਂ ʼਤੇ ਤੁਹਾਨੂੰ ਸਾਰਿਆਂ ਨੂੰ ਤਾਕੀਦ ਕਰਦਾ ਹਾਂ ਕਿ ਤੁਸੀਂ ਸਾਰੇ ਆਪਸ ਵਿਚ ਸਹਿਮਤ ਹੋਵੋ ਅਤੇ ਤੁਹਾਡੇ ਵਿਚ ਫੁੱਟ ਨਾ ਪਈ ਹੋਵੇ,+ ਸਗੋਂ ਤੁਸੀਂ ਪੂਰੀ ਤਰ੍ਹਾਂ ਇਕ ਮਨ ਹੋਵੋ ਅਤੇ ਇੱਕੋ ਜਿਹੀ ਸੋਚ ਰੱਖੋ+ 11 ਕਿਉਂਕਿ ਮੇਰੇ ਭਰਾਵੋ, ਕਲੋਏ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੇ ਮੈਨੂੰ ਤੁਹਾਡੇ ਬਾਰੇ ਦੱਸਿਆ ਹੈ ਕਿ ਤੁਹਾਡੇ ਵਿਚ ਝਗੜੇ ਹੁੰਦੇ ਹਨ। 12 ਮੇਰੇ ਕਹਿਣ ਦਾ ਮਤਲਬ ਹੈ ਕਿ ਤੁਹਾਡੇ ਵਿੱਚੋਂ ਕੋਈ ਕਹਿੰਦਾ ਹੈ, “ਮੈਂ ਪੌਲੁਸ ਦਾ ਚੇਲਾ ਹਾਂ,” ਕੋਈ ਕਹਿੰਦਾ ਹੈ, “ਮੈਂ ਤਾਂ ਅਪੁੱਲੋਸ ਦਾ ਚੇਲਾ ਹਾਂ,”+ ਕੋਈ ਹੋਰ ਕਹਿੰਦਾ ਹੈ, “ਮੈਂ ਤਾਂ ਕੇਫ਼ਾਸ* ਦਾ ਚੇਲਾ ਹਾਂ,” ਤੇ ਕੋਈ ਹੋਰ ਕਹਿੰਦਾ ਹੈ, “ਮੈਂ ਮਸੀਹ ਦਾ ਚੇਲਾ ਹਾਂ।” 13 ਤੁਸੀਂ ਤਾਂ ਮਸੀਹ ਦੀਆਂ ਵੰਡੀਆਂ ਪਾ ਲਈਆਂ ਹਨ। ਕੀ ਪੌਲੁਸ ਨੂੰ ਤੁਹਾਡੀ ਖ਼ਾਤਰ ਸੂਲ਼ੀ ʼਤੇ ਟੰਗਿਆ ਗਿਆ ਸੀ? ਜਾਂ ਕੀ ਤੁਸੀਂ ਪੌਲੁਸ ਦੇ ਨਾਂ ʼਤੇ ਬਪਤਿਸਮਾ ਲਿਆ ਸੀ? 14 ਮੈਂ ਪਰਮੇਸ਼ੁਰ ਦਾ ਸ਼ੁਕਰ ਕਰਦਾ ਹਾਂ ਕਿ ਮੈਂ ਕਰਿਸਪੁਸ+ ਤੇ ਗਾਉਸ+ ਨੂੰ ਛੱਡ ਤੁਹਾਡੇ ਵਿੱਚੋਂ ਕਿਸੇ ਨੂੰ ਬਪਤਿਸਮਾ ਨਹੀਂ ਦਿੱਤਾ 15 ਤਾਂਕਿ ਤੁਹਾਡੇ ਵਿੱਚੋਂ ਕੋਈ ਇਹ ਨਾ ਕਹੇ ਕਿ ਤੁਸੀਂ ਮੇਰੇ ਨਾਂ ʼਤੇ ਬਪਤਿਸਮਾ ਲਿਆ ਸੀ। 16 ਹਾਂ, ਮੈਨੂੰ ਇੰਨਾ ਪਤਾ ਹੈ ਕਿ ਮੈਂ ਸਤਫ਼ਨਾਸ ਦੇ ਪਰਿਵਾਰ+ ਨੂੰ ਬਪਤਿਸਮਾ ਦਿੱਤਾ ਸੀ। ਬਾਕੀਆਂ ਦੇ ਬਾਰੇ ਤਾਂ ਮੈਨੂੰ ਯਾਦ ਨਹੀਂ ਕਿ ਮੈਂ ਕਿਸੇ ਹੋਰ ਨੂੰ ਬਪਤਿਸਮਾ ਦਿੱਤਾ ਹੋਵੇ। 17 ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ, ਸਗੋਂ ਖ਼ੁਸ਼ ਖ਼ਬਰੀ ਸੁਣਾਉਣ ਲਈ ਘੱਲਿਆ ਹੈ।+ ਮੈਂ ਵਿਦਵਾਨਾਂ* ਦੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਨਹੀਂ ਸੁਣਾਉਂਦਾ ਕਿਉਂਕਿ ਜੇ ਮੈਂ ਇਸ ਤਰ੍ਹਾਂ ਕਰਾਂਗਾ, ਤਾਂ ਤਸੀਹੇ ਦੀ ਸੂਲ਼ੀ* ਉੱਤੇ ਮਸੀਹ ਦਾ ਮਰਨਾ ਵਿਅਰਥ ਸਾਬਤ ਹੋਵੇਗਾ।
18 ਜਿਹੜੇ ਲੋਕ ਵਿਨਾਸ਼ ਦੇ ਰਾਹ ਉੱਤੇ ਚੱਲ ਰਹੇ ਹਨ, ਉਨ੍ਹਾਂ ਲਈ ਤਸੀਹੇ ਦੀ ਸੂਲ਼ੀ* ਦਾ ਸੰਦੇਸ਼ ਮੂਰਖਤਾ ਹੈ,+ ਪਰ ਜਿਹੜੇ ਬਚਾਏ ਜਾ ਰਹੇ ਹਨ ਯਾਨੀ ਸਾਡੇ ਲਈ ਇਹ ਪਰਮੇਸ਼ੁਰ ਦੀ ਤਾਕਤ ਦਾ ਸਬੂਤ ਹੈ।+ 19 ਕਿਉਂਕਿ ਧਰਮ-ਗ੍ਰੰਥ ਵਿਚ ਲਿਖਿਆ ਹੈ: “ਮੈਂ ਬੁੱਧੀਮਾਨਾਂ ਦੀ ਬੁੱਧ ਨੂੰ ਮਿਟਾ ਦਿਆਂਗਾ ਅਤੇ ਗਿਆਨਵਾਨਾਂ ਦੇ ਗਿਆਨ ਨੂੰ ਠੁਕਰਾ ਦਿਆਂਗਾ।”+ 20 ਕਿੱਥੇ ਹਨ ਇਸ ਦੁਨੀਆਂ* ਦੇ ਬੁੱਧੀਮਾਨ? ਕਿੱਥੇ ਹਨ ਗ੍ਰੰਥੀ?* ਕਿੱਥੇ ਹਨ ਬਹਿਸ ਕਰਨ ਵਾਲੇ? ਕੀ ਪਰਮੇਸ਼ੁਰ ਨੇ ਦੁਨੀਆਂ ਦੀ ਬੁੱਧ ਨੂੰ ਮੂਰਖਤਾ ਸਾਬਤ ਨਹੀਂ ਕੀਤਾ? 21 ਭਾਵੇਂ ਦੁਨੀਆਂ ਨੇ ਆਪਣੀ ਬੁੱਧ ਉੱਤੇ ਭਰੋਸਾ ਰੱਖ ਕੇ ਪਰਮੇਸ਼ੁਰ ਨੂੰ ਨਹੀਂ ਜਾਣਿਆ,+ ਪਰ ਪਰਮੇਸ਼ੁਰ ਨੂੰ ਆਪਣੀ ਬੁੱਧ ਦੇ ਮੁਤਾਬਕ+ ਇਹ ਗੱਲ ਚੰਗੀ ਲੱਗੀ ਕਿ ਉਹ ਉਸ ਸੰਦੇਸ਼ ਦੇ ਪ੍ਰਚਾਰ ਰਾਹੀਂ ਨਿਹਚਾ ਕਰਨ ਵਾਲੇ ਲੋਕਾਂ ਨੂੰ ਬਚਾਵੇ ਜੋ ਦੂਸਰਿਆਂ ਦੀਆਂ ਨਜ਼ਰਾਂ ਵਿਚ ਮੂਰਖਤਾ ਹੈ।+
22 ਯਹੂਦੀ ਲੋਕ ਨਿਸ਼ਾਨੀਆਂ ਦੇਖਣੀਆਂ ਚਾਹੁੰਦੇ ਹਨ+ ਅਤੇ ਯੂਨਾਨੀ ਲੋਕ* ਬੁੱਧ ਦੀ ਭਾਲ ਵਿਚ ਹਨ, 23 ਪਰ ਅਸੀਂ ਮਸੀਹ ਦੇ ਸੂਲ਼ੀ ʼਤੇ ਟੰਗੇ ਜਾਣ ਦਾ ਪ੍ਰਚਾਰ ਕਰਦੇ ਹਾਂ। ਮਸੀਹ ਦਾ ਸੂਲ਼ੀ ʼਤੇ ਟੰਗਿਆ ਜਾਣਾ ਯਹੂਦੀਆਂ ਲਈ ਠੋਕਰ ਦਾ ਕਾਰਨ ਹੈ ਅਤੇ ਹੋਰ ਕੌਮਾਂ ਦੇ ਲੋਕਾਂ ਲਈ ਮੂਰਖਤਾ ਹੈ।+ 24 ਪਰ ਜਿਹੜੇ ਵੀ ਯਹੂਦੀ ਅਤੇ ਯੂਨਾਨੀ ਸੱਦੇ ਗਏ ਹਨ, ਉਨ੍ਹਾਂ ਲਈ ਮਸੀਹ ਪਰਮੇਸ਼ੁਰ ਦੀ ਤਾਕਤ ਅਤੇ ਪਰਮੇਸ਼ੁਰ ਦੀ ਬੁੱਧ ਹੈ।+ 25 ਪਰਮੇਸ਼ੁਰ ਦੀ ਜਿਸ ਚੀਜ਼ ਨੂੰ ਮੂਰਖ ਸਮਝਿਆ ਜਾਂਦਾ ਹੈ, ਉਹ ਇਨਸਾਨਾਂ ਨਾਲੋਂ ਜ਼ਿਆਦਾ ਬੁੱਧੀਮਾਨ ਹੈ ਅਤੇ ਪਰਮੇਸ਼ੁਰ ਦੀ ਜਿਸ ਚੀਜ਼ ਨੂੰ ਕਮਜ਼ੋਰ ਸਮਝਿਆ ਜਾਂਦਾ ਹੈ, ਉਹ ਇਨਸਾਨਾਂ ਨਾਲੋਂ ਜ਼ਿਆਦਾ ਤਾਕਤਵਰ ਹੈ।+
26 ਭਰਾਵੋ, ਤੁਸੀਂ ਆਪਣੇ ਹੀ ਮਾਮਲੇ ਵਿਚ ਦੇਖ ਸਕਦੇ ਹੋ ਕਿ ਪਰਮੇਸ਼ੁਰ ਨੇ ਜਿਨ੍ਹਾਂ ਨੂੰ ਸੱਦਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾ ਜਣੇ ਇਨਸਾਨਾਂ ਦੀਆਂ ਨਜ਼ਰਾਂ ਵਿਚ ਬੁੱਧੀਮਾਨ ਅਤੇ ਤਾਕਤਵਰ ਨਹੀਂ ਹਨ+ ਜਾਂ ਉਨ੍ਹਾਂ ਵਿੱਚੋਂ ਜ਼ਿਆਦਾ ਜਣਿਆਂ ਦਾ ਜਨਮ ਉੱਚੇ ਖ਼ਾਨਦਾਨਾਂ ਵਿਚ ਨਹੀਂ ਹੋਇਆ ਹੈ।+ 27 ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣਿਆ ਹੈ ਜਿਨ੍ਹਾਂ ਨੂੰ ਦੁਨੀਆਂ ਮੂਰਖ ਸਮਝਦੀ ਹੈ ਤਾਂਕਿ ਉਹ ਬੁੱਧੀਮਾਨਾਂ ਨੂੰ ਸ਼ਰਮਿੰਦਾ ਕਰੇ। ਨਾਲੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣਿਆ ਹੈ ਜਿਨ੍ਹਾਂ ਨੂੰ ਦੁਨੀਆਂ ਕਮਜ਼ੋਰ ਸਮਝਦੀ ਹੈ ਤਾਂਕਿ ਉਹ ਤਾਕਤਵਰ ਲੋਕਾਂ ਨੂੰ ਸ਼ਰਮਿੰਦਾ ਕਰੇ।+ 28 ਪਰਮੇਸ਼ੁਰ ਨੇ ਉਨ੍ਹਾਂ ਨੂੰ ਚੁਣਿਆ ਹੈ ਜਿਨ੍ਹਾਂ ਨੂੰ ਦੁਨੀਆਂ ਮਾਮੂਲੀ ਤੇ ਤੁੱਛ ਸਮਝਦੀ ਹੈ ਅਤੇ ਜਿਨ੍ਹਾਂ ਨੂੰ ਐਵੇਂ ਸਮਝਿਆ ਜਾਂਦਾ ਹੈ ਤਾਂਕਿ ਉਹ ਉਨ੍ਹਾਂ ਨੂੰ ਖ਼ਤਮ ਕਰੇ ਜਿਨ੍ਹਾਂ ਨੂੰ ਦੁਨੀਆਂ ਅਹਿਮ ਸਮਝਦੀ ਹੈ+ 29 ਤਾਂਕਿ ਕੋਈ ਵੀ ਇਨਸਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੇਖ਼ੀ ਨਾ ਮਾਰੇ। 30 ਪਰਮੇਸ਼ੁਰ ਕਰਕੇ ਹੀ ਤੁਸੀਂ ਮਸੀਹ ਯਿਸੂ ਨਾਲ ਏਕਤਾ ਵਿਚ ਬੱਝੇ ਹੋ। ਮਸੀਹ ਨੇ ਸਾਡੇ ʼਤੇ ਪਰਮੇਸ਼ੁਰ ਦੀ ਬੁੱਧ ਜ਼ਾਹਰ ਕੀਤੀ ਹੈ ਅਤੇ ਉਸ ਨੇ ਸਾਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਗਿਣੇ ਜਾਣ ਦੇ ਕਾਬਲ ਬਣਾਇਆ।+ ਉਹ ਸਾਨੂੰ ਪਵਿੱਤਰ ਕਰ ਸਕਦਾ ਹੈ+ ਅਤੇ ਉਸ ਦੀ ਰਿਹਾਈ ਦੀ ਕੀਮਤ ਦੇ ਜ਼ਰੀਏ ਸਾਨੂੰ ਮੁਕਤ ਕੀਤਾ ਜਾ ਸਕਦਾ ਹੈ+ 31 ਤਾਂਕਿ ਉਸੇ ਤਰ੍ਹਾਂ ਹੋਵੇ ਜਿਵੇਂ ਧਰਮ-ਗ੍ਰੰਥ ਵਿਚ ਲਿਖਿਆ ਹੈ: “ਜੇ ਕੋਈ ਸ਼ੇਖ਼ੀ ਮਾਰੇ, ਤਾਂ ਉਹ ਯਹੋਵਾਹ* ਬਾਰੇ ਸ਼ੇਖ਼ੀ ਮਾਰੇ।”+